ਨਿਊ ਸਾਊਥ ਵੇਲਜ਼ ਦੀ ਡਿਸਟ੍ਰਿਕਟ ਕੋਰਟ ਅੰਦਰ 3 ਨਵੇਂ ਬੈਰਿਸਟਰ ਤਾਇਨਾਤ

ਰਾਜ ਦੇ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਦੀ ਡਿਸਟ੍ਰਿਕਟ ਕੋਰਟ ਅੰਦਰ 3 ਨਵੇਂ ਉਚ ਕੋਟੀ ਦੇ ਤਜੁਰਬੇਕਾਰ ਬੈਰਿਸਟਰ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਕਾਰਜਕਾਰੀ ਵਧੀਕ ਪਬਲਿਕ ਪ੍ਰਾਸੀਕਿਊਸ਼ਨ ਦਾ ਡਾਇਰੈਕਟਰ (ਐਂਡ੍ਰਿਊ ਕੋਲਮੈਨ ਐਸ.ਸੀ.), ਇੱਕ ਸਾਬਕਾ ਵਧੀਕ ਸੀਨੀਅਰ ਪਬਲਿਕ ਡਿਫੈਂਡਰ (ਕਰੇਗ ਸਮਿਥ ਐਸ.ਸੀ.) ਅਤੇ ਇੱਕ ਰਾਜ ਦੇ ਸਿਵਿਲ ਅਤੇ ਐਡਮਿਨਿਟ੍ਰੇਟਿਡ ਟਰਿਬਿਊਨਲ (NCAT) ਦਾ ਸੀਨੀਅਰ ਮੈਂਬਰ (ਤਾਨੀਆ ਸਮਿਥ ਐਸ.ਸੀ.) ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਤਿੰਨੋ ਸ਼ਖ਼ਸੀਅਤਾਂ ਬਹੁਤ ਜ਼ਿਆਦਾ ਤਜੁਰਬੇਕਾਰ ਹਨ ਅਤੇ ਤਿੰਨਾਂ ਨੇ ਆਪਣੇ ਕਾਰਜਕਾਲ ਵਿੱਚ ਇਕੱਠਿਆਂ 80 ਸਾਲਾਂ ਤੱਕ ਦੇ ਕ੍ਰਿਮਿਨਲ, ਸਿਵਿਲ, ਕਰੋਨੀਕਲ ਅਤੇ ਟ੍ਰਿਬਿਊਨਲ ਮਾਮਲਿਆਂ ਨੂੰ ਹੱਲ ਕੀਤਾ ਹੈ ਅਤੇ ਇਸ ਦੌਰਾਨ ਉਹ ਕਈ ਤਰ੍ਹਾਂ ਦੀਆਂ ਜਟਿਲ ਪ੍ਰਕਿਰਿਆਵਾਂ ਵਿੱਚੋਂ ਵੀ ਗੁਜ਼ਰੇ ਹਨ ਅਤੇ ਉਨ੍ਹਾਂ ਦੇ ਕਾਰਜ ਖੇਤਰ ਵਿੱਚ ਰਾਜ ਅਤੇ ਫੈਡਰਲ ਜੂਡੀਸ਼ਰੀਆਂ ਦੋਹੇਂ ਆਉਂਦੀਆਂ ਹਨ।
ਐਂਡ੍ਰਿਊ ਕੋਲਮੈਨ ਐਸ.ਸੀ. ਨੂੰ 33 ਸਾਲਾਂ ਦਾ ਤਜੁਰਬਾ ਹੈ ਅਤੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਨਾਲ ਨਾਲ ਇੰਗਲੈਂਡ ਵਿੱਚ ਵੀ ਮੁਕੱਦਮੇ ਲੜੇ ਹਨ ਅਤੇ ਉਹ 2010 ਵਿੱਚ ਨਿਊ ਸਾਊਥ ਵੇਲਜ਼ ਆ ਗਏ ਸਨ। ਉਹ ਕਮਰਸ਼ਿਅਲ, ਇੰਸ਼ੋਰੈਂਸ ਅਤੇ ਖੇਡਾਂ ਸਬੰਧੀ ਕਾਨੂੰਨਾਂ ਦੇ ਮਾਹਿਰ ਹਨ। 2014 ਵਿੱਚ ਉਨ੍ਹਾਂ ਨੂੰ ਐਨ.ਸੀ.ਏ.ਟੀ. ਦਾ ਸੀਨੀਅਰ ਮੈਂਬਰ ਨਿਯੁੱਕਤ ਕੀਤਾ ਗਿਆ ਸੀ।
ਕਰੇਗ ਸਮਿਥ ਐਸ.ਸੀ., ਨੂੰ ਬੈਰਿਸਟਰ ਦੇ ਤੌਰ ਤੇ 20 ਸਾਲਾਂ ਦਾ ਤਜੁਰਬਾ ਹੈ ਅਤੇ ਜ਼ਿਆਦਾਤਰ ਉਹ ਕ੍ਰਿਮਿਨਲ ਮਾਮਲੇ ਹੀ ਦੇਖਦੇ ਹਨ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਵੈਸਟਰਨ ਐਬੋਰਿਜਨਲ ਲੀਗਲ ਸਰਵਿਸ ਵਿੱਚ ਕਾਨੂੰਨੀ ਸਹਾਇਤਾ ਉਪਰ ਕੰਮ ਕੀਤਾ ਸੀ। 2014 ਵਿੱਚ ਉਹ ਵਧੀਕ ਸੀਨੀਅਰ ਪਬਲਿਕ ਡਿਫੈਂਡਰ ਬਣੇ। ਉਨ੍ਹਾਂ ਨੇ ਜਿਲ੍ਹਾ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਅਦਾਲਤੀ ਕਾਰਵਾਈਆਂ ਵਿੱਚ ਹਿੱਸਾ ਲਿਆ ਹੈ ਅਤੇ ਮੁਕੱਦਮੇ ਲੜੇ ਹਨ।
ਤਾਨੀਆ ਸਮਿਥ ਐਸ.ਸੀ. ਨੇ ਪਬਲਿਕ ਪ੍ਰਾਸੀਕਿਊਟਰ ਦੇ ਡਾਇਰੈਕਟਰ ਵਿਭਾਗ ਵਿੱਚ 23 ਸਾਲ ਕੰਮ ਕੀਤਾ ਹੈ ਅਤੇ ਹਾਲ ਵਿੱਚ ਹੀ ਉਹ ਉਕਤ ਵਿਭਾਗ ਦੇ ਕਾਰਜਕਾਰੀ ਵਧੀਕ ਡਾਇਰੈਕਟਰ ਵੀ ਰਹੇ ਹਨ। 2019 ਵਿੱਚ ਉਨ੍ਹਾਂ ਨੂੰ ਸੀਨੀਅਰ ਕਾਂਸਲ ਵਜੋਂ ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ੍ਰੀ ਕਰੇਗ ਸਮਿਥ ਨੂੰ 8 ਮਾਰਚ ਨੂੰ ਪਦ ਉਪਰ ਸਥਾਪਤ ਕੀਤਾ ਜਾਵੇਗਾ ਅਤੇ ਸ੍ਰੀ ਕੋਲਮੈਨ ਨੂੰ 15 ਮਾਰਚ ਨੂੰ ਅਤੇ ਸ੍ਰੀਮਤੀ ਸਮਿਥ ਨੂੰ 29 ਮਾਰਚ ਨੂੰ ਉਨ੍ਹਾਂ ਦੇ ਪਦਭਾਰ ਸੰਭਾਲੇ ਜਾਣਗੇ ਅਤੇ ਇਹ ਤਿੰਨੋ ਜੱਜ ਹੁਣ ਸੇਵਾ ਮੁਕਤ ਹੋ ਰਹੇ ਜੱਜ ਮਾਣਯੋਗ ਸ੍ਰੀ ਮਾਈਕਲ ਬੋਜ਼ਿਕ, ਐਨਥਨੀ ਬਲੈਕਮੋਰ ਅਤੇ ਲੌਰਾ ਵੈਲਜ਼ ਦਾ ਸਥਾਨ ਲੈਣਗੇ।

Install Punjabi Akhbar App

Install
×