ਪੋਰਟ ਕੈਂਬਲਾ ਦੇ ਤਟ ਉਪਰ ਤਿੰਨ ਲੋਕਾਂ ਦੀ ਡੁੱਬਣ ਕਾਰਨ ਮੌਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਇਲਵਾਰਾ ਖੇਤਰ ਵਿੱਚ, ਵੂਲੂਨਗੌਂਗ ਦੇ ਦੱਖਣੀ ਹਿੱਸੇ ਦੇ ਪੋਰਟ ਕੈਂਬਲਾ ਦੇ ਤਟ ਉਪਰ ਸਮੁੰਦਰ ਵਿੱਚ ਡੁੱਬ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਪੁਲਿਸ ਦੇ ਦੱਸਣ ਅਨੁਸਾਰ ਇਹ ਤਿੰਨੋ ਲੋਕ, ਸ਼ੁਕਰਵਾਰ (ਬੀਤੇ ਕੱਲ੍ਹ) 60 ਨੰਬਰ ਵਾਲੀ ਪਹਾੜੀ ਉਪਰ ਖੜ੍ਹੇ ਸਮੁੰਦਰੀ ਕੰਢਿਆਂ ਦਾ ਨਜ਼ਾਰਾ ਲੈ ਰਹੇ ਸਨ ਕਿ ਅਚਾਨਕ ਇੱਕ ਉਚੀ ਲੰਬੀ ਪਾਣੀ ਦੀ ਛਲ਼ ਆਈ ਅਤੇ ਤਿੰਨਾਂ ਨੂੰ ਹੀ ਆਪਣੇ ਨਾਲ ਵਹਾ ਕੇ ਲੈ ਗਈ। ਮ੍ਰਿਤਕ ਦੇਹਾਂ ਦੀ ਭਾਲ਼ ਵਿੱਚ ਪੁਲਿਸ ਨੇ ਹੈਲੀਕਾਪਟਰਾਂ ਦੀ ਮਦਦ ਲਈ ਅਤੇ ਤਿੰਨੋ ਮ੍ਰਿਤਕ ਦੇਹਾਂ ਸਮੁੰਦਰ ਦੇ ਪਾਣੀ ਵਿੱਚੋਂ ਬਾਹਰ ਕੱਢ ਲਈਆਂ ਗਈਆਂ ਹਨ। ਦੋ ਮ੍ਰਿਤਕ ਦੇਹਾਂ ਨੂੰ ਤਾਂ ਸਮੁੰਦਰੀ ਐਂਬੁਲੈਂਸ ਨੇ ਪਾਣੀ ਵਿੱਚ ਤੈਰਦਿਆਂ ਪਾਇਆ ਸੀ ਅਤੇ ਇੱਕ ਨੂੰ ਮੈਰੀਨ ਏਅਰ ਲਾਂਚ ਨੇ ਲੱਭਿਆ ਹੈ। ਮ੍ਰਿਤਕਾਂ ਦੇ ਪਤੇ ਠਿਕਾਣੇ ਦੀ ਭਾਲ਼ ਜਾਰੀ ਹੈ। ਇਨ੍ਹਾਂ ਮ੍ਰਿਤਕਾਂ ਵਿੱਚੋਂ ਦੋ ਤਾਂ 45 ਅਤੇ 49 ਸਾਲਾਂ ਵਿਚਾਲੇ ਹਨ ਅਤੇ ਇੱਕ ਹੀ ਪਰਵਾਰ ਦੇ ਮੈਂਬਰ ਹਨ। ਮ੍ਰਿਤਕਾਂ ਵਿੱਚ ਇੱਕ 69 ਕੁ ਸਾਲਾਂ ਦੇ ਬਜ਼ੁਰਗ ਵੀ ਹਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਉਸੇ ਛੱਲ਼ ਨਾਲ ਸਮੁੰਦਰ ਵਿੱਚ ਗਿਰ ਗਏ ਸਨ ਪਰੰਤੂ ਉਹ ਤੈਰ ਕੇ ਕਿਨਾਰੇ ਉਪਰ ਆਉਣ ਵਿੱਚ ਕਾਮਯਾਬ ਹੋ ਗਏ। ਕਾਰਜਕਾਰੀ ਸੁਪਰਿਨਟੈਂਡੈਂਟ ਗੋਰਡਨ ਡਨਲਪ ਨੇ ਲੋਕਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇਕਰ ਤਸੀਂ ਘੁੰਮਣ ਫਿਰਨ ਲਈ ਆਏ ਹੋ ਅਤੇ ਜਾਂ ਫੇਰ ਸਮੁੰਦਰੀ ਕਿਨਾਰੇ ਉਪਰ ਮੱਛੀਆਂ ਫੜ੍ਹ ਰਹੇ ਹੋ ਅਤੇ ਸਮੁੰਦਰ ਦੇ ਕਾਫੀ ਨਜ਼ਦੀਕ ਵੀ ਹੋਂ ਤਾਂ ਆਪਣਾ ਪੂਰੀ ਤਰ੍ਹਾਂ ਨਾਲ ਧਿਆਨ ਰੱਖੋ ਅਤੇ ਚੇਤੰਨ ਵੀ ਰਹੋ ਕਿਉਂਕਿ ਮੌਸਮ ਦੇ ਮਿਜਾਜ਼ ਦਾ ਕੁੱਝ ਵੀ ਪਤਾ ਨਹੀਂ ਲੱਗਦਾ ਅਤੇ ਇੱਕਦਮ ਅਜਿਹੀਆਂ ਛੱਲ਼ਾਂ ਉਠਣ ਕਰ ਕੇ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ। ਆਪਣੀ ਜ਼ਿੰਦਗੀ ਦਾ ਧਿਆਨ ਰੱਖੋ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ।

Install Punjabi Akhbar App

Install
×