ਕੁਈਨਜ਼ਲੈਂਡ ਵਿੱਚ ਕਰੋਨਾ ਦੇ ਨਵੇਂ 3 ਮਾਮਲੇ ਦਰਜ -ਮਾਸਕ ਪਾਉਣਾ ਜ਼ਰੂਰੀ

ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅੱਜ ਦੇ ਐਲਾਨਨਾਮੇ ਰਾਹੀਂ ਦੱਸਿਆ ਕਿ ਬ੍ਰਿਸਬੇਨ ਅੰਦਰ ਕੋਵਿਡ-19 ਦੇ 3 ਨਵੇਂ ਸਥਾਨਕ ਮਾਮਲੇ ਦਰਜ ਹੋਣ ਕਾਰਨ ਹੁਣ ਰਾਜ ਦੇ ਦੱਖਣੀ-ਪੂਰਬੀ ਖੇਤਰ ਅੰਦਰ ਫੇਸ ਮਾਸਕ ਪਾਉਣਾ, ਅਗਲੇ 7 ਦਿਨਾਂ ਤੱਕ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ ਬ੍ਰਿਸਬੇਨ ਸ਼ਹਿਰ, ਲੋਗਾਨ, ਮੋਰਟਨ ਬੇਅ, ਇਪਸਵਿਚ, ਰੈਡਲੈਂਡਜ਼, ਸਨਸ਼ਾਈਨ ਕੋਸਟ, ਗੋਲਡ ਕੋਸਟ, ਨੂਸਾ, ਸਮਰਵੈਸਟ, ਲੋਕੀਅਰ ਵੈਲੀ ਅਤੇ ਸੀਨਿਕ ਰਿੰਮ ਆਦਿ ਸ਼ਾਮਿਲ ਹਨ।
ਉਪਰੋਕਤ 3 ਮਾਮਲਿਆਂ ਵਿੱਚ ਇੱਕ 12 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ ਜੋ ਕਿ 9 ਜੁਲਾਈ ਨੂੰ ਸਿਡਨੀ ਤੋਂ ਫਲਾਈਟ ਰਾਹੀਂ ਬ੍ਰਿਸਬੇਨ ਆਇਆ ਸੀ। ਉਕਤ ਬੱਚਾ ਆਪਣੀ ਮਾਂ ਨਾਲ ਅਮਰੀਕਾ ਤੋਂ ਪਰਤਿਆ ਸੀ ਅਤੇ 14 ਦਿਨਾਂ ਦੇ ਸਿਡਨੀ ਹੋਟਲ ਕੁਆਰਨਟੀਨ ਤੋਂ ਬਾਅਦ 9 ਜੁਲਾਈ ਨੂੰ ਕਾਂਟਾਜ਼ ਦੀ ਫਲਾਈਟ ਨੰਬਰ 544 ਰਾਹੀਂ ਬ੍ਰਿਸਬੇਨ ਆਇਆ ਸੀ। ਬੱਚੇ ਤੋਂ ਪਿਤਾ ਨੂੰ ਕਰੋਨਾ ਹੋਇਆ ਅਤੇ ਮਾਂ ਦਾ ਕਰੋਨਾ ਟੈਸਟ ਨੈਗੇਟਿਵ ਹੈ ਪਰੰਤੂ ਉਹ ਬੱਚੇ ਨਾਲ ਹਸਪਤਾਲ ਅੰਦਰ ਹੀ ਰਹਿ ਰਹੀ ਹੈ।
ਇਸ ਤੋਂ ਇਲਾਵਾ ਬ੍ਰਿਸਬੇਨ ਏਅਰਪੋਰਟ ਵਰਕਰ ਜਿਸ ਦਾ ਕਿ ਪਹਿਲਾਂ ਹੀ ਟੀਕਾਕਰਣ ਹੋ ਚੁਕਿਆ ਹੈ, ਵੀ ਕਰੋਨਾ ਪ੍ਰਭਾਵਿਤ ਪਾਇਆ ਗਿਆ ਹੈ ਅਤੇ ਸਿਹਤ ਅਧਿਕਾਰੀ ਜ਼ਿਆਦਾ ਗੰਭੀਰਤਾ ਨਾਲ ਇਸ ਮਾਮਲੇ ਦਾ ਸੰਘਿਆਨ ਲੈ ਰਹੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks