ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਦਾ 21 ਅਗਸਤ 2021 ਨੂੰ ਲੋਕ-ਅਰਪਣ

ਬਾਤਾਂ ਸਾਹਿਤਕ ਪਰਿਵਾਰ ਦੀਆਂ   -ਰਾਬਿੰਦਰ ਸਿੰਘ ਰੱਬੀ

ਪੰਜਾਬੀ ਵਿੱਚ ਸਾਹਿਤ ਰਚਣਾ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ।ਉਂਝ ਤਾਂ ਕਿਸੇ ਭਾਸ਼ਾ ਵਿੱਚ ਵੀ ਇਹ ਕਿਸੇ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ ਪਰ ਮੈਂ ਪੰਜਾਬੀ ਦੀ ਗੱਲ ਇਸ ਲਈ ਛੇੜੀ ਹੈ ਕਿਉਂਕਿ ਇੱਕ ਤਾਂ ਆਪਾਂ ਪੰਜਾਬੀ ਹਾਂ, ਦੂਜਾ ਪੰਜਾਬੀਆਂ ਨੇ ਪੰਜਾਬੀ ਬੋਲੀ ਨੂੰ ਆਮ ਕਰਕੇ ਅਤੇ ਪੰਜਾਬੀ ਕਿਤਾਬਾਂ ਨੂੰ ਖ਼ਾਸ ਕਰਕੇ ਤਿਲਾਂਜਲੀ ਦਿੱਤੀ ਹੋਈ ਹੈ। ਖ਼ੈਰ, ਇਹ ਇੱਕ ਵੱਖਰਾ ਅਤੇ ਵੱਡਾ ਮਸਲਾ ਹੈ ਕਿ ਪੰਜਾਬੀ ਲੋਕ ਆਪਣੇ ਸਾਹਿਤ, ਸਾਹਿਤਕਾਰਾਂ ਅਤੇ ਕਿਤਾਬਾਂ ਨੂੰ ਉਵੇਂ ਪਿਆਰ ਕਿਉਂ ਨਹੀਂ ਕਰਦੇ ਜਿਵੇਂ ਦੱਖਣ ਅਤੇ ਪੱਛਮ ਦੇ ਲੋਕ ਆਪਣੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਕਿਰਤਾਂ ਨੂੰ ਵਡਿਆਉਂਦੇ ਹਨ।ਫਿਰ ਵੀ ਪੰਜਾਬੀ ਪਿਆਰੇ ਆਪਣੇ ਤੌਰ ‘ਤੇ ਸਾਹਿਤ ਰਚੀ ਜਾ ਰਹੇ ਹਨ।ਰਾਜਨੀਤੀ ਜਾਂ ਫ਼ਿਲਮੀ ਜਗਤ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦੇ ਜਾਣਾ ਭਾਵੇਂ ਇੱਕ ਆਮ ਵਰਤਾਰਾ ਹੋ ਸਕਦਾ ਹੈ, ਪਰ ਸਾਹਿਤ ਦੇ ਖੇਤਰ ਵਿਚ ਇਹ ਸ਼ਾਇਦ ਇਕ ਦੁਰਲਭ ਅਤੇ ਨਿਵੇਕਲਾ ਵਰਤਾਰਾ ਹੀ ਹੋਵੇਗਾ। ਅੱਜ ਮੈਂ ਇੱਕ ਅਜਿਹੇ ਪਰਿਵਾਰ ਦੀ ਗੱਲ ਸਾਂਝੀ ਕਰਨ ਲੱਗਾ ਹਾਂ, ਜੋ ਕਿ ਚਾਰ ਪੀੜ੍ਹੀਆਂ ਤੋਂ ਸਾਹਿਤ ਰਚ ਰਿਹਾ ਹੈ।ਇਹ ਪਰਿਵਾਰ ਹੈ ਪ੍ਰਸਿੱਧ ਸਾਹਿਤਕਾਰ ਅਤੇ ਐਡਵੋਕੇਟ ਰਿਪੁਦਮਨ ਸਿੰਘ ਰੂਪ ਹੁਰਾਂ ਦਾ।ਰੂਪ ਹੁਰਾਂ ਨੇ ਕਾਫੀ ਸਾਹਿਤ ਰਚਿਆ, ਜੋ ਕਿ ਬੜਾ ਚਰਚਿਤ ਰਿਹਾ।ਕਾਵਿ-ਸੰਗ੍ਰਹਿ ਰਾਣੀ ਰੁੱਤ, ਲਾਲਗੜ੍ਹ, ਕਹਾਣੀ-ਸੰਗ੍ਰਹਿ ਦਿਲ ਦੀ ਅੱਗ, ਬਹਾਨੇ ਬਹਾਨੇ, ਓਪਰੀ ਹਵਾ, ਪਹੁ ਫੁਟਾਲ਼ੇ ਤੱਕ ਮਿੰਨੀ ਕਹਾਣੀ-ਸੰਗ੍ਰਹਿ ਬਦਮਾਸ਼, ਨਾਵਲ ਝੱਖੜਾਂ ਵਿੱਚ ਝੂਲਦਾ ਰੁੱਖ, ਲੇਖ-ਸੰਗ੍ਰਹਿ ਬੰਨੇ ਚੰਨੇ ਨਾਲ ਸਾਹਿਤ ਦੇ ਖੇਤਰ ਵਿਚ ਆਪਣੀ ਜ਼ਿਕਰਯੋਗ ਹਾਜ਼ਰੀ ਲਵਾਈ ਹੈ। ਕਾਵਿ-ਸੰਗ੍ਰਹਿ ਧੂੜ ਹੇਠਲੀ ਕਵਿਤਾ ਦਾ ਸੰਪਾਦਨ ਵੀ ਰੂਪ ਹੁਰਾਂ ਕੀਤਾ, ਜੋ ਕਿ ਇਨ੍ਹਾਂ ਦੇ ਪਿਤਾ ਕਵੀ ਗਿਆਨੀ ਈਸ਼ਰ ਸਿੰਘ ਦਰਦ ਦੀ ਰਚਨਾ ਸੀ ਜੋ ਉਹਨਾਂ ਵਲੋਂ ਆਜ਼ਾਦੀ ਤੋਂ ਪਹਿਲੋਂ ਦੇ ਸਮੇਂ ਦੌਰਾਨ ਅਤੇ ਮਗਰੋਂ ਰਚੀ ਗਈ। ਗਿਆਨੀ ਜੀ ਇਸ ਪਰਿਵਾਰ ਦੀ ਸਾਹਿਤਕ ਖੇਤਰ ਦੀ ਪਹਿਲੀ ਪੀੜ੍ਹੀ ਸਨ। ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਗਿਆਨੀ ਜੀ ਦੇ ਜੇਠੇ ਪੁੱਤਰ ਸਨ ਅਤੇ ਸ੍ਰੀ ਰੂਪ ਦੇ ਵੱਡੇ ਭਰਾ। ਸ੍ਰੀ ਧੀਰ ਅਤੇ ਸ੍ਰੀ ਰੂਪ ਸਾਹਿਤ ਨੂੰ ਸਮਰਪਿਤ ਦੂਜੀ ਪੀੜ੍ਹੀ ਹੋ ਨਿਬੜਦੀ ਹੈ।

ਸ੍ਰੀ ਰੂਪ ਦੀਆਂ ਰਚਨਾਵਾਂ ਕਾਫੀ ਬੇਬਾਕ ਹੁੰਦੀਆਂ ਹਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਹੱਡੀਂ ਹੰਢਾਏ ਸੱਚ ਬਿਆਨ ਕਰਦੀਆਂ ਹਨ।ਇਨ੍ਹਾਂ ਲਈ ਸ੍ਰੀ ਰੂਪ ਨੂੰ ਕਈਆਂ ਦੀਆਂ ਨਰਾਜ਼ਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।ਕਈਆਂ ਦੀਆਂ ਧਮਕੀਆਂ ਵੀ ਸਹਿਣੀਆਂ ਪਈਆਂ ਹਨ।ਇੱਥੋਂ ਤੱਕ ਕਿ ਆਪਣੇ ਵਿਚਾਰਾਂ ਵਿੱਚ ਸ੍ਰੀ ਰੁੂਪ ਨੇ ਲਿਖਿਆ ਹੈ ਕਿ ਮੇਰੀ ਇੱਕ ਕਹਾਣੀ ਤੋਂ ਖ਼ਫਾ ਹੋ ਕੇ ਇੱਕ ਪੁਲਿਸ ਅਫਸਰ ਨੇ ਉਸ ਨੂੰ ਮੁਕੱਦਮੇ ਦੀ ਧਮਕੀ ਤੱਕ ਦੇ ਦਿੱਤੀ ਸੀ।ਖ਼ੈਰ, ਰੂਪ ਹੁਰਾਂ ਬੜੀ ਸੂਰਮਗਤੀ ਦੇ ਨਾਲ਼ ਬੇਖ਼ੌਫ਼ ਅਤੇ ਬੇਡਰ ਹੋ ਕੇ ਸਾਹਿਤ ਸਿਰਜਣਾ ਕੀਤੀ ਹੈ। ਇਨ੍ਹਾਂ ਦੀ ਇੱਕ ਕਹਾਣੀ ਪਹੁ ਫੁਟਾਲ਼ੇ ਤੱਕ ਅਤੇ ਇੱਕ ਹੋਰ ਕਹਾਣੀ ਕੁੱਤਾ ਬੰਦਾ ਬੜੀਆਂ ਚਰਚਿਤ ਰਹੀਆਂ ਹਨ।ਸ੍ਰੀ ਰੂਪ ਨੇ ਆਪਣੀ ਸਾਰੀ ਜ਼ਿੰਦਗੀ ਮੁਲਾਜ਼ਮ ਜਥੇਬੰਦੀਆਂ ਦੇ ਲੇਖੇ ਲਾਈ ਹੈ।ਇਸ ਲਈ ਇਨ੍ਹਾਂ ਦੀਆਂ ਰਚਨਾਵਾਂ ਵਿੱਚ ਲੋਕਾਈ ਦੇ ਦੁੱਖ, ਉਨ੍ਹਾਂ ਦਾ ਸੰਘਰਸ਼ ਅਤੇ ਫਿਰ ਲੋਕਾਈ ਦੀ ਜਿੱਤ ਬੜੇ ਕਲਾਮਈ ਢੰਗ ਨਾਲ਼ ਪੇਸ਼ ਕੀਤੀ ਗਈ ਹੈ।ਉਮਰ ਦੇ 87 ਸਾਲ ਦਾ ਪੜਾਅ ਵਿਚ ਸ੍ਰੀ ਰੂਪ ਆਪਣੇ ਨਵੇਂ ਨਾਵਲ ਪ੍ਰੀਤੀ, ਕੈਨੇਡਾ/ਪਾਕਿਸਤਾਨ ਦੀਆਂ ਯਾਤਰਾਵਾਂ-ਪੰਛੀ ਝਾਤ, ਮਿੰਨੀ ਕਹਾਣੀ ਸੰਗ੍ਰਹਿ ਆਦਿ ਨੂੰ ਅੰਤਿਮ ਛੋਹਾਂ ਦੇਣ ਵਿਚ ਮਸ਼ਰੂਫ਼ ਹਨ।

ਤੀਜੀ ਪੀੜ੍ਹੀ ਵਿੱਚ ਸਾਡੇ ਕੋਲ਼ ਸ੍ਰੀ ਰੂਪ ਦੇ ਸਪੁੱਤਰ ਨਾਟਕਕਾਰ ਸੰਜੀਵਨ ਸਿੰਘ ਅਤੇ ਐਡਵੋਕੇਟ ਰੰਜੀਵਨ ਸਿੰਘ ਆਉਂਦੇ ਹਨ। ਸੰਜੀਵਨ ਸਿੰਘ ਨਾਟਕਕਾਰ ਦੇ ਤੌਰ ‘ਤੇ ਸਾਡੇ ਸਾਹਮਣੇ ਹਾਜ਼ਰ ਹੁੰਦਾ ਹੈ।ਸੰਜੀਵਨ ਦੇ ਲਿਖੇ ਹੋਏ ਨਾਟਕ ਪੰਜਾਬੀ ਦਰਸ਼ਕਾਂ ਨੇ ਵੱਖ-ਵੱਖ ਸਟੇਜਾਂ ਉੱਤੇ ਦੇਖੇ ਹੋਏ ਹਨ।ਮੰਚਤ ਨਾਟਕਾਂ ਵਿੱਚ ਮੁੱਖ ਮਹਿਮਾਨ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਖੁਸਰੇ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਾਈ ਸ਼ਾਅ ਪ੍ਰਮੁੱਖ ਹਨ। ਇਸੇ ਤਰ੍ਹਾਂ ਨਾਟਕੀ ਰੂਪਾਂਤਰ ਵਿੱਚ ਡੈਣ, ਮੇਰਾ ਉੱਜੜਿਆ ਗੁਆਂਢੀ, ਭਾਬੀ ਮੈਨਾ ਅਤੇ ਕਹਾਣੀ ਇੱਕ ਪਿੰਡ ਦੀ ਦੇਖੇ ਜਾ ਸਕਦੇ ਹਨ।ਇਸ ਤੋਂ ਇਲਾਵਾ ਸੰਜੀਵਨ ਨੇ ਨਾਟਕ ਫਰੀਡਮ ਫਾਈਟਰ, ਬਲਖ ਨਾ ਬੁਖਾਰੇ  ਅਤੇ ਪੀ.ਜੀ.-ਦਾ ਪੇਇੰਗ ਗੈਸਟ ਕਿਤਾਬੀ ਰੂਪ ਵਿੱਚ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਏ ਹਨ।ਇਸ ਦੇ ਨਾਟਕ ਫ਼ਰੀਡਮ ਫ਼ਾਈਟਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਈ ਸੀ ਨੰਦਾ ਐਵਾਰਡ ਵੀ ਮਿਲ ਚੁੱਕਾ ਹੈ। ਸੰਜੀਵਨ ਆਪਣਾ ਨਵ-ਪ੍ਰਕਾਸ਼ਿਤ ਨਾਟਕ ਦਫ਼ਤਰ ਲੈ ਕੇ ਹਾਜ਼ਰ ਹੈ ਜੋ ਸਾਡੀ ਦਫਤਰੀ ਕਾਰਜਸ਼ੈਲੀ ਅਤੇ ਭ੍ਰਿਸ਼ਟਾਚਾਰ ਦੇ ਤਾਣੇ-ਬਾਣੇ  ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਦਫ਼ਤਰ ਨਾਟਕ ਦੇ ਅਨੇਕਾਂ ਮੰਚਣ ਹੋ ਚੁੱਕੇ ਹਨ ਅਤੇ ਪ੍ਰਸਿੱਧ ਕੰਪਨੀ ਸਾ ਰੇ ਗਾ mw-AYc.AYm.vI. ਵਲੋਂ ਇਸ ਨਾਟਕ ਉਪਰ ਅਧਾਰਿਤ vI.sI.fI. ਦਫ਼ਤਰ-ਦਾ ਆਫ਼ਿਸ ਵੀ ਰੀਲੀਜ਼ ਕੀਤੀ ਜਾ ਚੁੱਕੀ ਹੈ।

ਭਾਵੇਂ ਕਿ ਸ੍ਰੀ ਰੂਪ ਦੇ ਛੋਟੇ ਪੁੱਤਰ ਰੰਜੀਵਨ ਨੇ ਹਾਲੇ ਤਾਂਈ ਕੋਈ ਕਿਤਾਬ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਨਹੀਂ ਪਾਈ ਪਰ ਫਿਰ ਵੀ ਗਾਹੇ-ਬਗਾਹੇ ਉਸ ਦੀ ਅਦਾਕਾਰੀ ਅਤੇ ਉਸ ਦੀਆਂ ਰਚਨਾਵਾਂ ਸੋਸ਼ਲ ਮੀਡੀਏ ਜਾਂ ਅਖ਼ਬਾਰਾਂ/ਰਸਾਲਿਆਂ ਰਾਹੀਂ ਸਾਡੇ ਕੋਲ਼ ਪੁੱਜਦੀਆਂ ਰਹਿੰਦੀਆਂ ਹਨ, ਜੋ ਉਸ ਦੇ ਮਿਆਰੀ ਸਾਹਿਤਕਾਰ ਹੋਣ ਦੀ ਸ਼ਾਹਦੀ ਭਰਦੀਆਂ ਹਨ।ਇੱਥੋਂ ਤੱਕ ਕਿ ਰੰਜੀਵਨ ਦੀਆਂ ਰਚਨਾਵਾਂ ਨੂੰ ਪੱਛਮੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੀ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਇਆ ਹੈ, ਜੋ ਕਿ ਇਸ ਗੱਲ ਦੀ ਗਵਾਹੀ ਹੈ ਕਿ ਦੇਰ ਸਵੇਰ ਇਨ੍ਹਾਂ ਦੇ ਜਤਨਾਂ ਅਤੇ ਸਾਹਿਤਕ ਉਪਰਾਲਿਆਂ ਨੂੰ ਵੀ ਪੰਜਾਬੀ ਪਾਠਕ ਉਵੇਂ ਹੀ ਪਿਆਰ ਦੇਣਗੇ।

ਚੌਥੀ ਪੀੜ੍ਹੀ ਦੇ ਤੌਰ ‘ਤੇ ਦੇਖੀਏ, ਤਾਂ ਸੰਜੀਵਨ ਦੀ ਵੱਡੀ ਧੀ ਰਿੱਤੂ ਰਾਗ, ਜੋ ਹਾਈਕੋਰਟ ਵਿਚ ਐਡਵੋਕੇਟ ਵੀ ਹੈ, ਸਾਡੇ ਕੋਲ਼ ਯੂ ਐਂਡ ਆਈ  ਨਾਂ  ਦਾ ਅੰਗ੍ਰੇਜ਼ੀ ਕਵਿ-ਸੰਗ੍ਰਹਿ ਲੈ ਕੇ ਸਾਹਮਣੇ ਆਉਂਦੀ ਹੈ। ਸੰਜੀਵਨ ਦੀ ਸੀ.ਏ. ਕਰ ਰਹੀ ਦੂਜੀ ਬੇਟੀ ਪ੍ਰਿਯਾ ਰਾਗ ਅਤੇ 12ਵੀਂ ਵਿਚ ਪੜ੍ਹਦਾ ਬੇਟਾ ਉਦੈਰਾਗ ਸਿੰਘ ਵੀ ਰੰਗਮੰਚ ਨਾਲ ਜੁੜ੍ਹੇ ਹੋਏ ਹਨ। ਰੰਜੀਵਨ ਦਾ ਬੇਟਾ ਰਿਸ਼ਮ ਰਾਗ ਸਿੰਘ, ਜੋ ਕਾਨੂੰਨ ਦੀ ਵਿਦਿਆ ਹਾਸਲ ਕਰ ਰਿਹਾ ਹੈ, ਵੀ ਅਦਾਕਾਰੀ ਦੇ ਨਾਲ ਨਾਲ  ਪੰਜਾਬੀ ਵਿਚ ਮਿਆਰੀ ਗੀਤਾਂ ਦੀ ਰਚਨਾ ਕਰ ਰਿਹਾ ਹੈ। ਆਧੁਨਿਕ ਤਕਨਾਲੋਜੀ  ਨਾਲ਼ ਲਬਰੇਜ਼ ਹਾਲਾਂਕਿ ਇਸ ਪੀੜ੍ਹੀ ਕੋਲ ‘ਵਰਾਇਟੀ’ ਦੇ ਨਾਂ ਹੇਠ ਕਿੰਨਾਂ ਕੁੱਝ ਵੱਖਰਾ ਪਿਆ ਹੈ। ਅਜਿਹੇ ਦੌਰ ‘ਚ ਸਾਡਾ ਧਿਆਨ ਰਿੱਤੂ ਰਾਗ ਖਿੱਚਦੀ ਹੈ ਯੂ ਐਂਡ ਆਈ ਨਾਲ਼।ਭਾਵੇਂ ਕਿ ਰਿੱਤੂ ਦੇ ਖ਼ੂਨ ਵਿੱਚ ਕਵਿਤਾ ਹੈ। ਉਸਦੀਆਂ ਰਗ਼ਾਂ ਵਿੱਚ ਆਪਣੇ ਦਾਦੇ ਅਤੇ ਉਸ ਤੋਂ ਵੀ ਪਹਿਲਾਂ ਆਪਣੇ ਪੜਦਾਦੇ ਦੇ ਜੀਨ ਕਾਰਜ ਕਰ ਰਹੇ ਹਨ।ਆਪਣੇ ਦਾਦੇ ਦੇ ਭਰਾ, ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਕਵੀ, ਨਾਵਲਕਾਰ ਅਤੇ ਕੁਲਵਕਤੀ ਲੇਖਕ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਉਸ ਦੇ ਹੱਡੀਂ ਰਚੀਆਂ ਹਨ। ਬਾਲ ਕਲਾਕਾਰ ਦੇ ਤੌਰ ‘ਤੇ ਨਿੱਕੀ ਉਮਰ ਤੋਂ ਹੀ ਉਹ ਸਟੇਜ ਦੀਆਂ ਬਰੀਕੀਆਂ ਤੋਂ ਜਾਣੂ ਹੋ ਗਈ ਸੀ। ਘਰੇਲੂ ਸਾਹਿਤਕ ਅਤੇ ਰੰਗਮੰਚੀ ਮਾਹੌਲ ਉਸ ਨੂੰ ਸਾਹਿਤਕ ਛਤਰੀ ਪ੍ਰਦਾਨ ਕਰਦਾ ਹੈ। ਰਿੱਤੂ ਦੇ ਕਾਵਿ ਦੀ ਇਹ ਇੱਛਾ ਹੈ ਕਿ ਸਾਡੀਆਂ ਇਛਾਵਾਂ ਸਾਡੀ ਤਾਕਤ ਨੂੰ ਲੇਟਵੇਂ ਦਾਅ ਨਾ ਪਾ ਦੇਣ, ਸਗੋਂ ਸੰਘਰਸ਼ ਦੇ ਇਸ ਪਿੜ ਵਿੱਚ ਜੇਤੂ ਬਣ ਕੇ ਉੱਭਰਨ। ਨਿਰਸੰਦੇਹ, ਇਹ ਸੰਘਰਸ਼ ਉਹੀ ਸੰਘਰਸ਼ ਹੈ, ਜਿਸ ‘ਤੇ ਉਸ ਦੇ ਦਾਦੇ ਰਿਪੁਦਮਨ ਸਿੰਘ ਰੂਪ ਨੇ ਕਦਮ ਰੱਖਿਆ ਸੀ।

ਅਜਿਹੇ ਸਾਹਿਤਕ ਪਰਿਵਾਰ ਦੀਆਂ ਅੱਜ ਸਾਡੇ ਕੋਲ਼ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਜੋ ਰਹਿ ਵੀ ਮੁਹਾਲੀ ਵਿਖੇ ਇੱਕੋ ਛੱਤ ਥੱਲੇ ਹਨ। ਮੇਰੀ ਨਿਗ੍ਹਾ ਵਿੱਚ ਅਜਿਹੀ ਕੋਈ ਉਦਾਹਰਨ ਨਹੀਂ ਆਈ।ਹੋ ਸਕਦੈ ਕਿ ਮੇਰਾ ਦਾਇਰਾ ਹੀ ਇੰਨਾ ਵਸੀਹ ਨਾ ਹੋਵੇ।ਫਿਰ ਵੀ ਸਾਨੂੰ ਇਸ ਗੱਲ ‘ਤੇ ਮਾਣ ਹੋਣਾ ਚਾਹੀਦਾ ਹੈ ਕਿ ‘ਖੱਪਖਾਨੇ’ ਦੇ ਇਸ ਦੌਰ ਵਿੱਚ ਕੁੱਝ ਅਹਿਮ ਹੋ ਰਿਹਾ ਹੈ।ਕੁੱਝ ਅਲੱਗ ਹੋ ਰਿਹਾ ਹੈ।ਇਸ ਅਲੱਗ ਨੂੰ, ਇਸ ਅਹਿਮ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਸਾਡੇ ਚੇਤਿਆਂ ਵਿੱਚੋਂ ਇਹ ਸਭ ਵਿਸਰ ਨਾ ਜਾਵੇ।

ਇਹ ਇਕ ਨਿਵੇਕਲਾ ਸੰਜੋਗ ਹੈ ਕਿ ਤਿੰਨ ਪੀੜ੍ਹੀਆਂ-ਸ੍ਰੀ ਰਿਪੁਦਮਨ ਸਿੰਘ ਰੂਪ ਦੇ ਸਜਰੇ ਕਹਾਣੀ ਸੰਗ੍ਰਹਿ ਪਹੁ-ਫੁਟਾਲੇ ਤੱਕ, ਸ੍ਰੀ ਸੰਜੀਵਨ ਸਿੰਘ ਦੀ ਨਾਟ-ਪੁਸਤਕ ਦਫ਼ਤਰ ਅਤੇ ਰਿੱਤੂਰਾਗ ਦੇ ਅੰਗਰੇਜ਼ੀ ਕਾਵਿ-ਸੰਗ੍ਰਹਿ ਯੂ ਐਂਡ ਆਈ ਦਾ 21 ਅਗਸਤ 2021, ਸ਼ਨੀਚਰਵਾਰ ਨੂੰ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇਕਠਿਆਂ ਲੋਕ-ਅਰਪਣ ਕੀਤਾ ਜਾ ਰਿਹਾ ਹੈ।

Install Punjabi Akhbar App

Install
×