ਹਜ਼ਾਰਾਂ ਹੀ ਖ਼ੁਦਕਸ਼ੀ ਕਰਨ ਵਾਲੇ ਨੌਜਵਾਨਾਂ ਨੂੰ ਨਹੀਂ ਸੀ ਦਿਮਾਗੀ ਸਿਹਤ ਦੀ ਜਾਣਕਾਰੀ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੇ ਮੈਡੀਕਲ ਜਰਨਲ ਵਿੱਚ ਛਪੀ ਓਰੀਜਨ ਦੀ ਇੱਕ ਰਿਪੋਰਟ ਮੁਤਾਬਿਕ ਦੇਸ਼ ਦੇ ਹਜ਼ਾਰਾਂ ਅਜਿਹੇ ਨੌਜਵਾਨ ਜਿਨ੍ਹਾਂ ਨੇ ਕਿ ਆਪਣੀ ਜੀਵਨ ਲੀਲਾ ਖੁਦਕਸ਼ੀਆਂ ਦਾ ਸਹਾਰਾ ਲੈ ਕੇ ਸਮਾਪਤ ਕਰ ਲਈ -ਉਨ੍ਹਾਂ ਦੀਆਂ ਪੜਤਾਲਾਂ ਵਿੱਚ ਪਾਇਆ ਗਿਆ ਹੈ ਕਿ ਅਜਿਹੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਦਿਮਾਗੀ ਮੁਸ਼ਕਲਾਂ ਜਾਂ ਔਕੜਾਂ ਨੇ ਘੇਰਿਆ ਹੋਇਆ ਸੀ -ਚਾਹੇ ਉਹ ਘਰਾਂ ਦੀਆਂ ਹੋਣ, ਕੰਮ ਕਾਜ ਦੀਆਂ ਹੋਣ, ਪੜ੍ਹਾਈ ਲਿਖਾਈ ਨਾਲ ਸਬੰਧਤ ਹੋਣ ਅਤੇ ਜਾਂ ਸਮਾਜਿਕ ਤੌਰ ਤੇ ਹੋਣ। ਅਜਿਹੇ ਨੌਜਵਾਨਾਂ ਦੀ ਗਿਣਤੀ 73% ਦਾ ਆਂਕੜਾ ਦਰਸਾਉਂਦੀ ਹੈ। ਗਿਣਤੀ ਦੀ ਗੱਲ ਕਰੀਏ ਤਾਂ 2006 ਤੋਂ ਲੈ ਕੇ 2015 ਤੱਕ ਦੇ ਆਂਕੜਿਆਂ ਮੁਤਾਬਿਕ, 10 ਤੋਂ 24 ਸਾਲ ਦੇ ਅਜਿਹੇ ਨੌਜਵਾਨਾਂ -ਜਿਨ੍ਹਾਂ ਨੇ ਤੰਗੀਆਂ ਤਰੁਟੀਆਂ ਜਾਂ ਹੋਰ ਕਾਰਨਾਂ ਕਾਰਨ ਖ਼ੁਦਕਸ਼ੀਆਂ ਕੀਤੀਆਂ, ਦੀ ਗਿਣਤੀ 3365 ਬਣਦੀ ਹੈ। ਅਜਿਹੇ ਨੌਜਵਾਨਾਂ ਨੂੰ ਮੈਂਟਲ ਹੈਲਥ ਸੇਵਾਵਾਂ ਵੱਲੋਂ ਕਿਸੇ ਕਿਸਮ ਦੀ ਵੀ ਮਦਦ ਨਹੀਂ ਮਿਲੀ ਸੀ ਅਤੇ ਜਾਂ ਫੇਰ ਇੱਦਾਂ ਕਹੀਏ ਕਿ ਅਜਿਹੇ ਨੌਜਵਾਨਾਂ ਨੇ ਕਦੀ ਵੀ ਅਜਿਹੇ ਅਦਾਰਿਆਂ ਨੂੰ ਸੰਪਰਕ ਵਿੱਚ ਹੀ ਨਹੀਂ ਸੀ ਲਿਆਂਦਾ ਜਿੱਥੇ ਕਿ ਉਨ੍ਹਾਂ ਨੂੰ ਦਿਮਾਗੀ ਸਿਹਤ ਬਾਰੇ ਜਾਣਕਾਰੀ ਹਾਸਿਲ ਹੋ ਸਕਦੀ ਸੀ। ਆਂਕੜੇ ਇਹ ਵੀ ਦਰਸਾਉਂਦੇ ਹਨ ਕਿ ਅਜਿਹੇ ਮੌਤ ਨੂੰ ਗਲ਼ ਲਾਉਣ ਵਾਲੇ ਯੁਵਕਾਂ ਵਿੱਚ 73.5% ਲੜਕੇ ਜਾਂ ਆਦਮੀ ਸਨ ਅਤੇ 10 ਵਿਚੋਂ 4 ਤਾਂ ਅਜਿਹੇ ਸਨ ਜੋ ਕਿ ਕਿਸੇ ਕਿਸਮ ਦੀ ਪੜ੍ਹਾਈ ਲਿਖਾਈ ਜਾਂ ਕੰਮ-ਕਾਜ ਨਾਲ ਸਬੰਧਤ ਹੀ ਨਹੀਂ ਸਨ ਅਤੇ ਸਮਾਜ ਦੇ ਬਿਲਕੁਲ ਹੇਠਲੇ ਤਬਕੇ ਵਿੱਚੋਂ ਦੀ ਆਉਂਦੇ ਸਨ ਜਿੱਥੇ ਕਿ ਆਰਥਿਕ ਪੱਖੋਂ ਵੀ ਪੱਧਰ ਬਹੁਤ ਨੀਵਾਂ ਹੀ ਹੁੰਦਾ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ‘ਨਿਕੋਲ ਹਿੱਲ’ ਦਾ ਮੰਨਦਾ ਹੈ ਕਿ ਇਸ ਦਾ ਇੱਕੋ ਇੱਕ ਹਲ ਇਹੋ ਹੈ ਕਿ ਲੋਕਾਂ ਨੂੰ ਦਿਮਾਗੀ ਸਿਹਤ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਇਸ ਵਾਸਤੇ ਅਜਿਹੇ ਰਸਤ ਅਖ਼ਤਿਆਰ ਕੀਤੇ ਜਾਣ ਜੋ ਕਿ ਹਰ ਕਿਸੇ ਦੀ ਪਹੁੰਚ ਵਿੱਚ ਹੋਣ। ਵੈਸੇ ਫੈਡਰਲ ਸਰਕਾਰ ਦਾ ਮੈਂਟਲ ਹੈਲਥ ਪ੍ਰੋਡਕਟੀਵਿਟੀ ਕਮਿਸ਼ਨ ਅਤੇ ਵਿਕਟੋਰੀਆ ਦਾ ਰਾਇਲ ਕਮਿਸ਼ਨ ਇਸ ਦੀ ਪੂਰੀ ਘੋਖ ਪੜਤਾਲ ਕਰ ਵੀ ਰਹੇ ਹਨ ਤਾਂ ਉਮੀਦ ਕੀਤੀ ਜਾ ਹੀ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਮਦਦ ਮਿਲੇਗੀ ਅਤੇ ਦਿਮਾਗੀ ਸਿਹਤ ਸਬੰਧੀ ਸੇਵਾਵਾਂ ਦੀ ਪਹੁੰਚ ਵਿੱਚ ਜ਼ਮੀਨੀ ਪੱਧਰ ਉਪਰ ਇਜ਼ਾਫ਼ਾ ਹੋਵੇਗਾ ਅਤੇ ਇਹ ਹਰ ਇੱਕ ਦੀ ਪਹੁੰਚ ਵਿੱਚ ਹੀ ਹੋਣਗੀਆਂ।

Install Punjabi Akhbar App

Install
×