ਹਜ਼ਾਰਾਂ ਹੀ ਨਰਸਿੰਗ ਅਤੇ ਮਿਡਵਾਈਫਰੀ ਸਨਾਤਕੀਆਂ ਨੇ ਜਨਤਕ ਹਸਪਤਾਲਾਂ ਵਿੱਚ ਕੀਤੀ ਸ਼ਮੂਲੀਅਤ

ਸਿਹਤ ਮੰਤਰੀ ਬਰੈਡ ਹੈਜ਼ਰਡ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਿਕ, 2500 ਤੋਂ ਜ਼ਿਆਦਾ ਨਰਸਾਂ ਅਤੇ ਮਿਡਵਾਈਫਰੀ ਨਾਲ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਅਤੇ ਸਿਖਿਆਰਥੀਆਂ ਨੇ ਰਾਜ ਭਰ ਦੇ 130 ਜਨਤਕ ਹਸਪਤਾਲਾਂ ਅੰਦਰ ਆਪਣੇ ਪਦਭਾਰ ਸੰਭਾਲ ਲਏ ਹਨ ਅਤੇ ਜਨਤਾ ਦੀ ਸੇਵਾ ਕਰਦਿਆਂ ਆਪਣੇ ਸੁਨਹਿਰਾ ਭਵਿੱਖ ਦੀ ਸਿਰਜਣਾ ਸ਼ੁਰੂ ਕਰ ਦਿੱਤੀ ਹੈ। ਮੰਤਰੀ ਜੀ ਨੇ ਇਨ੍ਹਾਂ ਪ੍ਰੋਫੈਸ਼ਨਲਾਂ ਦਾ ਬਾਕਾਇਦਾ ਸਵਾਗਤ ਕਰਦਿਆਂ ਇਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਕਿੱਤਿਆਂ ਅਤੇ ਫ਼ਰਜ਼ਾਂ ਪ੍ਰਤੀ ਆਪਣਾ ਕੰਮ ਕਾਰ ਪੂਰੀ ਤਨਮਨ ਦੇਹੀ ਨਾਲ ਕਰੋਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਦੋਂ ਕਿ ਕਰੋਨਾ ਦੀ ਮਹਾਂਮਾਰੀ ਕਾਰਨ ਸਮੁੱਚੀ ਅਰਥ-ਵਿਵਸਥਾ ਡਗਮਗਾ ਗਈ ਹੈ ਤਾਂ ਇਨ੍ਹਾਂ ਹਾਲਤਾਂ ਵਿੱਚ ਵੀ ਸਰਕਾਰ ਵੱਲੋਂ ਚੁੱਕਿਆ ਗਿਆ ਉਕਤ ਕਦਮ ਸ਼ਲਾਘਾ ਯੋਗ ਹੈ ਕਿਉਂਕਿ ਇਸ ਖ਼ਿੱਤੇ ਅੰਦਰ ਅਜਿਹੇ ਸਨਾਤਕਾਂ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਨ੍ਹਾਂ ਨੇ ਸਿਹਤ ਸੰਭਾਲ ਖੇਤਰ ਵਿੱਚ ਉਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਉਪਰੋਕਤ ਆਂਕੜੇ ਵਿੱਚੋਂ 25% ਤੋਂ ਵੀ ਜ਼ਿਆਦਾ ਅਜਿਹੇ ਸਿਹਤ ਵਰਕਰਾਂ ਨੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਆਪਣੀਆਂ ਡਿਊਟੀਆਂ ਨਿਭਾਉਣੀਆਂ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ ਰਾਜ ਅੰਦਰ 54,000 ਨਰਸਾਂ ਅਤੇ ਮਿਡਵਾਈਵਜ਼ ਹਨ ਜਿਹੜਾ ਕਿ 2011 ਦੇ ਮੁਕਾਬਲਤਨ 24.7% ਦਾ ਇਜ਼ਾਫ਼ਾ ਜਾਹਿਰ ਕਰਦਾ ਹੈ। ਰਾਜ ਸਰਕਾਰ ਨੇ ਬੀਤੇ 4 ਸਾਲਾਂ ਦੌਰਾਨ 8,300 ਸਿਹਤ ਕਰਮਚਾਰੀ ਭਰਤੀ ਕੀਤੇ ਹਨ ਜਿਨ੍ਹਾਂ ਵਿੱਚ ਕਿ 5,000 ਨਰਸਾਂ ਅਤੇ ਮਿਡਵਾਈਫਰੀ ਦੇ ਸਨਾਤਕ ਵੀ ਹਨ ਅਤੇ ਇਨ੍ਹਾਂ ਵਿੱਚ ਦਿਮਾਗੀ ਸਿਹਤ ਅਤੇ ਡੂੰਘੀਆਂ-ਗੁੱਝੀਆਂ ਜਾਂ ਲੰਬੀਆਂ ਬਿਮਾਰੀਆਂ ਦੇ ਮਰੀਜ਼ਾਂ ਦੇ ਦੇਖਭਾਲ (palliative care) ਆਦਿ ਲਈ ਨਰਸਾਂ ਵੀ ਸ਼ਾਮਿਲ ਹਨ। ਮੁੱਖ ਅਧਿਕਾਰੀ (ਨਰਸਿੰਗ ਅਤੇ ਮਿਡਵਾਈਫਰੀ) ਜੈਕੁਈ ਕਰੋਸ ਨੇ ਇਸ ਬਾਬਤ ਰਾਜ ਸਰਕਾਰ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×