ਦੇਸ਼ ਅੰਦਰ ਕੋਵਿਡ-19 ਟੀਕਾਕਰਣ ਸ਼ੁਰੂ -ਹਜ਼ਾਰਾਂ ਫਰੰਟਲਾਈਨ ਵਰਕਰਾਂ ਨੇ ਲਈ ਪਹਿਲੀ ਡੋਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਅੰਦਰ ਇਤਿਹਾਸ ਦਾ ਪਹਿਲਾ ਸਭ ਤੋਂ ਵੱਡਾ ਟੀਕਾਕਰਣ ਅਭਿਆਨ ਦੀ ਸ਼ੁਰੂਆਤ ਅੱਜ ਹੋ ਗਈ ਹੈ ਜਿਸ ਦੇ ਤਹਿਤ ਕੋਵਿਡ-19 ਤੋਂ ਬਚਾਉ ਲਈ ਵੈਕਸੀਨ ਹਜ਼ਾਰਾਂ ਹੀ ਫਰੰਟਲਾਈਨ ਵਰਕਰਾਂ ਨੂੰ ਦੇਣੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਅਭਿਆਨ ਦੇ ਇਸ ਪਹਿਲੇ ਗੇੜ ਅੰਦਰ ਤਕਰੀਬਨ 60,000 ਡੋਜ਼ਾਂ (ਫਾਈਜ਼ਰ ਵੈਕਸੀਨ) ਦੇਣੀਆਂ ਮਿੱਥੀਆਂ ਗਈਆਂ ਹਨ। ਵਿਕਟੋਰੀਆ ਰਾਜ ਅੰਦਰ ਇਸ ਵੈਕਸੀਨ ਨੂੰ ਲੈਣ ਵਾਲੀ ਪਹਿਲੀ ਮਹਿਲਾ ਰਹੋਡਾ ਸਟੁਅਰਟ ਜੋ ਕਿ ਮੋਨਾਸ਼ ਹੈਲਥ ਵਿਚਲੇ ਇਨਫੈਕਸ਼ਨ ਕੰਟਰੋਲ ਵਿਭਾਗ ਦੇ ਮੁਖੀ ਹਨ, ਨੇ ਇਸ ਟੀਕੇ ਨੂੰ ਲਗਵਾ ਕੇ ਵਿਕਟੋਰੀਆ ਅੰਦਰ ਇਸ ਟੀਕਾਕਰਣ ਦੀ ਸ਼ੁਰੂਆਤ ਕੀਤੀ। ਨਿਊ ਸਾਊਥ ਵੇਲਜ਼ ਅੰਦਰ ਵੀ ਇਸ ਦਵਾਈ ਨੂੰ ਲੈਣ ਵਾਲੀ ਪਹਿਲੀ ਮਹਿਲਾ ਹੀ ਹੈ ਜੋ ਕਿ ਗਾਇਥਰੀ ਵੈਲਨਗਾਲੂਰ ਸ੍ਰੀਨਿਵਾਸਨ ਹਨ ਅਤੇ ਰਾਜ ਅੰਦਰ ਵਾਤਾਵਰਣ ਸੇਵਾਵਾਂ ਵਾਲੇ ਵਿਭਾਗ ਵਿੱਚ ਬਤੌਰ ਸੁਪਰਵਾਈਜ਼ਰ ਕਾਰਜਰਤ ਹਨ। ਰਾਜ ਅੰਦਰ ਇਹ ਸ਼ੁਰੂਆਤ ਸਿਡਨੀ ਦੇ ਰਾਇਲ ਪ੍ਰਿੰਸ ਅਲਫਰਡ, ਵੈਸਟਮੀਡ ਅਤੇ ਲਿਵਰਪੂਲ ਦੇ ਹਸਪਤਾਲਾਂ ਵਿੱਚੋਂ ਕੀਤੀ ਗਈ ਹੈ ਜਿੱਥੇ ਕਿ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਹ ਟੀਕਾ ਲਗਾਇਆ ਜਾ ਰਿਹਾ ਹੈ ਅਤੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦਾ ਕਹਿਣਾ ਹੈ ਕਿ ਪਹਿਲੇ ਤਿੰਨ ਹਫ਼ਤਿਆਂ ਦੌਰਾਨ ਤਕਰੀਬਨ 35,000 ਫਰੰਟਲਾਈਨ ਵਰਕਰਾਂ ਨੂੰ ਇਹ ਟੀਕਾ ਲਗਾਏ ਜਾਣ ਦੀ ਟੀਚਾ ਮਿਥਿਆ ਗਿਆ ਹੈ।
ਏਜਡ ਕੇਅਰ ਵਿੱਚ ਰਹਿਣ ਵਾਲੀ ਇੱਕ 85 ਸਾਲਾਂ ਦੀ ਬਜ਼ੁਰਗ ਮਹਿਲਾ -ਜੇਨ ਮੈਲਿਸੀਅਕ, ਜੋ ਕਿ ਦੂਸਰੀ ਸੰਸਾਰ ਜੰਗ ਸਮੇਂ, ਪੋਲੈਂਡ ਵਿੱਚ ਰਹਿੰਦੀ ਸੀ ਅਤੇ ਉਸ ਸਮੇਂ ਮਹਿਜ਼ ਇੱਕ ਬੱਚਾ ਹੀ ਸੀ, ਨੂੰ ਵੀ ਇਹ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੇ ਨਾਲ ਹੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ।
ਦੇਸ਼ ਅੰਦਰ ਹਾਲੇ ਵੀ 20% ਦੇ ਕਰੀਬ ਲੋਕ ਅਜਿਹੇ ਹਨ ਜੋ ਕਿ ਉਕਤ ਵੈਕਸੀਨ ਦਾ ਬਾਈਕਾਟ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜਦੋਂ ਬੀਮਾਰ ਹੀ ਨਹੀਂ ਹਨ ਤਾਂ ਫੇਰ ਉਹ ਉਕਤ ਟੀਕਾ ਕਿਉਂ ਲਗਵਾਉਣ, ਇਸ ਗੱਲ ਉਪਰ ਦੇਸ਼ ਦੇ ਵਧੀਕ ਮੁੱਖ ਸਿਹਤ ਅਧਿਕਾਰੀ ਮਾਈਕਲ ਕਿਡ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਆਪਣੀ ਸੋਚਣੀ ਨੂੰ ਬਦਲਣ ਲਈ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਬਿਮਾਰੀ ਨਾ ਪਣਪੇ ਇਸ ਵਾਸਤੇ ਇਹ ਟੀਕਾ ਲਗਵਾਉਣਾ ਜ਼ਰੂਰੀ ਹੈ ਅਤੇ ਇਸ ਵਾਸਤੇ ਉਹ ਆਪਣੀ ਅਤੇ ਆਪਣੇ ਸਮਾਜ ਅਤੇ ਦੇਸ਼ ਦੀ ਸਿਹਤ ਖਾਤਰ ਜ਼ਿਦ ਨੂੰ ਛੱਡ ਕੇ ਇਸ ਟੀਕਾਕਰਣ ਦੇ ਅਭਿਆਨ ਵਿੱਚ ਸ਼ਾਮਿਲ ਹੋਣ।

Install Punjabi Akhbar App

Install
×