ਬੇਸ਼ੱਕ ਅੱਜ ਦਾ ਦਿਹਾੜਾ ਆਸਟ੍ਰੇਲੀਆ ਅੰਦਰ ‘ਆਸਟ੍ਰੇਲੀਆ ਡੇਅ’ ਦੇ ਨਾਮ ਨਾਲ ਸਰਕਾਰੀ ਤੌਰ ਤੇ ਮਨਾਇਆ ਜਾਂਦਾ ਹੈ ਪਰੰਤੂ ਇਸ ਦੇ ਨਾਲ ਹੀ ਹੁਣ ਇਸ ਦਿਹਾੜੇ ਉਪਰ ਜਨਤਕ ਤੌਰ ਤੇ ਇਸ ਦਿਹਾੜੇ ਦੀ ਖ਼ਿਲਾਫ਼ਤ ਦੇ ਪ੍ਰਦਰਸ਼ਨਾਂ ਨੇ ਜ਼ੋਰ ਫੜ੍ਹਿਆ ਹੋਇਆ ਹੈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਦਿਹਾੜੇ ਦਾ ਨਾਮ ‘ਇਨਵੇਜ਼ਨ ਡੇਅ’ ਰੱਖਿਆ ਹੋਇਆ ਹੈ ਕਿਉਂਕਿ ਉਹ ਸਰਕਾਰ ਨੂੰ ਯਾਦ ਕਰਵਾਉਂਦੇ ਹਨ ਕਿ ਇਹ ਦਿਹਾੜਾ ਆਸਟ੍ਰੇਲੀਆਈ ਮੂਲ ਨਿਵਜਾਸੀਆਂ ਦੇ ਕਤਲੋ-ਗ਼ਾਰਤ ਦਾ ਦਿਹਾੜਾ ਹੈ ਅਤੇ ਇਹ ਆਸਟ੍ਰੇਲੀਆ ਦਿਹਾੜਾ ਕਿਵੇਂ ਹੋ ਸਕਦਾ ਹੈ….?
ਜ਼ਿਕਰਯੋਗ ਹੈ ਕਿ ਅੱਜ ਦੇ ਦਿਨ ਸਾਲ 1788 ਨੂੰ ਸਿਡਨੀ ਕੋਵ ਉਪਰ ਕੈਪਟਨ ਆਰਥਰ ਫਿਲਿਪ ਵੱਲੋਂ ਬ੍ਰਿਟਿਸ਼ ਝੰਡਾ ਲਹਿਰਾਇਆ ਗਿਆ ਸੀ ਤਾਂ ਸਰਕਾਰ ਤੌਰ ਤੇ ਇਹ ਦਿਹਾੜਾ ਇਸੇ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਮੂਲ ਨਿਵਾਸੀ ਇਸਨੂੰ ਇਸ ਲਈ ਨਕਾਰਦੇ ਹਨ ਕਿ ਕਿਸੇ ਹੋਰ ਦੇਸ਼ ਦੇ ਘੁਸਪੈਠੀਆਂ ਨੇ ਇੱਥੇ ਆ ਕੇ ਜ਼ਬਰਦਸਤੀ ਕਬਜ਼ਾ ਕੀਤਾ ਅਤੇ ਇੱਥੋਂ ਦੇ ਲੋਕਾਂ ਨੂੰ ਮਾਰਿਆ ਅਤੇ ਇਹ ਝੰਡਾ ਉਨ੍ਹਾਂ ਨੂੰ ਉਸ ਨਸਲ-ਕੁਸ਼ੀ ਦੀ ਯਾਦ ਦਿਵਾਉਂਦਾ ਹੈ।
ਇਸ ਸਿਲਸਿਲੇ ਵਿੱਚ ਹਜ਼ਾਰਾਂ ਹੀ ਲੋਕ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਇਕੱਠਾ ਹੁੰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਦਿਹਾੜੇ ਨੂੰ ਮਨਾਉਣਾ ਬੰਦ ਕੀਤਾ ਜਾਵੇ।
ਸਿਡਨੀ ਦੇ ਸੀ.ਬੀ.ਡੀ. ਵਿੱਚ ਸਵੇਰ ਤੋਂ ਹੀ ਲੋਕ ਇਕੱਠਾ ਹੋਣੇ ਸ਼ੁਰੂ ਹੋ ਚੁਕੇ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਇਸ ਦਿਹਾੜੇ ਦੇ ਖ਼ਿਲਾਫ਼ ਨਾਅਰਿਆਂ ਆਦਿ ਵਾਲੇ ਬੈਨਰ ਅਤੇ ਰੋਸ-ਝੰਡੇ ਫੜ੍ਹੇ ਹੋਏ ਸਨ।
ਮੈਲਬੋਰਨ ਦੇ ਨਾਰਮ ਵਿਖੇ ਇਹ ਰੈਲੀ ਅਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਪਾਰਲੀਮੈਂਟ ਹਾਊਸ (ਸਪ੍ਰਿੰਗ ਸਟ੍ਰੀਟ) ਤੋਂ ਸ਼ੁਰੂ ਹੋ ਚੁਕਿਆ ਹੈ।
ਬ੍ਰਿਸਬੇਨ ਵਿੱਖੇ ਕੁਈਨਜ਼ ਗਾਰਡਨਜ਼ ਤੋਂ ਰੋਸ ਮਾਰਚ ਕੱਢਿਆ ਗਿਆ।
ਐਡੀਲੇਡ ਵਿਖੇ ਇਹ ਰੋਸ ਮਾਰਚ ਬਾਅਦ ਦੁਪਹਿਰ 4:30 ਵਜੇ ਵਿਕਟੌਰੀਆ ਸਕੁਏਅਰ ਦੇ ਟਾਰਨਟਨਯਾਂਗਾ ਵਿਖੇ ਕੱਢਿਆ ਜਾਣਾ ਹੈ।
ਪਰਥ ਤੋਂ ਇਹ ਮਾਰਚ ਫੋਰੈਸਟ ਚੇਜ਼ ਤੋਂ ਕੱਢਿਆ ਜਾ ਰਿਹਾ ਹੈ।
ਤਸਮਾਨੀਆ ਵਿਖੇ ਨਿਪਾਲੂਨਾ ਇਨਵੇਜ਼ਨ ਡੇਅ ਮਾਰਚ 198 ਐਲਿਜ਼ਾਬੈਥ ਸਟ੍ਰੀਟ ਤੋਂ ਕੱਢਿਆ ਗਿਆ ਹੈ ਅਤੇ ਇਹ ਮਾਰਚ ਪਾਰਲੀਮੈਂਟ ਅੱਗੇ ਰੈਲੀ ਦਾ ਰੂਪ ਧਾਰਨ ਕਰ ਚੁਕਿਆ ਹੈ।
ਰੋਸ ਮਾਰਚ ਕਰਨ ਵਾਲਿਆਂ ਦੀ ਮੰਗ ਹਮੇਸ਼ਾ ਇਹੀ ਹੁੰਦੀ ਹੈ ਕਿ ਇਸ ਦਿਹਾੜੇ ਦਾ ਤਾਰੀਖ਼ ਨੂੰ ਬਦਲਿਆ ਜਾਵੇ ਪਰੰਤੂ ਹਾਲੇ ਵੀ ਬਹੁਤ ਸਾਰੇ ਆਸਟ੍ਰੇਲੀਆਈਆਂ ਦੀ ਮੰਗ ਹੈ ਕਿ ਇਹ ਦਿਹਾੜਾ 26 ਜਨਵਰੀ ਨੂੰ ਹੀ ਮਨਾਇਆ ਜਾਣਾ ਚਾਹੀਦਾ ਹੈ।