ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਰਹਿਨੁਮਾਈ ਵਿੱਚ ਸਥਾਨਕ ਗੁਰਦੁਆਰਾ ਗਲੈਨਵੁੱਡ ਸਾਹਿਬ ਸਿਡਨੀ ਦੇ ਸੀਨੀਅਰ ਸਿਟੀਜ਼ਨਜ਼ ਵਿੰਗ ਵੱਲੋਂ ਤੀਸਰਾ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਦਿਨ ਐਤਵਾਰ 4 ਸਤੰਬਰ 2022 ਸ਼ਾਮ ਨੂੰ, ਬਾਬਾ ਬੁੱਢਾ ਘਰ (ਸੀਨੀਅਰ ਸਿਟੀਜ਼ਨ ਹਾਊਸ), ਗੁਰਦਵਾਰਾ ਗਲੈਨਵੁੱਡ ਵਿਖੇ ਹੋਇਆ। ਇਸ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਦੀ ਪ੍ਰਧਾਨਗੀ ਉੱਘੇ ਖੇਤੀ ਵਿਗਿਆਨੀ ਅਤੇ ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਸ਼੍ਰੀ ਦਮਦਮਾ ਸਾਹਿਬ ਜੀ ਡਾ ਨਛੱਤਰ ਸਿੰਘ ਮੱਲ੍ਹੀ, ਸ੍ਰ ਹਰ ਕਮਲ ਜੀਤ ਸਿੰਘ ਸੈਣੀ, ਡਾਇਰੈਕਟਰ ਸੀਨੀਅਰ ਸਿਟੀਜ਼ਨਜ, ਸ੍ਰ ਸੁਰਿੰਦਰ ਸਿੰਘ ਮਾਣਕੂ, ਸ਼੍ਰੀਮਤੀ ਪਰਮਜੀਤ ਕੌਰ ਕਲੋਟੀ, ਡਾਇਰੈਕਟਰ ਗੁਰਦੁਆਰਾ ਸੈਕਟਰੀ, ਸ਼੍ਰੀਮਤੀ ਸੁਰਿੰਦਰ ਕੌਰ, ਡਾਇਰੈਕਟਰ ਮੀਡੀਆ ਅਤੇ ਪਬਲੀਸਿਟੀ ਵਿੰਗ, ਸ੍ਰ ਦਰਸ਼ਨ ਸਿੰਘ ਗਿੱਲ ਅਤੇ ਸ਼੍ਰੀਮਤੀ ਕੁਲਦੀਪ ਕੌਰ ਪੂੰਨੀ, ਕੋਆਰਡੀਨੇਟਰ, ਸੀਨੀਅਰ ਸਿਟੀਜ਼ਨਜ਼ ਵਿੰਗ ਉੱਪਰ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸਮਾਗਮ ਵਿੱਚ ਸਭ ਤੋਂ ਪਹਿਲਾਂ ਕੋਆਰਡੀਨੇਟਰ, ਸੀਨੀਅਰ ਸਿਟੀਜ਼ਨਜ਼ ਵਿੰਗ, ਸ਼੍ਰੀਮਤੀ ਕੁਲਦੀਪ ਕੌਰ ਪੂੰਨੀ ਨੇ ਪ੍ਰੋਗਰਾਮ ਵਿੱਚ ਸ਼ਾਮਲ ਸ਼ਖ਼ਸੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੁਆਗਤ ਕੀਤਾ ਅਤੇ ਸ਼ੈੱਡ ਵਿੱਚ ਲਗਾਏ ਪੜਦਿਆਂ ਦਾ ਉਦਘਾਟਨ ਕਰਨ ਲਈ ਹਾਜ਼ਰ ਡਾਇਰੈਕਟਰ ਸਹਿਬਾਨ ਨੂੰ ਬੇਨਤੀ ਕੀਤੀ। ਇਸ ਤੀਸਰੇ ਪੰਜਾਬੀ ਸਾਹਿਤਕ ਦਰਬਾਰ ਵਿੱਚ “ਫਾਦਰਜ਼ ਡੇਅ” ਮਨਾਉਣ ਸਬੰਧੀ “ਕਿਛੁ ਸੁਣੀਐ ਕਿਛੁ ਕਹੀਏ” ਗੋਸ਼ਟੀ਼ ਦਾ ਆਰੰਭ ਕਰਦਿਆਂ ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ ਨੇ ਕਿਹਾ ਕਿ ਪਿਤਾ ਦੀ ਹਰ ਪਰਿਵਾਰ ਅੰਦਰ ਬਹੁਤ ਅਹਿਮੀਅਤ ਹੁੰਦੀ ਹੈ। ਜਿਸ ਤਰ੍ਹਾਂ ਮਾਂ ਨੂੰ ਸਨਮਾਨ ਦੇਣ ਲਈ ‘ਮਦਰਜ਼ ਡੇਅ’ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ ਪਿਤਾ ਨੂੰ ਸਨਮਾਨਿਤ ਕਰਨ ਲਈ ‘ਫਾਦਰਜ਼ ਡੇਅ’ ਮਨਾਇਆ ਜਾਂਦਾ ਹੈ। ਫਾਦਰਜ਼ ਡੇਅ ਇਕ ਅਜਿਹਾ ਮੌਕਾ ਹੁੰਦਾ ਹੈ, ਜੋ ਪਿਤਾ ਨੂੰ ਸਨਮਾਨਿਤ ਮਹਿਸੂਸ ਕਰਵਾਉਣ ਤੇ ਪੂਰੇ ਪਰਿਵਾਰ ਲਈ ਉਨ੍ਹਾਂ ਦੇ ਯੋਗਦਾਨ ਦਾ ਅਹਿਸਾਸ ਕਰਵਾਉਣ ਦਾ ਇਕ ਮੌਕਾ ਹੁੰਦਾ ਹੈ। ਪਰ ਗੁਰਬਾਣੀ ਅੰਦਰ ‘ਫਾਦਰਜ਼ ਡੇਅ’ ਜਾਂ ‘ਮਦਰਜ਼ ਡੇਅ’ ਮਨਾਉਣ ਦੀ ਥਾਂ ਸਮੁੱਚੇ ਪਰਿਵਾਰ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਗੁਰਬਾਣੀ ਅੰਦਰ:
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥” ਦਾ ਜਾਪ ਕਰਦੇ ਹਾਂ, ਤਾਂ ਉਸ ਸਮੇਂ ਸੰਸਾਰ ਦੇ ਸਮੁੱਚੇ ਜੀਵਾਂ ਅਤੇ ਪੌਦਿਆਂ ਦੀ ਉਤਪਤੀ, ਪਾਲਣਾ, ਚੰਗੇ ਮੰਦੇ ਕਰਮਾਂ ਦਾ ਵਿਚਾਰ, ਜੀਵਨ ਦੀ ਸਫਲਤਾ ਆਦਿ ਵਿਸ਼ਿਆਂ ਦਾ ਵਰਨਣ ਕਰਦੇ ਹਾਂ। ਇਸ ਲਈ ਸਾਨੂੰ ਇੱਕਲਾ “ਫਾਦਰਜ਼ ਡੇਅ” ਜਾਂ ਇੱਕਲਾ “ਮਦਰਜ਼ ਡੇਅ” ਮਨਾਉਣ ਨਾਲੋਂ ਇਹਨਾਂ ਦਿਨਾਂ ਨੂੰ “ਫੇਮਲੀ ਡੇਅ” ਵੱਜੋਂ ਮਨਾਇਆ ਜਾਣਾ ਚਾਹੀਦਾ ਹੈ।
ਪੰਜਾਬੀ ਸਾਹਿਤਕ ਦਰਬਾਰ ਦੇ ਮਾਹੌਲ ਤੋਂ ਪ੍ਰਭਾਵਿਤ ਹੋ ਕੇ, ਇਹਨਾਂ ਸਮਾਗਮਾਂ ਦੇ ਇੱਕ ਸੰਜੀਦਾ ਸਰੋਤੇ, ਸ੍ਰ ਜੋਗਿੰਦਰ ਸਿੰਘ ਜਗਰਾਉਂ ਨੇ ਇਸ ਸਮਾਗਮ ਵਿੱਚ “ਫਾਦਰਜ਼ ਡੇਅ” ਮੌਕੇ ਸਟੇਜ ਉੱਪਰ ਆ ਕੇ ਆਪਣੀ ਪਲੇਠੀ ਹਾਜ਼ਰੀ ਵਿੱਚ ਹੇਠ ਲਿਖੀ ਕਵਿਤਾ ਸੁਣਾਈ:
“ਰੁਤਬਾ ਪਿਉ ਦਾ ਸੰਸਾਰ ਵਿੱਚ ਬਹੁਤ ਉੱਚਾ,
ਥਾਂ ਪਿਉ ਦੀ ਕੋਈ ਨਹੀਂ ਲੈ ਸਕਦਾ।
ਹਰ ਮਾਂ ਨੂੰ ਮਾਂ ਤਾਂ ਹਰੇਕ ਆਖ ਸਕਦੈ,
ਪਿਉ ਕੋਈ ਨਹੀਂ ਕਿਸੇ ਨੂੰ ਕਹਿ ਸਕਦਾ।
ਪਿਆਰ ਪਿਉ ਦਾ ਮਾਂ ਤੋਂ ਘੱਟ ਨਾਹੀਂ,
ਹੜ੍ਹ ਪਿਆਰ ਦਾ ਇਹਦੇ ਵਿੱਚ ਵੱਗਦਾ ਏ।
ਸਾਇਆ ਪਿਉ ਦਾ ਜਦ ਉੱਠ ਜਾਏ ਸਿਰ ਉੱਤੋਂ,
ਹੁੰਦਾ ਪਿਉ ਕੀ? ਪਤਾ ਫਿਰ ਲੱਗਦਾ ਏ।
ਪੇਟ ਪੂਰੇ ਪਰਿਵਾਰ ਦਾ ਪਾਲਦਾ ਏ,
ਕਸ਼ਟ ਝੱਲ ਕੇ ਮੁਸੀਬਤ ਮਜਬੂਰੀਆਂ ਦਾ।
ਇਹਦੀ ਝਿੜਕ ਵਿੱਚ ਸਦਾ ਹੀ ਭਲਾ ਹੁੰਦਾ,
ਗੁੱਸਾ ਕਰੀਏ ਨਾ ਪਿਉ ਦੀਆਂ ਘੂਰੀਆਂ ਦਾ।
ਹੁੰਦਿਆਂ ਬਾਪ ਦੇ, ਹੁੰਦਾ ਨਾ ਫ਼ਿਕਰ ਕੋਈ,
ਚੁੱਕੀ ਫਿਰੇ ਜੋ ਸਭ ਜ਼ਿੰਮੇਵਾਰੀਆਂ ਨੂੰ।
ਇੱਕ ਪਿਤਾ ਜੋ ਆਪਣੀ ਔਲਾਦ ਉਤੋਂ,
ਨਿਸ਼ਾਵਰ ਕਰ ਦਿੰਦਾ ਖੁਸ਼ੀਆਂ ਸਾਰੀਆਂ ਨੂੰ।
ਆਪਾ ਵਾਰ ਕੇ ਪੂਰੀਆਂ ਕਰੇ ਬਾਪੂ,
ਸੱਧਰਾਂ ਬੱਚਿਆਂ ਦੇ ਦਿਲ ਦੀਆਂ ਹੁੰਦੀਆਂ ਨੇ।
ਇਸ ਗੱਲ ਵਿੱਚ ਰਤੀ ਨਾ ਝੂਠ ਕੋਈ,
ਮੌਜਾਂ ਬਾਪੂ ਦੇ ਸਿਰ ‘ਤੇ ਹੁੰਦੀਆਂ ਨੇ।”
“ਮੁਸਾਫ਼ਿਰ ਸਿੰਬਲ ਮਜਾਰੀਆ” ਆਖਦਾ ਏ,
ਹੱਥ ਜੋੜ ਕੇ ਸਾਰੇ ਹੀ ਜੱਗ ਤਾਈਂ,
ਇਹਦਾ ਰੱਬ ਤੋਂ ਵੱਧ ਸਤਿਕਾਰ ਕਰੀਏ,
ਲਾਈਏ ਦਾਗ਼ ਨਾ ਬਾਪੂ ਦੀ ਪੱਗ ਤਾਈਂ।
ਇਹਨਾਂ ਤੋਂ ਬਾਅਦ “ਪੀਘਾਂ ਸੋਚ ਦੀਆਂ” ਸਾਹਿਤ ਮੰਚ ਦੇ ਕੌਮੀ ਜਨਰਲ ਸਕੱਤਰ, ਸ੍ਰ ਪ੍ਰਗਟ ਸਿੰਘ ਗਿੱਲ ਬਾਗੀ ਨੇ ਇਸ ਮੌਕੇ ਆਪਣੀ ਹੇਠ ਲਿਖੀ ਕਵਿਤਾ ਸੁਣਾਈ:
“ਚੌਵੀ ਘੰਟੇ ਤਪਦਾ ਰਹਿੰਦਾ,
ਰਹਿਮਤ ਦਾ ਪਾਣੀ ਪਾਉਣਾ ਔਖਾ।
ਲਾਲਚ ਵਿੱਚ ਉੱਡਦਾ ਰਹਿੰਦਾ,
ਮੱਤ ਦੇ ਵਿੱਚ ਸਮਾਉਣਾ ਔਖਾ।
ਦੁਨੀਆਂ ਮੁੱਠੀ ਵਿੱਚ ਹਰ ਕੋਈ ਕਹਿੰਦਾ,
ਪਰ ਮਨ ‘ਤੇ ਕਾਬੂ ਪਾਉਣਾ ਔਖਾ।
ਆ ਵੀ ਲੈਣਾ ਉਹ ਵੀ ਲੈਣਾ ਭੱਜਿਆ ਫਿਰਦਾ,
ਬੰਦਿਆ ਵਾਹਿਗੁਰੂ ਦਾ ਨਾਮ ਕਮਾਉਣਾ ਔਖਾ।
ਅੰਬਰਾਂ ਦੇ ਵਿੱਚ ਉੱਡਦਾ ਰਹਿੰਦਾ,
ਮੱਤ ‘ਤੇ ਮਨ ਨੂੰ ਲਾਉਣਾ ਔਖਾ।
ਮੈਂ ਮੈਂ ਕਰਦਾ ਤੁਰਿਆ ਫਿਰਦਾ,
ਉਹਦੇ ਰੰਗਾਂ ਵਿੱਚ ਸਮਾਉਣਾ ਔਖਾ।
ਜਿਸਮਾਂ ਦੇ ਥਲਾਂ ਵਿੱਚ ਡੁੱਬਿਆ ਰਹਿੰਦਾ,
ਗੋਤਾ ਇਸ਼ਕ ਸਮੁੰਦਰ ਲਾਉਣਾ ਔਖਾ।
ਕਿਸੇ ‘ਤੇ ਚੁੱਟਕੀ ਭਰਨੀ ਸੌਖੀ,
ਪਰ ਖੁਦ ਨੂੰ ਸਮਝਾਉਣਾ ਔਖਾ।
ਬਦਨਾਮੀ ਕਿਸੇ ਦੀ ਕਰਨੀ ਸੌਖੀ,
ਖੁਦ ਦਾ ਸਤਿਕਾਰ ਕਰਾਉਣਾ ਔਖਾ।
ਉੱਡਦਾ ਰਹਿੰਦਾ ਮਨ ਦਾ ਪੰਛੀ,
ਪ੍ਰਗਟ ਗੁਰੂ ਚਰਨੀਂ ਸੀਸ ਟਿਕਾਉਣਾ ਔਖਾ।”
ਆਸਟ੍ਰੇਲੀਆ ਵਿੱਚ ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ, ਜੋ ਕੁਈਨਜ਼ਲੈਂਡ ਵਿੱਖੇ ਜਾਣ ਕਾਰਨ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਸਨ ਆ ਸਕੇ, ਪਰ ਉਹਨਾਂ ਨੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਇਕ ਲਿਖਤੀ ਨੋਟ ਭੇਜ ਕੇ ਲਵਾਈ। ਇਸ ਲਿਖਤੀ ਨੋਟ ਵਿੱਚ ਉਹਨਾਂ ਨੇ ਆਪਣੇ ਸੂਝਵਾਨ ਸਾਥੀਆਂ ਨੂੰ “ਕ੍ਰੋਧ” ਤੋਂ ਬੱਚਣ ਦੀ ਅਪੀਲ ਕੀਤੀ ਹੈ। “ਕ੍ਰੋਧ” ਸ਼ਬਦ ਦਾ ਜ਼ਿਕਰ ਕਰਦਿਆਂ, ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੇਠ ਲਿਖੀ ਬਾਣੀ ਦਾ ਹਵਾਲਾ ਦਿੱਤਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਉੱਪਰ ਦਰਜ ਹੈ:
“ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ।
ਬਿਖਯੰਤ ਜੀਵੰ ਵਸ੍ਹੰ ਕਰੋਤਿ ਨਿਰਤ੍ਹੰ ਕਰੋਤਿ ਜਥਾ ਮਰਕਟਹ।
ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ।
ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਹਾ ਕਰੋਤਿ।
ਉਹਨਾਂ ਆਪਣੇ ਨੋਟ ਵਿੱਚ ਇਸ ਦੀ ਵਿਆਖਿਆ ਕਰਦਿਆਂ ਲਿਖਿਆ ਹੈ ਕਿ “ਇਸ ਦਾ ਇਹ ਅਰਥ ਹੈ ਕਿ ਹੇ ਝਗੜੇ ਦੇ ਮੁੱਢ ਕ੍ਰੋਧ! ਤੇਰੇ ਅੰਦਰ ਕਦੇ ਦਇਆ ਪੈਦਾ ਨਹੀਂ ਹੁੰਦੀ। ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈਂ। ਤੇਰੇ ਵੱਸ ਵਿੱਚ ਆਇਆ ਜੀਵ ਬਾਂਦਰ ਵਾਂਗ ਨੱਚਦਾ ਹੈ। ਤੇਰੀ ਸੰਗਤ ਵਿੱਚ ਜੀਵ ਨੀਚ ਸੁਭਾਅ ਵਾਲੇ ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦਿੰਦੇ ਹਨ। ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ ਇਸ ਕ੍ਰੋਧ ਤੋਂ ਸਭ ਜੀਵਾਂ ਦੀ ਰੱਖਿਆ ਕਰਦਾ ਹੈ।” ਉਹਨਾਂ ਲਿਖਿਆ ਹੈ ਕਿ ਇਸ ਸ਼ਬਦ ਦਾ ਸੰਖੇਪ ਭਾਵ ਇਹ ਹੈ ਕਿ ਕ੍ਰੋਧ ਦੇ ਵੱਸ ਵਿੱਚ ਆ ਕੇ ਮਨੁੱਖ ਕਈ ਝਗੜੇ ਖੜ੍ਹੇ ਕਰ ਲੈਂਦਾ ਹੈ ਤੇ ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਲਈ ਇਸ ਦੀ ਮਾਰ ਤੋਂ ਬਚਣ ਲਈ, ਸਾਡੇ ਕੋਲ ਪ੍ਰਮਾਤਮਾ ਦੀ ਸ਼ਰਨ ਲੈਣਾ ਹੀ ਇਕੋ ਇਕ ਵਸੀਲਾ ਹੁੰਦਾ ਹੈ। ਇਸ ਸਮਾਗਮ ਵਿੱਚ ਹਾਜ਼ਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ, ਡਾ ਅਵਤਾਰ ਸਿੰਘ ਸੰਘਾ ਨੇ ਕਿਹਾ ਕਿ ਇੰਡੀਆ ਵਿੱਚੋਂ ਵੱਡੀ ਗਿਣਤੀ ਵਿੱਚ ਪਰਵਾਸ ਹੋਣ ਕਾਰਨ, ਅੱਜ ਕੱਲ੍ਹ ਇੰਡੀਆ ਦੀਆਂ ਸੈਲਾਨੀ ਸੱਸਾਂ ਅਤੇ ਸੈਲਾਨੀ ਸਹੁਰੇ ਆਸਟ੍ਰੇਲੀਆ ਆ ਰਹੇ ਹਨ। ਪਰ ਸੇਵਾ ਮੁਕਤ ਸੈਲਾਨੀ ਮਾਪੇ ਅਤੇ ਉਹਨਾਂ ਦੀ ਪੱਕੀ ਹੋ ਚੁੱਕੀ ਪ੍ਰੋੜ੍ਹ ਔਲਾਦ ਵਿਚਕਾਰ, ਵੱਖ ਵੱਖ ਮਸਲਿਆਂ ਬਾਰੇ ਵਿਵਾਦ ਸਾਹਮਣੇ ਆਉਂਦੇ ਦਿਖਾਈ ਦੇ ਰਹੇ ਹਨ। ਮਿਸਾਲ ਵੱਜੋਂ ਸੈਲਾਨੀ ਸਹੁਰੇ ਕਦੇ ਕਦੇ ਆਪਣੇ ਪੋਤਰਿਆਂ, ਪੋਤਰੀਆਂ ਨਾਲ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਹ ਕੁਝ ਕੁਝ ਪੜ੍ਹੇ ਲਿਖੇ ਹੁੰਦੇ ਹਨ। ਪਰ ਉਸ ਵਕਤ ਉਹਨਾਂ ਦੀਆਂ ਨੂੰਹਾਂ, ਉਸ ਸਮੇਂ ਕੋਈ ਰੌਲਾ ਪਾ ਕੇ ਬੈਠ ਜਾਂਦੀਆਂ ਹਨ ਕਿ “ਉਹਨਾਂ ਨੇ” ਘਰੋੜ ਮਰੋੜ ਕੇ ਅੰਗਰੇਜ਼ੀ ਬੋਲ ਕੇ ਸਾਡੇ ਬੱਚਿਆਂ ਦੀ ਅੰਗਰੇਜ਼ੀ ਬੋਲਣ ਦਾ ਸਲੀਕਾ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਕਈ ਵਾਰ “ਸੈਲਾਨੀ ਸੱਸਾਂ” ਬੋਲਣੋਂ ਹੀ ਨਹੀਂ ਹੱਟਦੀਆਂ ਅਤੇ ਫਿਰ ਨੂੰਹਾਂ ਆਪਣੀਆਂ ਅਜਿਹੀਆਂ ਬੱੜਬੋਲੀਆਂ ਸੱਸਾਂ ਨੂੰ ਬੁਲਾਉਣਾ ਪਸੰਦ ਹੀ ਨਹੀਂ ਕਰਦੀਆਂ। ਉਹਨਾਂ ਨੇ ਸਲਾਹ ਦਿੱਤੀ ਕਿ ਇਹੋ ਜਿਹੇ ਸਮੇਂ, ਚੁੱਪ ਕਰ ਕੇ ਸਮਾਂ ਟਪਾ ਲੈਣਾ ਹੀ ਸਭ ਤੋਂ ਵੱਡੀ ਅਕਲਮੰਦੀ ਹੁੰਦੀ ਹੈ। ਆਪਣੇ ਭਾਸ਼ਣ ਵਿੱਚ ਉਹਨਾਂ ਨੇ ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਅਨੁਵਾਦ ਕਰਨ ਬਾਰੇ ਕਿਹਾ ਕਿ “ਅਨੁਵਾਦ ਕਰਨਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਕਿਸੇ ਗੋਰੇ ਭਾਸ਼ਾ ਵਿਗਿਆਨੀ ਨੇ ਇਕ ਵਾਰ ਕਿਹਾ ਸੀ:- The translators are the traitors of language. ਉਸ ਦੇ ਕਹਿਣ ਦਾ ਭਾਵ ਇਹ ਸੀ ਕਿ ਹਰੇਕ ਭਾਸ਼ਾ ਵਿੱਚ ਹੀ ਕੁਝ ਸ਼ਬਦ ਅਤੇ ਪ੍ਰਗਟਾਵੇ ਐਸੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਢੁੱਕਵੇਂ ਤਰੀਕੇ ਨਾਲ ਦੂਜੀ ਭਾਸ਼ਾ ਵਿੱਚ ਨਹੀਂ ਬਦਲਿਆ ਜਾ ਸਕਦਾ, ਪਰ ਜਿੱਥੋਂ ਤੱਕ ਸੰਭਵ ਹੈ ਸਕੇ, ਅਨੁਵਾਦ ਅਜਿਹਾ ਹੋਣਾ ਚਾਹੀਦਾ ਹੈ ਕਿ ਅਨੁਵਾਦ ਹੋਣ ਤੋਂ ਬਾਅਦ ਮੂਲ ਭਾਸ਼ਾ ਦੀ ਮੂਲ ਭਾਵਨਾ ਹੀ ਖ਼ਤਮ ਨਾ ਹੋ ਜਾਵੇ”। ਸ੍ਰ ਸਤਨਾਮ ਸਿੰਘ ਗਿੱਲ, ਸਾਬਕਾ ਪ੍ਰਧਾਨ, ਗੁਰਦੁਆਰਾ ਗਲੈਨਵੁੱਡ ਸਾਹਿਬ ਨੇ ਇਸ ਮੌਕੇ ਬੋਲਦਿਆਂ ਕੋਇਲ, ਸਮੁੰਦਰ ਅਤੇ ਗੁਲਾਬ ਦੇ ਨੁਕਸ ਕੱਢਣ ਵਾਲੇ ਇਨਸਾਨਾਂ ਨੂੰ ਕਿਹਾ ਕਿ “ਜੇਕਰ ਤੁਹਾਡੇ ਵਿੱਚ ਦੂਜਿਆਂ ਦੇ ਨੁਕਸ ਕੱਢਣ ਦੀ ਥਾਂ ਆਪਣੀਆਂ ਬੁਰਾਈਆਂ ਕੱਢਣ ਦਾ ਗੁਣ ਹੁੰਦਾ, ਤਾਂ ਕਿੰਨਾ ਚੰਗਾ ਹੁੰਦਾ?” ਉਹਨਾਂ ਹੋਰ ਕਿਹਾ ਕਿ “ਜੇਕਰ ਤੁਸੀਂ ਇਮਾਨਦਾਰ ਹੋ ਕੇ, ਧਾਰਮਿਕ ਨਹੀਂ ਹੋ, ਤਾਂ ਕੋਈ ਗੱਲ ਨਹੀਂ। ਪਰ ਜੇਕਰ ਧਾਰਮਿਕ ਹੋ ਕੇ ਵੀ ਇਮਾਨਦਾਰ ਨਹੀਂ ਹੋ, ਤਾਂ ਬਹੁਤ ਮਾੜੀ ਗੱਲ ਹੈ।” ਉਹਨਾਂ ਆਪਣੇ ਸੰਬੋਧਨ ਵਿੱਚ ਇਸ ਗੱਲ ਉੱਪਰ ਜ਼ੋਰ ਦੇ ਕੇ ਆਖਿਆ ਕਿ “ਆਪਣੀ ਕਿਸ਼ਤੀ ਦੇ ‘ਕੈਪਟਨ’ ਦੀ ਚੋਣ ਸੋਚ ਸਮਝ ਕੇ ਕਰੋ। ਗਲਤ ਚੁਣਿਆ ਬੰਦਾ ਤੁਹਾਡੀ ਕਿਸ਼ਤੀ ਡੋਬ ਸਕਦਾ ਹੈ।” ਉਹਨਾਂ ਨੇ ਪ੍ਰਵਾਸੀਆਂ ਬਾਰੇ ਬੋਲਦਿਆਂ ਕਿਹਾ ਕਿ “ਜਿਥੇ ਵੀ ਜੀਵ ਦਾ ਦਾਣਾ-ਪਾਣੀ ਲਿਖਿਆ ਹੁੰਦਾ ਹੈ, ਉਸ ਨੂੰ ਉਥੇ ਹੀ ਖਾਣਾ ਪੈਂਦਾ ਹੈ।” ਉਹਨਾਂ ਇਸ ਸਬੰਧੀ ਸ਼੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਉਚਾਰੇ ਇਸ ਸ਼ਬਦ ਦਾ ਹਵਾਲਾ ਦਿੱਤਾ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 653 ਉੱਪਰ ਹੇਠ ਲਿਖੇ ਅਨੁਸਾਰ ਦਰਜ ਹੈ:-
“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ”
ਉਹਨਾਂ ਦੱਸਿਆ ਕਿ “ਇਸ ਦਾ ਇਹ ਅਰਥ ਹੈ ਕਿ ਹੇ ਨਾਨਕ! ਜੀਵ ਦੇ ਨੱਕ ਵਿਚ ਰਜ਼ਾ ਦੀ ਨਕੇਲ ਹੈ, ਜੋ ਪ੍ਰਭੂ ਦੇ ਆਪਣੇ ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ।” ਸੋ, ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਹੀ ਉਸ ਨੂੰ ਖਾਣਾ ਪੈਂਦਾ ਹੈ। ਰਿਟਾਇਰਡ ਸੀ ਪੀ ਡੀ ਓ ਸ਼੍ਰੀਮਤੀ ਦੇਵਿੰਦਰ ਸਰਕਾਰੀਆ ਨੇ ਇਸ ਮੌਕੇ ਆਪਣੀ ਹੇਠ ਲਿਖੀ ਕਵਿਤਾ ਸੁਣਾਈ:
ਤੂੰ ਖੁਸ਼ ਰਿਹਾ ਕਰ, ਬਹੁਤ ਸੋਚਿਆ ਨਾ ਕਰ,
ਆਪਣੇ ਹੀ ਗੁੱਸੇ ਖੋਲ੍ਹ ਕੇ, ਬਹੁਤ ਗੌਲਿਆ ਨਾ ਕਰ।
ਤੂੰ ਖੁਸ਼ ਰਿਹਾ ਕਰ, ਬਹੁਤ ਸੋਚਿਆ ਨਾ ਕਰ।
ਅੱਗੇ ਬਥੇਰੀ ਹੈ ਫੈਲੀ ਜ਼ੈਹਰ ਜਹਾਨ ਵਿੱਚ
ਗ਼ੁੱਸੇ ਵਿਚ ਆ ਕੇ ਕੌੜੇ ਬੋਲ ਬੋਲਿਆ ਨਾ ਕਰ
ਤੂੰ ਖੁਸ਼ ਰਿਹਾ ਕਰ, ਬਹੁਤ ਸੋਚਿਆ ਨਾ ਕਰ।
ਹੁਣ ਧੀਆਂ ਪੁੱਤਰ ਜਵਾਨ ਤੇਰੀ ਅੱਗੇ ਦੀ ਉਮਰ ਹੈ।
ਸਮਝਾ ਦਿਆ ਕਰ ਪਿਆਰ ਨਾਲ, ਝਿੜਕਿਆ ਨਾ ਕਰ।
ਤੂੰ ਖੁਸ਼ ਰਿਹਾ ਕਰ, ਬਹੁਤ ਸੋਚਿਆ ਨਾ ਕਰ।
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ (ਸਟੇਟ ਅਵਾਰਡੀ) ਨੇ ਅਧਿਆਪਕ ਕਿੱਤੇ ਦੀ ਮਹਤੱਤਾ ਸਬੰਧੀ ਬੋਲਦਿਆਂ ਕਿਹਾ ਕਿ “ਅਧਿਆਪਨ ਚਾਹ ਪੀਣ ਦੇ ਇੱਕ ਚਟਕਾਰੇ ਵਾਂਗ ਨਹੀਂ ਹੈ, ਸਗੋਂ ਮੋਮਬੱਤੀ ਵਾਂਗ ਜਲ,ਜਲ ਕੇ ਰੋਸ਼ਨੀ ਦੇਣ ਨਾਲ ਹੈ।”
ਪੈਨਰਿਥ ਨਿਵਾਸੀ ਅਤੇ ਰਿਟਾਇਰਡ ਬੈਂਕ ਮੈਨੇਜਰ ਸ੍ਰ ਕੁਲਦੀਪ ਸਿੰਘ ਜੌਹਲ ਨੇ ਸਮਾਗਮ ਦੌਰਾਨ ਆਪਣੀ ਹੇਠ ਲਿਖੀ ਕਵਿਤਾ ਸੁਣਾਈ:
ਸੱਚ ਲਭਦਾ ਨਹੀਂ
ਕਿਸੇ ਇਨਸਾਨ ਵਿਚੋਂ,
ਇਸਦਾ ਭੇਤ ਜਾਣੇ
ਭਗਵਾਨ ਵਿਚੋਂ।
ਜਿਸਨੂੰ ਸਮਝਿਆ
ਖਰਾ ਇਨਸਾਨ ਵਿਚੋਂ,
ਪਰਖਣ ਤੇ ਨਿਕਲਿਆ
ਪੂਰਾ ਬੇਈਮਾਨ ਵਿਚੋਂ।
ਨਿਕਲ ਗਈ ਏ
ਮੱਖਣ ਦੇ ਵਾਲ ਵਾਂਗੂੰ,
ਸਿਆਸਤ ਅੱਜ ਦੀ
ਧਰਮ ਈਮਾਨ ਵਿਚੋਂ।
“ਜੌਹਲ” ਦਿਲ ਦੀਆਂ
ਕੰਧਾਂ ਵੀ ਢਹਿ ਗਈਆਂ,
ਪਰ ਗਮ ਨਹੀਂ ਨਿਕਲੇ
“ਮਕਾਨ” ਵਿਚੋਂ।
ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸ੍ਰ ਸੁਰਿੰਦਰ ਸਿੰਘ ਜਗਰਾਓਂ, ਸ੍ਰ ਹਰਦੀਪ ਸਿੰਘ ਕੁਕਰੇਜਾ, ਰਿਟਾਇਰਡ ਤਹਿਸੀਲਦਾਰ ਸ੍ਰ ਅੰਗਦ ਸਿੰਘ ਸੇਵਕ, ਸ਼੍ਰੀਮਤੀ ਬਿਮਲਾ ਜੈਨ, ਸ਼੍ਰੀਮਤੀ ਬਿਮਲਾ ਵਰਮਾ, ਉੱਘੀ ਕਵਿੱਤਰੀ ਸ਼੍ਰੀਮਤੀ ਸੁਖਵਿੰਦਰ ਕੌਰ ਆਹੀਂ ਅਤੇ ਸ੍ਰ ਗੁਰਦਿਆਲ ਸਿੰਘ ਜੀ ਵਰਗੇ ਨਾਮਵਰ ਰੌਸ਼ਨ ਦਿਮਾਗਾਂ ਨੇ ਆਪਣੀ, ਆਪਣੀ ਕਵੀਸ਼ਰੀ, ਭਜਨ, ਕਵਿਤਾਵਾਂ ਅਤੇ ਫ਼ਿਲਮੀ ਗੀਤ ਗਾ ਕੇ ਮਾਹੌਲ ਨੂੰ ਕਾਵਿਕ ਬਣਾ ਦਿੱਤਾ।
ਉੱਘੇ ਖੇਤੀ ਵਿਗਿਆਨੀ ਡਾ ਨਛੱਤਰ ਸਿੰਘ ਮੱਲ੍ਹੀ, ਸਾਬਕਾ ਵਾਈਸ ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਸ਼੍ਰੀ ਦਮਦਮਾ ਸਾਹਿਬ ਜੀ ਨੇ “ਫਾਦਰਜ਼ ਡੇਅ” ਮੌਕੇ ਕਰਵਾਏ ਇਸ ਸਮਾਗਮ ਸਮੇਂ ਪ੍ਰਧਾਨਗੀ ਮੰਡਲ ਵੱਲੋਂ ਦਿੱਤੇ ਗਏ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਕ ਪਿਤਾ ਬੇਸ਼ਕ ਆਪਣੇ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਰੱਖਦਾ ਹੋਵੇ, ਪਰ ਉਹ ਨਾਰੀਅਲ ਵਾਂਗ ਹੁੰਦਾ ਹੈ, ਜੋ ਉੱਪਰੋਂ ਸਖ਼ਤ ਪਰ ਅੰਦਰੋਂ ਕੋਮਲ ਹੁੰਦਾ ਹੈ। ਇਸ ਲਈ ਮਾਂ ਦੀ ਹੀ ਤਰ੍ਹਾਂ ਸਾਡੇ ਜੀਵਨ ਵਿਚ ਪਿਤਾ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਦਾ ਹੈ, ਇਸ ਲਈ ਹੀ ਉਸ ਨੂੰ ਪਾਲਣਹਾਰ ਕਿਹਾ ਜਾਂਦਾ ਹੈ। ਉਹਨਾਂ ਨੇ ਕੌਮਾਂ ਦੇ ਜੀਵਨ ਅੰਦਰ ਸਿੱਖਿਆ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ “ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਇਤਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ, ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ। ਸੋ, ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਣੀ ਕੌਮ ਦਾ ਸਿਹਤਮੰਦ ਨਿਰਮਾਣ ਕਰਨ ਲਈ, ਆਪਣੀ ਸਿੱਖਿਆ ਦੇ ਮਿਆਰ ਨੂੰ ਥੱਲੇ ਡਿੱਗਣ ਤੋਂ ਰੋਕਿਆ ਜਾਵੇ।”
ਸਮਾਗਮ ਦੇ ਅੰਤ ਵਿੱਚ ਸ੍ਰ ਹਰ ਕਮਲ ਜੀਤ ਸਿੰਘ ਸੈਣੀ, ਡਾਇਰੈਕਟਰ ਸੀਨੀਅਰ ਸਿਟੀਜ਼ਨਜ ਨੇ ਆਪਣੇ ਧੰਨਵਾਦੀ ਭਾਸ਼ਣ ਮੌਕੇ ਬੱਚਿਆਂ ਦੇ ਜੀਵਨ ਵਿੱਚ ਮਾਤਾ ਪਿਤਾ ਦੇ ਮਹੱਤਵ ਬਾਰੇ ਆਪਣੇ ਕਾਵਿਕ ਅੰਦਾਜ਼ ਵਿੱਚ ਕਿਹਾ:
“ਖੰਡ ਬਾਝ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਝ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਝ ਨਾ ਹੁੰਦੇ ਲਾਡ ਪੂਰੇ,
ਪਿਓ ਬਾਝ ਨਾ ਪੈਂਦੀਆਂ ਪੂਰੀਆਂ ਨੇ।”
ਉਹਨਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ 11 ਸਤੰਬਰ 2022 ਦਿਨ ਐਤਵਾਰ ਨੂੰ ਕਾਰਨੂਕੋਪੀਆ ਰਿਜ਼ਰਵ ਗਲੈਨਵੁੱਡ ਵਿਖੇ “ਸਾਲਾਨਾ ਖੇਡ ਮੇਲਾ” (ਐਨੂਅਲ ਐਥਲੈਟਿਕਸ ਕਾਰਨੀਵਲ) ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਇਸ ਖੇਡ ਮੇਲੇ ਵਿੱਚ ਸੀਨੀਅਰ ਸਿਟੀਜ਼ਨਜ਼ ਨੂੰ ਵਲੰਟੀਅਰਜ਼ ਵੱਜੋਂ ਸੇਵਾ ਕਰਨ ਲਈ ਬੇਨਤੀ ਕੀਤੀ। ਉਹਨਾਂ ਇਹ ਦੱਸਿਆ ਕਿ ਅਕਤੂਬਰ 2022 ਤੋਂ ਪੰਜਾਬੀ ਸਾਹਿਤਕ ਦਰਬਾਰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 2 ਵਜੇ ਤੋਂ 4 ਵਜੇ ਤੱਕ ਸ਼ੈੱਡ ਅੰਦਰ ਹੋਇਆ ਕਰੇਗਾ। ਇਸ ਤੋਂ ਇਲਾਵਾ ਸ਼ੈੱਡ ਵਿੱਚ ਪੜਦੇ ਲੱਗਣ ਤੋਂ ਬਾਅਦ ਹੁਣ ਸ਼ੈੱਡ ਵਿੱਚ ਸਾਊਂਡ ਸਿਸਟਮ ਅਤੇ ਪੱਕੇ ਵੀ ਲੱਗ ਰਹੇ ਹਨ। ਭੱਵਿਖ ਵਿੱਚ ਸ਼ੈੱਡ ਦੇ ਫ਼ਰਸ਼ ਦੀ ਹਾਲਤ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਭੱਵਿਖ ਵਿੱਚ ਗੁਰਦੁਆਰਾ ਸਾਹਿਬ ਅੰਦਰ ਸਥਿਤ ਭਾਈ ਗੁਰਦਾਸ ਲਾਇਬ੍ਰੇਰੀ ਹਰ ਰੋਜ਼ ਖੁੱਲ੍ਹਿਆ ਕਰੇਗੀ। ਸੀਨੀਅਰ ਮਰਦਾਂ ਲਈ ਬਣੇ “ਬਾਬਾ ਬੁੱਢਾ ਘਰ” ਵਾਂਗ ਸੀਨੀਅਰ ਔਰਤਾਂ ਲਈ ਵੀ “ਮਾਤਾ ਗੁਜਰੀ ਘਰ” ਛੇਤੀ ਬਣੇਗਾ। ਅਖੀਰ ਵਿੱਚ ਉਹਨਾਂ ਇਸ ਸਮਾਗਮ ਵਿੱਚ ਸ਼ਾਮਲ ਸ਼ਖ਼ਸੀਅਤਾਂ, ਵਿਸ਼ੇਸ਼ ਤੌਰ ‘ਤੇ ਡਾ ਅਵਤਾਰ ਸਿੰਘ ਸੰਘਾ ਵੱਲੋਂ ਆਪਣੀ ਅਖਬਾਰ “ਪੰਜਾਬ ਹੈਰਲਡ” ਅਤੇ ਸ੍ਰ ਹਰਿੰਦਰ ਸਿੰਘ ਜੀ ਵੱਲੋਂ “ਆਪਣਾ ਫਰੈਂਡਜ਼ ਚੈਨਲ” ਰਾਹੀਂ ਸਮਾਗਮ ਦੀ ਕਵਰੇਜ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਸਾਹਿਤਕ ਸਮਾਗਮ ਸਾਡੇ ਭਾਈਚਾਰੇ ਅੰਦਰ ਨਰੋਈਆਂ ਕਦਰਾਂ ਕੀਮਤਾਂ ਨੂੰ ਵਿਕਸਿਤ ਕਰਨ ਲਈ ਬਹੁਤ ਸਹਾਈ ਹੋਣਗੇ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਜਸਪਾਲ ਕੌਰ, ਸ਼੍ਰੀਮਤੀ ਗੁਰਜੀਤ ਕੌਰ, ਸ੍ਰ ਬਲਬੀਰ ਸਿੰਘ ਬਨਵੈਤ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਸ੍ਰ ਮੋਹਨ ਸਿੰਘ ਪੂਨੀ, ਸ਼੍ਰੀਮਤੀ ਗਿਆਨ ਕੌਰ ਗਿੱਲ, ਸ੍ਰ ਬਲਬੀਰ ਸਿੰਘ ਚਾਹਲ, ਸ਼੍ਰੀਮਤੀ ਛਿੰਦਰਪਾਲ ਕੌਰ, ਸ਼੍ਰੀ ਵਿਜੇ ਅਰੋੜਾ, ਸ੍ਰ ਕੰਵਲਜੀਤ ਸਿੰਘ, ਸ੍ਰ ਗੁਰਵਿੰਦਰ ਪਾਲ ਸਿੰਘ, ਸ੍ਰ ਜਸਪ੍ਰੀਤ ਸਿੰਘ, ਸ੍ਰ ਸੁਰਜੀਤ ਸਿੰਘ ਬਾਲੜੀ ਕਲਾਂ, ਸ੍ਰ ਹਰਬਿੰਦਰ ਬੀਰ ਸਿੰਘ ਗਿੱਲ, ਸ੍ਰ ਬਲਜਿੰਦਰ ਸਿੰਘ ਝੰਡੇਰ, ਸ੍ਰ ਰਣਜੀਤ ਸਿੰਘ ਭੁੱਲਰ, ਸ੍ਰ ਨਰਿੰਦਰ ਸਿੰਘ, ਸ੍ਰ ਜਗਤਜੀਤ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਸ੍ਰ ਧਰਮਪਾਲ ਸਿੰਘ ਗਰਚਾ, ਸ਼੍ਰੀਮਤੀ ਭਗਵੰਤ ਕੌਰ ਜੌਹਲ, ਸ੍ਰ ਹਰਚਰਨ ਸਿੰਘ, ਸ਼੍ਰੀਮਤੀ ਸਮਿੰਦਰ ਪਾਲ ਕੌਰ ਅਤੇ ਸ੍ਰ ਪਰਮਜੀਤ ਸਿੰਘ ਵੀ ਹਾਜ਼ਰ ਸਨ। ਸਮੁੱਚੇ ਤੌਰ ‘ਤੇ ਇਹ ਇਕ ਯਾਦਗਾਰੀ ਸਮਾਗਮ ਹੋ ਨਿਬੜਿਆ।
(ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ)
+91 94172-34744