ਤੀਜੇ ਦਰਜ਼ੇ ਦਾ ਤਸੱਦਦ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਮਾਮਲਾ

  • ਅਦਾਲਤੀ ਹੁਕਮਾਂ ਤੇ ਸੀ ਆਈ ਏ ਇੰਚਾਰਜ ਤਰਜਿੰਦਰ ਸਿੰਘ ਤੇ ਮੁਕੱਦਮਾ ਦਰਜ

aa-Cover-cfrnsftd54jab5ns820n83om03-20170820024849.Medi
ਬਠਿੰਡਾ/ 14 ਜੁਲਾਈ / — ਇਸ ਜਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਇੱਕ ਨੌਜਵਾਨ ਕੁਲਵਿੰਦਰ ਸਿੰਘ ਤੇ ਅਣਮਨੁੱਖੀ ਤਸੱਦਦ ਕਰਨ ਵਾਲੇ ਸਬੰਧੀ ਅਦਾਲਤੀ ਹੁਕਮ ਦੀ ਪਾਲਣਾ ਕਰਦਿਆਂ ਥਾਨਾ ਸਿਵਲ ਲਾਈਨ ਦੀ ਪੁਲਿਸ ਨੇ ਸੀ ਆਈ ਏ -2 ਦੇ ਇੰਚਾਰਜ ਤਰਜਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ। ਵਾਰ ਵਾਰ ਪਹੁੰਚ ਕਰਨ ਦੇ ਬਾਵਜੂਦ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਮੁਕੱਦਮਾ ਕਿਹੜੀਆਂ ਕਿਹੜੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
ਮਾਮਲਾ ਇਸ ਤਰ੍ਹਾਂ ਹੈ ਕਿ 24 ਜੂਨ ਦੀ ਸ਼ਾਮ ਪੁਲਿਸ ਤੇ ਪਿੰਡ ਵਾਲਿਆਂ ਦੇ ਹੋ ਰਹੇ ਤਕਰਾਰ ਦੀ ਮੋਬਾਇਲ ਤੇ ਵੀਡੀਓਗ੍ਰਾਫੀ ਕਰਨ ਵਾਲੇ ਪੀ ਆਰ ਟੀ ਸੀ ਦੇ ਡਰਾਈਵਰ ਕੁਲਵਿੰਦਰ ਸਿੰਘ ਵਾਸੀ ਦੌਲਤਪੁਰਾ ਨੂੰ ਥਾਨਾ ਬਾਲਿਆਂਵਾਲੀ ਦੀ ਪੁਲਿਸ ਨੇ 25 ਜੂਨ ਨੂੰ ਉਸਦੇ ਘਰੋਂ ਚੁੱਕ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦੂਜੇ ਦਿਨ 26 ਜੂਨ ਨੂੰ ਇਰਾਦਾ ਕਤਲ ਦੇ ਇੱਕ ਮੁਕੱਦਮੇ ਤਹਿਤ ਬਠਿੰਡਾ ਦੀ ਇੱਕ ਅਦਾਲਤ ਵਿਖੇ ਪੇਸ਼ ਕਰਕੇ ਉਸਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਦੂਜੇ ਦਿਨ ਜਦ ਕੁਲਵਿੰਦਰ ਨੂੰ ਮੁੜ ਪੇਸ ਕੀਤਾ ਤਾਂ ਉਸਨੇ ਅਦਾਲਤ ਨੂੰ ਦੱਸਿਆ ਕਿ ਬਾਲਿਆਂਵਾਲੀ ਥਾਨੇ ਲਿਜਾਣ ਦੀ ਬਜਾਏ ਪੁਲਿਸ ਪਾਰਟੀ ਉਸਨੂੰ ਸੀ ਆਈ ਏ-2 ਬਠਿੰਡਾ ਦੇ ਹਵਾਲੇ ਕਰ ਗਈ ਸੀ। ਜਿੱਥੇ ਸੀ ਆਈ ਏ ਇੰਚਾਰਜ ਤਰਜਿੰਦਰ ਸਿੰਘ ਅਤੇ ਉਸਦੀ ਪਾਰਟੀ ਨੇ ਉਸ ਉੱਪਰ ਕਹਿਰਾਂ ਦਾ ਜੁਲਮ ਕਰਦਿਆਂ ਨਾ ਸਿਰਫ ਉਸਦੀ ਬੇਰਹਿਮੀ ਨਾਲ ਕੁਟਾਈ ਕੀਤੀ, ਬਲਕਿ ਪ੍ਰਾਈਵੇਟ ਅੰਗਾਂ ਤੇ ਕਰੰਟ ਲਾਉਣ ਤੋਂ ਇਲਾਵਾ ਪੈਟਰੌਲ ਵੀ ਪਾਇਆ ਅਤੇ ਅਦਾਲਤ ਵਿੱਚ ਪੇਸ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਇੱਕ ਡਾਕਟਰ ਹਰਮੀਤ ਸਿੰਘ ਨੇ ਉਸਦੇ ਸਰੀਰ ਦਾ ਨਿਰੀਖਣ ਕਰਨ ਤੋਂ ਬਗੈਰ ਹੀ ਸਭ ਅੱਛਾ ਦਾ ਰਿਜਲਟ ਦੇ ਦਿੱਤਾ।
ਪੀੜ੍ਹਤ ਦੀ ਦਰਦ ਕਹਾਣੀ ਸੁਣਦਿਆਂ ਜੱਜ ਸਾਹਿਬ ਨੇ ਤਿੰਨ ਮੈਂਬਰੀ ਪੈਨਲ ਤੋਂ ਮੁੜ ਡਾਕਟਰੀ ਮੁਆਇਨਾ ਕਰਵਾਉਣ ਦੀ ਸਿਵਲ ਹਸਪਤਾਲ ਦੇ ਮੁਖੀ ਨੂੰ ਹਦਾਇਤ ਕਰ ਦਿੱਤੀ। ਜਿਸ ਅਧਾਰ ਤੇ ਸਰਵ ਸ੍ਰੀ ਗੁਰਮੇਲ ਸਿੰਘ, ਬਿਰੇਸਵਰ ਚਾਵਲਾ ਅਤੇ ਧੀਰਜ ਗੋਇਲ ਤੇ ਅਧਾਰਤ ਡਾਕਟਰਾਂ ਦੀ ਇੱਕ ਟੀਮ ਨੇ ਕੁਲਵਿੰਦਰ ਦਾ ਡਾਕਟਰੀ ਮੁਆਇਨਾ ਕੀਤਾ ਅਤੇ ਪੁਲਿਸ ਵੱਲੋਂ ਢਾਹੇ ਕਹਿਰ ਦੀ ਪੁਸਟੀ ਕਰ ਦਿੱਤੀ। ਜਦ ਪੈਨਲ ਵੱਲੋਂ ਤਿਆਰ ਮੈਡੀਕਲ ਰਿਪੋਰਟ ਅਦਾਲਤ ਵਿੱਚ ਪੇਸ ਕੀਤੀ ਤਾਂ ਅਦਾਲਤ ਵੱਲੋਂ ਕੁਲਵਿੰਦਰ ਸਿੰਘ ਨੂੰ ਜੁਡੀਸੀਅਲ ਰਿਮਾਂਡ ਅਧੀਨ ਕੇਂਦਰੀ ਜੇਲ੍ਹ ਵਿਖੇ ਭੇਜ ਦਿੱਤਾ ਸੀ।
ਡਾਕਟਰੀ ਪੈਨਲ ਦੀ ਰਿਪੋਰਟ ਮਿਲਣ ਉਪਰੰਤ ਜੁਡੀਸੀਅਲ ਮੈਜਿਸਟਰੇਟ ਬਠਿੰਡਾ ਸ੍ਰੀ ਰਵਤੇਸ਼ ਇੰਦਰਜੀਤ ਸਿੰਘ ਨੇ ਬੰਦੀ ਕੁਲਵਿੰਦਰ ਸਿੰਘ ਦਾ ਬਿਆਨ ਦਰਜ ਕੀਤਾ। ਡਾਕਟਰੀ ਰਿਪੋਰਟ ਅਤੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਸੱਤ ਪੰਨਿਆਂ ਦੇ ਲਿਖੇ ਆਪਣੇ ਹੁਕਮ ਰਾਹੀਂ ਮਾਨਯੋਗ ਅਦਾਲਤ ਨੇ ਇਸਨੂੰ ਨਾ ਸਿਰਫ ਤੀਜੇ ਦਰਜੇ ਦੇ ਅੱਤਿਆਚਾਰ ਬਲਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਸੀ। ਵੱਖ ਵੱਖ ਸਮਿਆਂ ਤੇ ਹਿਰਾਸਤ ਅਧੀਨ ਬੰਦੀਆਂ ਦੇ ਹੱਕਾਂ ਸਬੰਧੀ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਸੁਣਾਏ ਹੁਕਮਾਂ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਇਹ ਸੰਵਿਧਾਨ ਵੱਲੋਂ ਆਰਟੀਕਲ 21 ਰਾਹੀਂ ਨਾਗਰਿਕਾਂ ਨੂੰ ਦਿੱਤੇ ਅਧਿਕਾਰਾਂ ਦੀ ਉਲੰਘਣਾ ਹੈ।
ਕੁਲਵਿੰਦਰ ਸਿੰਘ ਉੱਪਰ ਵਹਿਸ਼ੀ ਅੱਤਿਆਚਾਰ ਢਾਹੁਣ ਵਾਲੇ ਸੀ ਆਈ ਏ-2 ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਅਤੇ ਸਭ ਅੱਛਾ ਦੀ ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਡਾ: ਹਰਮੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਕੀਤੀ ਹੋਈ ਕਾਰਵਾਈ ਸਬੰਧੀ 24 ਘੰਟਿਆਂ ‘ਚ ਰਿਪੋਰਟ ਪੇਸ ਕਰਨ ਦਾ ਹੁਕਮ ਐਸ ਐਸ ਪੀ ਬਠਿੰਡਾ ਨੂੰ ਦਿੰਦਿਆਂ ਅਦਾਲਤ ਨੇ ਸਿਵਲ ਸਰਜਨ ਨੂੰ ਵੀ ਇਹ ਹਦਾਇਤ ਦਿੱਤੀ ਹੈ ਕਿ ਉਹ ਡਾਕਟਰ ਵਿਰੁੱਧ ਮਹਿਕਮਾਨਾ ਕਾਰਵਾਈ ਵੀ ਕਰਨ।
ਹੇਠਲੀ ਅਦਾਲਤ ਦੇ ਇਸ ਫੈਸਲੇ ਤੋਂ ਆਪਣੇ ਮਾਤੈਹਤ ਕਰਮਚਾਰੀ ਨੂੰ ਬਚਾਉਣ ਦੇ ਇਰਾਦੇ ਨਾਲ ਉਸ ਵੇਲੇ ਦੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਨੇ ਆਪਣੇ ਐਸ ਪੀ ਇਨਵੈਸਟੀਗੇਸਨ ਸ੍ਰੀ ਸਵਰਨ ਸਿੰਘ ਖੰਨਾ ਤੋਂ ਸੈਸਨ ਅਦਾਲਤ ਵਿਖੇ ਨਜਰਸ਼ਾਨੀ ਅਪੀਲ ਦਾਇਰ ਕਰਵਾ ਦਿੱਤੀ। ਇਸ ਅਪੀਲ ਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਡੀਸਨਲ ਸੈਸਨ ਜੱਜ ਸ੍ਰੀ ਪੀ ਪੀ ਸਿੰਘ ਨੇ ਫੈਸਲਾ ਸੁਣਾਉਂਦਿਆਂ ਵਿਚਾਰ ਪ੍ਰਗਟ ਕੀਤਾ ਕਿ ਜਦੋਂ ਥਾਨਿਆਂ ਵਿੱਚ ਜੰਗਲ ਦਾ ਰਾਜ ਹੋਵੇ ਉਦੋਂ ਪੀੜ੍ਹਤਾਂ ਵੱਲੋਂ ਪਹੁੰਚ ਕਰਨ ਤੇ ਕਾਨੂੰਨ ਦਾ ਰਾਜ ਹਰਕਤ ਵਿੱਚ ਆਉਂਦਾ ਹੈ, ਇਸ ਲਈ 28 ਜੂਨ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੇ ਹੁਕਮ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਬਾਵਜੂਦ ਇਸਦੇ ਸੈਸਨ ਅਦਾਲਤ ਨੇ 24 ਘੰਟੇ ਦੀ ਬਜਾਏ ਮੁਕੱਦਮਾ ਦਰਜ ਕਰਨ ਦੀ ਮਿਆਦ ਹੁਕਮ ਦੀ ਨਕਲ ਪ੍ਰਾਪਤ ਹੋਣ ਤੋਂ ਦਸ ਦਿਨਾਂ ਦੇ ਦਰਮਿਆਨ ਵਧਾ ਦਿੱਤੀ ਸੀ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×