ਭਾਰਤ ਦੇਸ਼ ਕਰੋਨਾ ਦੇ ਸੰਕਟ ਵਿੱਚ ਸੜ੍ਹ ਰਿਹਾ ਹੈ, ਉਸਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ -ਕੈਰਨ ਐਂਡ੍ਰਿਊਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਕੈਰਨ ਐਂਡ੍ਰਿਊਜ਼ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਭਾਰਤ ਦੇਸ਼ ਕਰੋਨਾ ਦੇ ਇਨਫੈਕਸ਼ਨ ਅਤੇ ਉਸਤੋਂ ਹੋਣ ਵਾਲੀਆਂ ਮੌਤਾਂ ਕਾਰਨ ਪੂਰੀ ਤਰ੍ਹਾਂ ਤ੍ਰਾਸਦੀਆਂ ਝੇਲ ਰਿਹਾ ਹੈ ਅਤੇ ਭਾਰਤ ਦੀ ਮਦਦ ਕਰਨਾ ਸਾਡੀ ਪੂਰੀ ਜ਼ਿੰਮੇਵਾਰੀ ਬਣਦੀ ਹੀ ਹੈ ਅਤੇ ਉਸ ਦੇ ਨਾਲ ਹੀ ਸਰਕਾਰ ਇਹ ਵੀ ਸੋਚ ਰਹੀ ਹੈ ਕਿ ਉਥੇ (ਭਾਰਤ ਅੰਦਰ) 8000 ਦੇ ਕਰੀਬ ਆਸਟ੍ਰੇਲੀਆਈ ਲੋਕ ਵੀ ਫਸੇ ਹੋਏ ਹਨ ਅਤੇ ਉਨ੍ਹਾਂ ਬਾਰੇ ਸੋਚਣਾ ਅਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਮੁਸੀਬਤ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੀ ਹੈ ਅਤੇ ਸਰਕਾਰ ਇਸ ਬਾਬਤ ਵੀ ਪੂਰਾ ਧਿਆਨ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਸਾਰਾ ਦਾ ਸਾਰਾ ਮੈਡੀਕਲ ਸਿਸਟਮ ਹੀ ਡਾਵਾਂਡੋਲ ਹੋਇਆ ਪਿਆ ਹੈ ਅਤੇ ਮਰੀਜ਼ਾਂ ਲਈ ਲੋੜੀਂਦੀ ਆਕਸੀਜਨ ਦੀ ਸਪਲਾਈ ਵਿਵਸਥਾ ਵੀ ਪੂਰੀ ਤਰ੍ਹਾਂ ਚਰਮਰਾ ਗਈ ਹੈ ਅਤੇ ਇਸੇ ਵਾਸਤੇ ਆਸਟ੍ਰੇਲੀਆ ਹੁਣ ਭਾਰਤ ਨੂੰ ਮੈਡੀਕਲ ਸਹਾਇਤਾ ਦੇਣ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਹੈ।
ਦਰਅਸਲ ਬੀਤੇ ਹਫਤੇ ਆਸਟ੍ਰੇਲੀਆਈ ਸਰਕਾਰ ਨੇ ਐਲਾਨ ਕੀਤਾ ਸੀ ਕਿ ਭਾਰਤ ਦੇਸ਼ ਵਿੱਚੋਂ ਕਰੋਨਾ ਕਾਰਨ ਫਲਾਈਟਾਂ ਦੇ ਆਵਾਗਮਨ ਉਪਰ 30% ਤੱਕ ਕਟੌਤੀ ਕਰ ਦਿੱਤੀ ਗਈ ਹੈ ਅਤੇ ਸ੍ਰੀ ਕੇਰਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਅਹਿਤਿਆਦਨ ਕੀਤੀ ਗਈ ਹੈ ਪਰੰਤੂ ਇਸ ਨਾਲ ਭਾਰਤ ਦੇਸ਼ ਅੰਦਰ ਆਸਟ੍ਰੇਲੀਆ ਨੂੰ ਪਰਤਣ ਵਾਲੇ ਲੋਕਾਂ ਦਾ ਇੰਤਜ਼ਾਰ ਹੋਰ ਵੀ ਵੱਧ ਗਿਆ ਹੈ ਅਤੇ ਅੱਜ ਦੀ ਮੀਟਿੰਗ ਵਿੱਚ ਇਹੋ ਸਲਾਹ ਮਸ਼ਵਰੇ ਹੋ ਰਹੇ ਹਨ ਕਿ ਕਿਵੇਂ ਅਤੇ ਕਿਹੜੇ ਸਾਧਨਾਂ ਆਦਿ ਨਾਲ ਭਾਰਤ ਵਿੱਚ ਫਸੇ ਆਸਟ੍ਰੇਲੀਆਈਆਂ ਦੀ ਮਦਦ ਕੀਤੀ ਜਾਵੇ ਅਤੇ ਭਾਰਤ ਨੂੰ ਕਿਹੜੀ ਕਿਹੜੀ ਮਦਦ ਪ੍ਰਦਾਨ ਕੀਤੀ ਜਾਵੇ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ ਟੈਡਰੋਸ ਗੈਭਰਿਊਸਿਸ ਨੇ ਵੀ ਭਾਰਤ ਬਾਰੇ ਕਿਹਾ ਹੈ ਕਿ ਦਿਲ ਕੰਬਾਊ ਖ਼ਬਰਾਂ ਭਾਰਤ ਤੋਂ ਮਿਲ ਰਹੀਆਂ ਹਨ ਅਤੇ WHO ਵੀ ਇਹੀ ਸਲਾਹ ਕਰ ਰਿਹਾ ਹੈ ਕਿ ਭਾਰਤ ਵਿੱਚ ਕਿਸ ਤਰ੍ਹਾਂ ਦੀ ਮਦਦ ਪਹੁੰਚਾਈ ਜਾਵੇ ਤਾਂ ਕਿ ਉਥੇ ਵੀ ਸਥਿਤੀਆਂ ਸ਼ਾਂਤ ਹੋ ਸਕਣ ਅਤੇ ਕਰੋਨਾ ਦਾ ਪ੍ਰਕੋਪ ਘੱਟ ਸਕੇ।

Install Punjabi Akhbar App

Install
×