ਐਬੋਰਿਜਨਲ ਭਾਈਚਾਰੇ ਦੀ ਡਾਕਟਰੀ ਸੇਵਾਵਾਂ ਵਿੱਚ ਕਮੀ ਨੂੰ ਦੂਰ ਕਰੇਗੀ ਨਿਊ ਕਾਸਲ ਯੂਨੀਵਰਸਿਟੀ -ਜ਼ਿਆਦਾ ਐਬੋਰਿਜਨਲਾਂ ਨੂੰ ਮਿਲੇਗਾ ਡਾਕਟਰ ਬਣਨ ਦਾ ਮੌਕਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਮੁੱਚੇ ਆਸਟ੍ਰੇਲੀਆ ਅੰਦਰ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ ਦੀ ਗਿਣਤੀ 3% ਦੇ ਕਰੀਬ ਹੈ ਜਦੋਂ ਕਿ ਇਨ੍ਹਾਂ ਸਥਾਨਕ ਭਾਈਚਾਰਿਆਂ ਵਿੱਚ ਡਾਕਟਰੀ ਪੇਸ਼ੇ ਨਾਲ ਸਬੰਧਤ ਵਿਅਕਤੀਆਂ ਦੀ ਗਿਣਤੀ ਮਹਿਜ਼ 0.5% ਹੀ ਰਹਿ ਜਾਂਦੀ ਹੈ ਅਤੇ ਸਮੁੱਚੇ ਆਸਟ੍ਰੇਲੀਆ ਅੰਦਰ ਸਥਾਨਕ ਭਾਈਚਾਰਿਆਂ ਵਿਚੋਂ ਮਾਤਰ 400 ਹੀ ਡਾਕਟਰ ਹਨ ਜੋ ਕਿ ਇਨ੍ਹਾਂ ਭਾਈਚਾਰਿਆਂ ਨਾਲ ਸਬੰਧ ਰੱਖਦੇ ਹਨ। ਇਸ ਪਾੜ ਨੂੰ ਪੂਰਨ ਵਾਸਤੇ ਉਤਰੀ ਸਿਡਨੀ ਦੀ ਨਿਊਕਾਸਲ ਯੂਨੀਵਰਸਿਟੀ ਨੇ ਇੱਕ ਵੱਧੀਆ ਕਦਮ ਚੁੱਕਿਆ ਹੈ ਅਤੇ 5 ਦਿਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਹੈ ਜਿਸ ਰਾਹੀਂ ਕਿ ਹੁਣ ਸਥਾਨਕ ਭਾਈਚਾਰਕ ਲੋਕਾਂ ਕੋਲੋਂ ਡਾਕਟਰੀ ਦਾ ਕਿੱਤਾ ਅਪਣਾਉਣ ਲਈ ਕੋਰਸਾਂ ਵਿੱਚ ਸ਼ਾਮਿਲ ਹੋਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਇਸ ਨਾਲ ਅਜਿਹੇ ਲੋਕਾਂ ਦੀ ਭਰਤੀ ਕਰਕੇ ਹਰ ਸਾਲ ਕਈ ਵਿਅਕਤੀ ਡਾਕਟਰ ਬਣ ਕੇ ਆਪਣੇ ਆਪਣੇ ਸਥਾਨਕ ਭਾਈਚਾਰਿਆਂ ਲਈ ਸਿਹਤ ਸੇਵਾਵਾਂ ਨਿਭਾਉਣਗੇ ਅਤੇ ਇਸ ਵਾਸਤੇ ਯੂਨੀਵਰਸਿਟੀ ਨੇ ਇੱਕ ਮੈਡੀਕਲ ਸਕੂਲ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ। ਇਸ ਮੁਹਿੰਮ ਨੂੰ ਯੂਨੀਵਰਸਿਟੀ ਨੇ ਸਥਾਨਕ ਅਵਾਬਾਕਾਲਾ ਭਾਸ਼ਾ ਵਿੱਚ ‘ਮਿਰੋਮਾ ਬਨਬਿਲਾ’ ਦਾ ਨਾਮ ਦਿੱਤਾ ਹੋਇਆ ਹੈ ਜਿਸ ਦਾ ਮਤਲਭ ਹੁੰਦਾ ਹੈ -ਦੂਜਿਆਂ ਦੀ ਮਦਦ ਕਰਨ ਲਈ ਇਜਾਜ਼ਤ। ਯੂਨੀਵਰਸਿਟੀ ਦੇ ਉਕਤ ਪ੍ਰੋਗਰਾਮ ਵਿੱਚ ਲੋਕਾਂ ਵੱਲੋਂ ਬਹੁਤ ਜ਼ਿਆਦਾ ਉਤਸਾਹ ਦਿਖਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਮੈਡੀਕਲ ਸਕੂਲ ਦੇ ਡੀਨ ਸ੍ਰੀ ਬਰਾਇਨ ਕੈਲੀ ਅਨੁਸਾਰ ਉਕਤ ਪ੍ਰੋਗਰਾਮ ਅਧੀਨ ਹੁਣ ਤੱਕ 100 ਤੋਂ ਵੀ ਵੱਧ ਇੰਡੀਜੀਨਸ ਡਾਕਟਰ ਆਪਣੀ ਪੜ੍ਹਾਈ ਪੂਰੀ ਕਰਕੇ ਲੋਕਾਂ ਦੀ ਸੇਵਾ ਵਿੱਚ ਜਾ ਲੱਗੇ ਹਨ ਅਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਹੋਰ ਵੀ ਬਹੁਤ ਜ਼ਿਆਦਾ ਗਿਣਤੀ ਵਿੱਚ ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ, ਇਸ ਯੋਜਨਾ ਦਾ ਲਾਭ ਉਠਾਉਣਗੇ ਅਤੇ ਆਪਣੇ ਸਮਾਜ ਅਤੇ ਭਾਈਚਾਰੇ ਦੀ ਭਰਪੂਰ ਸੇਵਾ ਕਰਨਗੇ।

Install Punjabi Akhbar App

Install
×