ਆਸਟ੍ਰੇਲੀਆਈ ਮਾਪਿਆਂ ਤੋਂ ਵਿਛੜੇ 173 ਬੱਚੇ ਰਹਿ ਰਹੇ ਭਾਰਤ ਅੰਦਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਦਨ ਦੀ ਇੱਕ ਪੜਤਾਲੀਆ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਭਾਰਤ ਅੰਦਰ ਮੌਜੂਦਾ ਸਮਿਆਂ ਵਿੱਚ 173 ਬੱਚੇ (ਆਸਟ੍ਰੇਲੀਆਈ ਨਾਬਾਲਿਕ ਬੱਚੇ) ਅਜਿਹੇ ਰਹਿ ਰਹੇ ਹਨ ਜੋ ਕਿ ਆਪਣੇ ਮਾਪਿਆਂ ਤੋਂ ਵਿਛੜੇ ਹਨ ਅਤੇ ਹਾਲੇ ਵੀ ਉਨ੍ਹਾਂ ਦੀ ਵਾਪਸੀ ਦੇ ਕੋਈ ਸੰਕੇਤ ਦਿਖਾਈ ਨਹੀਂ ਦੇ ਰਹੇ।
ਅਜਿਹੇ ਮਾਪੇ, ਲਗਾਤਾਰ ਫੈਡਰਲ ਸਰਕਾਰ ਕੋਲ ਗੁਹਾਰਾਂ ਲਗਾ ਰਹੇ ਹਨ ਕਿ ਜਲਦੀ ਤੋਂ ਜਲਦੀ ਸਰਕਾਰ ਕੋਈ ਕਦਮ ਚੁੱਕੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਕੋਲ ਵਾਪਿਸ ਲਿਆਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਆਪਸ ਵਿੱਚ ਨਾ ਮਿਲਣ ਕਾਰਨ ਦੁਖੀ ਹਨ ਅਤੇ ਹੁਣ ਜਿਹੜਾ ਹਾਲ ਕਰੋਨਾ ਦੀ ਮਾਰ ਨਾਲ ਭਾਰਤ ਅੰਦਰ ਹੋ ਰਿਹਾ ਹੈ, ਉਸਨੇ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਹੀ ਡਰਾ ਕੇ ਰੱਖ ਦਿੱਤਾ ਹੈ ਅਤੇ ਕਿਸੇ ਨੂੰ ਵੀ ਕੁੱਝ ਵੀ ਸਮਝ ਨਹੀਂ ਆ ਰਹੀ ਕਿ ਆਖਿਰ ਕਰਨਾ ਕੀ ਹੈ….?
ਵੈਸੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਐਲਾਨ ਕੀਤਾ ਹੈ ਕਿ ਅਜਿਹੇ ਲੋਕਾਂ ਲਈ ਦੇਸ਼ ਵਾਪਸੀ ਲਈ ਫਲਾਈਟਾਂ 15 ਮਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰੰਤੂ ‘ਕਾਂਟਾਜ਼’ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਕਿਸੇ ਵੀ ਬੱਚੇ ਨੂੰ ਫਲਾਈਟ ਉਪਰ ਆਉਣ ਦੀ ਇਜਾਜ਼ਤ, ਹਾਲ ਦੀ ਘੜੀ ਤਾਂ ਨਹੀਂ ਦੇਣਗੇ।
ਬਾਹਰੀ ਦੇਸ਼ਾਂ ਦੇ ਮਾਮਲਿਆਂ ਅਤੇ ਵਪਾਰ ਮੰਤਰਾਲੇ ਵਿਭਾਗ ਦੇ ਉਘੇ ਅਧਿਕਾਰੀ ਲਿਨੇਟ ਵੂਡ ਦਾ ਕਹਿਣਾ ਹੈ ਕਿ ਸਰਕਾਰ ਨੇ ਹਾਲ ਵਿੱਚ ਹੀ ਜਿਹੜੀ ‘ਰਿਪੈਟਰੀਏਸ਼ਨ ਫਲਾਈਟਾਂ’ ਦੇ ਪਲਾਨ ਦਾ ਐਲਾਨ ਕੀਤਾ ਹੈ ਉਸ ਵਿੱਚ ਤਾਂ ਬੱਚਿਆਂ ਲਈ ਕਿਸੇ ਵੀ ਅਲੱਗ ਫਲਾਈਟ ਦਾ ਕੋਈ ਜ਼ਿਕਰ ਨਹੀਂ ਹੈ ਪਰੰਤੂ ਅਧਿਕਾਰੀ ਹੁਣ ਇਸ ਗੱਲ ਉਪਰ ਵਿਚਾਰ ਕਰ ਰਹੇ ਹਨ ਕਿ ਇਸ ਮੁਸੀਬਤ ਦੀ ਘੜੀ ਵਿੱਚ ਅਜਿਹੇ ਮਾਮਲਿਆਂ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ।
ਉਧਰ ਲੇਬਰ ਪਾਰਟੀ ਦੇ ਨੇਤਾ ਪੈਨੀ ਵੌਂਗ ਨੇ ਬ੍ਰਿਸਬੇਨ ਦੇ ਸਦਨ ਵਿੱਚ ਸਾਫ ਹੀ ਕਿਹਾ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਬਾਹਰਲੇ ਦੇਸ਼ਾਂ ਅੰਦਰ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦੀ ਦੇਸ਼ ਵਾਪਸੀ ਦਾ ਕੋਈ ਚਿੰਤਾ ਹੀ ਨਹੀਂ ਹੈ ਅਤੇ ਉਹ ਮਹਿਜ਼ ਖਾਨਾ ਪੂਰਤੀ ਕਰਕੇ ਸਮਾਂ ਲੰਘਾ ਰਹੇ ਹਨ।

Install Punjabi Akhbar App

Install
×