1 ਮਈ 2015 ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣ ਵਾਲ਼ੀ ਪੰਜਾਬੀ ਫਿਲਮ “ਦਿ ਬਲੱਡ ਸਟਰੀਟ” 56 ਇੰਟਰਨੈਸ਼ਨਲ ਫਿਲਮ ਫੈਸਟੀਵਲਜ਼ ਵਿੱਚ ਹੋਈ ਮਨਜ਼ੂਰ

maxresdefaultਫਿਲਮ ਨਿਰਦੇਸ਼ਕ ਦਰਸ਼ਨ ਦਰਵੇਸ਼ ਦੇ ਕੁਸ਼ਲ ਲੇਖਨ ਅਤੇ ਨਿਰਦੇਸ਼ਨ ਵਿੱਚ ਬਣੀ ਪੰਜਾਬੀ ਫਿਲਮ ‘ਦਿ ਬਲੱਡ ਸਟਰੀਟ’ ਜਿਹੜੀ 1 ਮਈ 2015 ਨੂੰ ਪੂਰੀ ਦੁਨੀਆਂ ਵਿੱਚ ਪ੍ਰਦਰਸ਼ਿਤ ਹੋ ਰਹੀ ਹੈ ਅਤੇ ਇਸ ਸਾਲ ਹੋਣ ਵਾਲ਼ੇ 56 ਇੰਟਰਨੈਸ਼ਨਲ ਫਿਲਮ ਫੈਸਟੀਵਲਜ਼ ਵਿੱਚ ਪ੍ਰਦਰਸ਼ਿਤ ਹੋਣ ਲਈ ਵੀ ਮਨਜ਼ੂਰ ਕੀਤੀ ਗਈ ਹੈ, ਪੰਜਾਬ ਅਤੇ ਦੇਸ਼ ਦੇ ਘੱਟ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਫਿਲਮ ਹੈ। ਕਿਉਂਕਿ ਇਸ ਫਿਲਮ ਦੀ ਕਹਾਣੀ ਪੰਜਾਬ ਦੇ ਮਾੜੇ ਦੌਰ ਵਿੱਚ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀ ਹੈ। ਜੋ ਸਰਕਾਰੀ ਜ਼ੁਲਮ ਨਾਲ ਦੋ ਚਾਰ ਹੁੰਦੇ ਰਹੇ ਅਤੇ ਕਈ ਪਰਿਵਾਰ ਇਸ ਤਰਾਂ ਵੀ ਜ਼ੁਲਮ ਦਾ ਸ਼ਿਕਾਰ ਹੋਏ ਕਿ ਉਹਨਾਂ ਦਾ ਮਾਤਮ ਕਰਨ ਵਾਲਾ ਵੀ ਕੋਈ ਨਾਲ ਬਚਿਆ।ਦਰਸ਼ਨ ਦਰਵੇਸ਼ ਜਾਂ ਫਿਲਮ ਦੇ ਕਿਰਦਾਰਾਂ ਮੁਤਾਬਕ ਇਹ ਵੀ ਕਹਿ ਸਕਦੇ ਹਾਂ ਕਿ ‘ਦਿ ਬਲੱਡ ਸਟਰੀਟ’ ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ। ਹਰ ਉਸ ਰਾਜ ਦਾ ਸੰਤਾਪ ਹੈ ਜਿਸ ਦੇ ਮੱਥੇ ਉੱਪਰ ਘੱਟ ਗਿਣਤੀ ਵਰਗਾ ਦਾਗ਼ ਲੱਗਾ ਹੋਇਆ ਹੈ। ਹਰ ਉਸ ਮਾਂ ਦੀ ਕਹਾਣੀ ਹੈ ਜਿਹੜੀ ਆਪਣਾ ਸਭ ਕੁੱਝ ਗੁਆ ਕੇ ਜਿਊਂਦੀ ਤਾਂ ਹੈ ਲੇਕਿਨ ਕਿਸੇ ਵੀ ਕਾਲ਼ੇ ਦੌਰ ਤੋਂ ਲੈ ਕੇ ਉਸ ਅੰਦਰ ਮਰਦੀ ਮਾਂ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦੀ। ਇਸ ਫਿਲਮ ਦੀ ਮਾਂ ਪੁੱਛਦੀ ਹੈ ਕਿ ਆਖਿਰ ਅਸੀਂ ਘੱਟ ਗਿਣਤੀ ਲੋਕ ਜਿਹੜੇ ਦੇਸ਼ ਲਈ ਕੁਰਬਾਨੀਆਂ ਕਰਨ ਲਈ ਹਰ ਵੇਲ਼ੇ ਮੋਹਰੀ ਹੁੰਦੇ ਹਾਂ, ਅਸੀਂ ਹੀ ਹਰ ਸ਼ੱਕ ਦੇ  ਸੁਆਲ ਦਾ ਜਵਾਬ ਕਿਉਂ ਬਣ ਜਾਂਦੇ ਹਾਂ। ਹੱਕ ਮੰਗਣ ਦੀ ਗੱਲ ਕਰਦੇ ਹਾਂ, ਸਾਡੈ ਨਾਲ ਹੁੰਦੇ ਧੱਕੇ ਦੀ ਆਵਾਜ਼ ਬੁਲੰਦ ਕਰਦੇ ਹਾਂ, ਤਾਂ ਸਾਨੂੰ ਹੀ ਅੱਤਵਾਦੀ, ਨਸ਼ੇੜੀ, ਭਗੌੜੇ, ਚੋਰ ਵਰਗੇ ਵਿਸ਼ੇਸ਼ਣਾਂ ਨਾਲ ਕਿਉਂ ਨਵਾਜਿਆ ਜਾਂਦਾ ਹੈ… ਆਖਿਰ ਕਿਉਂ ? ਇਸ ਤਰਾਂ ਦੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਦੇ ਲੇਖਕ, ਪਟਕਥਾ ਅਤੇ ਸੰਵਾਦ ਲੇਖਕ ਵੀ ਖੁਦ ਦਰਸ਼ਨ ਦਰਵੇਸ਼ ਹੀ ਹਨ ਜਿਹਨਾਂ ਨੇ ਉਸ ਦੌਰ ਵਿੱਚ ਵਾਪਰੀਆਂ ਘਟਨਾਵਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਲਮੀ ਕਹਾਣੀ ਦਾ ਰੂਪ ਦਿੱਤਾ।
ਇਸ ਫਿਲਮ ਦੇ ਨਿਰਮਾਤਾ ਕੈਨੇਡਾ ਵਾਸੀ ਸ੍ਰ. ਜਸਬੀਰ ਸਿੰਘ ਬੋਪਾਰਾਏ ਹਨ ਜਿਹਨਾਂ ਨੇ ਆਪਣੇ ਬੈਨਰ ‘ਹਰਜੀ ਮੂਵੀਜ਼ ਇੰਟਰਨੈਸ਼ਨਲ’ ਰਾਹੀਂ ਇਸ ਫਿਲਮ ਦੇ ਪ੍ਰੋਜੈਕਟ ਨੂੰ ਵਪਾਰ ਦੇ ਨਾਲ ਨਾਲ ਸੇਵਾ ਦੇ ਰੂਪ ਵਿੱਚ ਅਪਣਾ ਕੇ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਹੈ।
ਇਸ ਫਿਲਮ ਦੇ ਨਾਇਕ ਦੇ ਰੂਪ ਵਿੱਚ ਸੋਨਪ੍ਰੀਤ ਜਵੰਧਾ ਜਦ ਕਿ ਨਾਇਕਾ ਦੇ ਰੂਪ ਵਿੱਚ ਬਿੰਨੀ ਸਿੰਘ ਨੇ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਸਰਦਾਰ ਸੋਹੀ, ਮਹਾਂਬੀਰ ਭੁੱਲਰ, ਕਰਮਜੀਤ ਬਰਾੜ, ਜਸਬੀਰ ਸਿੰਘ ਬੋਪਾਰਾਏ, ਕੁਲ ਸਿੱਧੂ, ਕੁੱਲੂ ਪਨੇਸਰ, ਗੁਰਮੀਤ ਬਰਾੜ, ਸਤਵਿੰਦਰ ਕੌਰ, ਕੇ ਐੱਨ ਐੱਸ ਸੇਖੋਂ, ਮਹਾਂਬੀਰ ਭੁੱਲਰ, ਹਰਜੀਤ ਭੁੱਲਰ, ਰੂਪਨ ਖੰਗੂੜਾ, ਦਮਨ ਢਿੱਲੋਂ, ਨਰਿੰਦਰ ਢਿੱਲੋਂ, ਸੇਮੀ ਮਾਨਸਾ, ਕਰਨ ਭੀਖੀ, ਸਤੀਸ਼ ਠੁਕਰਾਲ ਸੋਨੀ, ਕੁਲਵੰਤ ਖੱਟੜਾ, ਦਰਸ਼ਨ ਬਾਵਾ, ਸੁਖਵਿੰਦਰ ਰਾਜ, ਜੱਸ ਲੌਂਗੋਵਾਲ, ਅਭੀਜੀਤ ਜਟਾਣਾਂ, ਨਗਿੰਦਰ ਗੱਖੜ, ਇੰਦਰਜੀਤ ਸੁਜਾਪੁਰ, ਪਰਮਿੰਦਰ ਗਿੱਲ, ਚਰਨਜੀਤ ਸੰਧੂ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਜ਼ਿਲਾ ਮਾਨਸਾ ਦੇ ਪਿੰਡਾਂ ਕਿਸ਼ਨਗੜ੍ਹ ਫਰਵਾਹੀ, ਫਫੜੇ ਭਾਈ ਕੇ, ਬੋੜਾਵਾਲ, ਬੁਢਲਾਡਾ, ਬੀਰੋਕੇ ਕਲਾਂ, ਗੁਰਨੇ ਕਲਾਂ,  ਗੁਰਦੁਆਰਾ ਸੂਲੀਸਰ ਸਾਹਿਬ ਆਦਿ ਵਿੱਚ ਹੋਈ ਹੈ।
ਫਿਲਮ ‘ਦਿ ਬਲੱਡ ਸਟਰੀਟ’ ਦੀ ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਪੰਜਾਬ ਦੇ ਸਾਧਾਰਣ ਲੋਕਾਂ ਦੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਹੈ ਕਿ ਉਹਨਾਂ ਦੀਆਂ ਕੀ ਸਮੱਸਿਆਵਾਂ ਹਨ ਅਤੇ ਉਹ ਇਹਨਾਂ ਸਮੱਸਿਆਵਾਂ ਨਾਲ ਦੋ ਚਾਰ ਕਿਵੇਂ ਹੁੰਦੇ ਹਨ। ਇਸ ਤਰਾਂ ਜ਼ਿੰਦਗੀ ਨੂੰ ਉਹੀ ਨਿਰਦੇਸ਼ਕ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਹੈ ਜਿਸ ਨੇ ਖੁਦ ਇਹ ਜ਼ਿੰਦਗੀ ਭੋਗੀ ਹੋਵੇ। ਦਰਸ਼ਨ ਦਰਵੇਸ਼ ਦਾ ਬਚਪਨ ਪਿੰਡਾਂ ਵਿੱਚ ਹੀ ਬੀਤਿਆ ਅਤੇ ਉਹਨਾਂ ਪੰਜਾਬ ਦੇ ਮਾੜੇ ਦਿਨਾਂ ਨੂੰ ਵੀ ਆਪਣੇ ਅੱਖੀਂ ਦੇਖਿਆ ਅਤੇ ਲੋਕਾਂ ਤੋਂ ਉਹ ਕਹਾਣੀਆਂ ਸੁਣੀਆਂ ਜੋ ਬਿਲਕੁਲ ਸੱਚੀਆਂ ਸਨ ਕਿਸੇ ਕਲਪਨਾ ‘ਤੇ ਨਹੀਂ ਖੜ੍ਹੀਆਂ ਸਨ। ਇਸ ਸੱਚ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ ਦੀ ਰੀਝ ਵੀ ਉਸ ਦੇ ਮਨ ਵਿੱਚ ਸੀ ਅਤੇ ਉਸ ਨੇ ਇਸ ਫਿਲਮ ਰਾਹੀਂ ਇਸ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਫਿਲਮ ‘ਦਿ ਬਲੱਡ ਸਟਰੀਟ’ ਵਿੱਚ ਪੁਲੀਸ ਦੇ ਖੌਫ਼ ਦੀ ਕਹਾਣੀ ਹੈ ਅਤੇ ਇਸ ਵੀ ਦੱਸਿਆ ਗਿਆ ਹੈ ਕਿ ਉਸ ਦੌਰ ਵਿੱਚ ਕੋਈ ਕਾਨੂੰਨ ਨਹੀਂ ਸੀ ਸਗੋਂ ਪੁਲਸੀਆ ਰਾਜ ਸੀ। ਪੁਲੀਸ ਅਧਿਕਾਰੀ ਜਿਸ ਨੂੰ ਚਾਹੁੰਦੇ ਸਨ ਉਸ ਨੂੰ ਆਪਣੇ ਹਿਤਾਂ ਲਈ ਫੜ੍ਹ ਕੇ ਮਾਰ ਦਿੰਦੇ ਸਨ ਅਤੇ ਕਿਸੇ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਜੀਵਨ ਬਖਸ਼ ਦਿੰਦੇ ਸਨ। ਇਸ ਫਿਲਮ ਦਾ ਦੁਖਾਂਤ ਸ਼ਾਇਦ ਮੁਗਲੀਆ ਰਾਜ ਤੋਂ ਸ਼ੁਰੂ ਹੋਇਆ ਜਿਹੜਾ ਕਿ ਅੱਜ ਵੀ ਆਪਣੀਆਂ ਅੱਖਾਂ ਦਿਖਾਉਣ ਤੋਂ ਬਾਜ਼ ਨਹੀਂ ਆਇਆ। ਤਰੱਕੀ ਯਾਫ਼ਤਾ ਇਸ ਮੁਲਕ ਵਿੱਚ ਪੜ੍ਹੇ ਲਿਖੇ ਲੋਕਾਂ ਨੂੰ ਕੀ ਕੁੱਝ ਭੁਗਤਣਾ ਪੈਂਦਾ ਹੈ ਇਹ ਸਭ ਕੁੱਝ ਇਸ ਫਿਲਮ ਦੇ ਪਿੰਡੇ ਉੱਪਰ ਖੁਣਿਆ ਹੋਇਆ ਹੈ। ਅੱਜ ਦੇ ਦੌਰ ਦੀ ਨੌਜਵਾਨ ਪੀੜ੍ਹੀ ਜਦੋਂ ਇਸ ਫਿਲਮ ਨੂੰ ਦੇਖੇਗੀ ਤਾਂ ਉਸ ਦੇ ਰੌਂਗਟੇ ਖੜ੍ਹੇ ਹੋਣੇ ਲਾਜ਼ਮੀ ਹਨ। ਅੱਜ ਐਸ਼ ਪ੍ਰਸਤੀ ਦਾ ਦੌਰ ਹੈ ਅਤੇ ਉਸ ਸਮੇਂ ਸੰਘਰਸ਼ ਦਾ ਦੌਰ ਸੀ। ਕੁੱਲ ਮਿਲਾ ਕੇ ਇਹ ਫਿਲਮ ਨਿਸ਼ਚਿਤ ਰੂਪ ਵਿੱਚ ਪੰਜਾਬ ਦੇ ਲੋਕਾਂ ਦੀ ਦੱਬੀ ਹੋਈ ਆਵਾਜ਼ ਨੂੰ ਨਾਅਰੇ ਅਤੇ ਜੈਕਾਰੇ ਦੇ ਰੂਪ ਵਿੱਚ ਜ਼ਰੂਰ ਬੁਲੰਦ ਕਰੇਗੀ।
ਦਰਸ਼ਨ ਦਰਵੇਸ਼ ਨੇ ਚਾਹੇ ਕੋਈ ਕਵਿਤਾ ਲਿਖੀ, ਕਹਾਣੀ ਜਾਂ ਕੋਈ ਫਿਲਮ ਹਰ ਵਾਰ ਨਵਾਂ ਤਜੁਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ। *ਵੱਤਰ* ਉਸਦੀ ਇੱਕ ਫਿਲਮ ਜਿਹੜੀ ਰਾਜਸਥਨਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਬੈਸਟ ਫਿਲਮ ਦਾ ਪੁਰਸਕਾਰ ਪ੍ਰਾਪਤ ਕਰਕੇ ਬੇਪਨਾਹ ਕਾਮਯਾਬੀ ਹਾਸਿਲ ਕਰਨ ਤੋਂ ਬਾਦ ‘ਦਿ ਬਲੱਡ ਸਟਰੀਟ’ ਵਿੱਚ ਵੀ ਉਹ ਵੱਧ ਤੋਂ ਵੱਧ ਰੰਗਮੰਚ ਦੇ ਕਲਾਕਾਰਾਂ ਨੂੰ ਫਿਲਮੀ ਪਰਦੇ ਉੱਪਰ ਲਿਆਕੇ ਉਹਨਾਂ ਦੀ ਕਲਾ ਪ੍ਰਤਿਭਾ ਦੇ ਦਰਸ਼ਨ ਲੋਕਾਂ ਨੂੰ ਕਰਵਾ ਰਿਹਾ ਹੈ ਅਤੇ ਉਸਦਾ ਇਹ ਤਜੁਰਬਾ ਉਸਦੇ ਪੰਜਾਬੀ ਟੀ ਵੀ ਲੜੀਵਾਰ ‘ਦਾਣੇ ਅਨਾਰ ਦੇ’ ਤੋਂ ਲਗਾਤਾਰ ਜਾਰੀ ਹੈ।

ਭੂਪਿੰਦਰ ਪੰਨ੍ਹੀਵਾਲੀਆ (ਲੇਖਕ, ਪੱਤਰਕਾਰ, ਪ੍ਰਕਾਸ਼ਕ)

Install Punjabi Akhbar App

Install
×