ਪਰਥ ਵਿੱਚ ਹੋਏ ਕਰੋਨਾ ਆਊਟਬ੍ਰੇਕ ਦਾ ਸਿੱਧਾ ਕਾਰਨ ਭਾਰਤ ਅਤੇ ਆਸਟ੍ਰੇਲੀਆ ਵਿਚਲੀਆਂ ਚੱਲੀਆਂ ਫਲਾਈਟਾਂ -ਮਾਰਕ ਮੈਕਗੋਵਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਪਰਥ ਵਿੱਚ ਹਾਲ ਵਿੱਚ ਹੀ ਹੋਏ ਕੋਵਿਡ-19 ਆਊਟਬ੍ਰੇਕ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਕਰੋਨਾ ਦੌਰਾਨ ਚਲਾਈਆਂ ਗਈਆਂ ਭਾਰਤ-ਆਸਟ੍ਰੇਲੀਆ ਵਿਚਾਲੇ ਦੀਆਂ ਫਲਾਈਟਾਂ ਹੀ ਇਸ ਆਊਟਬ੍ਰੇਕ ਦਾ ਸਿੱਧਾ ਕਾਰਨ ਹਨ ਜਿਸ ਨਾਲ ਕਿ ਪਰਥ ਅੰਦਰ ਲਾਕਡਾਊਨ ਲਗਾਉਣਾ ਪੈ ਗਿਆ ਸੀ।
ਪਰਥ ਤੋਂ ਇੱਕ ਭਾਰਤੀ ਵਿਅਕਤੀ ਆਪਣੀ ਸ਼ਾਦੀ ਕਾਰਨ ਇਜਾਜ਼ਤ ਲੈ ਕੇ ਭਾਰਤ ਗਿਆ ਸੀ ਅਤੇ ਜਦੋਂ ਉਹ ਇੱਥੇ ਵਾਪਿਸ ਪਰਤਿਆ ਤਾਂ ਉਸਨੂੰ ਮਰਕਿਉਰ ਹੋਟਲ ਵਿੱਚ ਕੁਆਰਨਟੀਨ ਕਰਕੇ ਰੱਖਿਆ ਗਿਆ ਸੀ। ਉਹ ਵਿਅਕਤੀ ਪਹਿਲਾਂ ਤਾਂ ਆਪ ਹੀ ਕਰੋਨਾ ਪੀੜਿਤ ਸੀ ਅਤੇ ਬਾਅਦ ਵਿੱਚ ਉਸਨੇ ਜ਼ਿਹਨੀ ਤੌਰ ਤੇ ਹੋਟਲ ਵਿੱਚ ਠਹਿਰੇ ਹੋਰ ਲੋਕਾਂ ਨੂੰ ਵੀ ਕਰੋਨਾ ਪੀੜਿਤ ਕਰ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਪਰਥ ਖੇਤਰ ਵਿੱਚ ਤਿੰਨ ਦਿਨਾਂ ਦਾ ਲਾਕਡਾਊਨ ਲਗਾਉਣਾ ਪਿਆ ਸੀ।
ਮਾਰਕ ਮੈਕਗੋਵਨ ਨੇ ਕਿਹਾ ਕਿ ਭਾਰਤ ਦੇਸ਼ ਹੁਣ ਕਰੋਨਾ ਤੋਂ ਬਹੁਤ ਜ਼ਿਆਦਾ ਪੀੜਿਤ ਹੋ ਚੁਕਿਆ ਹੈ ਅਤੇ ਮੌਤਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਉਥੇ ਸਰਕਾਰ ਵੀ ਸਾਰਾ ਮਾਮਲਾ ਆਪਣੇ ਵੱਸ ਤੋਂ ਬਾਹਰ ਹੁੰਦਾ ਸ਼ਰੇਆਮ ਦੇਖ ਰਹੀ ਹੈ ਅਤੇ ਇਨ੍ਹਾਂ ਹਾਲਤਾਂ ਵਿੱਚ ਭਾਰਤ ਵਿੱਚ ਆਵਾਗਮਨ ਬਿਲਕੁਲ ਬੰਦ ਕਰਨਾ ਹੀ ਇੱਕੋ ਇੱਕ ਰਾਹ ਹੈ।
ਦੂਜੇ ਪਾਸੇ ਪੱਛਮੀ ਆਸਟ੍ਰੇਲੀਆ ਦੀ ਭਾਰਤੀ ਭਾਈਚਾਰੇ ਦੀ ਪ੍ਰਧਾਨ ਸੁਪਰੀਆ ਗੁਹਾ ਦਾ ਕਹਿਣਾ ਹੈ ਕਿ ਰਾਜ ਸਰਕਾਰ ਨੁੰ ਆਪਣੀਆਂ ਹੋਟਲ ਕੁਆਰਨਟੀਨ ਦੀਆਂ ਖਾਮੀਆਂ ਨੂੰ ਛੁਪਾਉਣ ਵਾਸਤੇ ਫੈਡਰਲ ਸਰਕਾਰ ਅਤੇ ਭਾਰਤ ਦੇਸ਼ ਨੂੰ ਇਲਜ਼ਾਮ ਨਹੀਂ ਦੇਣਾ ਚਾਹੀਦਾ ਅਤੇ ਇਸ ਦੇ ਉਲਟ ਹੋਟਲ ਕੁਆਰਨਟੀਨ ਸਿਸਟਮ ਨੂੰ ਹੀ ਠੀਕ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਮੁੜ ਤੋਂ ਦੁਹਰਾਈਆਂ ਨਾ ਜਾ ਸਕਣ।

Install Punjabi Akhbar App

Install
×