ਬਰਫ਼ਾਨੀ ਬਾਬੇ ਦੇ ਮਹਿਮਾਨ

( ਸ਼੍ਰੀ ਨਗਰ ਦੀ ਡੱਲ ਝੀਲ ਤੇ ਟੀਮ )

ਮੈਂ ਕਈ ਸਾਲਾਂ ਤੋਂ ਲੇਹ ਲੱਦਾਖ ਜਾਣ ਦਾ ਵਿਚਾਰ ਆਪਣੇ ਮਨ ਵਿੱਚ ਰੱਖੀ ਬੈਠਾ ਸਾਂ ਪਰ ਇਸ ਵਿਚਾਰ ਰੂਪੀ ਝੀਲ ਨੂੰ ਉੱਮਰ ਰੂਪੀ ਪੱਥਰ ਨੇ ਝਰਨਾ ਬਣਨ ਤੋਂ ਰੋਕ ਰੱਖਿਆ ਸੀ, ਸੋਚਦਾ ਸਾਂ ਕਿ ਏਨਾ ਲੰਬਾ, ਖ਼ਤਰਨਾਕ ਅਤੇ ਲਗਾਤਾਰ ਸਫਰ ਮੈਂ ਮੋਟਰ ਸਾਈਕਲ ਤੇ ਕਰ ਵੀ ਸਕਾਂਗਾ ਕਿ ਨਹੀਂ ਕਿਓਂਕਿ ਵੀਹ ਕੁ ਸਾਲ ਪਹਿਲਾਂ ਵੀ ਮੈਂ ਇਸ ਸਫਰ ਨੂੰ ਪੂਰਾ ਕੀਤਾ ਸੀ ਪਰ ਓਦੋਂ ਕੁਝ ਅਨਾੜੀ ਟੀਮ ਮੈਂਬਰਾਂ ਦੇ ਨਾਲ ਹੋਣ ਕਰਕੇ ਖੂਬਸੂਰਤੀ ਦਾ ਆਨੰਦ ਪੂਰਾ ਨਹੀਂ ਸੀ ਮਾਣ ਸਕਿਆ ਅਤੇ ਕਈ ਮਹੱਤਵਪੂਰਨ ਥਾਵਾਂ ਵੀ ਵੇਖਣੋ ਰਹਿ ਗਈਆਂ ਸਨ। ਲੱਦਾਖ ਜਾਣ ਦੇ ਵਿਚਾਰ ਨੂੰ ਚੁਆਤੀ ਲਾਈ ਮੇਰੇ ਮਿੱਤਰ ਸਰਦਾਰ ਕੁਲਵਿੰਦਰ ਸਿੰਘ ਮੰਡੀ ਕਲਾਂ ਨੇ ਓਦੋਂ ਜਦੋਂ ਅਸੀਂ ਦੋਵੇਂ ਪਿੰਡ ਆਸਾ ਬੁੱਟਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰੋਗਰਾਮ ਵਿੱਚ ਭਾਗ ਲੈ ਕੇ ਪਰਤ ਰਹੇ ਸੀ ਤਾਂ ਉਸ ਨੇ ਲੱਦਾਖ ਦੀ ਕਹਾਣੀ ਛੇੜ ਦਿਤੀ ਅਤੇ ਪੈਨਗੋਂਗ ਝੀਲ ਤੇ ਖਿੱਚੀ ਆਪਣੀ ਪਿਛਲੇ ਸਾਲ ਦੀ ਤਸਵੀਰ ਵਿਖਾਈ। ਬਸ ਫੇਰ ਕੀ ਸੀ, ਵੀਹ ਸਾਲਾਂ ਦਾ ਦਬਿਆ ਵਿਚਾਰ ਪਾਣੀ, ਪੱਥਰ ਪਾੜ ਕੇ ਨਦੀ ਬਣ ਤੁਰਿਆ ਤੇ ਮੇਰੀ ਗੱਡੀ ਸ਼੍ਰੀ ਮੁਕਤਸਰ ਸਾਹਿਬ ਪਹੁੰਚਣ ਦੀ ਬਜਾਏ ਤਿੰਨ ਕੁ ਘੰਟਿਆਂ ਬਾਦ’ ਡਿਕੈਥਲੋਂਨ ਸਪੋਰਟਸ’ ਦੇ ਦਰਵਾਜੇ ਤੇ ਖੜੀ ਸੀ ਜਿਥੋਂ ਅਸੀਂ ਲੋੜ ਮੁਤਾਬਿਕ ਟੈਂਟ, ਸਲੀਪਿੰਗ ਬੈਗ ਅਤੇ ਹੋਰ ਜਰੂਰੀ ਸਾਜੋ ਸਮਾਨ ਖਰੀਦਿਆ। ਟੂਰ ਦਾ ਪ੍ਰੋਗਰਾਮ ਤਾਂ ਗੱਡੀ ਵਿੱਚ ਬੈਠਦਿਆਂ ਹੀ ਬਣਨਾ ਸ਼ੁਰੂ ਹੋ ਗਿਆ ਸੀ ਅਤੇ ਲੁਧਿਆਣੇ ਤੱਕ ਪੂਰੀ ਤਰਾਂ ਅੰਤਿਮ ਰੂਪ ਲੈ ਚੁਕਿਆ ਸੀ। ਰਾਤ ਨੂੰ ਲਗਭਗ ਦਸ ਵਜੇ ਤੱਕ ਘਰ ਪਹੁੰਚੇ ਤਾਂ ਘਰਦਿਆਂ ਨਾਲ ਇਸ ਬਾਰੇ ਵਿਚਾਰ ਕੀਤੀ। ਮੇਰੀ ਬੇਟੀ ਵੀਰਮਾਨ ਵੀ ਨਾਲ ਜਾਣ ਲਈ ਤਿਆਰ ਹੋ ਗਈ, ਉਹ ਤਾਂ ਏਨੇ ਉਤਸ਼ਾਹ ਵਿੱਚ ਸੀ ਕਿ ਟੈਂਟ ਲਾਉਣ ਦੀ ਟ੍ਰੇਨਿੰਗ ਉਸਨੇ ਸਵੇਰੇ ਉਠਦਿਆਂ ਹੀ ਸ਼ੁਰੂ ਕਰ ਦਿੱਤੀ, ਟੈਂਟ ਲਾਕੇ ਵੇਖੇ ਗਏ ਅਤੇ ਸਲੀਪਿੰਗ ਬੈਗ ਇਹਨਾਂ ਵਿੱਚ ਵਿਛਾ ਕੇ ਵੇਖੇ ਗਏ। ਸਲੀਪਿੰਗ ਬੈਗ ਕਈ ਦੋਸਤਾਂ ਲਈ ਨਵਾਂ ਸ਼ਬਦ ਹੋ ਸਕਦੈ, ਇਸ ਬਾਰੇ ਵੀ ਦੱਸ ਦੇਈਏ। ਬੱਸ ਇਓਂ ਸਮਝ ਲਓ ਕਿ ਕਿਸੇ ਵਧੀਆ ਜਿਹੇ ਕੰਬਲ ਨੂੰ ਲੰਬਾਈ ਰੁੱਖ ਦੂਹਰਾ ਕਰਕੇ ਦੋਵੇਂ ਖੁੱਲੇ ਪਾਸਿਓਂ ਜਿੱਪ ਲਾ ਦਿੱਤੀ ਜਾਵੇ ਜਿਸ ਵਿੱਚ ਵੜਕੇ ਆਦਮੀ ਆਸਾਨੀ ਨਾਲ ਸੌਂ ਸਕੇ। ਇਹ ਕਈ ਤਰਾਂ ਦੇ ਹੁੰਦੇ ਨੇ, ਇਹਨਾਂ ਦਾ ਡਿਜਾਇਨ ਅਤੇ ਅੰਦਰਲਾ ਮੈਟੀਰੀਅਲ, ਮੌਸਮ ਲੋੜ ਅਤੇ ਕੀਮਤ ਮੁਤਾਬਿਕ ਬਦਲਦੇ ਰਹਿੰਦੇ ਨੇ। ਮਨਫ਼ੀ ਚਾਲ਼ੀ ਡਿਗਰੀ ਵਿੱਚ ਬਰਫ਼ਾਂ ਤੇ ਵਰਤਣ ਵਾਲੇ ਸਲੀਪਿੰਗ ਬੈਗ ਹੁੰਦੇ ਨੇ ਤੇ ਸਧਾਰਨ ਮੈਦਾਨੀ ਸਰਦੀ ਵਿੱਚ ਇਸਤੇਮਾਲ ਕਰਨ ਵਾਲੇ ਵੀ। ਅਸੀਂ ਮਨਫ਼ੀ ਪੰਜ ਤੋਂ ਦਸ ਡਿਗਰੀ ਵਿੱਚ ਕੰਮ ਆਉਣ ਵਾਲੇ ਸਲੀਪਿੰਗ ਬੈਗ ਖਰੀਦੇ ਸਨ। ਇਸੇ ਤਰਾਂ ਟੈਂਟ ਵੀ ਕਈ ਕਿਸਮਾਂ ਅਤੇ ਕੀਮਤਾਂ ਵਿੱਚ ਮਿਲਦੇ ਨੇ। ਆਮ ਬੰਦੇ ਨੇ ਤਾਂ ਸਮਾਗਮਾਂ ਜਾਂ ਵਿਆਹਾਂ ਵਿੱਚ ਲੱਗਣ ਵਾਲੇ ਟੈਂਟ ਹੀ ਵੇਖੇ ਹੁੰਦੇ ਨੇ ਪਰ ਪਹਾੜਾਂ ਤੇ ਕੈਂਪ ਵਿੱਚ ਲਾਉਣ ਵਾਲੇ ਟੈਂਟ ਬਿਲਕੁਲ ਹੀ ਵੱਖਰੀ ਤਰਾਂ ਦੇ ਹੁੰਦੇ ਨੇ, ਇੱਕ ਟੈਂਟ ਜਿਸ ਵਿੱਚ ਚਾਰ ਇਨਸਾਨ ਆਸਾਨੀ ਨਾਲ ਸੌਂ ਸਕਦੇ ਹਨ ਸਿਰਫ ਦੋ ਫੁੱਟ ਲੰਬੇ ਅਤੇ ਦਸ ਇੰਚ ਚੌੜੇ ਬੈਗ ਵਿੱਚ ਆਸਾਨੀ ਨਾਲ ਆ ਜਾਂਦਾ ਹੈ, ਭਾਰ ਵੀ ਕੋਈ ਬਹੁਤਾ ਨਹੀਂ ਹੁੰਦਾ, ਬੱਸ ਡੇਢ ਦੋ ਕੁ ਕਿੱਲੋ। ਇਹ ਟੈਂਟ ਦਸ ਪੰਦਰਾਂ ਮਿੰਟਾਂ ਵਿੱਚ ਲਗਾਏ ਅਤੇ ਪੈੱਕ ਕੀਤੇ ਜਾ ਸਕਦੇ ਨੇ। ਵਾਟਰ ਪਰੂਫ, ਹਵਾ ਪਰੂਫ ਅਤੇ ਪੂਰੇ ਮਹਿਫ਼ੂਜ਼। ਇੱਕ ਚੀਜ ਹੋਰ ਰਹਿ ਗਈ, ਸਲੀਪਿੰਗ ਮੈਟ, ਤਿੰਨ ਫੁੱਟ ਚੌੜੀ ਅਤੇ ਛੇ ਫੁੱਟ ਲੰਬੀ ਇੱਕ ਰਬੜ ਜਾਂ ਪਲਾਸਟਿਕ ਦਾ ਟੁਕੜਾ ਜਿਹਾ ਜੋ ਸਲੀਪਿੰਗ ਬੈਗ ਦੇ ਹੇਠਾਂ ਵਿਛਾਇਆ ਜਾਂਦਾ ਹੈ ਤਾਂ ਕਿ ਹੇਠੋਂ ਕੋਈ ਕੰਕਰ ਪੱਥਰ ਚੁਭੇ ਨਾ ਅਤੇ ਸਲਾਬ ਵੀ ਨਾ ਚੜ੍ਹੇ। ਚਾਰੇ ਪਾਸਿਆਂ ਤੋਂ ਮਜਬੂਤ ਰੱਸੀਆਂ ਨਾਲ ਧਰਤੀ ਵਿੱਚ ਕਿੱਲੀਆਂ ਗੱਡ ਕੇ ਬੰਨੇ ਅਜਿਹੇ ਟੈਂਟ ਮੀਂਹ ਹਨੇਰੀ ਵਿੱਚ ਵੀ ਨਹੀਂ ਉਖੜਦੇ ਅਤੇ ਸਾਰੇ ਪਾਸਿਓਂ ਬੰਦ ਹੋਣ ਕਰਕੇ ਠੰਡ ਅਤੇ ਜਾਨਵਰਾਂ ਤੋਂ ਵੀ ਪੂਰਾ ਬਚਾ ਰਹਿੰਦਾ ਹੈ।

( ਪਟਨੀ ਟੌਪ ਵਿੱਚ ਟੈਂਟ ਲਾਉਂਦੇ ਹੋਏ ਟੀਮ ਮੈਂਬਰ)

ਮੁੱਢਲੀ ਤਿਆਰੀ ਤੋਂ ਬਾਅਦ ਫੇਸਬੁੱਕ ਰਾਹੀਂ ਟੂਰ ਦਾ ਰੂਟ ਦੱਸਦੇ ਹੋਏ ਹੋਰ ਸਾਥੀਆਂ ਦੀ ਤਲਾਸ਼ ਸ਼ੁਰੂ ਹੋਈ ਪਰ ਆਸਾ ਬੁੱਟਰ ਪਿੰਡ ਦੇ ਦੋ ਨੌਜਵਾਨ ਲਖਵੀਰ ਸਿੰਘ ਬੁੱਟਰ ਅਤੇ ਤਰਨਜੀਤ ਸਿੰਘ ਬੁੱਟਰ ਤੋਂ ਇਲਾਵਾ ਬਠਿੰਡੇ ਨੇੜਲੇ ਗੋਨਿਆਣਾ ਦੇ ਜਸਵਿੰਦਰ ਸਿੰਘ ਅਤੇ ਪਵਨਦੀਪ ਤਿਆਰ ਹੋਏ, ਅੱਠਵੀਂ ਸੀਟ ਪੂਰੀ ਕੀਤੀ ਕੁਲਵਿੰਦਰ ਸਿੰਘ ਦੀ ਜੀਵਨ ਸਾਥੀ ਹਰਪ੍ਰੀਤ ਕੌਰ ਨੇ। ਇਹ ਸਾਰੀ ਹੀ ਟੀਮ ਆਪਣੇ ਆਪ ਵਿੱਚ ਸ਼ਾਨਦਾਰ ਸੀ ਅਤੇ ਹਰ ਮੈਂਬਰ ਆਪਣੇ ਖੇਤਰ ਦਾ ਮਾਹਿਰ ਸੀ। ਕੁਲਵਿੰਦਰ ਸਿੰਘ ਆਪਣੇ ਸਮੇਂ ਦਾ ਉੱਘਾ ਸਮਾਜ ਸੇਵੀ ਸੀ ਜਿਸ ਨੂੰ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਐਵਾਰਡ ਨਾਲ ਅਤੇ ਭਾਰਤ ਸਰਕਾਰ ਵਲੋਂ ਨੈਸ਼ਨਲ ਯੂਥ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਸੀ, ਅੱਜ ਕੱਲ ਉਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਹਾਇਕ ਡਾਇਰੈਕਟਰ ਦੇ ਅਹੁਦੇ ਉੱਪਰ ਤਾਇਨਾਤ ਸੀ। ਜਸਵਿੰਦਰ ਸਿੰਘ ਆਪਣੇ ਪਿੰਡ ਦੇ ਨੌਜਵਾਨ ਕਲੱਬ ਦਾ ਪ੍ਰਧਾਨ ਸੀ ਅਤੇ ਇਹ ਵੀ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਐਵਾਰਡ ਨਾਲ ਸਨਮਾਨਿਤ ਸੀ, ਇਸ ਨੇ ਨਹਿਰੂ ਯੁਵਾ ਕੇਂਦਰ, ਬਠਿੰਡਾ ਵਿੱਚ ਵੀ ਦੋ ਸਾਲ ਵਲੰਟੀਅਰ ਦੇ ਤੌਰ ਤੇ ਕੰਮ ਕੀਤਾ ਸੀ ਅਤੇ ਅਨੇਕਾਂ ਕੈੰਪਾਂ ਵਿੱਚ ਭਾਗ ਲਿਆ ਸੀ। ਮੇਰੀ ਬੇਟੀ ਵੀਰਮਾਨ ਵੀ ਸ਼ਹੀਦ ਭਗਤ ਸਿੰਘ ਸਟੇਟ ਅਵਾਰਡੀ ਸੀ ਅਤੇ ਬਹੁਤ ਸਾਰੇ ਰਾਸ਼ਟਰੀ ਅਤੇ ਹੋਰ ਕੈੰਪ ਲਗਾ ਚੁੱਕੀ ਸੀ। ਗੁਰਪ੍ਰੀਤ ਕੌਰ ਆਪਣੇ ਸਮੇਂ ਦੀ ਵਾਲੀਬਾਲ ਦੀ ਉੱਘੀ ਖਿਡਾਰਨ ਸੀ ਅਤੇ ਨੈਸ਼ਨਲ ਟੀਮ ਦੀ ਮੈਂਬਰ ਰਹੀ ਸੀ। ਲਖਵੀਰ ਸਿੰਘ ਬੁੱਟਰ ਅਤੇ ਤਰਨਜੀਤ ਸਿੰਘ ਬੁੱਟਰ ਆਪਣੇ ਪਿੰਡ ਦੇ ਵਿਕਾਸ ਵਿੱਚ ਉਘਾ ਯੋਗਦਾਨ ਪਾ ਰਹੇ ਸਨ ਅਤੇ ਆਪਣੇ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਅਤੇ ਚੇਅਰਮੈਨ ਦੇ ਤੌਰ ਤੇ ਕੰਮ ਕਰਦੇ ਹੋਏ ਇਲਾਕੇ ਵਿੱਚ ਆਪਣਾ ਨਾਮ ਬਣਾ ਰਹੇ ਸਨ। ਪਵਨਦੀਪ ਨੇ ਵੀ ਨਹਿਰੂ ਯੁਵਾ ਕੇਂਦਰ, ਬਠਿੰਡਾ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰਦੇ ਹੋਏ ਸਮਾਜ ਸੇਵਾ ਦੇ ਬਹੁਤ ਸਾਰੇ ਕਾਰਜ ਸਿਰੇ ਚੜਾਏ ਸਨ। ਏਨੀ ਚੰਗੀ ਟੀਮ ਹੁੰਦੇ ਹੋਏ ਮੈਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਸੀ। ਅਸੀਂ ਕੁਲਵਿੰਦਰ ਸਿੰਘ ਨੂੰ ਟੀਮ ਲੀਡਰ ਬਣਾ ਦਿੱਤਾ ਕਿਉਂਕਿ ਉਹ ਪਿਛਲੇ ਸਾਲ ਹੀ ਲੱਦਾਖ ਜਾ ਕੇ ਆਇਆ ਸੀ।
ਚੱਲਣ ਤੋਂ ਪਹਿਲਾਂ ਸਾਰੀ ਟੀਮ ਮੁਕਤਸਰ ਵਿਖੇ ਮੇਰੇ ਘਰ ਇੱਕਠੀ ਹੋਈ, ਮੋਟਰ ਸਾਈਕਲਾਂ ਨੂੰ ਸਮਾਨ ਰੱਖਣ ਵਾਲੇ ਕੈਰੀਅਰ ਲਾਏ ਗਏ ਜੋ ਮੈਂ ਅਤੇ ਕੁਲਵਿੰਦਰ ਸਿੰਘ ਖਾਸ ਤੌਰ ਤੇ ਦਿੱਲੀ ਤੋਂ ਬਣਵਾ ਕੇ ਲਿਆਏ ਸਾਂ। ਜਦੋਂ ਦੋਵਾਂ ਹੱਥਾਂ ਵਿੱਚ ਚਾਰ ਚਾਰ ਕੈਰੀਅਰ ਤੇ ਮੋਢਿਆਂ ਤੇ ਰੁੱਕਸੈਕ (ਮੋਢਿਆਂ ਤੇ ਟੰਗਣ ਵਾਲਾ ਵੱਡਾ ਬੈਗ) ਪਾਈ ਅਸੀਂ ਗੱਡੀ ਫੜਨ ਲਈ ਦਿੱਲੀ ਰੇਲਵੇ ਸਟੇਸ਼ਨ ਤੇ ਆਏ ਤਾਂ ਇੱਕ ਜਾਣੂ ਨੇ ਕਟਾਕਸ਼ ਕੀਤਾ, ‘ ‘ਭਲਿਓ ਮਾਣਸੋ, ਸਰਕਾਰ ਨੇ ਥੋਨੂੰ ਅਫਸਰ ਬਣਾਇਆ ਪਰ ਕੰਮ ਤੁਸੀ ਕੁਲੀਆਂ ਵਾਲੇ ਫੜੇ ਹੋਏ ਨੇ, ਇਸੇ ਚੱਕਰ ਵਿੱਚ ਤੁਹਾਡੀ ਗੱਡੀ ਛੁੱਟ ਜਾਂਣੀ ਹੈ’ ‘।’ ‘ਸਾਡੇ ਇਹਨਾਂ ਕੁਲੀਆਂ ਵਾਲੇ ਕੰਮਾਂ ਨੇ ਪਤਾ ਨਹੀਂ ਕਿੰਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਗੱਡੀ ਚੜਨੋ ਰੋਕਣੈ”ਮੈਂ ਜਵਾਬ ਦਿੱਤਾ। ਸਾਡੇ ਟੂਰ ਦਾ ਤਾਂ ਮਾਟੋ ਹੀ ਸੀ, ‘ ਰਾਇਡ ਫ਼ਾਰ ਡ੍ਰੱਗ ਫ੍ਰੀ ਯੂਥ’। ਹੀ ਕੈਰੀਅਰ ਮੋਟਰ ਸਾਈਕਲਾਂ ਦੇ ਦੋਵੇਂ ਪਾਸੇ ਅਤੇ ਪਿੱਛੇ ਫਿੱਟ ਕਰਕੇ ਜਦੋਂ ਅਸੀਂ ਬਜਾਰ ਨੂੰ ਨਿਕਲੇ ਤਾਂ ਆਉਂਣ ਜਾਣ ਵਾਲੇ ਖੜ ਖੜ ਕੇ ਵੇਖਣ ਅਤੇ ਦੁਕਾਨਦਾਰ ਹੈਰਾਨੀ ਨਾਲ, ਸ਼ਾਇਦ ਸੋਚਦੇ ਹੋਣ, ਬਈ, ਇਹ ਸਮਾਨ ਵੇਚਣ ਦਾ ਕੋਈ ਨਵਾਂ ਤਰੀਕਾ ਕੱਢ ਕੇ ਲਿਆਏ ਨੇ। ਖੈਰ, ਸਮਾਨ ਬੰਨ ਲਿਆ ਗਿਆ, ਸਮਾਨ ਕੀ ਸੀ — ਦੋ ਟੈਂਟ ਚਾਰ ਚਾਰ ਬੰਦਿਆ ਦੇ ਸੌਣ ਵਾਲੇ, ਇੱਕ ਮਿੱਟੀ ਦੇ ਤੇਲ ਵਾਲਾ ਸਟੋਵ, ਪੰਜ ਲਿਟਰ ਤੇਲ, ਡੱਬਾ ਬੰਦ ਸਬਜ਼ੀਆਂ, ਚੌਲ, ਮੈਗੀ ਏ ਪੈਕੇਟ, ਬਿਸਕੁਟ, ਪ੍ਰੈਸ਼ਰ ਕੂਕਰ, ਚਾਹ ਬਣੌਣ ਦਾ ਸਮਾਨ, ਗਿਲਾਸ, ਥਾਲੀਆਂ, ਚਮਚੇ, ਸਲੀਪਿੰਗ ਬੈਗ, ਸਲੀਪਿੰਗ ਮੈਟ, ਆਪਣੇ ਕੱਪੜਿਆਂ ਦੇ ਚਾਰ ਚਾਰ ਜੋੜੇ, ਟਾਰਚਾਂ, ਮੋਮਬਤੀਆਂ, ਮਾਚਿਸ, ਵਗੈਰਾ ਵਗੈਰਾ, ਹਰ ਉਹ ਚੀਜ ਜਿਸ ਦੀ ਜਰੂਰਤ ਸਾਨੂੰ ਰਸਤੇ ਵਿੱਚ ਪੈ ਸਕਦੀ ਸੀ, ਵੰਡ ਕੇ ਟੀਮ ਨੇ ਆਪਣੇ ਬਕਸਿਆਂ ਵਿੱਚ ਪਾ ਲਈ। ਸਾਨੂੰ ਘੱਟੋ ਘੱਟ ਸਮਾਂਨ ਦਿੱਤਾ ਗਿਆ ਕਿਉਂਕਿ ਮੇਰਾ ਮੋਟਰ ਸਾਈਕਲ ਸਾਰਿਆਂ ਤੋਂ ਘੱਟ ਪਾਵਰ ਦਾ ਸੀ, ਸਿਰਫ ਇੱਕ ਸੌ ਪੱਚੀ ਸੀ.ਸੀ. ਦਾ।
ਪਹਿਲੀ ਰਾਤ ਕੱਟੀ ਗੁਰਦਾਸਪੁਰ ਤੋਂ ਪਹਿਲਾਂ ਇੱਕ ਨਵੇਂ ਬਣ ਰਹੇ ਗੁਰੂਦਵਾਰੇ ਦੇ ਬਰਾਂਡੇ ਵਿੱਚ, ਚੱਲੋ, ਰੋਟੀ ਤਾਂ ਲੰਗਰ ਵਿੱਚੋਂ ਪੱਕੀ ਪਕਾਈ ਮਿੱਲ ਗਈ। ਸਵੇਰੇ ਛੇ ਵਜੇ ਉੱਠ ਕੇ ਅੱਠ ਵਜੇ ਰਵਾਨਾ ਹੋਣ ਲਗੇ ਤਾਂ ਮੀਂਹ ਦੇ ਛਰਾਟੇ ਨੇ ਸਵਾਗਤ ਕੀਤਾ –ਰੇਨਕੋਟ ਤਾਂ ਹੈ ਹੀ ਸਨ, ਕੱਢ ਕੇ ਪਾ ਲਾਏ ਤੇ ਚੱਲਦੇ ਗਏ — ਚਾਹ ਪੀਤੀ ਪਠਾਨਕੋਟ ਲੰਘ ਕੇ ਜੰਮੂ ਕਸ਼ਮੀਰ ਦੇ ਬਾਰਡਰ ਤੇ — ਸ਼ਾਮ ਹੋਣ ਤੋਂ ਪਹਿਲਾਂ ਹੀ ਪਤਨੀਟੌਪ ਦੇ ਯੂਥ ਹੋਸਟਲ ਵਿੱਚ ਜਾ ਸਿਰ ਕੱਢੇ। ਯੂਥ ਹੋਸਟਲ ਵਿੱਚ ਆਸਾਨੀ ਨਾਲ ਕਮਰੇ ਮਿਲ ਸਕਦੇ ਸਨ ਕਿਉਂਕਿ ਇੱਕ ਤਾਂ ਮੈਂ ਯੂਥ ਹੋਸਟਲ ਐਸੋਸੀਏਸ਼ਨ ਦਾ ਲਾਈਫ ਮੈਂਬਰ ਸਾਂ ਤੇ ਦੂਸਰਾ ਇਹ ਹੋਸਟਲ ਵੀ ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਆਉਂਦੇ ਨੇ ਮੇਰੇ ਵਿਭਾਗ ਨਹਿਰੂ ਯੁਵਾ ਕੇਂਦਰ ਸੰਗਠਨ ਵਾਗੂੰ ਹੀ ਪਰ ਅਸੀਂ ਕਮਰੇ ਲੈਣ ਦੀ ਬਜਾਏ ਟੈਂਟਾਂ ਵਿੱਚ ਸੌਣਾ ਬੇਹਤਰ ਸਮਝਿਆ ਕਿਉਂਕਿ ਇੱਕ ਤਾਂ ਟੀਮ ਮੈਂਬਰਾਂ ਨੂੰ ਟੈਂਟ ਲਾਉਣ ਦਾ ਅਭਿਆਸ ਕਰਵਾਉਂਣਾ ਸੀ ਤੇ ਦੂਜਾ ਚੈੱਕ ਵੀ ਕਰਨਾ ਸੀ ਕਿ ਕਿਤੇ ਸਾਡਾ ਕੋਈ ਸਮਾਨ ਘਰੇ ਤਾਂ ਨਹੀਂ ਰਹਿ ਗਿਆ ਕਿਉਂਕਿ ਅਜੇ ਸ੍ਰੀ ਨਗਰ ਤੱਕ ਸਾਡੇ ਕੋਲ ਵਕਤ ਸੀ ਘਾਟ ਪੂਰੀ ਕਰਨ ਦਾ ਪਰ ਉਸ ਤੋਂ ਬਾਅਦ ਤਾਂ ਦੁਰਗ਼ਮ ਇਲਾਕਾ ਸ਼ੁਰੂ ਹੋ ਜਾਣਾ ਸੀ ਜਿਥੋਂ ਸਮਾਨ ਮਿਲਣ ਦੀ ਘੱਟ ਹੀ ਸੰਭਾਵਨਾ ਸੀ। ਕਿਣਮਿਣ ਕਣੀ ਸ਼ੁਰੂ ਹੋ ਗਈ ਤੇ ਪੂਰਾ ਪਹਾੜ ਬੱਦਲਾਂ ਦੀ ਬੁਕੱਲ ਵਿੱਚ ਲੁਕ ਗਿਆ ਇਓਂ ਲੱਗਦਾ ਸੀ ਜਿਵੇਂ ਬੱਦਲ ਸਾਂਨੂੰ ਛੂਹ ਕੇ ਤਸੱਲੀ ਕਰ ਰਹੇ ਹੋਣ ਕਿ ਅਸੀਂ ਅੱਗੇ ਜਾਣ ਦੇ ਕਾਬਲ ਵੀ ਹਾਂ ਜਾਂ ਨਹੀਂ। ਉੱਚੇ ਉੱਚੇ ਚੀਲ ਦੇ ਦਰੱਖਤਾਂ ਦੇ ਚਰਨਾਂ ਵਿੱਚ ਤੇ ਹਰੇ ਹਰੇ ਘਾਹ ਦੀ ਚਾਦਰ ਉੱਪਰ ਅਸੀਂ ਪੰਦਰਾਂ ਕੁ ਮਿੰਟਾਂ ਵਿੱਚ ਆਪਣੇ ਟੈਂਟ ਗੱਡ ਦਿੱਤੇ, ਕੁਝ ਫੋਟੋਆਂ ਖਿੱਚੀਆਂ, ਸਮਾਂਨ ਟੈਂਟਾਂ ਵਿੱਚ ਰੱਖ ਕੇ ਲੱਗੇ ਰੋਟੀ ਪਾਣੀ ਦਾ ਜੁਗਾੜ ਕਰਨ। ਪਰ ਜਦੋਂ ਸਟੋਵ ਵਿੱਚ ਤੇਲ ਪਾਇਆ ਤਾਂ ਸਟੋਵ ਚਿਓਣ ਲੱਗਿਆ, ਇਹ ਸੀ ਵੀ ਪ੍ਰੈਸ਼ਰ ਵਾਲਾ ਸੋ ਮੁਰੰਮਤ ਕਰਨ ਦੀ ਹਰ ਕੋਸ਼ਿਸ਼ ਬੇਕਾਰ ਗਈ, ਜਦੋਂ ਸਾਡਾ ਕੋਈ ਚਾਰਾ ਹੀ ਨਹੀਂ ਚੱਲਿਆ ਤਾਂ ਸਟੋਵ ਨੇ ਕੀ ਚੱਲਣਾ ਸੀ। ਕੁਝ ਚਿਰ ਮੱਥਾ ਮਾਰਨ ਤੋਂ ਬਾਅਦ ਆਸੇ ਪਾਸੇ ਦੀ ਪੁੱਛ ਗਿੱਛ ਸ਼ੁਰੂ ਹੋਈ ਤਾਂ ਪਤਾ ਚਲਿਆ ਕਿ ਥੋੜੀ ਹੀ ਦੂਰ ਹੇਠਾਂ ਇੱਕ ਢਾਬਾ ਹੈ ਜਿਥੋਂ ਰੋਟੀ ਮਿਲ ਸਕਦੀ ਹੈ। ਪੈਦਲ ਹੀ ਓਧਰ ਨੂੰ ਚਾਲੇ ਪਾ ਦਿੱਤੇ, ਨਿੱਕੀ ਨਿੱਕੀ ਕਣੀ ਨਾਲ ਕੁਦਰਤ ਸਾਡੇ ਰਾਹ ਤੇ ਪਾਣੀ ਦਾ ਛਿੜਕਾ ਕਰ ਰਹੀ ਸੀ। ਹੁਣ ਤੱਕ ਭੁੱਖ ਵੀ ਥਕਾਵਟ ਵਾਗੂੰ ਹੀ ਘੇਸਲ਼ ਮਾਰੀ ਬੈਠੀ ਸੀ ਅਤੇ ਢਿੱਡ ਅੰਦਰਲੇ ਚੂਹੇ ਵੀ ਦੜ ਵੱਟੀ ਬੈਠੇ ਸਨ ਪਰ ਰੋਟੀਆਂ ਵੇਖਦਿਆਂ ਹੀ ਸਾਰੇ ਭੰਗੜਾ ਪਾਉਣ ਲੱਗੇ ਤੇ ਅਸੀਂ ਗੱਲਾਂ ਦਾ ਕੜਾਹ ਛੱਡ ਕੇ ਦਵਾ ਦੱਬ ਵੱਡੀਆਂ ਵੱਡੀਆਂ ਬੁਰਕੀਆਂ ਨਾਲ ਪਹਾੜੀ ਰੋਟੀਆਂ ਦੇ ਢੇਰ ਦਾ ਕਲਿਆਣ ਕਰਨ ਲੱਗੇ। ਜਦੋਂ ਵਾਪਸ ਟੈਂਟਾਂ ਕੋਲ ਆਏ ਤਾਂ ਮੀਹ ਦਾ ਪਾਣੀ ਟੈਂਟਾਂ ਉੱਪਰੋਂ ਲਕੀਰਾਂ ਬਣ ਬਣ ਹੇਠਾਂ ਵਹਿ ਰਿਹਾ ਸੀ ਤੇ ਟਿਪ ਟਿਪ ਦੀ ਸੰਗੀਤਕ ਆਵਾਜ਼ ਨੀਂਦ ਨੂੰ ਅਵਾਜਾਂ ਮਾਰ ਰਹੀ ਸੀ। ਕਈ ਗੱਲਾਂ ਕਰਨ ਦੂਜੇ ਟੈਂਟ ਵਿੱਚ ਚਲੇ ਗਏ ਤੇ ਕਈ ਰੇਨਕੋਟ ਪਾ ਕੇ ਸੈਰ ਦਾ ਆਨੰਦ ਲੈਣ ਲੱਗੇ ਪਰ ਮੈਂ ਓਹਨਾ ਦੇ ਵਾਪਸ ਆਉਂਦਿਆਂ ਤੱਕ ਘੁਰਾੜਿਆਂ ਦਾ ਇੱਕ ਪੂਰ ਲਾਹ ਵੀ ਚੁੱਕਿਆ ਸਾਂ। ਰਾਤ ਭਰ ਬਾਰਿਸ਼ ਹੁੰਦੀ ਰਹੀ ਪਰ ਅਸੀਂ ਬੜੇ ਹੀ ਇਤਮੀਨਾਨ ਅਤੇ ਚੈਨ ਨਾਲ ਟੈਂਟਾਂ ਅੰਦਰ ਸੁੱਤੇ ਰਹੇ। ਅੱਜ ਕਿਸੇ ਦੇ ਘੁਰਾੜੇ ਕਿਸੇ ਦੀ ਵੀ ਨੀਂਦ ਵਿੱਚ ਵਿਘਨ ਨਹੀਂ ਪਾ ਰਹੇ ਸਨ ਕਿਉਂਕਿ ਸਾਰੇ ਹੀ ਘੋੜੇ ਵੇਚ ਕੇ ਸੌਂ ਰਹੇ ਸਨ, ਉੱਪਰੋਂ ਚੀਲ ਦੇ ਦਰਖਤਾਂ ਦੀਆਂ ਟਾਹਣੀਆਂ ਸਹਿ ਸੁਭਾਕ ਹੀ ਪੱਖੇ ਝੱਲ ਰਹੀਆਂ ਸਨ ਤੇ ਦਿਓ ਕੱਦ ਦਰੱਖਤ ਸਾਡੀ ਰਾਖੀ ਤੇ ਉੱਚੇ ਲੰਮੇ ਤਾਕਤਵਰ ਸਿਪਾਹੀਆਂ ਵਾਗੂੰ ਖੜੇ ਸਨ। ਬੇਸ਼ੱਕ ਹਵਾ ਦਰਖਤਾਂ ਵਿੱਚੋਂ ਲੰਘਣ ਵੇਲੇ ਸਾਂ—-ਆਂ —ਸਾਂ—-ਆਂ—— ਦੀ ਆਵਾਜ਼ ਕੱਢ ਰਹੀ ਸੀ ਅਤੇ ਟੈਂਟਾਂ ਤੇ ਪੈ ਰਹੇ ਮੀਂਹ ਦੀ ਸਰਰ —–ਸਰਰ —ਦੀ ਤੇਜ ਅਵਾਜ ਵੀ ਸਾਡੇ ਕੰਨਾਂ ਤੇ ਚੁੰਡੀਆਂ ਵੱਢਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੋਈ ਵੀ ਸਾਡੀ ਕੁੰਭਕਰਨੀ ਨੀਂਦ ਵਿੱਚ ਤਰੇੜ ਨਾ ਪਾ ਸਕਿਆ ਤੇ ਅਸੀਂ ਬੇਖ਼ਬਰ ਸੁੱਤੇ ਰਹੇ —ਸਵੇਰ ਦੇ ਪੰਜ ਵਜੇ ਤੱਕ।
ਜੰਮੂ, ਸ਼੍ਰੀ ਨਗਰ ਨੈਸ਼ਨਲ ਹਾਈ ਵੇ ਤੇ ਜੰਮੂ ਤੋਂ ਲਗਭਗ ਬਾਰਾਂ ਕੁ ਕਿਲੋਮੀਟਰ ਦੂਰ ਪਤਨੀ ਟਾਪ ਨਾਮ ਦਾ ਪਹਾੜੀ ਸੁੰਦਰਤਾ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਰਮਣੀਕ ਪਹਾੜੀ ਉਪਰ ਚੀਲ ਦੇ ਦਰਖਤਾਂ ਦੀ ਚਾਦਰ ਵਿੱਚ ਲਿਪਟਿਆ, ਦੋ ਹਜਾਰ ਚੌਵੀ ਮੀਟਰ ਦੀ ਉਚਾਈ ਤੇ ਯਾਤਰੀਆਂ ਦਾ ਸਵਾਗਤ ਕਰਦਾ ਹੈ। ਸ਼ਾਹ ਕਾਲ਼ੀ ਸੜਕ ਨੇ ਪਹਾੜੀ ਨੂੰ ਚਾਰੇ ਪਾਸਿਓਂ ਇਓਂ ਘੇਰਾ ਪਾਇਆ ਹੋਇਆ ਹੈ ਜਿਵੇਂ ਕਿ ਦੇਵਤਿਆਂ ਅਤੇ ਰਾਖਸ਼ਾਂ ਦੇ ਸਮੁੰਦਰ ਰਿੜਕਣ ਵੇਲੇ ਦੀ ਕਹਾਣੀ ਦੀ ਯਾਦ ਆ ਜਾਂਦੀ ਹੈ। ਜੇਕਰ ਸੜਕ ਦੇ ਦੋਵੇਂ ਪਾਸਿਓਂ ਗੇਟ ਬੰਦ ਕਰ ਦਿੱਤੇ ਜਾਣ ਤਾਂ ਬਾਹਰ ਤੋਂ ਆਉਣ ਜਾਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਅਤੇ ਸਿਰਫ ਪਹਾੜੀ ਪਗਡੰਡੀਆਂ ਹੀ ਸੰਪਰਕ ਦਾ ਇੱਕ ਮਾਤਰ ਸੂਤਰ ਰਹਿ ਜਾਂਦੀਆਂ ਹਨ ਜਾਂ ਫਿਰ ਬਹੁਤ ਲੰਬੇ ਰਸਤੇ ਰਹੀ ਹੀ ਆਇਆ ਜਾ ਸਕਦਾ ਹੈ।
ਇਥੇ ਰਹਿਣ ਅਤੇ ਆਨੰਦ ਮਾਨਣ ਲਈ ਬਹੁਤ ਸਾਡੇ ਸਮਾਨ ਪੈਦਾ ਕੀਤੇ ਗਏ ਨੇ, ਜਿਵੇਂ ਬਰਫ ਤੇ ਸਲਾਈਜ਼ਿੰਗ, ਪੈਰਾ ਗਲਾਇਡਿੰਗ, ਪੈਰਾ ਸੇਲਿੰਗ, ਘੋੜ ਸਵਾਰੀ, ਟਰੈਕਿੰਗ, ਸਕੀਇੰਗ, ਗੋਲਫ ਅਤੇ ਹੋਰ ਕਈ ਤਰਾਂ ਦੀਆਂ ਇਨਡੋਰ ਖੇਡਾਂ ਵੀ। ਗਰਮੀਆਂ ਵਿੱਚ ਮਈ -ਜੂਨ, ਪੱਤਝੜ ਵਿੱਚ ਸਤੰਬਰ, ਅਕਤੂਬਰ ਅਤੇ ਸਰਦੀਆਂ ਵਿੱਚ ਨਵੰਬਰ ਤੋਂ ਮਾਰਚ ਤੱਕ ਇਥੇ ਆ ਕੇ ਤਰੋਤਾਜ਼ਾ ਹੋਇਆ ਜਾ ਸਕਦਾ ਹੈ। ਕਾਫੀ ਸਾਰੀਆਂ ਹਟਸ ਅਤੇ ਹੋਟਲਾਂ ਤੋਂ ਇਲਾਵਾ ਰਾਤ ਰਹਿਣ ਲਈ ਟੂਰਿਜ਼ਮ ਵਿਭਾਗ ਦਾ ਕਾਫੀ ਮਹਿੰਗਾ ਹੋਟਲ ਵੀ ਹੈ, ਨੌਜਵਾਨਾਂ ਲਈ ਯੂਥ ਹੋਸਟਲ ਤਾਂ ਹੈ ਹੀ ਜਿਥੇ ਯੂਥ ਹੋਸਟਲ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਵੀ ਬੜਾ ਹੀ ਥੋੜਾ ਜਿਹਾ ਕਿਰਾਇਆ ਦੇ ਕੇ ਕੋਈ ਵੀ ਠਹਿਰ ਸਕਦਾ ਹੈ। ਇਸ ਰੂਟ ਤੇ ਆਪਣੇ ਖਰਚੇ ਨੂੰ ਘੱਟ ਕਰਨ ਦਾ ਇੱਕ ਹੋਰ ਬੜਾ ਪ੍ਰਭਾਵੀ ਤਰੀਕਾ ਹੈ ਕਿ ਤੁਸੀ ਆਪਣੇ ਟੂਰ ਨੂੰ ਅਮਰਨਾਥ ਯਾਤਰਾ ਦੀਆਂ ਤਰੀਕਾਂ ਵਿੱਚ ਰੱਖੋ, ਓਦੋਂ ਲੱਖਾਂ ਹੀ ਯਾਤਰੀ ਜੁਲਾਈ -ਅਗਸਤ ਦੇ ਮਹੀਨੇ ਵਿਚ ਇਸ ਰੂਟ ਤੇ ਯਾਤਰਾ ਕਰਦੇ ਨੇ –ਥਾਂ ਥਾਂ ਤੇ ਸ਼ਾਨਦਾਰ ਲੰਗਰ ਚਲਦੇ ਨੇ, ਕਿਤੇ ਮਾਲਪੂੜੇ, ਕਿਤੇ ਖੀਰ, ਕਿਤੇ ਪਰੌਂਠੇ, ਕਿਤੇ ਪੂਰੀਆਂ ਵਗੈਰਾ ਵਗੈਰਾ। ਇਸੇ ਸਹੂਲਤ ਨੂੰ ਮੁੱਖ ਰੱਖ ਕੇ ਅਸੀਂ ਟੂਰ ਵਿਉਂਤਿਆ ਸੀ ਜੋ ਸਾਡੇ ਲਈ ਬੜਾ ਲਾਭਦਾਇਕ ਸਾਬਤ ਹੋਇਆ। ਰਸਤੇ ਵਿੱਚ ਲਗਭਗ ਹਰ ਸ਼ਹਿਰ, ਕਸਬੇ ਵਿੱਚ ਸੜਕਾਂ ਤੇ ਲੰਗਰ ਲੱਗੇ ਹੋਏ ਸਨ ਜਿਥੋਂ ਅਸੀਂ ਸ਼ਾਨਦਾਰ ਨਾਸ਼ਤਾ, ਦੁਪਿਹਰ ਦਾ ਅਤੇ ਰਾਤ ਦਾ ਖਾਣਾ ਖਾਂਦੇ ਅਤੇ ਸ਼ੁਕਰਗੁਜਾਰ ਹੁੰਦੇ ਥੋੜਾ ਹੀ ਖਰਚ ਕਰਕੇ ਸ੍ਰੀ ਨਗਰ ਪਹੁੰਚ ਗਏ। ਪਰ ਇਥੇ ਕੀਤੀ ਬੱਚਤ ਅਗੇ ਜਾ ਕੇ ਕੰਮ ਆਉਂਦੀ ਹੈ ਜਿਥੇ ਹਰ ਚੀਜ ਦੋ ਤੋਂ ਤਿੰਨ ਗੁਣਾਂ ਮਹਿੰਗੀ ਮਿਲਦੀ ਹੈ। ਤੇ ਕਈ ਵਾਰ ਤਾਂ ਜਦੋਂ ਅਸੀਂ ਘਰੋਂ ਜਿਆਦਾ ਦੂਰ ਕਿਸੇ ਹੋਰ ਇਲਾਕੇ ਵਿੱਚ ਆਏ ਹੋਈਏ ਤਾਂ ਪਤਾ ਹੀ ਨਹੀਂ ਕਿ ਚੀਜ਼ ਖਾਣੀ ਕਿਵੇਂ ਹੈ। ਇੱਕ ਵਾਰ ਅਸੀਂ ਮੋਟਰ ਸਾਈਕਲਾਂ ਤੇ ਰਾਜਸਥਾਨ ਦੇ ਦੌਰੇ ਸਮੇਂ ਉਘੇ ਪਹਾੜੀ ਸਥਾਨ ਮਾਊਂਟਆਬੂ ਪਹੁੰਚੇ। ਮੈ ਸੋਚਿਆ ਕਈ ਦਿਨਾਂ ਤੋਂ ਸੜਕ ਕਿਨਾਰੇ ਦੇ ਢਾਬਿਆਂ ਤੋਂ ਰੋਟੀ ਖਾ ਰਹੇ ਹਾਂ ਅੱਜ ਟੀਮ ਮੈਂਬਰਾਂ ਨੂੰ ਕਿਸੇ ਸਾਨਦਾਰ ਜਗਾਹ ਖਾਣਾ ਖਵਾਇਆ ਜਾਵੇ। ਮੈ ਕਿਓਕਿ ਕੁਝ ਸਮਾਂ ਸਿਰੋਹੀ ਜਿਲੇ ਵਿੱਚ ਕੰਮ ਕੀਤਾ ਸੀ ਜਿਸ ਦਾ ਇਹ ਬਲਾਕ ਸੀ ਸੋ ਮੈਨੂੰ ਪਤਾ ਸੀ ਕਿ’ ਜੋਧਪੁਰ ਭੋਜਨਾਲਿਆ’ ਏਥੋ ਦੀ ਸਭ ਤੋਂ ਵਧੀਆ ਖਾਣਾ ਖਾਣ ਦੀ ਜਗਾਹ ਹੈ। ਅਸੀਂ ਜਾ ਕੇ ਪਸੰਦ ਅਨੁਸਾਰ ਖਾਣਾ ਮੰਗਵਾ ਲਿਆ, ਅਜੇ ਇੱਕ ਇੱਕ ਰੋਟੀ ਹੀ ਮਸਾਂ ਖਾਧੀ ਸੀ ਕਿ ਸਾਡਾ ਇੱਕ ਟੀਚਰ ਸਾਥੀ ਉੱਚੀ ਅਵਾਜ ਵਿੱਚ ਬੋਲਿਆ’ ‘ਓਏ ਬੈਰ੍ਹੇ ਏਧਰ ਆ, ” ਮੈ ਪੁਛਿਆ, ”ਕੀ ਗੱਲ ਹੋ ਗਈ ਬਈ’ ‘?’ ‘ਬੇਵਕੂਫ ਮੈਨੂੰ ਸੁੱਕੀ ਰੋਟੀ ਫੜਾ ਗਿਆ”।’ ‘ਯਾਰ ਇਹ ਨਹੀਂ ਹੋ ਸਕਦਾ, ਇਹ ਤਾਂ ਬੜਾ ਨਾਮਵਰ ਹੋਟਲ ਹੈ, ਲਿਆ ਮੈਨੂੰ ਵਖਾ’ ‘। ਉਸ ਨੇ ਮੇਰੇ ਹੱਥ ਵਿੱਚ ਓਹ ਰੋਟੀ ਫੜਾ ਦਿੱਤੀ ਜਿਸ ਨੂੰ ਵੇਖ ਕੇ ਮੈਨੂੰ ਹੱਸਦੇ ਨੂੰ ਹੱਥੂ ਆ ਗਿਆ, ਸਾਰੇ ਗਾਹਕ ਮੇਰੇ ਵੱਲ ਵੇਖਣ ਕਿ ਸਰਦਾਰ ਨੂੰ ਕੀ ਹੋ ਗਿਆ ? ਪਰ ਜਦੋਂ ਅਸਲੀਅਤ ਪਤਾ ਲੱਗੀ ਤਾਂ ਸਾਰੇ ਹੀ ਹੱਸ ਹੱਸ ਕੇ ਕਮਲੇ ਹੋ ਗਏ। ਅਸਲ ਵਿੱਚ ਓਹ ਸੁੱਕੀ ਰੋਟੀ ਨਹੀਂ ਸੀ ਬਲਕਿ ਸੇਕਿਆ ਹੋਇਆ ਵਧੀਆ ਕੁਆਲਟੀ ਦਾ ਪਾਪੜ ਸੀ।

(ਜਗਜੀਤ ਸਿੰਘ ਮਾਨ ) +91 9915855539

Install Punjabi Akhbar App

Install
×