
ਨਿਊ ਸਾਊਥ ਵੇਲਜ਼ ਸਰਕਾਰ ਨੇ 2020/21 ਵਾਸਤੇ ਥਿਏਟਰ ਅਤੇ ਵਿਜ਼ੁਅਲ ਆਰਟ ਦੇ ਖੇਤਰ ਵਿੱਚ ਕਲ਼ਾਕਾਰਾਂ ਲਈ ਦੋ ਫੈਲੋਸ਼ਿਪ ਨੂੰ ਮੁੜ ਤੋਂ ਸ਼ੁਰੂ ਕੀਤਾ ਹੈ ਜਿਸ ਵਿੱਚ ਕਿ ਨਿਊ ਸਾਊਥ ਵੇਲਜ਼ (ਪ੍ਰਮਾਣਿਕ ਅਤੇ ਸਥਾਪਿਤ) ਫੈਲੋਸ਼ਿਪ ਜਿਹੜੀ ਕਿ ਐਮ.ਸੀ.ਏ. (the Museum of Contemporary Art Australia) ਨਾਲ ਸਬੰਧਤ ਹੈ ਅਤੇ ਦੂਸਰੀ ਇਨਕਿਊਬੇਟਰ ਫੈਲੋਸ਼ਿਪ ਜਿਹੜੀ ਕਿ ਗ੍ਰਿਫਿਨ ਥਿਏਟਰ ਨਾਲ ਸਬੰਧਤ ਹੈ। ਕਲ਼ਾ ਖੇਤਰ ਵਾਲੇ ਵਿਭਾਗਾਂ ਦੇ ਮੰਤਰੀ ਡਾਨ ਹਾਰਵਿਨ ਨੇ ਇਸ ਬਾਰੇ ਸੂਚਿਤ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਕਲ਼ਾ ਅਤੇ ਸਭਿਆਚਾਰਕ ਕਲ਼ਾਕਾਰਾਂ ਨੂੰ ਪ੍ਰਫੁਲਿਤ ਕਰਨ ਵਾਸਤੇ ਇਹ ਫੈਲੋਸ਼ਿਪ ਜਾਰੀ ਕੀਤੇ ਗਏ ਹਨ। ਰਾਜ ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਜਿੱਥੇ ਰਾਜ ਦੀ ਸਭਿਆਰਚਾਰਕ ਕਲ਼ਾ ਅਤੇ ਵਿਜ਼ੁਅਲ ਆਰਟ ਦੀ ਦੁਨੀਆ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਾਧਾ ਹੋਵੇਗਾ ਉਥੇ ਹੀ ਸਥਾਨਕ ਕਲ਼ਾਕਾਰਾਂ ਨੂੰ ਸਿੱਧੀ ਮਦਦ ਅਤੇ ਰੌਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ। ਐਮ.ਸੀ.ਏ. ਰਾਹੀਂ ਇਸ ਫੈਲੋਸ਼ਿਪ ਦੌਰਾਨ 50,000 ਡਾਲਰ ਦੀ ਰਾਸ਼ੀ ਦਾ ਭੁਗਤਾਨ ਹੋਵੇਗਾ ਜਿਸ ਵਿੱਚ ਕਿ 30,000 ਡਾਲਰਾਂ ਦੀ ਰਾਸ਼ੀ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ 20,000 ਡਾਲਰਾਂ ਦੀ ਰਾਸ਼ੀ ਇਸ ਦੇ ਨਾਲ ਜੁੜੇ ਅਗਲੇ ਪ੍ਰਾਜੈਕਟ ਲਈ ਦਿੱਤੀ ਜਾਵੇਗੀ।
ਦੂਸਰੇ ਪਾਸੇ ਗ੍ਰਿਫਿਨ ਥਿਏਟਰ ਕੰਪਨੀ ਵਾਲੇ ਫੈਲੋਸ਼ਿਪ ਰਾਹੀਂ 50,000 ਡਾਲਰਾਂ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ ਜਿਹੜੀ ਕਿ ਥਿਏਟਰ ਆਦਿ ਨਾਲ ਸਬੰਧਤ ਗਤੀਵਿਧੀਆਂ ਲਈ ਹੈ। ਇਸ ਦੇ ਤਹਿਤ ਚਾਰ ਅਜਿਹੇ ਕਲ਼ਾਕਾਰਾਂ ਦੀ ਚੋਣ ਹੋਵੇਗੀ ਅਤੇ ਉਨ੍ਹਾਂ ਨੂੰ ਮੁਢਲੇ ਪੜਾਵਾਂ ਵਾਸਤੇ ਘੱਟੋ ਘੱਟ ਚਾਰ ਥਿਏਟਰ ਗਤੀਵਿਧੀਆਂ ਵਿੱਚ ਭਾਗ ਲੈਣਾ ਪਵੇਗਾ ਅਤੇ ਤਿੰਨ ਮਹੀਨੇ ਗ੍ਰਿਫਿਨ ਵਿੱਚ ਹੀ ਰਹਿਣਾ ਪਵੇਗਾ ਜਿਸ ਦੌਰਾਨ ਨਵੇਂ ਥਿਏਟਰ ਸ਼ੋਅ ਆਦਿ ਦੀ ਰਚਨਾ ਕੀਤੀ ਜਾਵੇਗੀ ਅਤੇ ਇਸ ਦਾ ਸਾਰਾ ਦੇਖਰੇਖ ਦਾ ਕੰਮ ਗ੍ਰਿਫਿਨ ਦੇ ਜੁੰਮੇ ਹੀ ਹੋਵੇਗਾ।
ਇਨ੍ਹਾਂ ਫੈਲੋਸ਼ਿਪ ਵਾਸਤੇ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ ਦਿਨ ਸੋਮਵਾਰ, ਮਾਰਚ 8, 2021 ਸ਼ਾਮ ਦੇ 5 ਵਜੇ ਤੱਕ ਸੀਮਿਤ ਕੀਤੀ ਗਈ ਹੈ ਅਤੇ ਇਸ ਵਾਸਤੇ https://www.create.nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।