ਅਸਲੀ ਸਾਧ ਕੌਣ?

ਸਿੱਖ ਕੌਮ ਵਿੱਚ ਨਿੱਤ ਨਵੇਂ ਨਵੇਂ ਮੁੱਦਿਆਂ ਨੇ ਸਿੱਖ ਕੌਮ ਅਤੇ ਸਮੁੱਚੇ ਪੰਜਾਬ ਨੂੰ ਚਿੰਤਤ ਕੀਤਾ ਹੋਇਆ ਹੈ। ਇਹਨਾਂ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ ਵਿਹਲੜ ਸਾਧਾਂ, ਬਾਬਿਆਂ ਦਾ। ਵਿਹਲੜ ਬੰਦੇ ਆਪਣੇ ਸ਼ਾਤਰ ਦਿਮਾਗ ਸਦਕਾ ਆਪਣੇ ਆਪ ਨੂੰ, ਸੰਤ, ਸਾਧ , ਬ੍ਰਹਮਗਿਆਨੀ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਕਿਉਂਕਿ ਇਸ ਧੰਦੇ ਨੂੰ ਤੋਰਨ ਲਈ ਕੋਈ ਸਟੱਡੀ ਜਾਂ ਡਿਗਰੀ ਦੀ ਲੋੜ ਨਹੀਂ ਪੈਂਦੀ। ਆਪਣੇ ਲੋਕ ਬਿਨਾਂ ਕਿਸੇ ਕੰਮ ਕੀਤਿਆਂ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਇਹਨਾਂ ਦੇਹਧਾਰੀ ਬਾਬਿਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ। ਨਕਲੀ ਸਾਧ , ਬਾਬੇ ਲੋਕਾਂ ਦੇ ਲੁੱਟੇ ਪੈਸੇ ਤੇ ਮਹਾਰਾਜਿਆਂ ਵਾਲੀ ਜ਼ਿੰਦਗੀ ਜੀਂਵਦੇ ਹਨ। ਅਤੇ ਲੁੱਟ ਦਾ ਸ਼ਿਕਾਰ ਹੋਏ ਲੋਕ ਦਿਨੋ-ਦਿਨ ਗਰੀਬੀ ਰੇਖਾ ਵੱਲ ਨੂੰ ਜਾਂਦੇ ਹਨ। ਉਹਨਾਂ ਕੋਲ ਆਤਮ ਹੱਤਿਆ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਦਾ। ਨਵੀਂ ਪਨੀਰੀ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਨਹੀਂ ਸੋਚਦੀ ਕਿ ਅਸਲੀ ਸਾਧ ਕੌਣ ਹਨ?

ਸੰਤ ਜਾਂ ਸਾਧ ਸ਼ਬਦ ਦਾ ਅਰਥ ਕਿ ਪੂਰੀ ਤਰਾਂ ਸਾਧਿਆ ਮਨੁੱਖ ਜੋ ਆਪਣੇ ਆਪੇ ਨੂੰ ਮਾਰ ਕੇ ਫੇਰ ਸੰਤ ਜਾਂ ਸਾਧ ਅਖਵਾਉਣ ਦਾ ਹੱਕਦਾਰ ਬਣਦਾ ਹੈ। ਗੁੱਸਾ, ਲੋਭ ,ਮੋਹ, ਈਰਖਾ, ਹੰਕਾਰ ਤਿਆਗਣਾ ਪੈਂਦਾ ਸਾਧ ਅਖਵਾਉਣ ਲਈ। ਸਾਧ ਜਾਂ ਸੰਤ ਨੂੰ ਮੌਤ ਦਾ ਕੋਈ ਭੈਅ ਨਹੀਂ ਹੁੰਦਾ।ਅਸਲੀ ਸਾਧ,ਸੰਤ, ਬ੍ਰਹਮਗਿਆਨੀ ਦਾ ਜ਼ਿਕਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸੁਖਮਨੀ ਸਾਹਿਬ ਵਿੱਚ ਬੜੀ ਵਿਸਥਾਰ ਨਾਲ ਕੀਤਾ ਗਿਆ ਹੈ। ਪਰ ਅਸੀਂ ਗੁਰਬਾਣੀ ਤੇ ਅਮਲ ਨਹੀਂ ਕਰਦੇ।

ਆਉ ਗੱਲ ਕਰਦੇ ਹਾਂ ਅੱਜਕਲ ਦੇ ਬਣੇ ਦੇਹਧਾਰੀ ਬਾਬਿਆਂ, ਸੰਤਾਂ, ਸਾਧਾਂ ਦੀ। ਜੋ ਲੋਕਾਂ ਨੂੰ ਮਾਇਆ ਤੋਂ ਦੂਰ ਰਹਿਣ ਲਈ ਪ੍ਰੇਰਦੇ ਹਨ ਪਰ ਇਹਨਾਂ ਵਿੱਚੋਂ ਮਾਇਆ ਪ੍ਰਤੀ ਝਲਕਦਾ ਲੋਭ ਸਾਫ਼ ਦਿਖਾਈ ਦਿੰਦਾ ਹੈ। ਮੌਤ ਤੋਂ ਡਰਦੇ ਮਾਰੇ ਵੀਹ-ਵੀਹ ਗੰਨਮੈਨ ਰੱਖਦੇ ਹਨ। ਜੋ ਹਥਿਆਰਾਂ ਨਾਲ ਲੈਸ ਹੁੰਦੇ ਹਨ। ਕੀ ਸਿੱਖਿਆ ਦਿੰਦੇ ਹਨ ਨਵੀਂ ਪਨੀਰੀ ਨੂੰ। 50-50 ਲੱਖ ਦੀਆਂ ਗੱਡੀਆਂ, ਮਹਿੰਗੇ ਫੋਨ, ਆਲੀਸ਼ਾਨ ਇਮਾਰਤਾਂ, ਖੁਲੀਆਂ ਜਾਇਦਾਦਾਂ ਦੇ ਮਾਲਕ ਸਾਧ, ਸੰਤ ਜਾਂ ਬ੍ਰਹਮਗਿਆਨੀ ਅਖਵਾਉਣ ਦੇ ਹੱਕਦਾਰ ਹਨ? ਕੁਝ ਕੁ ਨੂੰ ਛੱਡ ਕੇ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਆਖਿਆ ਨਹੀਂ ਕਰਦਾ। ਸਭ ਆਪੋ ਆਪਣੀ ਇੱਕ ਦੂਜੇ ਪ੍ਰਤੀ ਭੜਾਸ ਕੱਢ ਕੇ ਮਾਇਆ ਇਕੱਠੀ ਕਰ ਕੇ ਤੁਰਦੇ ਬਣਦੇ ਹਨ। ਸਗੋਂ ਲੋਕਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਣੀ ਪੜ੍ਹਨਾ ਅਤੇ ਨੇੜੇ ਜਾਣ ਤੋਂ ਡਰਾਉਣਾ ਇਹਨਾਂ ਦਾ ਕੰਮ ਹੈ।ਕੀ ਗੁਰਬਾਣੀ ਅਨੁਸਾਰ ਇਸ ਤਰਾਂ ਦੇ ਹੁੰਦੇ ਹਨ, ਬਾਬੇ, ਸੰਤ, ਸਾਧ, ਬ੍ਰਹਮਗਿਆਨੀ?

ਲੋਭ, ਮੋਹ, ਹੰਕਾਰ, ਗੁੱਸੇ ਨਾਲ ਭਰੇ ਪਏ ਹਨ ਇਹ ਦੇਹਧਾਰੀ। ਗੁਰੂ ਕੀਆਂ ਗੋਲਕਾਂ  ਗੋਲ ਕਰਦੇ ਵਿਸਾਹ ਨਹੀਂ ਕਰਦੇ। ਇਹਨਾਂ ਦੀਆਂ ਆਪਣੀਆਂ ਨਿੱਜੀ ਰੰਜਿਸ਼ਾਂ ਕਾਰਨ ਚੱਲਦੀਆਂ ਗੋਲੀਆਂ ਕੲੀ ਵਾਰ ਦੇਖੀਆਂ ਹਨ ਜਿਨ੍ਹਾਂ ਵਿਚ ਆਮ ਲੋਕ ਮਾਰੇ ਜਾਂਦੇ ਹਨ। ਇਹਨਾਂ ਦੇਹਧਾਰੀ ਬਾਬਿਆਂ ਦੇ ਸਦਕਾ ਬੜੇ ਹੀ ਆਮ ਲੋਕ ਜ਼ਿੰਦਗੀ ਗਵਾ ਚੁੱਕੇ ਨੇ। ਦੱਸੋ ਇਹਨਾਂ ਨੂੰ ਕਾਤਲ ਕਿਹਾ ਜਾਵੇ ਜਾਂ ਸਾਧ,ਸੰਤ, ਬ੍ਰਹਮਗਿਆਨੀ?

ਹੁਣ ਅਸਲੀ ਸਾਧਾਂ ਬਾਰੇ ਵਿਚਾਰ ਕਰਦੇ ਹਾਂ। ਗੁਰਬਾਣੀ ਮੁਤਾਬਿਕ ਰੱਬ ਦੀ ਰਜਾ ਵਿੱਚ ਰਹਿਣ ਵਾਲਾ, ਮਿਹਨਤ ਕਰਨ ਵਾਲਾ, ਹੱਕ ਦੀ ਕਮਾਈ ਕਰਨ ਵਾਲਾ, ਹਰ ਇੱਕ ਮਨੁੱਖ ਚਾਹੇ ਉਹ ਕਿਸੇ ਵੀ ਕਿੱਤੇ ਨਾਲ ਸਬੰਧਤ ਹੈ ਉਹ ਸਾਧ, ਸੰਤ ਬ੍ਰਹਮਗਿਆਨੀ ਹੈ। ਉਦਾਹਰਣ ਦੇ ਤੌਰ ਤੇ ਕਿਸਾਨ, ਮਜ਼ਦੂਰ ਜੋ ਦਿਨ ਰਾਤ ਮਿਹਨਤ ਕਰਦਾ, ਉਹਨਾਂ ਨੂੰ ਮੌਤ ਤੋਂ ਕੋਈ ਭੈਅ ਨਹੀਂ , ਰਾਤ ਨੂੰ ਸੱਪਾਂ ਦੀਆਂ ਸਿਰੀਆਂ ਲਿਤਾੜਦਾ ਫਸਲਾਂ ਨੂੰ ਪਾਣੀ ਦਿੰਦਾ ਹੈ। ਉਹਨਾਂ ਨਾਲ ਕੋਈ ਬਾਡੀਗਾਰਡ ਨਹੀਂ ਹੁੰਦਾ ਸਗੋਂ ਉਸਦਾ ਪਰਮਾਤਮਾ ਤੇ ਦ੍ਰਿੜ ਵਿਸ਼ਵਾਸ ਹੁੰਦਾ ਹੈ। ਕੁਦਰਤੀ ਆਫ਼ਤ ਨਾਲ ਮਰੀ ਫਸਲ ਨੂੰ ਰੱਬ ਦੀ ਰਜਾ ਕਹਿ ਕੇ ਸਬਰ ਕਰ ਲੈਂਦਾ ਹੈ। ਦਸਾਂ ਨਹੁੰਆਂ ਦੀ ਕਿਰਤ, ਕਮਾਈ ਕਰਨ ਵਾਲਾ ਹੈ ਅਸਲੀ ਸਾਧ, ਸੰਤ, ਬ੍ਰਹਮਗਿਆਨੀ।

ਲੋਕਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਚਿਰ ਵਿਹਲੜ ਸਾਧਾਂ, ਸੰਤਾਂ, ਦੇਹਧਾਰੀ ਬਾਬਿਆਂ ਨੂੰ ਨਹੀਂ ਪਹਿਚਾਣਦੇ ਉਹਨਾਂ ਚਿਰ ਇਹ ਲੁੰਗ ਲਾਣਾ ਇਸ ਤਰਾਂ ਹੀ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦਾ ਰਹੇਗਾ। ਲੋੜ ਹੈ ਅੱਜ ਦੀ ਨਵੇਂ ਪੜੇ ਲਿਖੇ ਨੋਜਵਾਨ ਵਰਗ ਨੂੰ ਗੁਰਬਾਣੀ ਆਪ ਪੜਣ ਤੇ ਲੋਕਾਂ ਨੂੰ ਸਮਝਾਉਣ ਲਈ ਅੱਗੇ ਆਉਣ ਦੀ। ਇਹਨਾਂ ਨਕਲੀ ਸਾਧਾਂ, ਬਾਬਿਆਂ ਵਿੱਚ ਕੁਝ ਵੀ ਨਹੀਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਪੜ ਕੇ ਵਿਚਾਰਨ ਦੀ ਲੋੜ ਹੈ ਫੇਰ ਹਰ ਇੱਕ ਪ੍ਰਸ਼ਨ ਦਾ ਉੱਤਰ ਆਪਣੇ ਆਪ ਹੀ ਮਿਲ ਜਾਵੇਗਾ। ਅਤੇ ਨਕਲੀ ਬਣੇ ਸਾਧ, ਸੰਤ, ਬਾਬੇ, ਬ੍ਰਹਮਗਿਆਨੀ ਬਾਬੇ ਫਰੀਦ ਜੀ ਦੁਆਰਾ ਲਿਖੇ ਇਸ ਸਲੋਕ ਨੂੰ ਪੜ ਕੇ ਵਿਚਾਰਨ:- ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸੁ। ਗੁਨਹਿ ਭਰਿਆ ਮੈਂ ਫਿਰਾਂ ਲੋਕੁ ਕਹਿਣ ਦਰਵੇਸੁ।

 (ਗੁਰਤੇਜ ਸਿੰਘ ਯੋਧਾ ਧਾਲੀਵਾਲ) jodhadhaliwal80@gmail.com