ਮੇਰੀਆਂ ਮਨਪਸੰਦ ਟੈਲੀਵਿਜ਼ਨ ਸ਼ਖ਼ਸੀਅਤਾਂ

ਇਹ ਸਿਰਲੇਖ ਵਿਨੋਦ ਦੂਆ ਦੇ ਤੁਰ ਜਾਣ ਕਾਰਨ ਬਣਿਆ ਹੈ। ਮੈਂ ਵਿਨੋਦ ਦੂਆ ਦਾ ਫੈਨ ਹਾਂ। ਉਦੋਂ ਤੋਂ ਜਦੋਂ ਉਹ ਦੂਰਦਰਸ਼ਨ ਨਾਲ ਜੁੜਿਆ ਸੀ। ਠਹਿਰਾ ਠਹਿਰਾ ਕੇ, ਟਿਕਾ ਟਿਕਾ ਕੇ ਬੋਲ ਬੋਲਣੇ, ਸੰਖੇਪ ਤੇ ਸਿਰੇ ਦੀ ਸਾਰਥਿਕ ਗੱਲ ਕਰਨੀ, ਸੱਚ ਕਹਿਣਾ, ਸੱਚ ਵਿਖਾਉਣਾ ਉਸਦੀ ਫ਼ਿਤਰਤ ਸੀ।

ਜੋ ਪਹਿਚਾਣ, ਜੋ ਸ਼ੁਹਰਤ ਟੈਲੀਵਿਜ਼ਨ ਪੇਸ਼ਕਾਰ ਵਜੋਂ ਵਿਨੋਦ ਦੂਆ ਨੂੰ ਮਿਲੀ ਉਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਚੋਣ-ਨਤੀਜਿਆਂ ਦਾ ਵਿਸ਼ਲੇਸ਼ਣ ਕਰਦਿਆਂ ਉਹ ਭਾਰਤੀ ਦਰਸ਼ਕਾਂ ਦੇ ਦਿਲਾਂ ਅੰਦਰ ਉਤਰ ਜਾਂਦਾ ਸੀ। ਪ੍ਰਣਾਏ ਰਾਏ ਨਾਲ ਉਸਦੀ ਜੋੜੀ ਦਰਸ਼ਕਾਂ ਨੂੰ ਮੰਤਰ-ਮੁਗ਼ਧ ਕਰ ਦਿੰਦੀ ਸੀ। ਨਿਵੇਕਲੀ ਸ਼ੈਲੀ, ਪ੍ਰਤੀਬੱਧਤਾ ਅਤੇ ਗੱਲ ਕਹਿਣ ਦੀ ਦਲੇਰੀ ਉਸਨੂੰ ਸੈਂਕੜੇ ਟੀ.ਵੀ. ਪੱਤਰਕਾਰਾਂ ਨਾਲੋਂ ਨਿਖੇੜਦੀ ਸੀ।

ˈਜਨਵਾਣੀˈ ਪ੍ਰੋਗਰਾਮ ਵਿਚ ਜਿਸ ਦ੍ਰਿੜਤਾ ਤੇ ਹੌਂਸਲੇ ਨਾਲ ਉਹ ਸਿਆਸੀ ਨੇਤਾਵਾਂ ਅਤੇ ਮੰਤਰੀਆਂ ਨੂੰ ਪ੍ਰਸ਼ਨ ਪੁੱਛਦਾ ਸੀ, ਟਿੱਪਣੀਆਂ ਕਰਦਾ ਸੀ, ਉਸਦੀ ਉਦਾਹਰਨ ਘੱਟ ਹੀ ਮਿਲਦੀ ਹੈ। ਉਨ੍ਹਾਂ ਸਮਿਆਂ ਵਿਚ ਤਾਂ ਬਿਲਕੁਲ ਨਹੀਂ।

ਪ੍ਰੋਗਰਾਮ ਵਿਚ ਚੋਟੀ ਦੇ ਮੰਤਰੀ ਨੂੰ ਇਹ ਕਹਿਣਾ ਕਿ ਤੁਹਾਡੀ ਕਾਰਗੁਜ਼ਾਰੀ ਦੇ ਆਧਾਰ ʼਤੇ ਮੈਂ ਤੁਹਾਨੂੰ 10 ਵਿਚੋਂ ਕੇਵਲ 2 ਨੰਬਰ ਦਿੰਦਾ ਹਾਂ, ਕੇਵਲ ਵਿਨੋਦ ਦੂਆ ਹੀ ਕਹਿ ਸਕਦਾ ਸੀ।

ਭਾਰਤ ਵਿਚ ਅਜਿਹੀ ਜ਼ੁਅਰਤ ਕਰਨ ਵਾਲੇ ਪੱਤਰਕਾਰ ਨੂੰ ਚੈਨਲ ਵਿਚੋਂ ਲਾਂਭੇ ਕਰਨ ਜਾਂ ਪ੍ਰੋਗਰਾਮ ਬੰਦ ਕਰਨ ਦਾ ਰੁਝਾਨ ਹੈ। ਉਦੋਂ ਵੀ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਪਰ ਵਿਨੋਦ ਦੂਆ ਟਿਕੇ ਰਹੇ।

ਵਰਤਮਾਨ ਵਿਚ ਵੀ ਉਹ ਹਕੂਮਤ ਨਾਲ ਆਢਾ ਲੈਣ ਦਾ ਸ਼ੌਕੀਨ ਸੀ। ਅੱਜ ਜਦ ਵਧੇਰੇ ਪੱਤਰਕਾਰ ਹਰ ਵੇਲੇ ਮੰਤਰੀਆਂ ਦੀ ਖ਼ੁਸ਼ਾਮਦ ਕਰਦੇ ਵੇਖੇ ਜਾ ਸਕਦੇ ਹਨ, ਉਹ ਕੰਮ ਤੇ ਕਾਰਗੁਜ਼ਾਰੀ ਦੇ ਆਧਾਰ ʼਤੇ ਸਹੀ ਤੇ ਸੱਚੀ ਗੱਲ ਕਹਿੰਦਾ ਸੀ। ਲੋਕਾਂ ਨਾਲ ਖੜਾ ਹੁੰਦਾ ਸੀ।

ਜਦੋਂ ਉਹ ਟੀ.ਵੀ. ਪ੍ਰੋਗਰਾਮ ˈਚੱਕਰਵਿਊˈ ਵਿਚ, ਦਰਸ਼ਕਾਂ ਦੀ ਹਾਜ਼ਰੀ ਵਿਚ ਕਿਸੇ ਮੁੱਦੇ ਜਾਂ ਸਮਾਜਕ ਮਸਲੇ ʼਤੇ ਚਰਚਾ ਕਰਨ ਲੱਗਾ ਤਾਂ ਐਂਕਟਿੰਗ ਅਤੇ ਉਸਦੀ ਸ਼ਖ਼ਸੀਅਤ ਦਾ ਇਕ ਹੋਰ ਨਿਵੇਕਲਾ ਪਹਿਲੂ ਸਾਹਮਣੇ ਆਇਆ। ˈਪ੍ਰਤੀਦਿਨˈ ਉਸਦਾ ਇਕ ਹੋਰ ਪ੍ਰੋਗਰਾਮ ਸੀ ਜਿਸ ਰਾਹੀਂ ਉਸਨੇ ਸਮਰੱਥ ਟੀ.ਵੀ. ਐਂਕਰ ਵਜੋਂ ਆਪਣੀ ਪਹਿਚਾਣ ਨੂੰ ਹੋਰ ਗੂੜਾ ਕੀਤਾ।

ਰਿਕਾਰਡ ਕੀਤੇ ਪ੍ਰੋਗਰਾਮਾਂ ਤੋਂ ਜਦ ਭਾਰਤੀ ਟੈਲੀਵਿਜ਼ਨ ਸਿੱਧੇ ਪ੍ਰਸਾਰਨ ਵੱਲ ਵਧਿਆ ਤਾਂ ਵਿਨੋਦ ਦੂਆ ਨੇ ਝੱਟਪਟ ਆਪਣੀ ਮੁਹਾਰਤ ਸਿੱਧ ਕਰ ਦਿੱਤੀ। ਨਿਊਜ਼ ਚੈਨਲਾਂ ਅਤੇ ਡਿਜ਼ੀਟਲ ਮੀਡੀਆ ਦੇ ਦੌਰ ਵਿਚ ˈਦਾ ਵਾਇਰˈ ਅਤੇ ˈਐਚ ਡਬਲਿਊˈ ʼਤੇ ਉਸਦੇ ਸ਼ੋਅ ਲੱਖਾਂ ਦਰਸ਼ਕ ਵੇਖਦੇ ਸਨ।

ਕਿਤਾਬਾਂ ਨਾਲ ਉਸਦੀ ਡੂੰਘੀ ਯਾਰੀ ਸੀ। ਸੂਫ਼ੀ ਸੰਗੀਤ ਉਸਦੀ ਪਹਿਲੀ ਪਸੰਦ ਸੀ। ਲੋਕਤੰਤਰ ਲਈ ਲੜਨਾ ਉਸਦੀ ਤਰਜੀਹ ਸੀ। ਭਾਰਤੀ ਟੀ.ਵੀ. ਪੱਤਰਕਾਰੀ ਦੇ ਇਤਿਹਾਸ ਵਿਚ ਵਿਨੋਦ ਦੂਆ ਦਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ।

ਪ੍ਰਣਾਵ ਰਾਏ ਨੇ ਦੂਰਦਰਸ਼ਨ ਵਿਖੇ ਇਕ ਐਂਕਰ, ਇਕ ਨਿਊਜ਼ ਰੀਡਰ, ਇਕ ਚੋਣ-ਵਿਸ਼ਲੇਸ਼ਕ ਵਜੋਂ ਅਜਿਹਾ ਅਕਸ ਬਣਾਇਆ ਜਿਸਦਾ ਦਾਇਰਾ ਐਨ.ਡੀ. ਟੀ.ਵੀ. ਆਰੰਭ ਕਰਨ ਉਪਰੰਤ ਲਗਾਤਾਰ ਵੱਧਦਾ ਗਿਆ। ˈਵਰਲਡ ਦਿਸ ਵੀਕˈ ਪ੍ਰੋਗਰਾਮ ਰਾਹੀਂ ਵੀ ਉਸਨੇ ਇਸ ਪਹਿਚਾਣ ਨੂੰ ਹੋਰ ਗੂੜ੍ਹਾ, ਹੋਰ ਵਿਸ਼ਾਲ ਕੀਤਾ। ਸਹਿਜ ਸੰਜੀਦਾ ਦਿੱਖ, ਬੌਧਿਕ ਪ੍ਰਭਾਵ, ਆਕਰਸ਼ਕ ਸ਼ਖ਼ਸੀਅਤ, ਵਿਸ਼ਾਲ ਜਾਣਕਾਰੀ ਤੇ ਗਿਆਨ, ਦਾਰਸ਼ਨਿਕ ਟੈਲੀਵਿਜ਼ਨ ਚਿਹਰਾ।

ਉਸਨੇ ਅਰਥ-ਸ਼ਾਸਤਰ ਵਿਚ ਪੀ.ਐਚ.ਡੀ. ਕੀਤੀ ਹੈ। ਉਹ ਐਸੋਸੀਏਟ ਪ੍ਰੋਫੈਸਰ ਵੀ ਰਿਹਾ ਹੈ। ਭਾਰਤ ਸਰਕਾਰ ਦੇ ਵਿੱਤ ਮਹਿਕਮੇ ਵਿਚ ਬਤੌਰ ਸਲਾਹਕਾਰ ਕਾਰਜ-ਭਾਰ ਨਿਭਾਇਆ ਹੈ। ਭਾਰਤੀ ਚੋਣਾਂ ਸਬੰਧੀ ਦੋ ਪੁਸਤਕਾਂ ਲਿਖੀਆਂ ਹਨ। ਉਹ ਅਰੁੰਧਤੀ ਰਾਏ ਦਾ ਨੇੜਲਾ ਰਿਸ਼ਤੇਦਾਰ ਹੈ। ਉਸਨੇ ਟੈਲੀਵਿਜ਼ਨ ਰਾਹੀਂ ਸਮੇਂ-ਸਮੇਂ ਕਈ ਲਹਿਰਾਂ ਚਲਾਈਆਂ।

ਅਮਿਤਾਬ ਬੱਚਨ ਨਾਲ ਰਲ ਕੇ ਪ੍ਰਣਾਏ ਰਾਏ ਨੇ ˈਬਣੇਗਾ ਸਵਸਥ ਇੰਡੀਆˈ ਵਿਸ਼ਾਲ ਮੁਹਿੰਮ ਚਲਾਈ ਹੈ। ਜਿਸਦਾ ਹਾਂ-ਪੱਖੀ ਪ੍ਰਭਾਵ ਸਾਹਮਣੇ ਆ ਰਿਹਾ ਹੈ।

ਅਜੋਕੇ ਸਮਿਆਂ ਵਿਚ ਰਵੀਸ਼ ਕੁਮਾਰ ਸ਼ਕਤੀਸ਼ਾਲੀ ਟੈਲੀਵਿਜ਼ਨ ਚਿਹਰਾ ਬਣ ਕੇ ਉਭਰਿਆ ਹੈ। ਉਸਨੂੰ ਕੋਈ ਪਸੰਦ ਕਰੇ ਜਾਂ ਨਾਪਸੰਦ -ਸੁਣਦਾ ਹਰ ਕੋਈ ਹੈ। ਦੇਸ਼ ਦੇ ਬੁਨਿਆਦੀ ਮੁੱਦਿਆਂ ਮਸਲਿਆਂ ਨੂੰ ਉਭਾਰ ਕੇ ਪੇਸ਼ ਕਰਨਾ ਉਸਦੀ ਤਰਜੀਹ ਰਹਿੰਦੀ ਹੈ। ਲੋਕਤੰਤਰ ਨੂੰ ਮਜ਼ਬੂਤ ਬਨਾਉਣ ਖ਼ਾਤਰ ਹਕੂਮਤਾਂ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਨੁਕਤਾਚੀਨੀ ਉਸਦੀ ਦੂਸਰੀ ਤਰਜੀਹ ਹੈ।

ਇਕ ਪੱਤਰਕਾਰ, ਇਕ ਐਂਕਰ, ਇਕ ਟੈਲੀਵਿਜ਼ਨ ਸ਼ਖ਼ਸੀਅਤ, ਇਕ ਲੇਖਕ, ਇਕ ਵਕਤਾ ਵਜੋਂ ਉਸਨੇ ਵੱਡਾ ਨਾਂ ਕਮਾਇਆ ਹੈ।

1996 ਵਿਚ ਐਨ.ਡੀ. ਟੀ.ਵੀ. ਨਾਲ ਜੁੜੇ ਰਵੀਸ਼ ਕੁਮਾਰ ਨੇ ˈਰਵੀਸ਼ ਕੀ ਰਿਪੋਰਟˈ, ˈਹਮ ਲੋਕˈ, ˈਪ੍ਰਾਈਮ ਟਾਈਮ ਵਿਦ ਰਵੀਸ਼ˈ ਪ੍ਰੋਗਰਾਮਾਂ ਰਾਹੀਂ ਦੇਸ਼ ਦੁਨੀਆਂ ਵਿਚ ਆਪਣਾ ਵਿਸ਼ਾਲ ਦਰਸ਼ਕ-ਵਰਗ ਬਣਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਕੱਟੜ ਵਿਰੋਧੀ ਹੋਣ ਕਾਰਨ ਉਸਨੂੰ ਸਰਕਾਰ ਅਤੇ ਭਾਜਪਾ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਸਰੇ ਪਾਸੇ ਲੋਕ-ਪੱਖੀ ਪੱਤਰਕਾਰੀ ਕਾਰਨ ਉਸਨੂੰ ਦੇਸ਼ ਵਿਦੇਸ਼ ਵਿਚੋਂ ਬਹੁਤ ਸਾਰੇ ਐਵਾਰਡ ਮਿਲ ਚੁੱਕੇ ਹਨ।

ਆਪਣੇ ਇਰਦ-ਗਿਰਦ ਨਜ਼ਰ ਮਾਰੋ ਮੀਡੀਆ ਦੇ ਖੇਤਰ ਵਿਚ ਕਿੰਨੇ ਕੁ ਵਿਨੋਦ ਦੂਆ, ਪ੍ਰਣਾਵ ਰਾਏ, ਰਵਿਸ਼ ਕੁਮਾਰ ਹਨ? ਅਜਿਹੀਆਂ ਮੀਡੀਆ ਸ਼ਖ਼ਸੀਅਤਾਂ ਸਦਕਾ ਹੀ ਮੀਡੀਆ ਨੇ ਲੋਕਤੰਤਰ ਦਾ ਪਿੱਲਰ ਬਣਨਾ ਹੈ। ਕੀ ਅਜੋਕੀਆਂ ਸਥਿਤੀਆਂ ਵਿਚ ਭਾਰਤੀ ਮੀਡੀਆ ਲੋਕਤੰਤਰ ਦਾ ਪਿੱਲਰ ਹੈ? ਮੈਨੂੰ ਸ਼ੱਕ ਹੈ, ਸ਼ਾਇਦ ਤੁਹਾਨੂੰ ਵੀ ਹੋਵੇਗਾ। ਆਓ ਅਜਿਹੀਆਂ ਮੀਡੀਆ ਸ਼ਖ਼ਸੀਅਤਾਂ ਨੂੰ ਉਤਸ਼ਾਹਿਤ ਕਰੀਏ।

(ਪ੍ਰੋ. ਕੁਲਬੀਰ ਸਿੰਘ)

+91 9417153513

Install Punjabi Akhbar App

Install
×