ਬਜ਼ੁਰਗਾਂ ਦੀ ਮੰਗ -ਉਨ੍ਹਾਂ ਦੇ ਪਰਵਾਰਿਕ ਡਾਕਟਰ ਹੀ ਉਨ੍ਹਾਂ ਨੂੰ ਦੇਣ ਕੋਵਿਡ-19 ਵੈਕਸੀਨ

(95 ਸਾਲਾਂ ਦੇ ਬਜ਼ੁਰਗ (ਅੱਖਾਂ ਤੋਂ ਅੰਨ੍ਹੇ) ਕੇਨ ਫਰੈਂਕ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਸਰਕਾਰ ਦੀ ਇਹ ਨੀਤੀ ਕਿ ਸਿਰਫ ਮਾਣਤਾ ਪ੍ਰਾਪਤ ਜੀ.ਪੀ. (accredited general practices) ਹੀ ਕੋਵਿਡ-19 ਵੈਕਸੀਨ ਕਿਸੇ ਨੂੰ ਜਨਤਕ ਤੌਰ ਤੇ ਦੇ ਸਕਦੇ ਹਨ, ਉਪਰ ਟਿੱਪਣੀ ਕਰਦਿਆਂ ਇੱਕ 95 ਸਾਲਾਂ ਦੇ ਬਜ਼ੁਰਗ (ਅੱਖਾਂ ਤੋਂ ਅੰਨ੍ਹੇ) ਕੇਨ ਫਰੈਂਕ ਦਾ ਕਹਿਣਾ ਹੈ ਕਿ ਉਹ ਆਪਣੇ ਪਰਵਾਰਿਕ ਡਾਕਟਰ ਕੋਲੋਂ ਹੀ ਉਕਤ ਟੀਕਾ ਲਗਵਾਉਣਗੇ ਅਤੇ ਹੋਰ ਕਿਸੇ ਕੋਲੋਂ ਨਹੀਂ। ਫੈਡਰਲ ਸਰਕਾਰ ਦੀ ਉਕਤ ਸਕੀਮ ਵਿੱਚ ਸਾਰੇ ਡਾਕਟਰਾਂ (ਜੀ.ਪੀ.) ਨੂੰ ਕਰੋਨਾ ਵੈਕਸੀਨ ਦਾ ਟੀਕਾ ਲਗਾਉਣ ਲਈ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਹੈ। ਸ੍ਰੀ ਫਰੈਂਕ ਦਾ ਕਹਿਣਾ ਹੈ ਕਿ ਉਹ ਆਪਣੇ ਡਾਕਟਰ ਉਪਰ ਪੂਰਾ ਭਰੋਸਾ ਕਰਦੇ ਹਨ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀ ਸੇਵਾ ਕਰਨ ਵਾਲਿਆਂ ਉਪਰ ਭਰੋਸਾ ਰੱਖਿਆ ਜਾਵੇ ਅਤੇ ਸਰਕਾਰ ਨੂੰ ਅਜਿਹੀ ਦੂਰ-ਦ੍ਰਿਸ਼ਟੀ ਅਪਣਾ ਕੇ ਹੀ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਿਨ੍ਹਾਂ ਨਾਲ ਕਿ ਸਭ ਦਾ ਫਾਇਦਾ ਹੋਵੇ।
ਇਸੇ ਤਰ੍ਹਾਂ ਹੀ 79 ਸਾਲਾਂ ਦੇ ਨਿਕੋਲਸ ਮਮਰੀ ਹਨ ਜਿਹੜੇ ਕਿ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਤੋਂ ਪੀੜਿਤ ਹਨ ਅਤੇ ਜਿਸ ਡਾਕਟਰ ਕੋਲੋਂ ਉਹ ਆਪਣਾ ਇਲਾਜ ਕਰਵਾਉਂਦੇ ਹਨ ਉਸ ਬੀਤੇ 30 ਸਾਲਾਂ ਤੋਂ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਇਹੋ ਮੰਨਣਾ ਹੈ ਕਿ ਉਹ ਆਪਣੇ ਪਰਵਾਰਿਕ ਡਾਕਟਰ ਉਪਰ ਹੀ ਭਰੋਸਾ ਕਰਦੇ ਹਨ ਅਤੇ ਕੋਵਿਡ-19 ਦੀ ਵੈਕਸੀਨ ਉਨ੍ਹਾਂ ਕੋਲੋਂ ਹੀ ਲੈਣਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਦੇਸ਼ ਭਰ ਵਿੱਚ 16% ਜਾਂ ਅਨੁਮਾਨਿਤ ਤੌਰ ਤੇ 13,000 ਦੇ ਕਰੀਬ ਅਜਿਹੇ ਜੀ.ਪੀ. ਹਨ ਜਿਹੜੇ ਕਿ ਆਰ.ਏ.ਸੀ.ਜੀ.ਪੀ. 2020 ਜੀ.ਪੀ. ਹੈਲਥ ਦੀ ਕੌਮੀ ਰਿਪੋਰਟ ਮੁਤਾਬਿਕ ਮਾਣਤਾ ਪ੍ਰਾਪਤ ਨਹੀਂ ਹਨ।
ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ ਦੇ ਵਧੀਕ-ਪ੍ਰਧਾਨ ਕ੍ਰਿਸ ਮੋਏ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹੀ ਮਾਣਨਾ ਪ੍ਰਾਪਤ ਨਹੀਂ ਕਰਦਾ ਤਾਂ ਇਸਦਾ ਇਹ ਮਤਲਭ ਨਹੀਂ ਕਿ ਉਸ ਦੀ ਕਾਬਲਿਅਤ ਵਿੱਚ ਕੋਈ ਫ਼ਰਕ ਹੈ…. ਇਸ ਵਾਸਤੇ ਸਰਕਾਰ ਨੂੰ ਉਕਤ ਪਾਲਿਸੀ ਬਣਾਉਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਅਜਿਹੇ ਕਈ ਕਾਬਿਲ ਜੀ.ਪੀ. ਦੇਸ਼ ਅੰਦਰ ਮੌਜੂਦ ਹਨ ਜੋ ਕਿ ਕੋਵਿਡ-19 ਵੈਕਸੀਨ ਪ੍ਰਕਿਰਿਆ ਵਿੱਚ ਆਪਣਾ ਪੂਰਨ ਯੋਗਦਾਨ ਪਾ ਸਕਦੇ ਹਨ ਅਤੇ ਇਸ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ।

Install Punjabi Akhbar App

Install
×