ਰੁਮਾਂਸਵਾਦ, ਬਿਰਹਾ ਅਤੇ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਪ੍ਰਭਜੋਤ ਕੌਰ

ਸਾਹਿਤ ਦੇ ਸਾਰੇ ਰੂਪਾਂ ਵਿਚੋਂ ਕਵਿਤਾ ਸਭ ਤੋਂ ਵੱਧ ਲਿਖੀ ਜਾ ਰਹੀ ਹੈ। ਬਹੁਤੇ ਨੌਜਵਾਨ ਲੜਕੇ ਅਤੇ ਲੜਕੀਆਂ ਕਵਿਤਾ ਲਿਖਣ ਸਮੇਂ ਰੋਮਾਂਟਿਕ ਅਤੇ ਬਿਰਹਾ ਦੀਆਂ ਖੁਲ੍ਹੀਆਂ ਕਵਿਤਾਵਾਂ ਲਿਖ ਰਹੇ ਹਨ। ਕਵਿਤਾ ਕੋਮਲ ਕਲਾਵਾਂ ਵਿਚੋਂ ਇੱਕ ਹੈ। ਇਸ ਲਈ ਲੜਕਿਆਂ ਨਾਲੋਂ ਲੜਕੀਆਂ ਵਧੇਰੇ ਕਵਿਤਾ ਲਿਖ ਰਹੀਆਂ ਹਨ। ਇਹ ਕਵਿਤਾਵਾਂ ਸ਼ੋਸ਼ਲ ਮੀਡੀਆ ਵਿਚ ਜ਼ਿਆਦਾਤਰ ਫੇਸ ਬੁੱਕ ਤੇ ਹੀ ਪਾਈਆਂ ਜਾ ਰਹੀਆਂ ਹਨ। ਕਵਿਤਾ ਕਿਉਂਕਿ ਭਾਵਨਾਵਾਂ ਦਾ ਪ੍ਰਤੀਕ ਹੁੰਦੀ ਹੈ, ਇਸ ਲਈ ਲੜਕੀਆਂ, ਲੜਕਿਆਂ ਨਾਲੋਂ ਜ਼ਿਆਦਾ ਭਾਵਨਾਵਾਂ ਵਿਚ ਵਹਿਣ ਵਾਲੀਆਂ ਹੁੰਦੀਆਂ ਹਨ ਤਾਂ ਹੀ ਉਹ ਜ਼ਿਆਦਾ ਕਵਿਤਾ ਲਿਖਣ ਨੂੰ ਪਸੰਦ ਕਰਦੀਆਂ ਹਨ। ਅਜਿਹੀ ਹੀ ਭਾਵਨਾਵਾਂ ਦੇ ਵਹਿਣ ਵਿਚ ਤਾਰੀਆਂ ਲਾਉਣ ਵਾਲੀ ਹਿੰਦੀ ਅਤੇ ਪੰਜਾਬੀ ਦੀ ਕਵਿਤਰੀ ਪ੍ਰਭਜੋਤ ਕੌਰ ਹੈ, ਜਿਹੜੀ ਆਪਣੀਆਂ ਕਵਿਤਾਵਾਂ ਵਿਚ ਰੁਮਾਂਸਵਾਦ, ਬਿਰਹਾ ਅਤੇ ਸਮਾਜਿਕ ਸਰੋਕਾਰਾਂ ਨੂੰ ਵਿਸ਼ੇ ਬਣਾਕੇ ਕਵਿਤਾਵਾਂ ਲਿਖਦੀ ਹੈ। ਉਸਦੀ ਕਾਬਲੀਅਤ ਇਹ ਹੈ ਕਿ ਉਸਨੇ ਨਿੱਜੀ ਜ਼ਿੰਦਗੀ ਦੇ ਦੁੱਖ ਦਰਦਾਂ ਨੂੰ ਲੋਕਾਈ ਦੇ ਦਰਦ ਬਣਾਕੇ ਪੇਸ਼ ਕੀਤਾ ਹੈ। ਉਸਨੂੰ ਬਚਪਨ ਤੋਂ ਹੀ ਬਹੁਤ ਚਣੌਤੀਆਂ ਦਾ ਸਾਹਮਣਾ ਕਰਨਾ ਪਿਆ। ਚੁਣੌਤੀਆਂ ਉਸ ਲਈ ਵਰਦਾਨ ਸਾਬਤ ਹੋਈਆਂ ਹਨ ਕਿਉਂਕਿ ਉਸਦੀ ਕਵਿਤਾ ਨੇ ਵੀ ਚਣੌਤੀਆਂ ਵਿਚੋਂ ਹੀ ਜਨਮ ਲਿਆ ਹੈ। ਪ੍ਰਭਜੋਤ ਕੌਰ ਦੀਆਂ ਕਵਿਤਾਵਾਂ ਆਮ ਲੋਕਾਂ ਦੇ ਵਲਵਲੇ, ਦੁੱਖ ਦਰਦ ਅਤੇ ਜ਼ਜ਼ਬਿਆਂ ਦਾ ਪ੍ਰਗਟਾਵਾ ਹਨ।
ਉਹ ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਕਵਿਤਾਵਾਂ ਲਿਖਦੀ ਹੈ ਪ੍ਰੰਤੂ ਹਿੰਦੀ ਵਿਚ ਉਸਨੇ ਜ਼ਿਆਦਾ ਕਵਿਤਾਵਾਂ ਲਿਖੀਆਂ ਹਨ। ਬਚਪਨ ਤੋਂ ਹੀ ਉਹ ਸਮਾਜਿਕ ਵਰਤਾਰੇ ਸਮੇਂ ਜਾਤ ਪਾਤ, ਊਚ ਨੀਚ ਅਤੇ ਸਮਾਜਿਕ ਵਿਤਕਰਿਆਂ ਕਰਕੇ ਪ੍ਰੇਸ਼ਾਨ ਰਹਿੰਦੀ ਸੀ। ਇਸ ਕਰਕੇ ਸਕੂਲ ਸਮੇਂ ਵਿਚ ਹੀ ਉਹ ਆਪਣੀਆਂ ਸਹੇਲੀਆਂ ਨਾਲ ਇਸ ਵਰਤਾਰੇ ਬਾਰੇ ਵਿਚਾਰ ਵਟਾਂਦਰਾ ਕਰਦੀ ਰਹਿੰਦੀ ਸੀ। ਸਕੂਲ ਵਿਚ ਪੜ੍ਹਦਿਆਂ ਉਸਨੇ ਕਿਸੇ ਵਿਲੱਖਣ ਕੰਮ ਕਰਨ ਦੀ ਠਾਣ ਲਈ। ਸਕੂਲ ਦੀ ਪੜ੍ਹਾਈ ਸਮੇਂ ਹੀ ਉਸਨੇ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਡਾਕਟਰ ਬਣਨਾ ਚਾਹੁੰਦੀ ਸੀ ਪ੍ਰੰਤੂ ਸਮਾਜਿਕ ਮਜ਼ਬੂਰੀਆਂ ਕਰਕੇ ਉਹ ਡਾਕਟਰ ਨਹੀਂ ਬਣ ਸਕੀ। ਫਿਰ ਉਸਨੇ ਅਧਿਆਪਕਾ ਬਣਨ ਦੀ ਠਾਣ ਲਈ, ਉਹ ਵੀ ਪਰਿਵਾਰਿਕ ਹਾਲਾਤ ਨੂੰ ਮਨਜ਼ੂਰ ਨਹੀਂ ਸੀ। ਇਸ ਕਰਕੇ ਪ੍ਰਭਜੋਤ ਕੌਰ ਉਲਝਣ ਵਿਚ ਫਸ ਗਈ ਕਿਉਂਕਿ ਜੋ ਕੁਝ ਵੀ ਉਹ ਕਰਨਾ ਚਾਹੁੰਦੀ ਸੀ ਉਸਦੇ ਰਾਹ ਵਿਚ ਪਹਾੜ ਦੀ ਤਰ੍ਹਾਂ ਰੁਕਾਵਟਾਂ ਆ ਕੇ ਉਸਦਾ ਰਸਤਾ ਰੋਕ ਲੈਂਦੀਆਂ ਸਨ। ਅਜਿਹੇ ਹਾਲਾਤ ਵਿਚ ਭਾਵਨਾਵਾਂ ਵਿਚ ਵਹਿੰਦਿਆਂ ਉਸਨੇ ਕਾਗਜ਼ ਅਤੇ ਕਲਮ ਦਾ ਸਹਾਰਾ ਲਿਆ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਲਈ ਉਸਦੀ ਜ਼ਿੰਦਗੀ ਵਿਚ ਖੜੋਤ ਵੀ ਆ ਗਈ ਸੀ।
ਪ੍ਰਭਜੋਤ ਕੌਰ ਦਾ ਜਨਮ 1978 ਵਿਚ ਲੁਧਿਆਣਾ ਵਿਖੇ ਮਾਤਾ ਦਲਜੀਤ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਆਪਣੀ ਪਲੱਸ ਟੂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਥਰੀਕੇ ਤੋਂ ਕੀਤੀ ਅਤੇ ਬੀ ਏ ਖਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼ ਲੁਧਿਆਣਾ ਤੋਂ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਹੀ ਉਸਨੂੰ ਸਭਿਆਚਾਰਕ ਪ੍ਰੋਗਰਾਮਾ ਅਤੇ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਸ਼ੌਕ ਪੈਦਾ ਹੋ ਗਿਆ ਸੀ। ਉਹ ਸਕੂਲ ਦੇ ਹਰ ਸਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਂਦੀ ਅਤੇ ਇਨਾਮ ਜਿੱਤਦੀ ਰਹੀ। ਛੋਟੀ ਉਮਰ ਵਿਚ ਜਦੋਂ ਬੱਚਿਆਂ ਦੇ ਖੇਡਣ ਦਾ ਸਮਾ ਹੁੰਦਾ ਹੈ ਤਾਂ ਉਹ ਆਪਣੇ ਵਲਵਲੇ ਕੰਧਾਂ ਅਤੇ ਜ਼ਮੀਨ ਉਪਰ ਲਿਖਦੀ ਰਹਿੰਦੀ ਸੀ। ਅਸਲ ਵਿਚ ਉਸਦੇ ਅਚੇਤ ਮਨ ਵਿਚ ਉਦੋਂ ਕਵਿਤਾਵਾਂ ਪਣਪ ਰਹੀਆਂ ਸਨ। ਜਦੋਂ ਉਹ ਖਾਲਸਾ ਕਾਲਜ ਲੁਧਿਆਣਾ ਵਿਚ ਦਾਖ਼ਲ ਹੋਈ ਤਾਂ ਉਸਦਾ ਹੌਸਲਾ ਥੋੜ੍ਹਾ ਵੱਧ ਗਿਆ। ਉਸਨੇ ਦੁਬਾਰਾ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਉਹ ਪਰਿਵਾਰ ਅਤੇ ਸਮਾਜ ਦੇ ਡਰ ਕਰਕੇ ਕਵਿਤਾਵਾਂ ਪਾੜ ਦਿੰਦੀ ਸੀ। ਕਵਿਤਾਵਾਂ ਲਿਖਣ ਨਾਲ ਉਸਨੂੰ ਸਕੂਨ ਮਿਲਦਾ ਸੀ ਅਤੇ ਉਸਦਾ ਮਨ ਹੌਲਾ ਹੋ ਜਾਂਦਾ ਸੀ। ਉਹ ਮਹਿਸੂਸ ਕਰਨ ਲੱਗੀ ਕਿ ਹੁਣ ਮੈਂ ਕੁਝ ਪ੍ਰਾਪਤ ਕਰ ਲਿਆ ਪ੍ਰੰਤੂ ਉਸਦੇ ਕੋਲ ਕੋਈ ਰਿਕਾਰਡ ਨਹੀਂ ਸੀ। ਸਿਰਫ ਮਾਨਸਿਕ ਤਸੱਲੀ ਸੀ। ਅਲ੍ਹੜ੍ਹ ਉਮਰ ਵਿਚ ਉਸਦੇ ਮਨ ਨੂੰ ਫੋਕੀ ਤਸੱਲੀ ਮਿਲਦੀ ਰਹੀ।
ਕਾਲਜ ਵਿਚ ਪੜ੍ਹਦਿਆਂ ਹੀ ਉਸਨੂੰ ਸਾਕਾਰਾਤਮਕ ਸੰਗੀਤ ਸੁਣਨ ਦਾ ਚਸਕਾ ਲੱਗ ਗਿਆ। ਉਹ ਧਾਰਮਿਕ, ਸੂਫੀ ਅਤੇ ਸਭਿਆਚਾਰਕ ਸੰਗੀਤ ਨੂੰ ਹਮੇਸ਼ਾ ਸੁਣਨ ਦੀ ਕੋਸ਼ਿਸ ਵਿਚ ਰਹਿੰਦੀ। ਇਸਦੇ ਨਾਲ ਹੀ ਉਹ ਗੁਣਗੁਣਾਉਂਦੀ ਵੀ ਰਹਿੰਦੀ ਸੀ। ਉਸਦੇ ਮਨ ਵਿਚ ਕੁਝ ਸਾਹਿਤਕ ਕੰਮ ਕਰਨ ਦੀ ਚੇਸ਼ਟਾ ਪੈਦਾ ਹੋ ਗਈ ਪ੍ਰੰਤੂ ਉਸਨੂੰ ਕੋਈ ਸਾਰਥਿਕ ਸੇਧ ਨਹੀਂ ਮਿਲ ਰਹੀ ਸੀ। ਫਿਰ ਉਸਨੇ ਫੈਸਲਾ ਕਰ ਲਿਆ ਕਿ ਉਹ ਹਰ ਹਾਲਤ ਵਿਚ ਇਕੱਲਿਆਂ ਹੀ ਦ੍ਰਿੜ੍ਹਤਾ ਅਤੇ ਲਗਨ ਨਾਲ ਚਲਦੀ ਹੋਈ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰੇਗੀ ਕਿਉਂਕਿ ਉਹ ਅਜਿਹਾ ਸੰਗੀਤ ਸੁਣਦੀ ਰਹਿੰਦੀ ਸੀ ਕਿ ”ਚਲ ਅਕੇਲਾ ਚਲ ਅਕੇਲਾ ਤੇਰਾ ਮੇਲਾ ਪੀਛੇ ਛੂਟਾ ਰਾਹੀ ਚਲ ਅਕੇਲਾ ਚਲ”। ਚੰਚਲ ਮਨ ਹਮੇਸ਼ਾ ਆਪਣੇ ਆਪਨੂੰ ਅਪੂਰਨ ਸਮਝਦਾ ਰਿਹਾ। ਅਜਿਹੇ ਹਾਲਾਤ ਵਿਚ 21 ਸਾਲ ਦੀ ਉਮਰ ਵਿਚ ਹੀ ਉਸਦਾ ਵਿਆਹ ਇੰਜਿਨੀਅਰ ਸਤਵੀਰ ਸਿੰਘ ਨਾਲ ਮੋਹਾਲੀ ਵਿਖੇ ਹੋ ਗਿਆ। ਘਰੇਲੂ ਪਰਿਵਾਰਕ ਜ਼ਿੰਦਗੀ ਵਿਚ ਵਿਚਰਦਿਆਂ ਉਸਦੇ ਘਰ ਦੋ ਲੜਕਿਆਂ ਮਨਵੀਰ ਸਿੰਘ ਅਤੇ ਜਸਕੀਰਤ ਸਿੰਘ ਨੇ ਜਨਮ ਲਿਆ ਅਤੇ ਕਈ ਖੱਟੇ ਮਿੱਠੇ ਤਜ਼ਰਬੇ ਵੀ ਹੋਏ ਜਿਵੇਂ ਆਮ ਤੌਰ ਤੇ ਵਿਆਹੁਤਾ ਜ਼ਿੰਦਗੀ ਵਿਚ ਹੁੰਦੇ ਹਨ। ਇਸ ਸਮੇਂ ਦੌਰਾਨ ਹੀ ਉਸਨੇ ਕਵਿਤਾਵਾਂ ਨੂੰ ਕਾਗਜ਼ ਦੀ ਕੈਨਵਸ ਤੇ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਆਪਣਾ ਸਾਹਿਤਕ ਨਾਮ ਜੋਤ ਕੌਰ ਰੱਖ ਲਿਆ। ਜਾਣੀ ਕਿ ਵਿਆਹੁਤਾ ਜੀਵਨ ਉਸ ਲਈ ਵਰਦਾਨ ਸਾਬਤ ਹੋਇਆ ਕਿਉਂਕਿ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਦੇ ਨੇੜੇ ਪਹੁੰਚ ਗਈ ਮਹਿਸੂਸ ਕਰਨ ਲੱਗ ਪਈ ਸੀ।
ਉਸਦਾ ਪਤੀ ਇੰਜਿਨੀਅਰ ਹੈ ਪ੍ਰੰਤੂ ਉਸਨੇ ਪ੍ਰਭਜੋਤ ਕੌਰ ਨੂੰ ਕਵਿਤਾ ਲਿਖਣ ਲਈ ਉਤਸ਼ਾਹਤ ਕੀਤਾ। ਉਸਦੀਆਂ ਕਵਿਤਾਵਾਂ ਦੇਸ ਦੇ ਹਿੰਦੀ ਦੇ ਪ੍ਰਮੁੱਖ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਦੇ ਸਾਹਿਤਕ ਪੰਨਿਆਂ ਵਿਚ ਪ੍ਰਕਾਸ਼ਤ ਹੋਣ ਲੱਗ ਪਈਆਂ, ਜਿਸ ਤੋਂ ਉਸਨੂੰ ਹੌਸਲਾ ਮਿਲਿਆ। ਕਈ ਸਾਹਿਤਕ ਕਵਿਤਾ ਮੁਕਾਬਲਿਆਂ ਵਿਚ ਆਪਨੇ ਇਨਾਮ ਵੀ ਜਿੱਤੇ ਜਿਵੇਂ ਜਨ ਭਾਸ਼ਾ ਡਾਟ ਕਾਮ ਦੇ ਮੁਕਾਬਲਿਆਂ ਵਿਚ ਤੀਜੇ ਸਥਾਨ ਤੇ ਆਈ। ਨਾਗਪੁਰ ਦੇ ਦੈਨਿਕ ਸਵੇਰਾ, ਦੈਨਿਕ ਵਰਤਮਾਨ ਅਤੇ ਭੁਪਾਲ ਦੇ ਸਹਿਤਯ ਅਰਪਨ ਏਕ ਪਹਿਲ ਮੈਗਜ਼ੀਨ ਤੇ ਅਖਬਾਰ ਆਦਿ ਵਰਨਣਯੋਗ ਹਨ। । 2009 ਵਿਚ ਉਸਨੂੰ ਇਕ ਨਾਮੁਰਾਦ ਬਿਮਾਰੀ ਨੇ ਆਪਣੀ ਜਕੜ ਵਿਚ ਲੈ ਲਿਆ ਪ੍ਰੰਤੂ ਪ੍ਰਭਜੋਤ ਕੌਰ ਨੇ ਹੌਸਲਾ ਨਹੀਂ ਛੱਡਿਆ, ਭਾਵੇਂ ਬਿਮਾਰੀ ਦੀ ਹਾਲਤ ਵਿਚ ਸਰੀਰਕ ਦਰਦ ਦੇ ਇਲਾਵਾ ਮਾਨਸਿਕ ਦਬਾਓ ਵੀ ਰਿਹਾ। ਬਿਮਾਰੀ ਦੀ ਹਾਲਤ ਵਿਚ ਕਵਿਤਾਵਾਂ ਉਸਦਾ ਸਾਥੀ ਬਣਕੇ ਵਿਚਰਦੀਆਂ ਰਹੀਆਂ। ਜੇ ਇਹ ਕਹਿ ਲਓ ਕਿ ਕਵਿਤਾਵਾਂ ਨੇ ਦਰਦ ਨਿਵਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਤਾਂ ਇਸ ਵਿਚ ਕੋਈ ਅਤਕਥਨੀ ਨਹੀਂ। ਬਿਮਾਰੀ ਦੇ ਦਰਦਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਲਿਖੀਆਂ। ਉਸ ਦੀਆਂ ਕਵਿਤਾਵਾਂ ਤੋਂ ਇਹ ਪ੍ਰੇਰਨਾ ਮਿਲਦੀ ਹੈ ਕਿ ਜ਼ਿੰਦਗੀ ਦੀਆਂ ਚੁਣੌਤੀਆਂ ਅੱਗੇ ਹਥਿਆਰ ਨਹੀਂ ਛੱਡਣੇ ਚਾਹੀਦੇ ਸਗੋਂ ਉਨ੍ਹਾਂ ਨਾਲ ਦੋ ਹੱਥ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਫਿਰ ਉਸਦੀ ਇਕ ਸਾਂਝੀ ਪੁਸਤਕ ”ਅਲਫ਼ਾਜ ਏ ਅਹਿਸਾਸ” ਹਿੰਦੀ ਵਿਚ ਪ੍ਰਕਾਸ਼ਤ ਹੋਈ ਜਿਸਨੇ ਉਸ ਲਈ ਆਕਸੀਜਨ ਦਾ ਕੰਮ ਕੀਤਾ। ਉਸ ਦੀਆਂ ਹਿੰਦੀ ਦੀਆਂ ਕੁਝ ਕਵਿਤਾਵਾਂ ਇਸ ਪ੍ਰਕਾਰ ਹਨ ਜਿਹੜੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।
ਲਗੀ ਹੋ ਆਗ ਹਵੇਲੀ ਮੇਂ ਆਪਨੀ, ਪਹਿਲੇ ਕਿਸੀ ਕੀ ਝੋਂਪੜੀ ਕੋ ਬਚਾਇਆ ਜਾਏ।
ਲਹਿਰੋਂ ਸੇ ਮੁਹੱਬਤ ਹੈ ਸਭੀ ਕੋ ਕਭੀ, ਸਮੁੰਦਰ ਕੇ ਦਰਦ ਕੋ ਭੀ ਸਮਝਾ ਜਾਏ।
ਬਾਰਿਸ਼ ਕਾ ਲੁਤਫ ਤੋ ਸਭੀ ਉਠਾਤੇ ਹੈਂ, ਅਬ ਬਾਰਿਸ਼ ਮੇਂ ਕਿਸੀ ਕੇ ਆਂਸੂਅੋਂ ਕੋ ਪੋਂਛਾ ਜਾਏ।
ਖ਼ੁਸ਼ੀ ਕੇ ਪਲ ਤੋ ਬਹੁਤ ਪਿਆਰੇ ਹੈਂ ਲੇਕਿਨ ਦਰਦ ਕੇ ਪਲੋਂ ਕਾ ਭੀ ਜਸ਼ਨ ਮਨਾਯਾ ਜਾਏ।
ਪਿਆਰ ਔਰ ਪੱਥਰ ਸਿਰਲੇਖ ਵਾਲੀ ਕਵਿਤਾ ਵਿਚ ਕਵਿਤਰੀ ਲਿਖਦੀ ਹੈ-

ਨਹੀਂ ਬਨਨਾ ਮੁਝੇ ਫੂਲ ਜ਼ਿੰਦਗੀ ਮੇਂ ਤੇਰੀ, ਜੋ ਖਿਲੇਗਾ ਮਹਿਕਾਏਗਾ ਤੁਝੇ।
ਪਰ ਕੁਛ ਪਲ ਮੇਂ ਟੂਟ ਕਰ ਬਿਖ਼ਰ ਜਾਏਗਾ, ਸਾਰੀ ਉਮਰ ਆਕਰ ਯਾਦ ਤੁਝੇ ਤੜਪਾਏਗਾ।
ਮੁਝੇ ਤੋ ਬਨਨਾ ਹੈ ਪੱਥਰ ਜ਼ਿੰਦਗੀ ਮੇਂ ਤੇਰੀ, ਹਰ ਮੁਸ਼ਕਲ ਸੇ ਟਕਰਾ ਕਰ ਭੀ ਜੋ ਸਾਥ ਤੇਰਾ ਨਿਭਾਏਗਾ।
ਪੰਜਾਬੀ ਦੀਆਂ ਕਵਿਤਾਵਾਂ ਦੀ ਵੰਨਗੀ ਦੇ ਰਿਹਾ ਹਾਂ ਜਿਨ੍ਹਾਂ ਵਿਚ ਸਮਾਜਿਕ ਸਰੋਕਾਰ, ਰੁਮਾਂਸਵਾਦ ਅਤੇ ਬਿਰਹਾ ਭਾਰੂ ਹਨ-
ਰੱਬਾ ਵੇਖ ਹਾਲ ਮੇਰਾ ਕਿਤਨਾ ਮਜ਼ਬੂਰ ਹਾਂ ਮੈਂ, ਤੇਰੀ ਦੁਨੀਆਂ ਵਿਚ ਅਮੀਰ ਨਹੀਂ ਮਜ਼ਦੂਰ ਹਾਂ ਮੈਂ
ਬਣਾ ਦਿੱਤੀਆਂ ਪੱਕੀਆਂ ਉਚੀਆਂ ਇਮਾਰਤਾਂ ਮੈਂ, ਪਰ ਆਪਣਾ ਘਰ ਕੱਚਾ ਵੀ ਨਾ ਬਣਾ ਸਕਿਆ ਮੈਂ।
ਸਾਰੀ ਦੁਨੀਆਂ ਲਈ ਸੀ ਬੀਜਿਆ ਅਨਾਜ ਮੈਂ, ਖੂਦ ਲਈ ਮੁੱਠੀ ਭਰ ਅਨਾਜ ਮੈਂ ਕਮਾ ਨਾ ਸਕਿਆ ਮੈਂ।
ਹੋਇਆ ਸੀ ਮਿੱਟੀ ਨਾਲ ਮਿੱਟੀ ਜਿਨ੍ਹਾਂ ਲਈ, ਉਨ੍ਹਾਂ ਦੇ ਦਿਲਾਂ ਵਿਚ ਰਹਿਮ ਉਗਾ ਨਾ ਸਕਿਆ ਮੈਂ।
ਸੁਣੋ ਅਮੀਰੋ, ਮੇਰੇ ਅਹਿਸਾਨਾ ਦਾ ਬਦਲਾ ਇੰਝ ਚੁਕਾ ਦਿਓ, ਮੈਨੂੰ ਆਖਰੀ ਸਾਹ ਮੇਰੀ ਮਾਂ ਦੀ ਗੋਦ ‘ਚ ਲੈ ਲੈਣ ਦਿਓ
ਜੀਣਾ ਤਾਂ ਅਜੇ ਮੈਂ ਵੀ ਚਾਹੁੰਦਾ ਹਾਂ ਪਰ, ਅੱਜ ਹਾਲਾਤ ਦੇ ਹੱਥੋਂ ਮਜ਼ਬੂਰ ਹਾਂ ਮੈਂ।
ਏਸ ਰੋਟੀ ਲਈ ਆਇਆ ਸੀ ਮੈਂ ਸ਼ਹਿਰ, ਮਜ਼ਬੂਰ ਹਾਂ ਹਾਲਾਤਾਂ ਤੋਂ ਕਿਵੇਂ ਤਹਿ ਕਰਾਂਗਾ ਪੈਂਡਾ।
ਦੋ ਬੁਰਕੀਆਂ ਦੇ ਕੇ ਫੋਟੋਆਂ ਖਿੱਚੀ ਜਾਂਦੇ ਨੇ, ਕਰਾਂ ਜੇ ਮਨ੍ਹਾਂ ਤੇ ਕਹਿੰਦੇ ਗ਼ਰੀਬ ਏ ਪਰ ਮਗਰੂਰ ਹਾਂ ਮੈਂ।
ਤੂੰ ਇੱਕ ਵਾਰੀ ਆ ਕੇ ਵੇਖ ਰੱਬਾ, ਕਿਤਨਾ ਮਜ਼ਬੂਰ ਹਾਂ ਮੈਂ, ਤੇਰੀ ਦੁਨੀਆਂ ‘ਚ ਅਮੀਰ ਨਹੀਂ ਮਜ਼ਦੂਰ ਹਾਂ ਮੈ।


ਖੁਲ੍ਹੀਆਂ ਅੱਖਾਂ ਦੇ ਸੁਪਨਿਆਂ ‘ਚ ਹੀ ਤੈਨੂੰ ਮਹਿਸੂਸ ਕਰ ਲੈਨੇ ਆਂ।
ਮੇਜ ਤੇ ਰੱਖ ਦੋ ਕੱਪ ਕੌਫੀ ਦੇ ਤੈਨੂੰ ਇਜ਼ਹਾਰ ਏ ਮੁਹੱਬਤ ਕਰ ਲੈਨੇ ਆਂ।
ਤੇਰੇ ਵੱਲੋਂ ਖੁਦ ਨੂੰ ਇਕਰਾਰ-ਏ ਮੁਹੱਬਤ ਕਰ ਲੈਨੇ ਆਂ।
ਚੀਨੀ ਤੇਰੀ ਪਸੰਦ ਦੀ ਤੇ ਮਿਠਾਸ ਮੇਰੇ ਇਸ਼ਕ ਦੀ ਹੁੰਦੀ ਏ।
ਕੌਫੀ ਦੇ ਬਹਾਨੇ ਦਿਲ ਨੂੰ ਬਹਿਲਾ ਲੈਨੇ ਆਂ।
ਦੂਰ ਰਹਿ ਕੇ ਵੀ ਤੈਥੋਂ ਤੈਨੂੰ ਆਪਣੇ ਬਹੁਤ ਕਰੀਬ ਪਾ ਲੈਨੇ ਆਂ।
ਬਸ ਏਦਾਂ ਹੀ ਅਸੀਂ ਇਸ਼ਕ ਵਫਾ ਨਿਭਾ ਲੈਂਦੇ ਆਂ
ਭਰੋਸਾ ਰੱਖ ਬਸ ਆਪਣੇ ਤੇ ਜ਼ਮਾਨਾ ਤਾਂ ਅੱਖਾਂ ਵਿਚ ਘੱਟਾ ਪਾ ਜਾਂਦਾ ਹੈ।
ਮੁਸ਼ਕਿਲ ਨਹੀਂ ਕੋਈ ਵੀ ਰਸਤਾ ਰਾਹ ਦਾ ਪੱਥਰ ਵੀ ਦੀਵਾ ਬਣ ਜਾਂਦਾ ਹੈ।
ਇਸ਼ਕ ਕਰ ਲੈ ਖੁਦ ਨਾਲ ਹੈ ਇਹ ਉਹ ਮਾਹੀ ਜੋ ਹਮਦਮ ਰਹਿ ਜਾਂਦਾ ਹੈ।
ਬਣਾ ਕਲਮ ਤੇ ਕਾਗਜ਼ ਨਾਲ ਰੂਹ ਦਾ ਰਿਸ਼ਤਾ ਇਹ ਰਿਸ਼ਤਾ ਹੀ ਇਸ਼ਕ ਹਕੀਕੀ ਬਣ ਜਾਂਦਾ ਹੈ।

ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ, ਲਗਨ, ਮਿਹਨਤ, ਦਿਆਨਤਦਾਰੀ ਅਤੇ ਆਪਣੇ ਨਿਸ਼ਾਨੇ ਪ੍ਰਤੀ ਬਚਨਵੱਧਤਾ ਹੋਵੇ ਤਾਂ ਸਫਲਤਾ ਪ੍ਰਾਪਤ ਕਰਨ ਦੇ ਰਾਹ ਵਿਚ ਕੋਈ ਰੋੜਾ ਅਟਕ ਨਹੀਂ ਸਕਦਾ। ਪ੍ਰਭਜੋਤ ਕੌਰ ਦਾ ਪੈਂਡਾ ਮੁਸ਼ਕਲ, ਉਭੜ ਖੂਬੜਾ ਅਤੇ ਕੰਡਿਆਲਾ ਸੀ ਪ੍ਰੰਤੂ ਉਸਦੀ ਪ੍ਰਤੀਬੱਧਤਾ ਨੇ ਸਫਲਤਾ ਪ੍ਰਾਪਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਆਸ ਕੀਤੀ ਜਾ ਸਕਦੀ ਹੈ ਕਿ ਉਭਰਦੀ ਕਵਿਤਰੀ ਪ੍ਰਭਜੋਤ ਕੌਰ ਹੋਰ ਬੁਲੰਦੀਆਂ ਤੇ ਪਹੁੰਚੇਗੀ।

Install Punjabi Akhbar App

Install
×