ਸਿੱਧੂ ਮੂਸੇਵਾਲੇ ਦੇ ਸੈਕੰਡ ਲਾਸਟ ਗੀਤ ‘The Last Ride’ ਮਾਰਫ਼ਤ ਤੁਪਾਕ ਸ਼ਕੂਰ ਬਾਰੇ ਚਰਚਾ

ਸਿੱਧੂ ਦੇ ਮਰਨ ਤੋਂ ਦੋ ਕੁ ਹਫ਼ਤੇ ਪਹਿਲਾਂ ‘The Last Ride’ ਗੀਤ ਆਇਆ,ਜਿਸਦੇ ਟਾਈਟਲ ਪੋਸਟਰ’ਚ ਕਰਾਈਮ ਸੀਨ’ਚ ਇੱਕ ਕਾਰ ਦੀ ਫੋਟੋ ਦਿਖਾਈ ਦਿੰਦੀ ਹੈ।ਅਸਲ’ਚ ਇਹ ਕਾਰ BMW 750Li ਹੈ,ਜਿਸ’ਚ ਤੁਪਾਕ ਨੇ 7 ਸਤੰਬਰ 1996 ਦੀ ਰਾਤ ਆਪਣੀ ‘ਆਖ਼ਰੀ ਸਵਾਰੀ'(The Last Ride)ਕੀਤੀ।

ਤੁਪਾਕ ਲਾਸ ਵੇਗਸ’ਚ ਮਾਈਕ ਟਾਇਸਨ ਤੇ ਬਰੂਸ ਸ਼ੈਲਡਨ ਦੀ ਇਤਿਹਾਸਕ ਫਾਈਟ ਦੇਖ ਕੇ ਆਪਣੇ ਦੋਸਤਾਂ ਨਾਲ ਵਾਪਸ ਆ ਰਿਹਾ ਸੀ ਤੇ ਰਾਤ ਸਵਾ 11 ਦੇ ਕਰੀਬ ਫਲੇਮਿਗੋ ਰੋਡ’ਤੇ ਜਿਉਂ ਹੀ ਲਾਲ ਬੱਤੀ ਕਰਕੇ ਉਸਦੀ ਕਾਰ ਰੁਕੀ ਤਾਂ ਉਸਨੂੰ ਗਲੌਕ ਚੋਂ ਨਿਕਲੀਆਂ .40 ਕੈਲੀਬਰ ਦੀਆਂ ਚਾਰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।ਦੋ ਗੋਲੀਆਂ ਉਸਦੀ ਛਾਤੀ’ਚ,ਇੱਕ ਬਾਂਹ’ਤੇ ਅਤੇ ਇੱਕ ਪੱਟ’ਤੇ ਲੱਗੀਆਂ।6 ਦਿਨ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਉਹ 13 ਸਤੰਬਰ ਨੂੰ ਜਹਾਨੋਂ ਰੁਖਸਤ ਹੋ ਗਿਆ।

1971’ਚ ਜੰਮਿਆ ਤੇ 25 ਸਾਲ ਦੀ ਉਮਰ’ਚ ਜ਼ੋਬਨ ਰੁੱਤੇ ਜਾਣ ਵਾਲਾ ਤੁਪਾਕ ਦੁਨੀਆ ਦੇ ਸਭ ਤੋਂ ਮਹਾਨ ਰੈਪਰਾਂ ਚੋਂ ਇੱਕ ਸੀ।ਉਸਦਾ ਜਨਮ ਨਿਊਯਾਰਕ ਸ਼ਹਿਰ’ਚ ਬਹੁਤ ਗਰੀਬੀ’ਚ ਹੋਇਆ ਤੇ ਉਸਦੇ ਮਾਪੇ ਬਲੈਕ ਪੈਂਥਰਜ਼ ਪਾਰਟੀ ਦੇ ਮੈਂਬਰ ਸਨ,ਜੋ ਪੁਲਿਸ ਜ਼ਿਆਦਤੀਆਂ ਖਿਲਾਫ਼ ਕਾਲੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਸੀ।ਉਹਨਾਂ ਨੂੰ ਇਸ ਸੰਘਰਸ਼ ਕਰਕੇ ਬਹੁਤ ਵਾਰ ਜ਼ੇਲ੍ਹ ਜਾਣਾ ਪਿਆ ਤੇ ਉਹਨਾਂ’ਤੇ ਦਰਜ਼ਨਾਂ ਕੇਸ ਸਨ।

ਟੁਪੈਕ(ਉਸਦਾ ਬਦਲਵਾਂ ਸਟੇਜੀ ਨਾਮ)ਨੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਖਿਲਾਫ਼ ਬਹੁਤ ਨਿਡਰ ਹੋ ਕੇ ਰੈਪ ਕੀਤਾ ਤੇ ਉਹ ਲੋਕਾਂ’ਚ ਇੰਨਾ ਹਰਮਨ-ਪਿਆਰਾ ਹੋ ਗਿਆ ਕਿ ਉਸਦੇ ਸਮਕਾਲੀਨ ਰੈਪਰ ਬੈਕਫੁੱਟ’ਤੇ ਆਉਣ ਲੱਗੇ।ਇਸ ਕਰਕੇ ਉਸਦੀ ਉਹਨਾਂ ਨਾਲ ਜ਼ਿੱਦ ਬੈਂਸ ਵੀ ਵਧੀ ਤੇ ਗੈਂਗਵਾਰਾਂ’ਚ ਵੀ ਉਸਦਾ ਨਾਮ ਆਉਣ ਲੱਗਾ।2Pac ਦੇ ਗੀਤਾਂ’ਚ ਹਥਿਆਰਾਂ ਤੇ ਹਿੰਸਾ ਦੀ ਗੱਲ ਵੀ ਹੁੰਦੀ ਸੀ ਤੇ ਉਹ ਗਲਤ ਨੂੰ ਗਲਤ ਕਹਿ ਕੇ ਬਹੁਤ ਕਰਾਰੀਆਂ ਤੇ ਤਿੱਖੀਆਂ ਚੋਟਾਂ ਵੀ ਕਰਦਾ ਸੀ।

ਤੁਪਾਕ ਨੇ Ghetto Life(ਗੇਟੋ ਲਾਈਫ ਮਤਲਬ ਗੁਰਬਤ ਭਰੀ ਜ਼ਿੰਦਗੀ) ਬਾਰੇ ਬਹੁਤ ਗਾਣੇ ਗਾਏ ਤੇ ਬਹੁਤ ਥੱਲਿਓ ਉੱਠ ਕੇ Hip-Hop ਦਾ ਬੇਤਾਜ਼ ਬਾਦਸ਼ਾਹ ਬਣਿਆ।ਉਹਨਾਂ ਦਿਨਾਂ’ਚ ਹੀ ਬਿਗੀ ਸਮਾਲਸ ਜੋ (Notorious B.I.G.ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ )ਬਹੁਤ ਮਸ਼ਹੂਰ ਰੈਪਰ ਸੀ।ਪਹਿਲਾਂ ਤੁਪਾਕ ਤੇ ਬਿਗੀ ਦੋਸਤ ਰਹੇ ਪਰ ਬਾਅਦ’ਚ ਉਹਨਾਂ ਦੀ ਵਿਗੜ ਗਈ।ਇਸਦਾ ਧੁਰਾ East Coast ਤੇ West Coast ਦੇ ਰੈਪਰਾਂ ਦੀ rivalary(ਅੜਫਸ)ਬਣੀ।Hip-Hop Culture ਤੇ ਰੈਪ ਮਿਊਜ਼ਕ ਦਾ ਜਨਮ ਈਸਟ ਕੋਸਟ’ਚ ਹੋਇਆ ਅਤੇ ਬਿਗੀ ਤੇ ਪਫ਼ ਡੈਡੀ ਵਰਗੇ ਰੈਪਰ ਇਸਦੇ ਸਭ ਤੋਂ ਵੱਡੇ ਝੰਡਾਬਰਦਾਰ ਸਨ,ਜਦਕਿ ਵੈਸਟ ਕੋਸਟ ਧੜੇ ਦੀ ਪ੍ਰਤੀਨਿਧਤਾ 2Pac ਤੇ Suge Knight ਕਰਦੇ ਸਨ।

90ਵੇਂ ਦੇ ਦਹਾਕੇ ਦੀ ਇਹ ਈਸਟ-ਵੈਸਟ ਕੋਸਟ ਜ਼ਿੱਦ-ਬੈਂਸ ਇਕੱਲੇ ਗੀਤਾਂ’ਚ ਧਮਕੀਆਂ ਵਾਲੀ ਹੀ ਨਹੀਂ ਸੀ ਸਗੋਂ ਉਹ ਇੱਕ ਦੂਜੇ’ਤੇ ਅਸਲ ਜ਼ਿੰਦਗੀ’ਚ ਵੀ ਗੋਲੀਆਂ ਚਲਾ ਦਿੰਦੇ ਸਨ।ਟੁਪੈਕ ਦੇ ਇੱਕ ਹਮਲੇ’ਚ ਪੰਜ ਗੋਲੀਆਂ ਵੱਜੀਆਂ ਸਨ ਤੇ ਉਸਨੇ ਠੀਕ ਹੋਣ’ਤੇ ‘hit em up’ ਰੈਪ’ਚ ‘five shots could not drop me’ ਕਹਿ ਕੇ ਦੁਸ਼ਮਣਾਂ ਨੂੰ ਲਲਕਾਰਿਆ ਸੀ।ਬਾਅਦ’ ਚ ਦੂਜੀ ਵਾਰ ਹੋਏ ਹਮਲੇ’ਚ ਤਾਂ ਉਹ ਮਾਰਿਆ ਹੀ ਗਿਆ।

ਸ਼ਕੂਰ ਦੇ ਕਈ ਗੀਤ ਸਮਾਜ ਦੀ ਨਸਲਵਾਦੀ ਹਕੀਕਤ ਨੂੰ ਦਰਸਾਉਂਦੇ ਹਨ, ਜਿਨ੍ਹਾਂ ਨੇ ਅਫਰੀਕੀ ਮੂਲ ਦੇ ਅਮਰੀਕੀ ਨੌਜਵਾਨਾਂ ਨੂੰ ਇਸਦੇ ਖਿਲਾਫ਼ ਕੁੱਦਣ ਲਈ ਮਜਬੂਰ ਕੀਤਾ।ਉਸਨੂੰ ਸਰੀਰਕ ਸ਼ੋਸ਼ਣ ਦੇ ਕਥਿਤ ਦੋਸ਼ਾਂ ਹੇਠ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਆਪਣੀ ਮੌਤ ਤੋਂ ਡੇਢ ਕੁ ਸਾਲ ਪਹਿਲਾਂ ਹੀ ਉਹ ਰਿਹਾਅ ਹੋ ਕੇ ਆਇਆ ਸੀ।

ਉਹ ਮਸ਼ਹੂਰ ਅਮਰੀਕੀ ਗਾਇਕਾ ਅਤੇ ਅਦਾਕਾਰਾ ਮੈਡੋਨਾ ਨਾਲ ਵੀ ਰਿਲੇਸ਼ਨ’ਚ ਰਿਹਾ।

ਤੁਪਾਕ ਦੀ ਆਖ਼ਰੀ ਮਿਊਜ਼ਿਕ ਐਲਬਮ ‘All Eyes on Me’ ਉਸ ਦੀ ਮੌਤ ਦੇ ਸਾਲ,1996 ਵਿੱਚ ਹੀ ਰਿਲੀਜ਼ ਹੋਈ ਸੀ, ਜੋ ਕਿ ਅਮਰੀਕਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਸੀ।

ਸ਼ੁਭਦੀਪ ਜਵਾਨੀ’ਚ ਪੈਰ ਧਰਨ ਤੋਂ ਲੈ ਕੇ ਹੀ ਟੁਪੈਕ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਤੇ ਇਹ ਗੱਲ ਉਸਦੇ Guru Nanak Engineering College Ludhiana ਦੇ ਬੀ.ਟੈੱਕ ਦੇ ਜਮਾਤੀਆਂ ਨੇ ਵੀ ਮੰਨੀ ਹੈ।

ਜਿਵੇਂ ਦਾ ਲਾਸਟ ਰਾਈਡ’ਚ ਮੂਸੇ ਵਾਲੇ ਨੇ ਮਰਨ ਤੋਂ ਸਿਰਫ਼ 15 ਦਿਨ ਪਹਿਲਾਂ ”ਹੋ ਚੋਬਰ ਦੇ ਚਿਹਰੇ’ਤੇ ਨੂਰ ਦਸਦਾ,ਨੀ ਇਹਦਾ ਉੱਠੂਗਾ ਜਵਾਨੀ’ਚ ਜਨਾਜ਼ਾ ਮਿੱਠੀਏ’ ਗਾ ਕੇ Death Wish ਦੇ ਸੰਕੇਤ ਦਿੱਤੇ ਸਨ,ਬਿਲਕੁਲ ਉਸੇ ਤਰ੍ਹਾਂ ਤੁਪਾਕ ਦੇ ਅਖੀਰਲੇ ਗੀਤ ‘I Ain’t mad at Cha’ ਚ ਇੱਕ ਝਗੜੇ ਬਾਅਦ ਉਸਨੂੰ ਗੋਲੀ ਮਾਰਦੇ ਦਿਖਾਇਆ ਗਿਆ ਸੀ।ਇਹ ਗੀਤ ਉਸਦੀ ਮੌਤ ਤੋਂ ਦੋ ਦਿਨ ਬਾਅਦ ਰਿਲੀਜ਼ ਕੀਤਾ ਗਿਆ ਸੀ।

ਰੈਪ ਦੀ ਦੁਨੀਆ’ਚ 2Pac ਦਾ ਨਾਮ ਆਪਣੀ ਨਾਬਰੀ ਲਈ ਹਮੇਸ਼ਾ ਅਮਰ ਰਹੇਗਾ!

( All eyez on me ਇੱਕ ਸੀਰੀਜ਼ ਹੈ ਜੋ ਨੈਟਫਲਿਕਸ ਤੇ ਉਪਲਬਧ ਹੈ,ਜਿਸ ਚ ਟੁਪਾਕ ਤੇ ਬਿਗੀ ਬਾਰੇ ਕਾਫ਼ੀ ਵਿਸਥਾਰ’ਚ ਹੈ)

-ਜੈਕ ਸਰਾਂ

Install Punjabi Akhbar App

Install
×