
ਨਿਊ ਸਾਊਥ ਵੇਲਜ਼ (ਸਿਡਨੀ) ਦੇ ਇੱਕ ਸਬਅਰਬ ਵੂਲੂਨਮੂਲੂ ਵਿਖੇ ਸਥਿਤ ਵਿਰਾਸਤੀ ‘ਗਨਰੀ’ ਦੇ ਕਾਇਆ-ਕਲਪ ਲਈ ਸਰਕਾਰ ਨੇ 5 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਸਰਕਾਰ ਦਾ ਇਹ ਕਦਮ ਰਾਜ ਵਿਚਲੀਆਂ ਵਿਰਾਸਤੀ ਇਮਾਰਤਾਂ ਦੇ ਰੱਖ-ਰਖਾਉ ਅਤੇ ਮੁਰੰਮਤ ਆਦਿ ਲਈ ਛੇੜੇ ਗਏ ਪ੍ਰਾਜੈਕਟਾਂ ਦਾ ਹਿੱਸਾ ਹੈ ਜਿਸ ਦੇ ਇਵਜ਼ ਵਿੱਚ ਸਰਕਾਰ ਆਪਣੀ ਅਰਥ-ਵਿਵਸਥਾ ਨੂੰ ਮੁੜ ਤੋਂ ਉਸਾਰੂ ਲੀਹਾਂ ਤੇ ਲੈ ਕੇ ਆਉਣਾ ਲੋਚਦੀ ਹੈ। ਉਕਤ ਇਮਾਰਤ ਵਿੱਚ ਵੀ ਹੁਣ ਪ੍ਰਦਰਸ਼ਨੀਆਂ ਆਦਿ ਲਈ ਵਾਧੂ ਥਾਂ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਇਸ ਦੇ ਸਟੂਡੀਓ ਵਿੱਚ ਜ਼ਿਆਦਾ ਕਲਾਕਾਰ ਕੰਮ ਵੀ ਕਰ ਸਕਣਗੇ -ਅਜਿਹੀਆਂ ਸਹੂਲਤਾਂ ਦੇ ਇੰਤਜ਼ਾਮ ਨਵੇਂ ਸਿਰੇ ਤੋਂ ਕੀਤੇ ਜਾਣਗੇ। ਕਲ਼ਾ ਦੇ ਖੇਤਰ ਵਾਲੇ ਵਿਭਾਗ ਦੇ ਮੰਤਰੀ ਡੋਨ ਹਾਰਵਿਨ ਅਨੁਸਾਰ, ਵਿਰਾਸਤੀ ਇਮਾਰਤਾਂ ਕਲ਼ਾ ਅਤੇ ਕਲ਼ਾਕਾਰਾਂ ਵਾਸਤੇ ਇੱਕ ਹੱਬ ਦੀ ਤਰ੍ਹਾਂ ਹੁੰਦੀਆਂ ਹਨ ਜਿਹੜੀਆਂ ਕਿ ਸਿੱਧੀਆਂ ਸਮਾਜਿਕ ਭਾਈਚਾਰਿਆਂ ਨਾਲ ਜਾ ਮਿਲਦੀਆਂ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਨਾਲ ਜਿੱਥੇ ਕਲ਼ਾ ਦੇ ਖੇਤਰ ਵਿੱਚ ਨਿਖਾਰ ਆਵੇਗਾ ਉਥੇ ਇਸ ਤੋਂ ਪ੍ਰੇਰਨਾ ਲੈ ਕੇ, ਆਉਣ ਵਾਲੀਆਂ ਕਈ ਪੀੜ੍ਹੀਆਂ ਸਮਾਜਿਕ ਖੇਤਰ ਵਿੱਚ ਇਸ ਦੀ ਸਾਂਭ ਸੰਭਾਲ ਲਈ ਯੋਗਦਾਨ ਪਾਉਂਦੀਆਂ ਰਹਿਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ‘ਗਨਰੀ’ ਵੂਲੂਨਮੂਲੂ ਦੇ ਲੋਕਾਂ ਵਾਸਤੇ ਇੱਕ ਖਾਸ ਮਹੱਤਵ ਰੱਖਦੀ ਹੈ ਅਤੇ ਇੱਥੋਂ ਦੀਆਂ ਭਾਈਚਾਰਕ ਸਾਂਝਾਂ ਲਈ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਕਿ ਹਰ ਕੋਈ ਆਪਣੀ ਕਲ਼ਾ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਅਤੇ ਵਿਖਿਆਨ ਕਰ ਸਕਦਾ ਹੈ ਅਤੇ ਇਸ ਦੀ ਸਾਂਭ ਸੰਭਾਲ ਅਸਲ ਵਿੱਚ ਸਮਾਜਿਕ ਮਾਨਤਾਵਾਂ, ਕਦਰਾਂ ਕੀਮਤਾਂ, ਸਭਿਆਚਾਰ ਆਦਿ ਦੀ ਵੀ ਸਾਂਭ ਸੰਭਾਲ ਹੈ।
ਆਰਟਸਪੇਸ ਦੇ ਕਾਰਜਕਾਰੀ ਡਾਇਰੈਕਟਰ ਨੇ ਵੀ ਸਰਕਾਰ ਦਾ ਇਸ ਉਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਲਈ ਉਚੇਚੇ ਤੌਰ ਤੇ ਵਧੀਆ ਕੰਮ ਕਰ ਹੀ ਹੈ।