ਆਸਟ੍ਰੇਲੀਆ ਵਿੱਚ ਬਾਹਰੀ ਵੱਸੋਂ ਦਾ ਅਟੈਕ

ਆਸਟ੍ਰੇਲੀਆ ਦੀ ਆਪਣੀ ਮੂਲ ਪਹਿਚਾਣ ਖ਼ਤਮ ਹੋਣ ਕਿਨਾਰੇ
ਡੇਲੀ ਟੈਲੀਗ੍ਰਾਫ ਅਸਟ੍ਰੇਲੀਆ ਵਿੱਚ ਛਪੇ ਐਂਡਰਿਊ ਬੋਲਟ ਦੇ ਆਰਟੀਕਲ “The foreign invasion” ਦਾ ਤਰਜਮਾ

three flags of Australia
ਐਂਡਰਿਊ ਬੋਲਟ ਨੇ ਆਸਟ੍ਰੇਲੀਆ ਵਿੱਚ ਕੀਤੇ ਇੱਕ ਤਾਜ਼ਾ ਸਰਵੇਖਣ ਵਿੱਚ ਪਤਾ ਲਗਇਆ ਹੈ ਕਿ ਸਾਰੇ ਦੇਸ਼ਾਂ ਵਿੱਚੋਂ ਇੱਥੇ ਲੋਕਾਂ ਦੇ ਬਹੁਤਾਤ ਵਿੱਚ ਆਉਣ ਕਾਰਨ ਅਤੇ ਅੰਗ੍ਰੇਜ਼ੀ ਭਾਸ਼ਾ ਦਾ ਇਸਤੇਮਾਲ ਬਹੁਤ ਘੱਟ ਜਾਣ ਕਾਰਨ ਇੱਥੇ ਦਾ ਸਭਿਆਚਾਰ ਮੁਸ਼ਕਿਲਾਂ ਵਿੱਚ ਪੈ ਰਿਹਾ ਹੈ। ਹਾਲੇ ਪਿੱਛਲੇ ਸਾਲ ਹੀ ਆਸਟ੍ਰੇਲੀਆ ਵਿੱਚ 240,000 ਲੋਕ ਨਵੇਂ ਆਏ ਅਤੇ ਇਹ ਲੋਕ ਸਮੁੱਚੇ ਵਿਸ਼ਵ ਵਿੱਚੋਂ ਆਏ ਹਨ ਅਤੇ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਅਤੇ ਸਭਿਆਚਾਰ ਦੇ ਧਾਰਣੀ ਹਨ।
ਬਾਹਰੀ ਲੋਕਾਂ ਦੀ ਵੱਸੋਂ ਇੱਥੇ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਉਦਾਹਰਨ ਦੇ ਤੌਰ ਤੇ 1996 ਵਿੱਚ ਆਸਟ੍ਰੇਲੀਆ ਵਿੱਚ ਚੀਨੀਆਂ ਦੀ ਗਿਣਤੀ ਇੱਥੇ 119,000 ਸੀ ਜੋ ਕਿ ਹੁਣ 526,000 ਹੋ ਚੁਕੀ ਹੈ। ਭਾਰਤੀਆਂ ਦੀ ਗਿਣਤੀ ਇਸੇ ਸਮੇਂ ਦੌਰਾਨ 80,000 ਤੋਂ ਵੱਧ ਕੇ 469,000 ਤੱਕ ਪੰਹੁਚ ਗਈ ਹੈ।
ਲੇਖਕ ਅਤੇ ਸਰਵੇਖਣ ਕਰਤਾ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਦਾ ਹੈ ਕਿ ਉਸਦੇ ਆਪਣੇ ਮਾਪੇ ਵੀ ਬਾਹਰੋਂ ਹੀ ਆਏ ਸਨ ਅਤੇ ਸਾਰੇ ਹੀ ਇਹੀ ਉਮੀਦ ਕਰਦੇ ਸਨ ਕਿ ਉਹ ਇੱਥੋਂ ਦੇ ਸਭਿਆਚਾਰ ਅਤੇ ਬੋਲੀ ਨੂੰ ਅਪਨਾਉਣਗੇ ਅਤੇ ਇਸ ਵਿੱਚ ਇਜ਼ਾਫ਼ਾ ਕਰਨਗੇ ਪਰੰਤੂ ਵੱਖ ਵੱਖ ਬੋਲੀਆਂ ਅਤੇ ਸਭਿਆਚਾਰਾਂ ਵਾਲੇ ਲੋਕਾਂ ਨੇ ਆਪੋ ਆਪਣੇ ਭਾਈ ਚਾਰੇ ਨਾਲ ਸਬੰਧਤ ਕਲੋਨੀਆਂ ਬਣਾ ਲਈਆਂ ਅਤੇ ਆਸਟ੍ਰੇਲੀਆ ਦੀ ਪਹਿਚਾਣ ਨੂੰ ਦਰ ਕਿਨਾਰ ਕਰਦਿਆਂ ਹੋਇਆਂ ‘ਬਸਤੀਵਾਦ’ ਨੂੰ ਜਨਮ ਦੇ ਦਿੱਤਾ। ਆਸਟ੍ਰੇਲੀਆ ਹੁਣ ਬਹੁਤ ਸਭਿਅਕ ਬਸਤੀਵਾਦ ਦੀ ਧਰਤੀ ਵੀ ਕਿਹਾ ਜਾ ਸਕਦਾ ਹੈ।
ਲੇਖਕ ਅਨੁਸਾਰ ਹੁਣ ਸਾਰੇ ਆਪੋ ਆਪਣੀਆਂ ਭਾਸ਼ਾਵਾਂ, ਪਹਿਰਾਵਾ, ਸਭਿਆਚਾਰਾਂ, ਰਹਿਣ ਸਹਿਣ, ਖਾਣ ਪੀਣ ਵਿੱਚ ਹੀ ਸਿਮਟ ਕੇ ਰਹਿ ਗਏ ਹਨ ਅਤੇ ਕਿਉਂਕਿ ਹੁਣ ਉਨਾਂ ਦੇ ਕੰਮ ਧੰਦੇ ਆਪਸ ਵਿੱਚ ਹੀ ਨਿਪਟ ਜਾਂਦੇ ਹਨ ਇਸ ਲਈ ਉਹ ਆਪਣੀ ਭਾਸ਼ਾ ਅਤੇ ਆਪਣੇ ਰਹਿਣੀ ਬਹਿਣੀ ਦੇ ਤੌਰ ਤਰੀਕੇ ਇਸਤੇਮਾਲ ਕਰਦੇ ਹਨ ਅਤੇ ਹਰ ਜਗ੍ਹਾ ਉਪਰ ਆਪਣੀ ਹੀ ਭਾਸ਼ਾ ਦੀ ਵਰਤੋਂ ਵੀ ਕਰਦੇ ਹਨ ਅਤੇ ਕੌਮੀ ਭਾਸ਼ਾ ਦਾ ਨਾਮ ਨਿਸ਼ਾਨ ਗੁੰਮਣਾ ਲਾਜ਼ਮੀ ਹੋ ਰਿਹਾ ਹੈ।
ਚੀਨੀ ਲੋਕਾਂ ਦੀਆਂ ਕਲੋਨੀਆਂ ਜਿਵੇਂ ਕਿ ਮੈਲਬਾਰਨ ਦੀ ਬੋਕਸ ਹਿੱਲ, ਵਿੱਚ ਚੀਨੀਆਂ ਦਾ ਹੀ ਸਭਿਆਚਾਰ, ਵੇਸ਼ ਭੂਸ਼ਾ, ਖਾਣ ਪੀਣ, ਕਾਰ ਵਿਹਾਰ ਦਿਖੇਗਾ। ਸਿਡਨੀ ਦੇ ਲੇਕੰਬਾ ਵਿੱਚ ਬਹੁਤਾਤ ਮੁਸਲਿਮ ਭਾਈਚਾਰੇ ਦੀ ਹੈ ਅਤੇ ਇਨਾਂ ਦੀ ਸੰਖਿਆ ਦਾ 70% ਬਾਹਰੀ ਮੁਲਕਾਂ ਤੋਂ ਹੀ ਹੈ ਅਤੇ ਬਾਕੀ ਇੱਥੇ ਹੀ ਜੰਮੇ ਪਲੇ ਹਨ। ਮੈਲਬਾਰਨ ਦੇ ਸਪਰਿੰਗਵੇਲ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਵਿਅਤਨਾਮ ਦੀ ਭਾਸ਼ਾ ਬੋਲਦਾ ਹੈ ਅਤੇ ਹੋਰਾਂ ਵਿੱਚੋਂ 10% ਚੀਨ ਅਤੇ ਕੰਬੋਡੀਆ ਤੋਂ ਹਨ। ਮੈਲਬਾਰਨ ਦੇ ਫੇਅਰਫੀਲਡ ਵਿੱਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਸਿਡਨੀ ਦੇ ਫਾਈਵ ਡੋਕ ਖੇਤਰ ਵਿੱਚ ਜ਼ਿਆਦਾ ਤਰ ਯੋਰਪ ਦ ਲੋਕ ਹਨ ਅਤੇ ਸੱਤਾਂ ਵਿੱਚੋਂ ਇੱਕ ਇਟਲੀ ਦੀ ਭਾਸ਼ਾ ਦਾ ਆਪਣੇ ਘਰਾਂ ਵਿੱਚ ਇਸਤੇਮਾਲ ਕਰਦਾ ਹੈ। ਮੈਲਬਾਰਨ ਦੇ ਉਤਰੀ ਕੋਲਫੀਲਡ ਵਿੱਚ 41% ਯਹੂਦੀ ਹਨ। ਡੰਡੇਨੋਂਗ ਖੇਤਰ ਹੁਣ ਭਾਰਤੀਆਂ ਦਾ ਖੇਤਰ ਜਾਪਦਾ ਹੈ ਅਤੇ ਇੱਥੇ ਕਰੀਬ 33 ਕਿਸਮ ਦੇ ਭਾਰਤੀ ਕਾਰੋਬਾਰ ਵੀ ਦਿਖਾਈ ਦਿੰਦੇ ਹਨ।
ਭਵਿੱਖ ਵਿੱਚ ਇਹ ਬਸਤੀਵਾਦ ਵੱਧਦਾ ਹੀ ਜਾ ਰਿਹਾ ਹੈ ਅਤੇ ਇਸ ਦਾ ਕੋਈ ਵੀ ਅੰਤ ਦਿਖਾਈ ਨਹੀਂ ਦੇ ਰਿਹਾ। ਬਸਤੀਵਾਦ ਇਸ ਵਾਧੇ ਵਿੱਚ ਇੰਟਰਨੈਟ, ਸ਼ੋਸ਼ਲ ਮੀਡੀਆ, ਸੈਟੇਲਾਈਟ ਟੀ.ਵੀ. ਆਦਿ ਬਹੁਤ ਹੀ ਸਹਾਈ ਹੋ ਰਿਹਾ ਹੈ। ਇੱਥੇ ਇਹ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਕਿ ਅਸੀਂ ਆਪਣਾ ਮੂਲ ਉਦੇਸ਼ ਖੋ ਰਹੇ ਹਾਂ, ਜਾਂ ਖੋ ਹੀ ਚੁਕੇ ਹਾਂ ਅਤੇ ਇਸ ਇਮੀਗ੍ਰੇਸ਼ਨ ਦੀ ਤਕਨੀਕ ਨੇ ਸਾਨੂੰ ਮਜ਼ਬੂਤ ਨਹੀਂ ਸਗੋਂ ਕਮਜ਼ੋਰ ਹੀ ਕੀਤਾ ਹੈ। ਕਿਉਂਕਿ ਇਸ ਨਾਲ ਅਸੀਂ ਇਕੱਠੇ ਤਾਂ ਹੋ ਹੀ ਨਹੀਂ ਰਹੇ ਸਗੋਂ ਬਸਤੀਆਂ ਇਕੱਠੀਆਂ ਹੋ ਰਹੀਆਂ ਹਨ। ਚੀਨੀ ਵਿਅਕਤੀ ਚੀਨੀ ਨਾਲ ਹੀ ਮਿਲ ਰਿਹਾ ਹੈ, ਭਾਰਤੀ ਵਿਅਕਤੀ ਭਾਰਤੀਆਂ ਨਾਲ ਹੀ ਕਾਰ ਵਿਹਾਰ ਕਰ ਰਿਹਾ ਹੈ ਅਤੇ ਇਸੇ ਤਰਾਂ ਹਰ ਇੱਕ ਬਸਤੀ ਵਿੱਚ ਇਹੀ ਕੁੱਝ ਹੋ ਰਿਹਾ ਹੈ। ਅਤੇ ਇਸ ਨੇ ਸਾਨੂੰ ਵੰਡ ਕੇ ਰੱਖ ਦਿੱਤਾ ਹੈ ਅਤੇ ਜਾਂ ਕਹਿ ਲਵੋ ਕਿ ਆਪੋ ਆਪਣੀਆਂ ਭਾਸ਼ਾਵਾਂ ਅਤੇ ਸਭਿਆਚਾਰ ਨਾਲ ਬੰਨ ਕੇ ਰੱਖ ਦਿੱਤਾ ਹੈ।
ਅਸੀਂ ਕਿਵੇਂ ਆਪਣੇ ਆਪ ਨੂੰ ਇੱਕ ਦੇਸ਼ ‘ਆਸਟ੍ਰੇਲੀਆ’ ਦੇ ਨਿਵਾਸੀ ਕਹਿ ਸਕਦੇ ਹਾਂ ਜਦੋਂ ਕਿ ਸਾਡਾ ਕੋਈ ਇੱਕ ਕੌਮੀ ਦਿਵਸ ਜਾਂ ਅਜਿਹਾ ਕੌਮੀ ਝੰਡਾ ਨਹੀਂ ਜਿਸ ਉਪਰ ਅਸੀਂ ਸਾਰੇ ਆਪਣੀਆਂ ਮਾਨਤਾਵਾਂ ਰੱਖ ਸਕੀਏ। ਸਾਡੇ ਕੌਮੀ ਰੇਡੀਓ ਅਤੇ ਟੀ.ਵੀ. ਚੈਨਲ ਨੇ ਵੀ ਆਸਟ੍ਰੇਲੀਆ ਦੇ ਕੌਮੀ ਦਿਹਾੜੇ (26 ਜਨਵਰੀ) ਨੂੰ ਨਕਾਰ ਦਿੱਤਾ ਹੈ ਅਤੇ ਮੈਲਬਾਰਨ ਦੇ ਕਈ ਅਦਾਰਿਆਂ ਨੇ ਤਾਂ ਇਹ ਦਿਹਾੜਾ ਮਨਾਉਣਾ ਵੀ ਛੱਡ ਦਿੱਤਾ ਹੈ।
ਸਾਡੇ ਕੌਮੀ ਅਦਾਰਿਆਂ ਉਪਰ ਹੁਣ ਤਿੰਨ ਤਰਾਂ ਦੇ ਝੰਡੇ ਝੁਲਾਏ ਜਾਂਦੇ ਹਨ ਜਿਨਾਂ ਵਿੱਚੋਂ ਇੱਕ ਇੱਥੋਂ ਦੇ ਮੂਲ ਨਿਵਾਸੀਆਂ ਦਾ ਝੰਡਾ ਹੈ ਅਤੇ ਇੱਥੋਂ ਦੇ ਮੂਲ ਨਿਵਾਸੀਆਂ ਵੱਲੋਂ ਤਾਂ ਪਹਿਲਾਂ ਹੀ ਆਸਟ੍ਰੇਲੀਆਈ ਝੰਡੇ ਨੂੰ ਨਕਾਰਿਆ ਹੋਇਆ ਹੈ ਅਤੇ ਇਸਨੂੰ ਜ਼ੁਲਮ-ਜਬਰ, ਬਸਤੀਵਾਦ ਅਤੇ ਜਾਤੀਵਾਦ ਦਾ ਨਾਮ ਦਿੱਤਾ ਹੋਇਆ ਹੈ।
ਸਾਡੀ ਪੱਛਮੀ ਸਭਿਅਤਾ ਜਿਸਨੇ ਕਿ ਇਸ ਧਰਤੀ ਨੂੰ ਇੱਕ ਅਨੋਖੀ ਪਹਿਚਾਣ ਦਿੱਤੀ ਅਤੇ ਇੱਥੇ ਲੋਕਧਾਰਾ ਦਾ ਚਲਨ ਕੀਤਾ, ਵਿਦਿਅਕ ਅਦਾਰੇ, ਹਸਪਤਾਲ, ਕੰਮ ਧੰਦਿਆਂ ਨੂੰ ਵਧਾਇਆ, ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਿਆ -ਅਤੇ ਇੰਨਾ ਕੁੱਝ ਕਰ ਕੇ ਵੀ ਹੁਣ ਗਿਰਾਵਟ ਵੱਲ ਜਾ ਰਹੀ ਹੈ ਅਤੇ ਇਸ ਉਪਰ ਅਸਲ ਬਸਤੀਵਾਦ ਅਤੇ ਜਾਤੀਵਾਦ ਭਾਰੂ ਹੋਣੇ ਸ਼ੁਰੂ ਹੋ ਚੁਕੇ ਹਨ। ਇਸਾਈਅਤ ਨੂੰ ਮੰਨਣ ਵਾਲੇ ਹੁਣ ਆਸਟ੍ਰੇਲੀਆ ਵਿੱਚ 50% ਵੀ ਨਹੀਂ ਰਹੇ। ਹੁਣ ਕਾਨੂੰਨ ਵਿੱਚ ਵੀ ਵਖਰੇਵਾਂ ਆ ਗਿਆ ਹੈ ਕਿਉਂਕਿ ਆਸਟ੍ਰੇਲੀਆਈ ਮੂਲ ਵਾਸੀਆਂ ਦੀਆਂ ਅਦਾਲਤਾਂ ਵੱਖਰੀਆਂ ਬਣ ਗਈਆਂ ਹਨ ਅਤੇ ਕੁੱਝ ਰਾਜਨੀਤਿਕ ਹੁਣ ਮੂਲ ਵਾਸੀਆਂ (Aboriginals) ਵਾਸਤੇ ਵੱਖਰੀ ਅਤੇ ਨਵੇਕਲੀ ਸਲਾਹਕਾਰੀ ਕੌਂਸਲ ਦੀ ਵੀ ਮੰਗ ਕਰਨ ਲੱਗ ਪਏ ਹਨ।
ਇਸ ਨੂੰ ਦੇਖਦਿਆਂ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਉਠ ਖੜੋਤੇ ਹਨ ਅਤੇ ਮੰਗ ਕਰਨ ਲੱਗ ਪਏ ਹਨ ਕਿ ਉਨਾਂ ਦਾ ਧਰਮ ਅੰਗ੍ਰੇਜ਼ਾਂ ਦੇ ਜੱਜਾਂ ਅਤੇ ਕਾਨੂੰਨ ਤੋਂ ਕਿਤੇ ਉਪਰ ਹੈ ਅਤੇ ਉਹ ਚਾਹੁੰਦੇ ਹਨ ਕਿ ਮੁਸਲਮਾਨਾਂ ਦੇ ਮੁਕੱਦਮੇ ਉਨਾਂ ਦੇ ਧਰਮ ਅਤੇ ਕਾਨੂੰਨ ਅਨੁਸਾਰ ਹੀ ਲੜੇ ਜਾਣੇ ਅਤੇ ਫੈਸਲੇ ਵੀ ਉਸੇ ਦੇ ਮੱਦੇਨਜ਼ਰ ਕੀਤੇ ਜਾਣ।
ਅੰਤ ਵਿੱਚ ਲੇਖਕ ਇਹੀ ਕਹਿੰਦਾ ਹੈ ਕਿ ਆਸਟ੍ਰੇਲੀਆ ਵਿੱਚ ਕੋਈ ਇੱਕ ਕੌਮੀ ਨਾਂ ਦੀ ਵਸਤੂ ਨਹੀਂ ਰਹਿ ਗਈ ਹੈ ਚਾਹੇ ਝੰਡਾ ਕਹਿ ਲਵੋ ਜਾਂ ਭਾਸ਼ਾ ਕਹਿ ਲਵੋ, ਕੋਈ ਕੌਮੀ ਦਿਹਾੜਾ ਨਹੀਂ, ਕੋਈ ਕੌਮੀ ਗੀਤ ਨਹੀਂ, ਕੋਈ ਕੌਮੀ ਕਾਨੂੰਨ ਵੀ ਨਹੀਂ ਤਾਂ ਫੇਰ ਲੋਕਾਂ ਦਾ ਵਿਸ਼ਵਾਸ਼ ਵੀ ਇੱਕ ਨਹੀਂ ਰਹਿ ਸਕਦਾ ਅਤੇ ਵਖਰੇਵਾਂ ਲਾਜ਼ਮੀ ਹੈ ਕਿਉਂਕਿ ਅਸੀਂ ‘ਅਸੀਂ’ ਹੈ ਹੀ ਨਹੀਂ ਅਤੇ ਆਪੋ ਆਪਣੇ ਬਸਤੀਵਾਦ, ਸਭਿਆਚਾਰ ਅਤੇ ਆਪਣੀਆਂ ਹੀ ਕੌਮਾਂ ਵਿੱਚ ਉਲਝ ਕੇ ਰਹਿ ਗਏ ਹਾਂ।

Install Punjabi Akhbar App

Install
×