ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਆਈਆਂ ਦਾ ਪਰਤਣਾ ਹਾਲ ਦੀ ਘੜੀ ਸਰਕਾਰ ਵੱਲੋਂ ‘ਗੈਰ-ਕਾਨੂੰਨੀ’ ਘੋਸ਼ਿਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕੱਲ੍ਹ, ਸ਼ੁਕਰਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿੱਚ, ਮੋਰੀਸਨ ਸਰਕਾਰ ਵੱਲੋਂ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਆਈ ਨਾਗਰਿਕਾਂ ਦੀ ਵਾਪਸੀ ਬਾਰੇ ਚਰਚਾ ਹੋਈ ਅਤੇ ਭਾਰਤ ਵਿੱਚ ਕਰੋਨਾ ਕਾਰਨ ਪੈਦਾ ਹੋਈ ਭਿਆਨਕ ਸਥਿਤੀਆਂ ਨੂੰ ਦੇਖਦਿਆਂ ਹੋਇਆਂ, ਸਰਕਾਰ ਨੇ ਫੈਸਲਾ ਲਿਆ ਕਿ ਹਾਲ ਦੀ ਘੜੀ ਕਿਸੇ ਨੂੰ ਵੀ ਭਾਰਤ ਵਿੱਚੋਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਨਹੀਂ ਅਤੇ ਫੌਰੀ ਤੌਰ ਤੇ ਅਜਿਹੀ ਕਾਰਵਾਈ ਨੂੰ ਆਰਜ਼ੀ ਤੌਰ ਤੇ ਗੈਰ-ਕਾਨੂੰਨੀ ਘੋਸ਼ਿਤ ਵੀ ਕਰ ਦਿੱਤਾ ਗਿਆ ਹੈ ਅਤੇ ਭਾਰਤ-ਕਤਰ (ਦੋਹਾ)-ਆਸਟ੍ਰੇਲੀਆ ਵਾਲਾ ਰੂਟ ਵੀ ਬੰਦ ਕਰ ਦਿੱਤਾ ਗਿਆ ਹੈ। ਇਹ ਪਾਬੰਧੀ ਐਤਵਾਰ-ਸੋਮਵਾਰ ਦੀ ਅੱਧੀ ਰਾਤ 12:01 ਤੋਂ ਲਾਗੂ ਹੋ ਜਾਵੇਗੀ ਅਤੇ ਜੇਕਰ ਕੋਈ ਇਸ ਬਾਬਤ ਕਿਸੇ ਕਿਸਮ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 66,600 ਡਾਲਰਾਂ ਦਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
ਜ਼ਿਕਰਯੋਗ ਇਹ ਹੈ ਕਿ ਮੌਜੂਦਾ ਸਮਿਆਂ ਵਿੱਚ ਭਾਰਤ ਅੰਦਰ 9000 ਦੇ ਕਰੀਬ ਅਜਿਹੇ ਆਸਟ੍ਰੇਲੀਆਈ ਨਾਗਰਿਕ ਫਸੇ ਹੋਏ ਹਨ ਅਤੇ ਆਪਣੇ ਨਮਾਂਕਣ ਕਰਨ ਤੋਂ ਬਾਅਦ, ਆਪਣੇ ਘਰਾਂ ਨੂੰ ਪਰਤਣ ਦੀਆਂ ਉਮੀਦਾਂ ਲਗਾਈ ਬੈਠੇ ਹਨ ਪਰੰਤੂ ਹਾਲ ਦੀ ਘੜੀ ਤਾਂ ਉਨ੍ਹਾਂ ਦੀਆਂ ਉਮੀਦਾਂ ਉਪਰ ਮੁੜ ਤੋਂ ਪਾਣੀ ਫਿਰ ਗਿਆ ਹੈ।
ਦਰਅਸਲ, ਦੋਹਾ (ਕਤਰ) ਵਾਲੇ ਰਸਤਿਉਂ, ਦੋ ਆਸਟ੍ਰੇਲੀਆਈ ਕ੍ਰਿਕਟਰ ਭਾਰਤ ਤੋਂ ਆਸਟ੍ਰੇਲੀਆ ਪਰਤੇ ਸਨ ਅਤੇ ਇਸਤੋਂ ਬਾਅਦ ਹੀ ਕੈਬਨਿਟ ਦੀ ਮੀਟਿੰਗ ਵਿੱਚ ਸਖ਼ਤ ਫੈਸਲੇ ਲਏ ਗਏ ਹਨ ਤਾਂ ਜੋ ਭਾਰਤ ਵਿੱਚ ਪੈਦਾ ਹੋਈਆਂ ਕਰੋਨਾ ਦੀਆਂ ਭਿਆਨਕ ਸਥਿਤੀਆਂ ਦਾ ਅਸਰ ਆਸਟ੍ਰੇਲੀਆ ਦੇ ਲੋਕਾਂ ਉਪਰ ਨਾ ਹੋਵੇ।

Install Punjabi Akhbar App

Install
×