ਆਪਸੀ ਮੁੱਠੀ ਬੰਦ ਰੱਖਣ ਕਿਸਾਨ ਆਗੂ

ਪਿੱਛਲੇ ਕੁੱਝ ਦਿਨਾਂ ਤੋਂ ਕਿਸਾਨ ਆਗੂ, ਸੰਯੁਕਤ ਮੋਰਚੇ ਦੀਆਂ ਅੰਦਰੂਨੀ ਗਤੀਵਿਧੀਆਂ ਨੂੰ ਪ੍ਰੈਸ-ਕਾਨਫਰੰਸਾਂ ਰਾਹੀਂ ਜਾਹਰ ਕਰ ਰਹੇ ਹਨ ਜੋ ਨੁਕਸਾਨਦਾਇਕ ਵਰਤਾਰਾ ਹੈ । ਸੰਯੁਕਤ ਕਿਸਾਨ ਮੋਰਚੇ ਦਾ ਕਿਸਾਨ ਜਥੇਬੰਦੀਆਂ ਦੀਆਂ ਅਤੇ ਹੋਰ ਸਹਿਯੋਗੀ ਦਲਾਂ ਜਾਂ ਸਖਸ਼ੀਅਤਾਂ ਨਾਲ ਚੱਲ ਰਹੀਆਂ ਅੰਦਰਲੀਆਂ ਗੱਲਾਂ ਨੂੰ ਬਾਹਰ ਬੇਲੋੜਾ ਉਜਾਗਰ ਕਰਨਾ ਮੰਦਭਾਗਾ ਹੈ । ਉਹ ਆਪਣੇ ਘਰੇਲੂ ਮਾਮਲਿਆਂ ਨੂੰ ਬਾਹਰੀ ਹਵਾ ਲਵਾਉਣ ਦੀ ਬਜਾਏ ਘਰ ਵਿੱਚ ਹੀ ਨਿਪਟਾਉਣ ਦਾ ਯਤਨ ਕਰਨ ਤਾਂ ਚੰਗਾ ਹੋਵੇਗਾ । ਆਪਸੀ ਮੱਤਭੇਦਾਂ ਨੂੰ ਆਪਸ ਵਿੱਚ ਹੀ ਵਿਚਾਰਿਆ ਜਾਵੇ ਐਵੇਂ ਮੀਡੀਏ ਵਿੱਚ ਉਛਾਲਣ ਦਾ ਨੁਕਸਾਨ ਹੀ ਹੋ ਸਕਦਾ ਹੈ । ਨਿਹੰਗ ਸਿੰਘਾਂ ਦਾ ਮਾਮਲਾ, ਮੋਰਚੇ ਉੱਪਰ ਉਹਨਾਂ ਦੇ ਬਰਾਬਰ ਡਟੀਆਂ ਸਖਸ਼ੀਅਤਾਂ ਦੀ ਸ਼ਮੂਲੀਅਤ ਦਾ ਮਾਮਲਾ ਅਤੇ ਹੁਣ ਸ. ਗੁਰਨਾਮ ਸਿੰਘ ਚੜੂੰਨੀ ਦਾ ਮਾਮਲਾ ਤੰਬੂ, ਟਰਾਲੀ, ਜਾਂ ਕਮਰੇ ਵਿਚ ਗੁਪਤਤਾ ਨਾਲ ਹੱਲ ਕਰਨ ਦਾ ਸੀ, ਇਹ ਸਟੇਜ ਜਾਂ ਮੀਡੀਏ ਸਾਹਮਣੇ ਪ੍ਰਗਟ ਕਰਨ, ਵਿਚਾਰਨ ਜਾਂ ਪੱਖ ਪੇਸ਼ ਕਰਨ ਦਾ ਨਹੀਂ ਸੀ । ਉਹਨਾਂ ਦਾ ਇਹ ਰਵੱਈਆ ਨਿੰਦਣਯੋਗ ਹੈ । ਅਜਿਹਾ ਕਰਨਾ ਕਿਸਾਨ ਆਗੂਆਂ ਦੀ ਜਲਦਬਾਜ਼ੀ ਜਾਂ ਅੰਦੋਲਨ ਵਿੱਚ ਚਮਕ ਅਤੇ ਕਬਜਾ ਵਧਾਉਣ ਦੀ ਲਾਲਸਾ ਜਾਂ ਸਾਜਿਸ਼ ਦੇ ਸ਼ੱਕ ਪੈਦਾ ਕਰ ਸਕਦਾ ਹੈ । ਭਵਿੱਖ ਵਿੱਚ ਅਜਿਹੇ ਅੰਦੋਲਨ ਦਾ ਅਕਸ ਖਰਾਬ ਕਰਨ ਵਾਲੇ ਵਰਤਾਰੇ ਤੋਂ ਬਚਣਾ ਚਾਹੀਦਾ ਹੈ । ਆਪਣੇ ਆਪਸੀ ਗਿਲਿਆਂ-ਸ਼ਿਕਵਿਆਂ ਨੂੰ ਪਾਸੇ ਰੱਖ ਕੇ ਅੰਦੋਲਨ ਦੇ ਉੱਚੇ ਹੋਏ ਕੱਦ ਅਤੇ ਵਿਸ਼ਾਲ ਹੋਏ ਦਾਇਰੇ ਦੀ ਨੀਂਹ ਬਣਨ ਵਾਲੇ ਆਮ ਕਿਸਾਨਾਂ ਅਤੇ ਜਨਤਾ ਦੀ ਤਰਜਮਾਨੀ ਉੱਪਰ ਕੇਂਦਰਤ ਰਹਿਣਾ ਚਾਹੀਦਾ ਹੈ ।

ਜੇਕਰ ਉਹਨਾਂ ਨੂੰ ਵਿਸ਼ਵ ਪੱਧਰ ਤੇ ਪਛਾਣ ਬਣਾ ਚੁੱਕੇ ਇਸ ਕਿਸਾਨ ਅੰਦੋਲਨ ਦੇ ਮੋਹਰੀ ਬਣਨ ਦਾ ਮੌਕਾ ਮਿਲਿਆ ਹੈ ਤਾਂ ਇਸ ਦਾ ਬਣਦਾ ਮੁੱਲ ਮੋੜਨਾ ਉਹਨਾਂ ਦਾ ਫ਼ਰਜ ਬਣਦਾ ਹੈ ਆਪਸੀ ਅਤੇ ਅੰਦਰੂਨੀ ਮਾਮਲਿਆਂ ਪ੍ਰਤੀ ਉਹ ਮੀਡੀਏ ਅੱਗੇ ਜੁਆਬਦੇਹ ਨਹੀਂ ਹਨ ਬਲਕਿ ਕਿਸਾਨ ਅਤੇ ਲੋਕ ਸ਼ਕਤੀ ਅੱਗੇ ਜੁਆਬਦੇਹ ਹਨ । ਮੀਡੀਏ ਸਾਹਮਣੇ ਮੋਰਚੇ ਦੀਆਂ ਰਣਨੀਤੀਆਂ ਤੇ ਕੂਟਨੀਤੀਆਂ ਦਾ ਜਿਕਰ ਕਰਨ ਅਤੇ ਆਪਸੀ ਅੰਦਰੂਨੀ ਮਾਮਲਿਆਂ ਨੂੰ ਜਾਹਰ ਕਰਨ ਦੀ ਬਜਾਏ ਸਰਕਾਰ ਨਾਲ ਹੁੰਦੀਆਂ ਮੀਟਿੰਗਾਂ ਨੂੰ ਸਾਰਥਕ ਅਤੇ ਫੈਸਲਾਕੁੰਨ ਬਣਾਉਣ ਤੇ ਧਿਆਨ ਦੇਣ ਦੀ ਜਰੂਰਤ ਹੈ । ਜਿਸ ਮੋੜ ਤੇ ਅੱਜ ਕਿਸਾਨ ਅੰਦੋਲਨ ਪਹੁੰਚ ਚੁੱਕਾ ਹੈ ਇੱਥੇ ਆਮ ਕਿਸਾਨ ਹੁਣ ਨਤੀਜੇ ਚਾਹੁੰਦੇ ਹਨ ਨਾ ਕਿ ਪੁਰਾਣੇ ਰਾਗ ਅਤੇ ਡੰਗ ਟਪਾਊ ਬਿਆਨ । ਹੁਣ ਸਿਰਫ਼ ਜਾਣਕਾਰੀਆਂ ਦੇਣ, ਘਟਨਾਕ੍ਰਮ ਦੀਆਂ ਕਹਾਣੀਆਂ ਪਾਉਣ ਅਤੇ ਲੰਬੇ-ਲੰਬੇ ਬਿਰਤਾਂਤ ਦੇਣ ਨਾਲ ਉਹਨਾਂ ਦੀ ਤਸੱਲੀ ਨਹੀਂ ਹੋਵੇਗੀ । ਹਰ ਛੋਟੇ-ਛੋਟੇ ਮੁੱਦੇ ਉੱਪਰ ਪ੍ਰੈਸ-ਕਾਨਫਰੰਸ ਕਰਨ ਅਤੇ ਹਮੇਸ਼ਾ ਮੀਡੀਏ ਨੂੰ ਮੁਖ਼ਾਤਿਬ ਰਹਿਣਾ ਜਰੂਰੀ ਨਹੀਂ ਹੈ ਬਲਕਿ ਆਮ ਕਿਸਾਨਾਂ ਨਾਲ ਜੁੜਨਾ ਅਤੇ ਉਹਨਾਂ ਦੀ ਰਾਇ ਜਾਨਣਾ ਅਹਿਮ ਹੈ । ਸਰਕਾਰ ਨਾਲ ਹੋ ਰਹੀਆਂ ਮੀਟਿੰਗਾਂ ਨੂੰ ਬੇਸਿੱਟਾ ਕਹਿ ਕੇ ਗੱਲ ਨਹੀਂ ਮੁਕਾ ਦੇਣੀ ਚਾਹੀਦੀ ਸਗੋਂ ਆਮ ਕਿਸਾਨਾਂ ਵਿੱਚ ਜਾ ਕੇ ਹੋਰ ਬਦਲਵੇਂ ਯਤਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਅਤੇ ਸਰਕਾਰ ਉੱਪਰ ਹੋਰ ਦਬਾਓ ਬਣਾਉਣ ਸਬੰਧੀ ਸੁਝਾਅ ਲੈਣੇ ਚਾਹੀਦੇ ਹਨ । ਆਪਸੀ ਖਿੱਚੋਤਾਣ ਵਿੱਚ ਉਲ਼ਝਣਾਂ ਹੁਣ ਬਹੁਤ ਛੋਟੀ ਗੱਲ ਲੱਗੇਗੀ । ਉਹਨਾਂ ਨੂੰ ਆਪਣੇ ਕੰਮ ਦੇ ਤੌਰ-ਤਰੀਕੇ, ਲੋਕਾਂ ਨਾਲ ਸੰਪਰਕ ਅਤੇ ਮੇਲ ਮਿਲਾਪ ਤੇ ਮੀਟਿੰਗਾਂ ਵਿੱਚ ਹੋਣ ਵਾਲੀ ਗੱਲਬਾਤ ਨੂੰ ਲੋਕਾਂ ਸਿੱਧਿਆਂ ਸਾਂਝਾ ਕਰਨ ਦੀ ਵਿਧੀ ਨੂੰ ਇਸ ਤਰ੍ਹਾਂ ਢਾਲ ਲੈਣਾ ਹੋਵੇਗਾ ਕਿ ਲੋਕਾਂ ਨੂੰ ਪਰਦੇ ਪਿੱਛੇ ਪੱਕਦੀ ਖਿਚੜੀ ਵਰਗਾ ਅਹਿਸਾਸ ਨਾ ਹੋਵੇ ਅਤੇ ਨਾ ਹੀ ਉਹਨਾਂ ਨੂੰ ਛੋਟੀ-ਛੋਟੀ ਗੱਲ ਤੇ ਮੀਡੀਆ ਸਾਹਮਣੇ ਵਿਸਥਾਰ ਦੇਣਾ ਚਹੀਦਾ ਹੈ ਕਿ ਲੋਕਾਂ ਨੂੰ ਗੱਲਾਂ ਦੇ ਕੜਾਹ ਵਾਂਗ ਲੱਗਣ ਲੱਗ ਪਵੇ । ਆਗੂਆਂ ਦਾ ਪ੍ਰੈਸ ਨਾਲੋਂ ਆਮ ਕਿਸਾਨਾਂ ਅਤੇ ਲੋਕਾਂ ਦੇ ਨੇੜੇ ਰਹਿਣਾ ਜਰੂਰੀ ਹੈ ਤਾਂ ਕਿ ਲੋਕਾਂ ਵਿੱਚ ਉਹਨਾਂ ਦੇ ਵੀ ਸਿਆਸੀ ਨੇਤਾਵਾਂ ਵਾਂਗ ਆਪਣੀ ਪਹੁੰਚ ਤੋਂ ਬਾਹਰ ਹੋਣ ਦਾ ਖਦਸ਼ਾ ਨਾ ਪੈਦਾ ਹੋ ਜਾਵੇ । ਲੋਕਾਂ ਦੇ ਵਿਸ਼ਵਾਸ਼ ਤੇ ਤਸੱਲੀ ਨੂੰ ਬਰਕਰਾਰ ਰੱਖ ਕੇ ਹੀ ਅੰਦੋਲਨ ਦੀ ਜਿੱਤ ਦਾ ਘੋਲ਼ ਸਫ਼ਲ ਹੋ ਸਕੇਗਾ ।

(ਸੁਖਵੀਰ ਸਿੰਘ ਕੰਗ) sukhvirsinghkang@gmail.com

+91 85678-72291

Install Punjabi Akhbar App

Install
×