
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਿਵੇਂ ਕਿ ਫੇਸਬੁਕ ਨੇ ਆਪਣੀ ਧਮਕੀ ਉਪਰ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਹੁਣ ਸੋਸ਼ਲ ਮੀਡੀਆ ਉਪਰ ਸਰਕਾਰੀ ਪੇਜ ਜਿਵੇਂ ਕਿ ਸਿਹਤ ਨਾਲ ਸਬੰਧਤ, ਸਮਾਜਿਕ ਸੇਵਾਵਾਂ, ਯੂਨੀਅਨ ਗਰੁੱਪਾਂ ਅਤੇ ਮੌਸਮ ਸਬੰਧੀ ਜਾਣਕਾਰੀਆਂ ਵਾਲੇ ਪੇਜਾਂ ਦੇ ਨਾਲ ਨਾਲ ਘਰੇਲੂ ਹਿੰਸਾ ਸਬੰਧਤ ਪੋਸਟਾਂ ਵਾਲੇ ਪੇਜਾਂ ਅਤੇ ਅੱਗ ਬੁਝਾਊ ਸੇਵਾਵਾਂ ਵਾਲੇ ਪੇਜਾਂ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਹਰ ਪਾਸੋਂ ਨਿੰਦਾ ਹੋਣੀ ਸ਼ੁਰੂ ਹੋ ਚੁਕੀ ਹੈ। ਅਜਿਹੇ ਪੇਜਾਂ ਉਪਰ ਆਸਟ੍ਰੇਲੀਆਈ ਲੋਕਾਂ ਨੂੰ ਇੱਕ ਮੈਸਜ ਦੇ ਰੂਪ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਨੂੰ ਇਹ ਸੇਵਾਵਾਂ ਬੰਦ ਕਰਨੀਆਂ ਪੈ ਰਹੀਆਂ ਹਨ ਇਸ ਵਾਸਤੇ ਸਾਨੂੰ ਖੇਦ ਹੈ। ਅਜਿਹੇ ਬੰਦ ਹੋ ਚੁਕੇ ਪੇਜਾਂ ਅੰਦਰ ਪੱਛਮੀ-ਆਸਟ੍ਰੇਲੀਆ ਦਾ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਦਾ ਪੇਜ, ਵੈਸਟਰਨ ਸਿਡਨੀ ਦਾ ਹੈਲਥ ਪੇਜ, ਦੱਖਣੀ-ਆਸਟ੍ਰੇਲੀਆ ਦਾ ਹੈਲਥ ਪੇਜ, ਕੁਈਨਜ਼ਲੈਂਡ ਦਾ ਹੈਲਥ ਪੇਜ ਅਤੇ ਏ.ਸੀ.ਟੀ. ਅਤੇ ਤਸਮਾਨੀਆ ਸਰਕਾਰ ਦੇ ਵੀ ਹੈਲਥ ਪੇਜਾਂ ਨੂੰ ਬਲੋਕ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕੱਲੇ ਮੌਸਮ ਵਿਭਾਗ ਦੇ ਹੀ ਫੇਸਬੁਕ ਉਪਰ 910,000 ਅਕਾਊਂਟ ਹਨ ਜਿਨ੍ਹਾਂ ਉਪਰ ਪ੍ਰਤੀਕਿਰਿਆਵਾਂ ਦਾ ਦੌਰ ਲਗਾਤਾਰ ਚਲਦਾ ਰਹਿੰਦਾ ਹੈ। ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਦੇ ਵੀ 200,000 ਅਕਾਊਂਟ ਅਜਿਹੇ ਹਨ ਜੋ ਕਿ ਕਰਮਵਾਰ ਸਿਹਤ ਸੇਵਾਵਾਂ ਅਤੇ ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਨੂੰ ਫਾਲੋ ਕਰਦੇ ਹਨ। ਉਕਤ ਵਿਭਾਗਾਂ ਵੱਲੋਂ ਹੁਣ ਹਰ ਵੇਲੇ ਨਸ਼ਰ ਹੋਣ ਵਾਲੀਆਂ ਜਾਣਕਾਰੀਆਂ ਨੂੰ ਦੂਸਰੇ ਸੋਸ਼ਲ ਮੀਡੀਆ ਵਾਲੇ ਪਲੈਟਫਾਰਮਾਂ ਉਪਰ ਪਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਕਿ ਇੰਸਟਾਗ੍ਰਾਮ, ਐਪਲ ਨਿਊਜ਼, ਟਵਿਟਰ, ਯੂ-ਟਿਊਬ ਅਤੇ ਟਿਕਟਾਕ ਆਦਿ ਸ਼ਾਮਿਲ ਹਨ। ਦੇਸ਼ ਦੀਆਂ ਕਈ ਯੂਨੀਅਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਪੇਜ ਵੀ ਬੰਦ ਹੋ ਚਕੇ ਹਨ ਅਤੇ ਇਸ ਘਟਨਾਕ੍ਰਮ ਨੂੰ ਬਹੁਤ ਹੀ ਨਿੰਦਣਯੋਗ ਕਾਰਵਾਈ ਦੱਸਿਆ ਜਾ ਰਿਹਾ ਹੈ।