ਵਿਚਾਰ ਚਰਚਾ -ਡਿਕਟੇਟਰ ਸ਼ਬਦ ਤੋਂ ਪੈਦਾ ਹੋ ਚੁੱਕੀ ਹੈ ਨਫ਼ਰਤ, ਅਰਥ ਬਣੇ ਤਾਨਾਸ਼ਾਹ

ਡਿਕਟੇਟਰ ਸ਼ਬਦ ਤੋਂ ਅੱਜ ਹਰ ਕੋਈ ਵਿਅਕਤੀ ਨਫ਼ਰਤ ਕਰਦਾ ਹੈ, ਕਿਉਂਕਿ ਇਸਦਾ ਸਿੱਧਾ ਜਿਹਾ ਅਰਥ ਤਾਨਾਸ਼ਾਹੀ ਬਣ ਚੁੱਕਾ ਹੈ। ਇਹ ਸਮਝਿਆ ਜਾਂਦਾ ਹੈ ਕਿ ਡਿਕਟੇਟਰ ਹੋਣ ਦਾ ਮਤਲਬ ਹੈ ਕਿ ਅਜਿਹਾ ਆਦਮੀ ਰੱਜ ਕੇ ਮਨਮਾਨੀਆਂ ਕਰਦਾ ਹੈ, ਵਿਰੋਧੀਆਂ ਦਾ ਖਾਤਮਾ ਕਰ ਦਿੰਦਾ ਹੈ, ਧੱਕੇਸ਼ਾਹੀ ਨਾਲ ਲੋਕਾਂ ਤੇ ਰਾਜ ਕਰਦਾ ਹੈ, ਉਹਨਾਂ ਦੀ ਲੁੱਟਮਾਰ ਕਰਦਾ ਹੈ। ਅਸਲ ਵਿੱਚ ਇਸਦਾ ਪਹਿਲਾਂ ਅਜਿਹਾ ਅਰਥ ਜਾਂ ਪ੍ਰਭਾਵ ਨਹੀਂ ਸੀ, ਸਮੇਂ ਸਮੇਂ ਹੁੰਦੀਆਂ ਵਧੀਕੀਆਂ ਨੇ ਅਰਥ ਬਦਲ ਕੇ ਇਹ ਬਣਾ ਦਿੱਤੇ ਹਨ।
ਸਦੀਆਂ ਪਹਿਲਾਂ ਰੋਮ ਰੀਪਬਲਿਕ ਦੇ ਸਮੇਂ ਉੱਥੋਂ ਦੀ ਸੰਸਦ ਵੱਲੋਂ ਕੋਈ ਵਿਸੇਸ਼ ਫੈਸਲਾ ਕਰਨ ਲਈ ਕਿਸੇ ਇੱਕ ਮੈਜਿਸਟਰੇਟ ਨੂੰ ਵਿਸੇਸ਼ ਅਧਿਕਾਰ ਦੇ ਦਿੱਤੇ ਜਾਂਦੇ ਸਨ, ਉਹ ਸਾਰੇ ਪੱਖਾਂ ਨੂੰ ਵਿਚਾਰ ਕਰਨ ਉਪਰੰਤ ਯੋਗ ਫੈਸਲਾ ਕਰਦਾ ਸੀ। ਅਜਿਹੇ ਅਧਿਕਾਰਤ ਮੈਜਿਸਟਰੇਟ ਨੂੰ ਡਿਕਟੇਟਰ ਕਿਹਾ ਜਾਂਦਾ ਸੀ। ਇਹ ਸਮਾਂ ਕਰੀਬ ਤਿੰਨ ਹਜ਼ਾਰ ਸਾਲ ਪਹਿਲਾਂ ਦਾ ਸੀ। ਕੁੱਝ ਸਮੇਂ ਬਾਅਦ ਰੋਮ ਵਿੱਚ ਇਹ ਅਧਿਕਾਰ ਕਿਸੇ ਫੌਜੀ ਉੱਚ ਅਫ਼ਸਰ ਨੂੰ ਦਿੱਤੇ ਜਾਣ ਲੱਗੇ। ਜਦ ਸਲਤਨਤ ਵਿੱਚ ਕੋਈ ਭਾਰੀ ਸੰਕਟ ਪੈਦਾ ਹੋ ਜਾਂਦਾ ਤਾਂ ਉਹ ਇਸ ਡਿਕਟੇਟਰੀ ਅਧਿਕਾਰ ਦੀ ਵਰਤੋਂ ਕਰ ਸਕਦਾ ਸੀ, ਪਰ ਸੰਕਟ ਖਤਮ ਹੋਣ ਉਪਰੰਤ ਇਹ ਵਰਤੋਂ ਬੰਦ ਕਰ ਦਿੱਤੀ ਜਾਂਦੀ ਸੀ। ਇਹ ਸ਼ਰਤ ਵੀ ਰੱਖੀ ਗਈ ਸੀ ਕਿ ਕੋਈ ਵੀ ਵਿਅਕਤੀ ਛੇ ਮਹੀਨੇ ਤੋਂ ਵੱਧ ਡਿਕਟੇਟਰ ਦੇ ਅਹੁਦੇ ਤੇ ਨਹੀਂ ਰਹਿ ਸਕਦਾ, ਸ਼ਾਇਦ ਲੰਬਾ ਸਮਾਂ ਮਨਮਾਨੀਆਂ ਤੇ ਧੱਕਸ਼ਾਹੀਆਂ ਹੋਣ ਤੋਂ ਰੋਕਣ ਲਈ ਹੀ ਇਹ ਸਰਤ ਆਇਦ ਕੀਤੀ ਗਈ ਸੀ। ਉਹਨਾਂ ਸਮਿਆਂ ਵਿੱਚ ਇਟਲੀ ਦੀਆਂ ਕੁੱਝ ਰਿਆਸਤਾਂ ਵਿੱਚ ਵੀ ਡਿਕਟੇਟਰ ਦਾ ਪੱਕਾ ਅਹੁਦਾ ਹੁੰਦਾ ਸੀ, ਜੋ ਕਿਸੇ ਸਕਤੀਸ਼ਾਲੀ ਵਿਅਕਤੀ ਨੂੰ ਹੀ ਦਿੱਤਾ ਜਾਂਦਾ ਸੀ ਉਸਦੇ ਅਧਿਕਾਰ ਵਿਸੇਸ਼ ਹੁੰਦੇ ਸਨ।
ਲੱਗਭੱਗ 24 ਸੌ ਸਾਲ ਪਹਿਲਾਂ 300 ਈਸਵੀ ਪੂਰਵ ‘ਚ ਆਮ ਲੋਕਾਂ ਨੇ ਡਿਕਟੇਟਰ ਵੱਲੋਂ ਕੀਤੇ ਫੈਸਲਿਆਂ ਤੇ ਇਤਰਾਜ ਉਠਾਇਆ। ਡਿਕਟੇਟਰ ਦੇ ਅਧਿਕਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਅਜਿਹੇ ਫੈਸਲਿਆਂ ਖਿਲਾਫ ਅਪੀਲ ਕਰਨ ਦਾ ਹੱਕ ਹਾਸਲ ਹੋਇਆ। ਇਹ ਵੀ ਫੈਸਲਾ ਕੀਤਾ ਗਿਆ ਕਿ ਡਿਕਟੇਟਰ ਕੇਵਲ ਚੋਣਾਂ ਆਦਿ ਲਈ ਹੀ ਨਿਯੁਕਤ ਕੀਤੇ ਜਾਣ, ਆਮ ਫੈਸਲਿਆਂ ਲਈ ਨਹੀਂ। ਕਰੀਬ ਪੌਣੀ ਕੁ ਸਦੀ ਅਜਿਹਾ ਹੁੰਦਾ ਵੀ ਰਿਹਾ, ਪਰ 218 ਈਸਵੀ ਪੂਰਵ ਵਿੱਚ ਡਿਕਟੇਟਰ ਨੂੰ ਮੁੜ ਵਿਸ਼ੇਸ ਅਧਿਕਾਰ ਤੇ ਸ਼ਕਤੀ ਦੇ ਦਿੱਤੀ ਗਈ। ਇਸ ਉਪਰੰਤ ‘ਸੁੱਲਾ’ ਨਾਂ ਦਾ ਚਰਚਿਤ ਡਿਕਟੇਟਰ ਹੋਇਆ। ਜੁਲੀਅਸ ਸੀਜ਼ਰ ਨੇ 46 ਈਸਵੀ ਪੂਰਵ ਵਿੱਚ ਅਜਿਹੇ ਅਧਿਕਾਰ ਹਾਸਲ ਕੀਤੇ ਸਨ। ਇਸਤੋਂ ਪਿੱਛੋ ਇਹ ਸਪਸ਼ਟ ਹੋ ਗਿਆ ਕਿ ਜਿਸ ਵਿਅਕਤੀ ਕੋਲ ਸਰਕਾਰ ਦੇ ਸਾਰੇ ਅਧਿਕਾਰ ਤੇ ਸ਼ਕਤੀ ਹੋਵੇ, ਜੋ ਦੇਸ਼ ਵਿੱਚ ਮਨਮਰਜੀ ਦੇ ਹੁਕਮ ਜਾਰੀ ਕਰ ਸਕਦਾ ਹੋਵੇ, ਉਸਨੂੰ ਹੀ ਡਿਕਟੇਟਰ ਮੰਨਿਆ ਜਾ ਸਕਦਾ ਹੈ। ਇਸ ਉਪਰੰਤ ਦੁਨੀਆਂ ਦੇ ਹੋਰ ਦੇਸਾਂ ਵਿੱਚ ਵੀ ਡਿਕਟੇਟਰ ਬਣਨ ਦਾ ਰਿਵਾਜ ਸੁਰੂ ਹੋ ਗਿਆ।
ਜਦੋਂ ਕੋਈ ਵਿਅਕਤੀ ਵਿਸੇਸ਼ ਅਧਿਕਾਰ ਪ੍ਰਾਪਤ ਕਰ ਲੈਂਦਾ ਹੈ ਅਤੇ ਉਸਦੇ ਵਿਰੁੱਧ ਕੋਈ ਦਲੀਲ ਅਪੀਲ ਵੀ ਕੰਮ ਨਹੀਂ ਕਰਦੀ ਤਾਂ ਉਹ ਕੇਵਲ ਮਨਮਾਨੀਆਂ ਹੀ ਨਹੀਂ ਕਰਦਾ, ਸਗੋਂ ਅਯਾਸੀ ਕਰਨ ਲੱਗ ਜਾਂਦਾ ਹੈ। ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵੱਲ ਤੁਰ ਪੈਂਦਾ ਹੈ ਤਾਂ ਜੋ ਉਹ ਲੰਬਾ ਸਮਾਂ ਰਾਜਸੱਤ੍ਹਾ ਭੋਗ ਸਕੇ। ਆਪਣੀਆਂ ਤਿਜੌਰੀਆਂ ਭਰਨੀਆਂ, ਆਮ ਲੋਕਾਂ ਦੀ ਲੁੱਟਮਾਰ ਕਰਨੀ, ਮਨਪਸੰਦ ਦੀਆਂ ਔਰਤਾਂ ਨਾਲ ਅੱਯਾਸ਼ੀਆਂ ਕਰਨੀਆਂ ਤੇ ਵਿਰੋਧੀਆਂ ਦਾ ਕਤਲੇਆਮ ਕਰਨਾ ਉਹਨਾਂ ਲਈ ਆਮ ਜਿਹੀ ਗੱਲ ਹੀ ਬਣ ਜਾਂਦੀ ਹੈ। ਜਦੋਂ ਵੱਖ ਵੱਖ ਦੇਸਾਂ ਵਿੱਚ ਡਿਕਟੇਟਰਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਤਾਂ ਅਜਿਹੇ ਹਾਲਾਤ ਦਿਖਾਈ ਦੇਣ ਲੱਗ ਪਏ ਅਤੇ ਲੰਬਾ ਸਮਾਂ ਚਲਦੇ ਰਹੇ। ਡਿਕਟੇਟਰਸ਼ਿਪ ਨੂੰ ਤਾਂ ਲੋਕ ਮਾੜਾ ਕਹਿਣ ਲੱਗ ਪਏ ਸਨ, ਪਰ ਡਿਕਟੇਟਰ ਸ਼ਬਦ ਪ੍ਰਤੀ ਅਜੇ ਨਫ਼ਰਤ ਪੈਦਾ ਨਹੀਂ ਸੀ ਹੋਈ।
ਵੀਹਵੀਂ ਸਦੀ ਦੇ ਅਰੰਭ ਵਿੱਚ ਰੂਸ ਦਾ ਮਹਾਨ ਇਨਕਲਾਬੀ ਆਗੂ ਕਾਰਲ ਮਾਰਕਸ, ਜਿਸਦੀ ਵਿਚਾਰਧਾਰਾ ਸੱਚ ਤੇ ਪਹਿਰਾ ਦੇਣ ਵਾਲੀ ਅਤੇ ਸਮੁੱਚੀ ਦੁਨੀਆਂ ਨੂੰ ਸਹੀ ਰਾਹ ਦਿਖਾਉਣ ਵਾਲੀ ਮੰਨੀ ਜਾਂਦੀ ਹੈ। ਉਸਨੇ ਇਕਨਕਲਾਬ ਰਾਹੀਂ ਕਾਮਿਆਂ ਦਾ ਰਾਜ ਕਾਇਮ ਕਰਨ ਦਾ ਬੀੜਾ ਚੁੱਕਿਆ ਤਾਂ ਨਵੇਂ ਇਸ ਵਿਚਾਰ ਨੂੰ ‘ਕਾਮਿਆਂ ਦੀ ਡਿਕਟੇਟਰੀ’ ਦਾ ਨਾਂ ਦਿੱਤਾ ਗਿਆ। ਦੇਸ ਵਿੱਚ ਸਰਮਾਏਦਾਰੀ ਸਾਮਰਾਜੀ ਨਿਜਾਮ ਨੂੰ ਖਤਮ ਕਰਕੇ ਕਾਮਿਆਂ ਦਾ ਰਾਜ ਸਥਾਪਤ ਕਰਨ ਦਾ ਨਾਅਰਾ ਦਿੱਤਾ ਗਿਆ। ਕਿਰਤੀ ਕਾਮੇ ਇਕੱਠੇ ਹੋਏ, ਸੰਘਰਸ ਵਿੱਢਿਆ ਗਿਆ ਅਤੇ ਸਾਲ 1917 ਵਿੱਚ ਰੂਸ ਵਿੱਚ ਇਨਕਲਾਬ ਹੋਇਆ ਤੇ ਕਾਮਿਆਂ ਦਾ ਰਾਜ ਸਥਾਪਤ ਹੋ ਗਿਆ।
ਇਸ ਸਮੇਂ ਰੂਸ ਦੀ ਸਰਕਾਰ ਨੇ ਵਿਚਾਰ ਕੀਤਾ ਕਿ ਡਿਕਟੇਟਰਸ਼ਿਪ ਦੇ ਨਾਂ ਹੇਠ ਵੱਖ ਵੱਖ ਦੇਸਾਂ ਵਿੱਚ ਰਾਜ ਕਰਨ ਵਾਲੇ ਸ਼ਕਤੀਸ਼ਾਲੀ ਵਿਅਕਤੀ ਧੱਕੇਸ਼ਾਹੀਆਂ ਕਰਦੇ ਹਨ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹਨ। ਇਸ ਨਾਲ ਡਿਕਟੇਟਰ ਸ਼ਬਦ ਬਹੁਤ ਬਦਨਾਮ ਹੋ ਚੁੱਕਾ ਹੈ। ਜੇਕਰ ਰੂਸ ਵਿੱਚ ਕਾਮਿਆਂ ਦੀ ਡਿਕਟੇਟਰੀ ਦਾ ਨਾਂ ਵਰਤਿਆ ਜਾਂਦਾ ਹੈ ਤਾਂ ਅਜਿਹਾ ਜਾਪਦਾ ਹੈ ਕਿ ਕਾਮਿਆਂ ਦੀ ਸਰਕਾਰ ਵੀ ਤਾਨਾਸ਼ਾਹੀ ਹੀ ਹੋਵੇਗੀ। ਲੰਬੇ ਵਿਚਾਰ ਵਟਾਂਦਰੇ ਉਪਰੰਤ ਰੂਸ ਦੀ ਸਰਕਾਰ ਨੇ ਸੰਵਿਧਾਨ ਵਿੱਚ ਸੋਧ ਕਰਕੇ ਡਿਕਟੇਟਰ ਸ਼ਬਦ ਹਟਾ ਦਿੱਤਾ।
ਸਦੀਆਂ ਤੋਂ ਵਰਤੇ ਜਾਂਦੇ ਇਸ ਸ਼ਬਦ ਨਾਲ ਰਾਜ ਕਰਦੇ ਅਨੇਕਾਂ ਰਾਜੇ ਅਜਿਹੇ ਹੋਏ ਜਿਹਨਾਂ ਦੇਸ ਦਾ ਵਿਕਾਸ ਕੀਤਾ, ਲੋਕਾਂ ਦੇ ਦੁੱਖਾਂ ਦਾ ਨਾਸ ਕੀਤਾ। ਜੇਕਰ ਡਿਕਟੇਟਰ ਸਿਆਣਾ ਹੋਵੇ ਤਾਂ ਉਹ ਚੰਗਾ ਰਾਜ ਪ੍ਰਬੰਧ ਦੇ ਸਕਦਾ ਹੈ, ਇਸਦੀਆਂ ਵੀ ਸੈਂਕੜੇ ਉਦਾਹਰਣਾ ਇਤਿਹਾਸ ਵਿੱਚ ਮਿਲਦੀਆਂ ਹਨ। ਪਰ ਇਨਸਾਨੀ ਸੋਚ ਹੀ ਅਜਿਹੀ ਹੈ ਕਿ ਜਦ ਕਿਸੇ ਇੱਕ ਵਿਅਕਤੀ ਕੋਲ ਸਾਰੀ ਸ਼ਕਤੀ ਇਕੱਠੀ ਹੋ ਜਾਵੇ ਤਾਂ ਉਹ ਸਹੀ ਰਸਤੇ ਤੋਂ ਭਟਕ ਜਾਂਦਾ ਹੈ ਅਤੇ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਲੈਂਦਾ ਹੈ। ਇਹ ਸੱਚਾਈ ਵੀ ਹੈ ਕਿ ਦੁਨੀਆਂ ਭਰ ਵਿੱਚ ਸੁੱਲਾ, ਜੁਲੀਅਸ ਸੀਜ਼ਰ, ਨੀਰੋ, ਜੋਜਫ ਸਟਾਲਿਨ, ਹਿਟਲਰ, ਮਸੋਲਿਨੀ, ਮਾਓ ਜੇ ਤੁੰਗ, ਈਦੀ ਅਮੀਨ, ਫੀਡਲ ਕਾਸਟਰੋ, ਸੁਕਾਰਨੋ, ਅਯੂਬ ਖਾਨ, ਯਹੀਆ ਖਾਨ, ਸੱਦਾਮ ਹੁਸੈਨ ਅਦਿ ਅਨੇਕਾਂ ਡਿਕਟੇਟਰ ਹੋਏ ਹਨ। ਇਹਨਾਂ ਵਿੱਚ ਕੁੱਝ ਅਜਿਹੇ ਵੀ ਹਨ ਜੋ ਲੋਕਾਂ ਅਨੁਸਾਰ ਖਰੇ ਉੱਤਰੇ ਤੇ ਚੰਗਾ ਰਾਜ ਪ੍ਰਬੰਧ ਦਿੱਤਾ। ਪਰ ਵਧੇਰੇ ਅਜਿਹੇ ਹਨ ਜਿਹਨਾਂ ਤਾਨਾਸ਼ਾਹੀ ਕੀਤੀ, ਵਿਰੋਧੀਆਂ ਦਾ ਖਾਤਮਾ ਕੀਤਾ।ਇਹੋ ਕਾਰਨ ਹੈ ਕਿ ਅੱਜ ਦੀ ਦੁਨੀਆਂ ਦੇ ਲੋਕ ‘ਜਮਹੂਰੀ ਰਾਜ’ ਨੂੰ ਪਸੰਦ ਕਰਦੇ ਹਨ ਅਤੇ ਉਹਨਾਂ ਨੂੰ ਡਿਕਟੇਟਰ ਸ਼ਬਦ ਤੋਂ ਹੀ ਨਫ਼ਰਤ ਹੋ ਚੁੱਕੀ ਹੈ।

Install Punjabi Akhbar App

Install
×