
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਿੱਥੇ ਕਿ ਨਾਰਦਰਨ ਟੈਰਿਟਰੀ ਵਿੱਚ ਅਜਿਹੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਜੋ ਕਿ ਐਬੋਰਿਜਨਲ ਬੱਚਿਆਂ ਨੂੰ ਜੁਰਮ ਦੀ ਦੁਨੀਆ ਵਿੱਚ ਜਾਣ ਤੋਂ ਰੋਕਦੇ ਹਨ ਅਤੇ ਆਪਣਾ ਸੁਨਹਿਰਾ ਭਵਿੱਖ ਬਣਾਉਣ ਵਿੱਚ ਮਦਦਗਾਰ ਹੁੰਦੇ ਹਨ ਉਥੇ ਹੀ ਇੰਡੀਜੀਨਸ ਐਡਵੋਕੇਟਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਥਾਨਕ ਛੋਟੇ ਛੋਟੇ ਅਜਿਹੇ ਲੋਕ ਜੋ ਕਿ ਆਪਣੇ ਪੱਧਰ ਉਪਰ ਹੀ ਬੱਚਿਆਂ ਨੂੰ ਕੁੱਝ ਨਾਲ ਕੁੱਝ ਸਹੀ ਕਰਨ ਦੀ ਦਿਸ਼ਾ ਵੱਲ ਤੋਰਦੇ ਹਨ, ਵੱਲ ਵੀ ਖਾਸ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੀ ਹੀ ਇੱਕ ਮਿਸਾਲ ਐਲਿਸ ਸਪ੍ਰਿੱਗਸ ਦੇ ਇੱਕ ਛੋਟੇ ਜਿਹੇ ਕਸਬੇ -ਸਾਂਟਾ ਟੈਰੇਸਾ ਦੀ ਹੈ ਜਿੱਥੇ ਕਿ ਈਸਟਰਨ ਆਰੈਂਟੇ ਨਾਲ ਸਬੰਧਤ ਨਿਕੀ ਹੇਅਜ਼ ਬੱਚਿਆ ਨੂੰ ਆਪਣੀ ਪੱਧਰ ਉਪਰ ਹੀ ਸਕੇਟ ਬੋਰਡ ਚਲਾਉਣਾ ਸਿਖਾ ਰਿਹਾ ਹੈ ਅਤੇ ਖੇਡਾਂ ਦੀ ਦੁਨੀਆ ਵਿੱਚ ਆਪਣਾ ਨਾਮ ਰੌਸ਼ਨ ਕਰਨ ਵੱਲ ਪ੍ਰੇਰਦਾ ਹੈ।
ਉਕਤ ਕਸਬਾ ਜਿੱਥੇ ਕਿ ਮਹਿਜ਼ 600 ਲੋਕਾਂ ਦੀ ਹੀ ਆਬਾਦੀ ਹੈ, ਐਲਿਸ ਸਪ੍ਰਿੰਗਸ ਤੋਂ ਇੱਕ ਘੰਟੇ ਦੀ ਦੂਰੀ ਉਪਰ ਸਥਿਤ ਹੈ ਅਤੇ ਇੱਥੇ ਐਬੋਰਿਜਨਲ ਬੱਚਿਆਂ ਵਾਸਤੇ ਸਕੇਟਬੋਰਡ ਦੀ ਖੇਡ ਹੁਣ ਇੱਕ ਜਨੂਨ ਬਣ ਕੇ ਉਭਰ ਰਹੀ ਹੈ।
ਇਸ ਕੰਮ ਨੂੰ ਸਿਰੇ ਚੜ੍ਹਾਉਣ ਵਾਲਾ ਨਿਕੀ ਹੇਅਜ਼ ਖੁਦ ਵੀ ਇੱਕ ਬਹੁਤ ਵਧੀਆ ਸਕੇਟਿੰਗ ਦਾ ਖਿਡਾਰੀ ਹੈ ਅਤੇ 1990ਵਿਆਂ ਦੇ ਆਖੀਰ ਵਿੱਚ ਉਸਨੇ ਇਸ ਖੇਡ ਨੂੰ ਆਪਣਾ ਕੈਰੀਅਰ ਬਣਾਇਆ ਸੀ। ਅਤੇ ਇਸੇ ਵਾਸਤੇ ਹੁਣ ਉਸਨੇ ‘ਸਪਿਨੀਫਿਕਸ ਸਕੇਟਬੋਰਡਜ਼’ ਨਾਮ ਦੀ ਇੱਕ ਸੰਸਥਾ ਖੜ੍ਹੀ ਕੀਤੀ ਹੈ ਜਿੱਥੇ ਕਿ ਉਹ ਬੱਚਿਆ ਨੂੰ ਸਕੇਟ ਬੋਰਡਿੰਗ ਦੀ ਸਿਖਲਾਈ ਦਿੰਦਾ ਹੈ।
ਉਧਰ ਮੁੱਖ ਮੰਤਰੀ ਮਾਈਕਲ ਗਨਰ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਇਸ ਪਾਸੇ ਵੱਲ ਬਹੁਤ ਕਦਮ ਚੁੱਕੇ ਹਨ ਅਤੇ ਅਜਿਹੇ ਬੱਚੇ ਜੋ ਕਿ ਗੈਰ-ਕਾਨੂੰਨੀ ਕਾਰਿਆਂ ਵਿੱਚ ਵਿਲੁੱਪਤ ਹੋ ਕੇ ਜੇਲ੍ਹ ਵਿੱਚ ਪਹੁੰਚ ਜਾਂਦੇ ਹਨ, ਲਈ ਜ਼ਮਾਨਤ ਆਦਿ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਹਨ ਪਰੰਤੂ ਜੇਕਰ ਉਹੀ ਬੱਚਾ ਆਪਣੀ ਜ਼ਮਾਨਤ ਦੇ ਦੌਰਾਨ ਫੇਰ ਤੋਂ ਅਜਿਹਾ ਕੋਈ ਕਾਰਾ ਕਰਦਾ ਹੈ ਤਾਂ ਫੇਰ ਉਸਦੀ ਜ਼ਮਾਨਤ ਖ਼ਤਮ ਕਰ ਦਿੱਤੀ ਜਾਂਦੀ ਹੈ ਅਤੇ ਉਸਨੂੰ ਮੁੜ ਤੋਂ ਸਲਾਖਾਂ ਦੇ ਪਿੱਛੇ ਧੱਕ ਦਿੱਤਾ ਜਾਂਦਾ ਹੈ।
ਵੈਸੇ ਫਰਵਰੀ ਮਹੀਨੇ ਦੇ ਆਂਕੜਿਆਂ ਮੁਤਾਬਿਕ ਕੁੱਝ ਸੰਤੋਸ਼ ਜਨਕ ਸਥਿਤੀਆਂ ਦੇਖਣ ਨੂੰ ਮਿਲਦੀਆਂ ਵੀ ਹਨ ਜਦੋਂ ਆਂਕੜੇ ਦਰਸਾਉਂਦੇ ਹਨ ਕਿ ਸਾਲ 2016 ਤੋਂ 2020 ਤੱਕ ਅਪਰਾਧਿਕ ਬੱਚਿਆਂ ਦੀ ਗਿਣਤੀ 798 ਰਹੀ ਹੈ ਜੋ ਕਿ ਇਸ ਤੋਂ ਪਹਿਲਾਂ 922 ਸੀ। ਸਰਕਾਰ ਦਾ ਮਕਸਦ ਹੈ ਕਿ ਸਾਲ 2031 ਤੱਕ ਅਜਿਹੇ ਬੱਚਿਆਂ ਦੀ ਗਿਣਤੀ ਨੂੰ 30% ਤੱਕ ਘਟਾਇਆ ਜਾਵੇ ਅਤੇ ਬੱਚਿਆ ਨੂੰ ਨਵੀਆਂ ਰਾਹਾਂ ਦਿਖਾ ਕੇ ਵਧੀਆ ਭਵਿੱਖ ਵੱਲ ਪ੍ਰੇਰਿਆ ਜਾਵੇ।