ਖ਼ਾਲਸਾ ਸਿਰਜਨਾ ਦਾ ਸੰਕਲਪ- ਇੱਕ ਅਧਿਐਨ

Parmjit Singh 190404 ਖਾਲਸਾ ਸਿਰਜਨਾaa

ਖ਼ਾਲਸੇ ਦੀ ਸਿਰਜਨਾ ਭਾਰਤ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਹੈ। ਖ਼ਾਲਸੇ ਦੀ ਸਿਰਜਨਾ ਵਾਲੇ ਸੰਕਲਪ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਨੇ ”ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਨਾਲ ਕੀਤੀ ਜਿਸ ਰਾਹੀਂ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਸਮੋ ਲਿਆ ਗਿਆ। ਗੁਰੂ ਨਾਨਕ ਦੇਵ ਜੀ ਵੱਲੋਂ ਦੋ ਦਹਾਕੇ ਪਹਿਲਾਂ ਸ਼ੁਰੂ ਕੀਤੇ ਮਿਸ਼ਨ ਦੀ ਪੂਰਤੀ ਕਰਨ ਲਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸ਼ਾਂਤੀ ਰਸ ਤੇ ਬੀਰ ਰਸ ਨੂੰ ਇਕੱਠਾ ਕਰ ਕੇ ਇੱਕ ਨਵਾਂ ਪੂਰਨਾ ਪਾਇਆ, ਜਿਸ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਰਾਹੀਂ ਗੁਰੂ ਸਾਹਿਬਾਨਾਂ ਦੇ ਉਦੇਸ਼ ਨੂੰ ਪੂਰਾ ਕੀਤਾ, ਜਿਸ ਨਾਲ ਆਦਰਸ਼ਕ ਸਮਾਜ ਤੇ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨ ਲਈ ਖ਼ਾਲਸਾ ਪੰਥ ਦੀ ਸਿਰਜਨਾ ਹੋਈ। 1699 ਈ. ਨੂੰ ਵਿਸਾਖੀ ਦੇ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸੰਗਤ ਦਾ ਸੰਸਥਾਤਮਕ ਵਿਕਾਸ ਖ਼ਾਲਸਾ ਰੂਪ ਵਿਚ ਹੁੰਦਾ ਹੈ। ਅਜਿਹੇ ਪੰਥ ਦੀ ਸੰਗਤ ਤੋਂ ਆਰੰਭ ਹੁੰਦੀ ਸਿਰਜਨਾ ਤੇ ਗੁਰੂ ਰੂਪ ਵਿਚ ਸਾਜਣਾ ਅਕਾਲ ਪੁਰਖ ਦੀ ਦੈਵੀ ਇੱਛਾ ਦਾ ਪ੍ਰਗਟਾਵਾ ਹੈ ” ”ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ”” ਦੇ ਸਰਵ-ਉੱਚ ਵਿਸ਼ਵਾਸ ਸਾਹਵੇਂ ਸਮੁੱਚਾ ਸਿੱਖ ਪੰਥ ਨਤਮਸਤਕ ਹੋਇਆ ਦਿਖਾਈ ਦਿੰਦਾ ਹੈ। ”ਜਦੋਂ ਗੁਰੂ ਗੋਬਿੰਦ ਸਿੰਘ ਜੀ ਅਕਾਲ ਚਲਾਣੇ ਤੋਂ ਪਹਿਲੋਂ ਖ਼ਾਲਸਾ ਪੰਥ ਨੂੰ ਗੁਰੂ ਪੰਥ ਹੋਣ ਦਾ ਪਦ ਪ੍ਰਦਾਨ ਕਰਦੇ ਹਨ ਤਾਂ ਦਾਰਸ਼ਨਿਕ ਪੱਧਰ ਤੇ ਇਸ ਦਾ ਅਰਥ ਹੈ ਕਿ ਹੁਣ ਸੰਸਥਾਤਮਿਕ ਤੌਰ (Institutionaly) ਪਰਮ ਹਸਤੀ ਦੀ ਹਲਤਮੁਖੀ ਪ੍ਰਭੁਤਾ ਦਾ ਗੁਣ ਖ਼ਾਲਸੇ ਅੰਦਰ ਪ੍ਰਫੁੱਲਿਤ ਹੋ ਗਿਆ ਹੈ, ਪ੍ਰਕਾਸ਼ਮਾਨ ਹੋ ਗਿਆ ਹੈ”। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਾਜਣਾ ਕਰਨ ਦਾ ਮਿਸ਼ਨ ਗ਼ਰੀਬ ਜਨਤਾ ਨੂੰ ਉਨ੍ਹਾਂ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਨੂੰ ਦਿਵਾਉਣਾ ਸੀ, ਜੋ ਸਮੇਂ-ਸਮੇਂ ਉਨ੍ਹਾਂ ਕੋਲੋਂ ਖੋਹ ਲਏ ਗਏ ਸਨ, ਅਤੇ ਰਾਜਸੀ ਸੱਤਾ ਦੇ ਤੌਰ ਤੇ ਨਿਆਂ ਪੂਰਵਕ ਰਾਜਨੀਤਿਕ ਢਾਂਚੇ ਦੀ ਸਥਾਪਨਾ ਕਰਕੇ ਸਦਾਚਾਰ ਗੁਆ ਚੁੱਕੇ ਸਮਾਜ ਵਿਚ ਇੱਕ ਨਵੀਂ ਰੂਹ ਫੂਕੀ। ਜਿਸ ਕਰਕੇ ਇਹ ਕਾਰਜ ਇਤਿਹਾਸਕ ਮਹੱਤਵ ਵਾਲਾ ਸੀ। ਖ਼ਾਲਸੇ ਦਾ ਕਰਮ ਖੇਤਰ ਸਮੁੱਚੀ ਮਨੁੱਖਤਾ ਹੈ। ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੇ ਰੂਪ ਵਿਚ ਮਿੱਧੇ ਹੋਏ ਲੋਕਾਂ ਦੀਆਂ ਸੁੱਤੀਆਂ ਕਲਾਵਾਂ ਨੂੰ ਜਗਾ ਕੇ ਉਨ੍ਹਾਂ ਨੂੰ ਸਮਾਜਿਕ,ਧਾਰਮਿਕ ਨਿਸ਼ਠਾ ਅਤੇ ਕੌਮੀ ਉੱਨਤੀ ਦੀ ਮਹਾਨ ਅਤੇ ਗੌਰਵਸ਼ਾਲੀ ਇੱਛਾ ਨਾਲ ਭਰ ਦਿੱਤਾ। ਇਹ ਗੁਣ ਅਤੇ ਵਿਸ਼ੇਸ਼ਤਾਵਾਂ ਪੂਰਵ-ਵਰਤੀ ਗੁਰੂਆਂ ਦੁਆਰਾ ਚਲਾਈ ਭਗਤੀ ਦੀ ਪਵਿੱਤਰਤਾ ਦੇ ਅਨੁਰੂਪ ਸਨ।

ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਨਕਲਾਬੀ ਮਿਸ਼ਨ ਨੂੰ ਦਿੱਤੀ ਗਈ ਰੰਗਤ ਸੀ। ਰੱਬੀ ਗੁਣਾਂ ਨੂੰ ਇਸੇ ਭਾਵਨਾ ਤਹਿਤ ਪ੍ਰਗਟਾਉਂਦਿਆਂ ਫ਼ਰਮਾਇਆ:

ਸੁਖ ਸੰਤਾਂ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ॥
ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ॥
ਦੇਵ ਦੇਵ ਰਾਜਨ ਕੇ ਰਾਜਾ।
ਦੀਨ ਦਿਆਲ ਗ਼ਰੀਬ ਨਿਵਾਜਾ॥

ਉਹ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਹੈ। ਉਹ ਦੀਨਾਂ ਉੱਤੇ ਦਇਆ ਕਰਨ ਅਤੇ ਗ਼ਰੀਬਾਂ ਨੂੰ ਵਡਿਆਈ ਦੇਣ ਵਾਲਾ ਹੈ। ਗੁਰਮਤਿ ਵਿਚਾਰ ਗ਼ਰੀਬਾਂ ਨੂੰ ਨਿਵਾਜਦੀ ਹੈ। ਭੁੱਖਿਆਂ ਨੂੰ ਤ੍ਰਿਪਤੀ ਦਿੰਦੀ ਹੈ, ਤੇ ਜ਼ੁਲਮਾਂ ਦੇ ਸ਼ਿਕਾਰ ਹੋਏ ਮਨੁੱਖਾਂ ਨੂੰ ਜੀਵਨ ਦੀ ਰੁਮਕ ਨਾਲ ਰੁਮਕਾਂਦੀ ਹੈ। ਸੰਸਾਰ ਵਿਚ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਪ੍ਰਚਲਿਤ ਰਹੀਆਂ ਹਨ ਪਹਿਲੀ ਵਿਚਾਰਧਾਰਾ ਮੰਨਦੀ ਹੈ ਕਿ ਕੁੱਝ ਜੀਵ ਵਧੇਰੇ ਤਾਕਤਵਰ ਅਤੇ ਕੁੱਝ ਕਮਜ਼ੋਰ ਹੁੰਦੇ ਹਨ। ਭਾਰਤੀ ਸੰਸਕ੍ਰਿਤੀ ਵਿਚ ਅਨੇਕਾਂ ਗੱਲਾਂ ਕਰਕੇ ਅਸਮਾਨਤਾ ਜਾਂ ਗੈਰ ਬਰਾਬਰੀ ਰਹੀ ਹੈ। ਊਚ-ਨੀਚ ਦਾ ਭਾਵ ਕਿਸੇ ਨਾ ਕਿਸੇ ਰੂਪ ਵਿਚ ਸੰਸਾਰ ਦੇ ਹਰ ਦੇਸ਼ ਹਰ ਕੌਮ ਤੇ ਹਰ ਸਮੂਹ ਵਿਚ ਹੈ । ਯੂਰਪ ਦੇ ਵਾਸੀ ਗੋਰੇ, ਅਫ਼ਰੀਕਾ ਦੇ ਕਾਲਿਆਂ ਤੋਂ ਅਤੇ ਏਸ਼ੀਆ ਦੇ ਭੂਰਿਆਂ ਤੋਂ ਆਪਣੇ ਆਪ ਨੂੰ ਵੱਡਾ ਤੇ ਉੱਚਾ ਸਮਝਦੇ ਹਨ। ਦੂਸਰੀ ਵਿਚਾਰਧਾਰਾ ਉਹ ਹੈ ਜੋ ਸਾਰੀ ਮਨੁੱਖ ਜਾਤੀ ਨੂੰ ਇੱਕ ਸਮਾਨ ਸਮਝਦੀ ਹੈ। ਸਿੱਖ ਵਿਚਾਰਧਾਰਾ ਉਪਰੋਕਤ ਵਿਚਾਰਧਾਰਾ ਦੀ ਹਾਮੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਇਕਸਾਰਤਾ ਲਿਆਉਣ ਲਈ ਗੁਰਬਾਣੀ ਸਿਧਾਂਤ ਪੇਸ਼ ਕਰਦਿਆਂ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ, ਇਹ ਆਵਾਜ਼ ਦੇ ਕੇ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਗੁਰੂ ਗੋਬਿੰਦ ਸਿੰਘ ਜੀ ਦਾ ਵਿਚਾਰ ਸੀ ਕਿ ਮਨੁੱਖਾਂ ਵਿਚ ਰੰਗ, ਵਰਣ, ਕਿੱਤਾ ਜਾਂ ਹੋਰ ਕਿਸੇ ਵੀ ਕਾਰਨ ਜਿਹੜੀ ਵਿਭਿੰਨਤਾ ਨਜ਼ਰ ਆਉਂਦੀ ਹੈ ਉਹ ਬਾਹਰੀ ਦਿਖਾਵਾ ਮਾਤਰ ਹੈ। ਮੂਲ ਰੂਪ ਵਿਚ ਉਸ ਵਿਚ ਕੋਈ ਭੇਦ ਜਾਂ ਅੰਤਰ ਨਹੀਂ;

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ਼ ਓਈ
ਮਾਨਸ ਸਬੈ ਏਕ, ਪੈ ਅਨੇਕ ਕੋ ਭਰਮਾਉ ਹੈ॥
ਦੇਵਤਾ ਅਦੇਵ ਜੱਛ ਗ੍ਰੰਧਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ
ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ
ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ॥

ਲੋਕ ਹਿੱਤਾਂ ਦੀ ਪੂਰਤੀ ਦਾ ਮਿਸ਼ਨ ਪੂਰਾ ਕਰਨ ਲਈ ਖ਼ਾਲਸੇ ਨੂੰ ਰਾਜਸੀ ਸੱਤਾ ਦੀ ਬਖਸ਼ਿਸ਼ ਕੀਤੀ ਗਈ। ”ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਆਪਣਾ ਜੀਵਨ ਉਨ੍ਹਾਂ ਵਿਚ ਭਰਿਆ ਅਤੇ ਆਪਣੀ ਸ਼ਖ਼ਸੀਅਤ ਦੇ ਸੰਚੇ ਵਿਚ ਉਨ੍ਹਾਂ ਨੂੰ ਢਾਲਿਆ। ਖ਼ਾਲਸੇ ਦੀ ਚੜ੍ਹਦੀ ਕਲਾ, ਬਹਾਦਰੀ, ਸੂਰਮਗਤੀ ਤੇ ਜ਼ਾਬਾਂਜ਼ੀ ਤੇ ਵਾਹਿਗੁਰੂ ਪ੍ਰਤੀ ਵਫ਼ਾਦਾਰੀ ਦਾ ਸਬਕ ਇਹਨਾਂ ਵਾਕਾਂ ਰਾਹੀਂ ਉਕਰਿਆ ਗਿਆ ” ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਇਹਨਾਂ ਵਾਕਾਂ ਨੇ ਖ਼ਾਲਸੇ ਵਿਚ ਨਵੀਂ ਰੂਹ ਫੂਕੀ। ਪ੍ਰੋਫੈਸਰ ਪਿਆਰਾ ਸਿੰਘ ਪਦਮ ਅਨੁਸਾਰ ਚੜ੍ਹਦੀ ਕਲਾ ਦਾ ਮੋਟਾ ਜਿਹਾ ਭਾਵ ਸੀ ਕਿ ਆਜ਼ਾਦੀ ਜੀਉਂਦੀ-ਜਾਗਦੀ ਆਜ਼ਾਦੀ ਤੇ ਹਰ ਇਕ ਲਈ ਆਜ਼ਾਦੀ। ਇਸ ਸਿੰਘ ਨਾਦ ਨੇ ਹਿੰਦੁਸਤਾਨੀਆਂ ਅੰਦਰ ਆਪਣੇ ਧਰਮ ਅਤੇ ਸਭਿਆਚਾਰ ਦਾ ਸਵੈਮਾਨ ਜਗਾਇਆ ਤੇ ਇਸ ਤੋਂ ਬਾਦ ਬਾਬੇ ਦੇ ਨੌਂ ਜਲਵਾਗਰ ਜਾਨਸ਼ੀਨ ਗੁਰੂਆਂ ਇਸ ਲਹਿਰ ਨੂੰ ਹੋਰ ਅੱਗੇ ਵਧਾਇਆ। ਨਾਨਕ ਪੰਥੀ ਤੋਂ ‘ਗੁਰੂ ਗ੍ਰੰਥ ਪੰਥੀ’ ਖ਼ਾਲਸੇ ਦੀ ਸਿਰਜਣਾ ਇਸ ਲਹਿਰ ਦਾ ਮੁੱਖ ਆਦਰਸ਼ ਸੀ, ਜਿਸ ਨੂੰ ਰਬਾਬੀ ਇਨਕਲਾਬ ਰਾਹੀਂ ਅਤੇ ਮੀਰੀ-ਪੀਰੀ ਦੇ ਸਿਹਤਯਾਬ ਸੰਯੋਗ ਦੁਆਰਾ ਅਨੇਕਾਂ ਸੰਕਟ ਝਾਗ ਕੇ ਵੀ ਸੰਪੂਰਨ ਕੀਤਾ। ਫੋਰਸਟਰ ਇੱਕ ਸਿੱਖ ਘੋੜਸਵਾਰ ਨਾਲ ਸਫ਼ਰ ਕੀਤਾ, ਉਹ ਲਿਖਦਾ ਹੈ, ਜਦੋਂ ਮੈਂ ਉਸ ਤੋਂ ਸਤਿਕਾਰ ਨਾਲ ਪੁੱਛਿਆ ਕਿ ਉਹ ਕਿਸ ਦੀ ਨੌਕਰੀ ਕਰਦਾ ਹੈ, ਤਾਂ ਉਸਦਾ ਜਵਾਬ ਹੈਰਾਨ ਕਰਨ ਵਾਲਾ ਸੀ। ਉਸਦੇ ਜਵਾਬ ਨੂੰ ਮੈਂ (ਸਿੱਖਾਂ ਦਾ) ਕੌਮੀ ਚਰਿੱਤਰ ਸਮਝਦਾ ਹਾਂ। ਉਸਦੀ ਆਵਾਜ਼ ਅਤੇ ਚਿਹਰਾ ਆਜ਼ਾਦੀ ਅਤੇ ਖ਼ੁਦ ਮੁਖਤਾਰੀ ਦੀ ਸਪਿਰਟ ਨਾਲ ਚਮਕ ਪਿਆ ਅਤੇ ਉਹ ਕਹਿਣ ਲੱਗਾ ਕਿ ਉਹ ਕਿਸੇ ਵੀ ਦੁਨਿਆਵੀ ਬਾਦਸ਼ਾਹ ਨੂੰ ਸਵੀਕਾਰ ਨਹੀਂ ਕਰਦਾ ਅਤੇ ਸਿਰਫ਼ ਆਪਣੇ ਪੈਗ਼ੰਬਰ ਦਾ ਸੇਵਕ ਹੈ। ਇਹ ਵਾਕਿਆ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਹਜ਼ਾਰਾਂ ਦੁੱਖਾਂ, ਤਕਲੀਫ਼ਾਂ, ਸੰਘਰਸ਼ਾਂ ਦੇ ਸਮਿਆਂ ਵਿਚ ਵੀ ਮੱਠਾ ਨਹੀਂ ਪਿਆ ਸਗੋਂ ਨਿਰੰਤਰ ਮਾਨਵੀ ਹੱਕਾਂ ਦੀ ਰਾਖੀ ਕਰਦਾ ਰਿਹਾ, ਇਨਕਲਾਬੀ ਰੱਬੀ ਮਿਸ਼ਨ ਵਿਚ ਕਾਮਯਾਬ ਹੋਣ ਲਈ ਅੱਗੇ ਹੀ ਅੱਗੇ ਤੁਰਦਾ ਰਿਹਾ। ‘ਫਤਹਿ ਵੀ ਵਾਹਿਗੁਰੂ ਦੀ ਤੇ ਖ਼ਾਲਸਾ ਵੀ ਵਾਹਿਗੁਰੂ ਦਾ, ਉਚੇਰੇ ਦ੍ਰਿਸ਼ਟੀਕੋਣ ਤੋਂ ਨਿਕਲਿਆ ਇਲਾਹੀ ਆਵੇਸ਼ਮਈ ਇਹ ਵਿਚਾਰ ਹੈ।

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਖ਼ਾਲਸੇ ਦੀ ਸਿਰਜਨਾ ਲਈ ਵੱਡੀ ਭੂਮਿਕਾ ਨਿਭਾਈ। ਮਾਨਵੀ ਹਿੱਤਾਂ ਦੀ ਰਾਖੀ ਲਈ ਦਿੱਤੀ ਗਈ ਇਹ ਪਹਿਲੀ ਸ਼ਹਾਦਤ ਸੀ ਜਿਸ ਨੇ ਸੰਸਾਰ ਵਿਚ ਨਵਾਂ ਮੀਲ ਪੱਥਰ ਰੱਖ ਦਿੱਤਾ। ਖ਼ਾਲਸਾ ਇਨਕਲਾਬ ਦਾ ਇੱਕ ਵੱਡਾ ਸ਼ਾਸਨ ਮਿਲਿਆ ਜਿਸ ਨੇ ਭਾਰਤੀਆਂ ਨੂੰ ਜੋਸ਼ ਦਾ ਵੱਲ ਸਿਖਾਇਆ, ਫਤਹਿ ਕਰਨੀ ਸਿਖਾਈ ਤੇ ਫਤਹਿ ਪ੍ਰਾਪਤ ਕਰਕੇ ਰੱਬ ਦੀ ਰਜ਼ਾ ਵਿਚ ਰਹਿਣਾ ਵੀ ਸਿਖਾਇਆ। ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼” ਵਿਚ ਲਿਖਦੇ ਹਨ:
ਪੜੋ ਪਾਤਿਸ਼ਾਹੀ ਇਸ ਇਨ ਖੋਇ।

ਹੰਨੈ ਹੰਨੈ ਹਮ ਪਾਤਿਸ਼ਾਹ ਹੋਇ।.
ਖ਼ਾਲਸਾ ਹੋਵੈ ਖ਼ੁਦ ਖੁਦਾ ਜਿਸ ਖੂਬੀ ਖੂਬ ਖੁਦਾਇ।
ਆਨ ਨ ਮਾਨੈ ਆਨ ਕੀ ਇਕ ਸੱਚੇ ਬਿਨ ਪਤਿਸ਼ਾਹ।

ਕਵੀ ਸੈਨਾਪਤੀ ‘ਗੁਰਸੋਭਾ’ ਵਿਚ ਇਸੇ ਗੱਲ ਦਾ ਦ੍ਰਿਸ਼ਟਾਂਤ ਦਿੰਦੇ ਹਨ:

ਅਸੁਰ ਸੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ
ਸੰਕਟ ਨਿਵਾਰਬੇ ਕੋ ਖ਼ਾਲਸਾ ਬਨਾਯੋ ਹੋ।

ਖ਼ਾਲਸੇ ਨੇ ਪਰਉਪਕਾਰਤਾ ਦੀਆਂ ਮਿਸਾਲਾਂ ਕਾਇਮ ਕੀਤੀਆਂ ਮਜ਼ਹਬੀ ਵਿਤਕਰਿਆਂ ਨੂੰ ਨਕਾਰਿਆ ਹਕੀਕਤ ਨੂੰ ਸਵੀਕਾਰ ਕਰਕੇ ਜ਼ੁਲਮ ਦਾ ਸ਼ਿਕਾਰ ਨਹੀਂ ਬਣਿਆਂ ਸਗੋਂ ਜ਼ੁਲਮ ਦਾ ਟਾਕਰਾ ਕੀਤਾ। ਖ਼ਾਲਸੇ ਦੀ ਮਹੱਤਵਪੂਰਨ ਸਵਰੂਪਤਾ ਸੀ ਪੂਰਨ ਸਮਰਪਣ ਜੋ ਗੁਰਮਤਿ ਵਿਚਾਰਧਾਰਾ ਦਾ ਇਨਕਲਾਬ ਹੈ :

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਇਐ॥

ਅਤੇ

ਹਸਤੀ ਸਿਰਿ ਜਿਉ ਅੰਕੁਸ ਹੈ ਅਹਰਣਿ ਜਿਉ ਸਿਰੁ ਦੇਇ।
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥

ਖ਼ਾਲਸੇ ਨੇ ਤਨ, ਮਨ , ਧਨ ਸਭ ਅਰਪਿਤ ਕੀਤਾ ਪ੍ਰਮਾਤਮਾ ਨੂੰ ਤੇ ਪੂਰਨ ਅਰਪਣ ਨਾਲ ਮਿਆਰੀ ਜੀਵਨ ਦੀਆਂ ਸਿਖ਼ਰਾਂ ਨੂੰ ਛੂਹਿਆ। ਗੁਰੂ ਗੋਬਿੰਦ ਸਿੰਘ ਜੀ ਨੇ ਅਪਣਾ ਰੂਪ ਖ਼ਾਲਸੇ ਵਿਚ ਪ੍ਰਗਟਾਇਆ:

ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮਹਿ ਹਉ ਕਰਉ ਨਿਵਾਸ॥
ਖ਼ਾਲਸਾ ਮੇਰੋ ਪਿੰਡ ਪਰਾਨ॥ ਖ਼ਾਲਸਾ ਮੇਰੀ ਜਾਨ ਕੀ ਜਾਨ॥
ਹਉਂ ਖਾਲਸਹ ਕੋ ਖ਼ਾਲਸਾ ਮੇਰੋ॥ ਓਤ ਪੋਤ ਸਾਗਰ ਬੂੰਦੇਰੋ॥

ਅਤੇ

ਖ਼ਾਲਸਾ ਮੇਰੋ ਰੂਪ ਹੈ
ਹੌ ਖਾਲਸ ਕੇ ਪਾਸਿ॥
ਅਤਿ ਅੰਤਿ ਹੋਤ ਹੈ ਖਾਲਸ ਮੈਂ ਪ੍ਰਗਾਸਿ॥

ਸਮਾਜ ਦੀ ਬੁਨਿਆਦੀ ਨਾ-ਬਰਾਬਰੀ ਨੂੰ ਖ਼ਾਲਸੇ ਨੇ ਨਕਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਬਣਨ ਲਈ ‘ ਅੰਮ੍ਰਿਤ ਛਕਣਾ’ ਜ਼ਰੂਰੀ ਕੀਤਾ, ਅੰਮ੍ਰਿਤ ਛਕਣ ਲਈ ਉਹ ਹੀ ਤਿਆਰ ਹੋ ਸਕਦਾ ਸੀ, ਜਿਸ ਨੇ ਮਨ ਨੂੰ ਗੁਰੂ ਦੇ ਅਰਪਿਤ ਕੀਤਾ ਹੋਵੇ, ਕੁਰਬਾਨੀਆਂ ਦੇਣ ਲਈ ਤਿਆਰ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਨਾ ਕਰਕੇ ‘ਆਪੇ ਗੁਰੂ ਚੇਲਾ’ ਦਾ ਅਨੂਠਾ ਸਿਧਾਂਤ ਦਿੱਤਾ। ਉਨ੍ਹਾਂ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਨ੍ਹਾਂ ਤੋਂ ਆਪ ਛਕਿਆ। ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਇੱਕੋ ਜਿਹੇ ਅਧਿਕਾਰ ਅਤੇ ਇੱਕੋ ਜਿਹੇ ਫ਼ਰਜ਼ ਬਖ਼ਸ਼ੇ। ਗੁਰੂ ਗੋਬਿੰਦ ਸਿੰਘ ਜੀ ਮਾਨਵੀ ਹਿੱਤਾਂ ਦੀ ਪੂਰਤੀ ਦੇ ਅਲੰਬਰਦਾਰ ਸਨ। ਉਨ੍ਹਾਂ ਦੇ ਸਿਧਾਂਤ ਤੇ ਪ੍ਰਬੰਧ ਵਿਚ ਵਿਸ਼ੇਸ਼ ਅਧਿਕਾਰਾਂ ਵਾਲੇ ਮੁਖੀ ਜਾਂ ਆਗੂ ਲਈ ਕੋਈ ਵੀ ਥਾਂ ਨਹੀਂ ਸੀ। ਉਹ ਸਮਝਦੇ ਸਨ ਕਿ ਜਿੰਨਾਂ ਚਿਰ ਕੋਈ ਆਗੂ ਉਸਦੇ ਪੈਰੋਕਾਰਾਂ ਵੱਲੋਂ ਚੁਣਿਆਂ ਜਾਂ ਪ੍ਰਵਾਨ ਨਾ ਕੀਤਾ ਜਾਵੇ, ਉਹ ਲਹਿਰ ਨੂੰ ਚਲਾਉਣ ਦੇ ਯੋਗ ਨਹੀਂ ਹੋ ਸਕਦਾ । ਇਤਿਹਾਸ ਗਵਾਹ ਹੈ ਕਿ ਜਿਹੜੀਆਂ ਸ਼ਖ਼ਸੀਅਤਾਂ ਨੂੰ ਜਾਂ ਕੌਮਾਂ ਨੂੰ ਧਾਰਮਿਕ ਜਾਂ ਪੁਜਾਰੀ ਉੱਚਤਾ ਦਾ ਦਰਜਾ ਮਿਲ ਗਿਆ ਉਹ ਆਪਣੇ ਵਿਸ਼ੇਸ਼ ਅਧਿਕਾਰਾਂ ਵਿਚੋਂ ਬਿਲਕੁਲ ਵੀ ਛੱਡਣ ਲਈ ਤਿਆਰ ਨਹੀਂ ਹੋਏ। ਉਨ੍ਹਾਂ ਦੀ ਨੀਂਹ ਇਤਨੀ ਡੂੰਘੀ ਸੀ ਜੋ ਕਿਤੇ ਵੀ ਆਪਣੇ ਸਿੱਖਾਂ ਤੋਂ ਵੱਖਰੀ ਨਹੀਂ ਸੀ ਹੁੰਦੀ। ਉਨ੍ਹਾਂ ਹੀ ਪ੍ਰਤਿੱਗਿਆ ਲਈ ਅਤੇ ਜਿੰਨੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਸਨ, ਉਸ ਤੋਂ ਵੱਧ ਆਪ ਨਹੀਂ ਲਏ। ਛੇਤੀ ਹੀ ਆਪਣੇ ਪੈਰੋਕਾਰਾਂ ਦਾ ਵੱਡਾ ਇਕੱਠ ਕੀਤਾ ਜਿਸ ਵਿਚ ਆਪਣਾ ਨਵਾਂ ਸਿਧਾਂਤ ਸੰਗਤ ਨੂੰ ਦੱਸਿਆ। ਖ਼ਾਲਸੇ ਦੀ ਅਗਵਾਈ ਖ਼ਾਲਸੇ ਦੇ ਹੱਥਾਂ ਵਿਚ ਸੌਂਪ ਕੇ ਨਵੀਨ ਲੋਕਤੰਤਰੀ ਰਾਜ ਦੀ ਬੁਨਿਆਦ ਰੱਖੀ ਗਈ। ਖ਼ਾਲਸੇ ਦੀ ਸਿਰਜਨਾ ਇੱਕ ਆਮ ਸੁਪਨਾ ਨਹੀਂ ਸੀ। ਖ਼ਾਲਸੇ ਨੇ ਪ੍ਰੀਖਿਆ ਦੀ ਅੱਗ ਵਿਚੋਂ ਨਿਕਲ ਕੇ ਆਪਣੀ ਨਿਮਰਤਾ ਦਾ ਸਬੂਤ ਦਿੱਤਾ। ਖ਼ਾਲਸੇ ਦੀ ਪ੍ਰਭੁਤਾ ਧੁਰ ਕੀ ਬਾਣੀ ਵਾਂਗ ਧੁਰ ਤੋਂ ਪ੍ਰਾਪਤ ਦਾਤ ਹੈ ।

ਇਹ ਖ਼ਾਲਸੇ ਦਾ ਸੈਭੰ ਗੁਣ ਹੈ, ਕਿਸੇ ਦੁਨਿਆਵੀ ਸ਼ਕਤੀ ਤੋਂ ਪ੍ਰਾਪਤ ਕੀਤਾ ਦਾਨ ਨਹੀਂ। ਇਸ ਸਤਿ ਦੀ ਗਵਾਹੀ ਗੁਰੂ ਦਾ ਖ਼ਾਲਸੇ ਵਿਚ ਨਿਵਾਸ ਹੈ। ਆਪਣੀ ਵਿਲੱਖਣ ਹਸਤੀ ਵਿਚ ਸਜਿੰਦ ਖ਼ਾਲਸਾ ਆਪਣੇ ਅੰਦਰ ਰਸ ਰਹੀ ਹਲਤਮੁਖੀ ਪ੍ਰਭੁਤਾ ਨੂੰ ਰਾਜਸੀ ਪ੍ਰਭੂਸਤਾ ਦਾ ਰੂਪ ਦੇਣ ਲਈ ਕਿਸੇ ਬਾਹਰੀ ਸ਼ਕਤੀ ਦਾ ਮੁਹਤਾਜ ਨਹੀਂ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਦੇ ਇਸ ਆਦਰਸ਼ਕ ਜਨ-ਸਮੂਹ ਦੀ ਸ਼ਾਨ ਤੇ ਆਤਮਿਕ ਆਭਾ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੇ ਸੁਪਨਿਆਂ ਦੀ ਸਿਰਜਨਾ ਸੀ ਜਿਸ ਨੂੰ ਸੁੰਦਰ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ’ ਨੂੰ ਸਾਜ ਕੇ ਦਿੱਤਾ। ਇਹ ਖ਼ਾਲਸਾ ਸੱਚ ਦੀ ਸਦਾਚਾਰਕ ਬਾਦਸ਼ਾਹਤ ਦੀ ਸਥਾਪਨਾ ਸੀ ਜਿਸ ਦਾ ਬੂਟਾ ਸ੍ਰੀ ਅਨੰਦਪੁਰ ਸਾਹਿਬ ਦੇ ਬਾਗ਼ ਵਿਚ ਲਗਾਇਆ ਗਿਆ। ਸੁਤੰਤਰਤਾ ਦੇ ਇਸ ਮਹਾਂ-ਬਨ ਵਿਚ ਖ਼ਾਲਸਾ ਦੇ ਰੂਪ ਵਿਚ ਦੇਵਤੇ ਤੇ ਫ਼ਰਿਸ਼ਤੇ ਆਪ ਆ ਕੇ ਵਿਚਰਦੇ ਸਨ। ਇਹ ਉਹ ਖ਼ਾਲਸਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚੋਣਵੇਂ ਤੇ ਸਜੀਲੇ ਸਹੰਸਰ ਰੂਪਾਂ ਵਿਚ ਪ੍ਰਗਟ ਹੋਇਆ ਸੀ। ਗੁਰੂ ਸਾਹਿਬ ਦਾ ਇਸ ਕ੍ਰਾਂਤੀਕਾਰੀ ਪਰਿਵਰਤਨ ਨੂੰ ਪੂਰਾ ਕਰਨ ਅਤੇ ਤਖ਼ਤ ਤੇ ਤਖ਼ਤੇ ਤੋਂ ਮੁਕਤ ਸਮਾਜ, ਜਾਤ-ਪਾਤ, ਊਚ-ਨੀਚ, ਭੇਦ-ਭਾਵ,ਨੂੰ ਮੁਕਤ ਕਰਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਵਿਚ ਇਕਸਾਰਤਾ ਲਿਆਉਣਾ ਮੁੱਖ ਉਦੇਸ਼ ਸੀ। ਜਿਸ ਨੂੰ ਪੂਰਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਿਰਜਨਾ ਰਾਹੀਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ, ਨਿਰਭਉ ਤੇ ਨਿਰਵੈਰ, ਪ੍ਰੇਮ ਖੇਡਣ ਦੇ ਚਾਉ ਨਾਲ ਸ਼ਰਸਾਰ, ਸੀਸ ਤਲੀ ਤੇ ਧਰ ਕੇ ਲੜਨ ਵਾਲੇ ਮਨੁੱਖ ਦੀ ਸਿਰਜਨਾ ਕੀਤੀ । ਇਸ ਕਵਿਤਾ ਰਾਹੀਂ ਕਵੀ ਖ਼ਾਲਸੇ ਦੀ ਸਿਰਜਨਾ ਦੇ ਸੰਕਲਪ ਨੂੰ ਬਾਖ਼ੂਬੀ ਪੇਸ਼ ਕਰ ਰਿਹਾ ਹੈ:

ਜਿਹੜਾ ਜਾਤ ਪਾਤ ਤੋਂ ਉੱਚਾ ਹੈ, ਇਹ ਖ਼ਾਲਸਾ ਪੰਥ ਸਜਾਇਆ ਤੂੰ।
ਜਿੰਦ ਵਾਰਨ ਤੋਂ ਨਾ ਡਰਦਾ ਹੈ, ਐਸਾ ਵਿਚ ਹੌਸਲਾ ਪਾਇਆ ਤੂੰ।
ਇਹਦਾ ਕੱਲਾ ਕੱਲਾ ਸਿੰਘ ਦਾਤਾ, ਸਵਾ ਲੱਖ ਦੇ ਨਾਲ ਲੜਾ ਦਿੱਤਾ।
ਕਲਗ਼ੀਧਰ ਤੇਰੀ ਰਹਿਮਤ ਨੇ, ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ।
ਤੇਰੇ ਅੰਮ੍ਰਿਤ ਦੀ ਸ਼ਕਤੀ ਨੇ, ਚਿੜੀਆਂ ਤੋਂ ਬਾਜ਼ ਤੁੜਾ ਦਿੱਤਾ।

(ਪਰਮਜੀਤ ਸਿੰਘ)

salhparmjit@gmail.com

Install Punjabi Akhbar App

Install
×