ਹਰ ਸਿੱਖ ‘ਖਾਲਸਾ’ ਨਹੀਂ, ਹਰ ਅੰਮ੍ਰਿਤਧਾਰੀ-ਖਾਲਸਾ ‘ਸਿੱਖ’ ਹੈ- ਠਾਕੁਰ ਦਲੀਪ ਸਿੰਘ

ਅੰਮ੍ਰਿਤਧਾਰੀ ਖਾਲਸੇ ਨੂੰ ਹੀ ਪੂਰਨ “ਸਿੱਖ ਪੰਥ” ਸਮਝਣਾ ਅਤੇ ਕਹਿਣਾ ਇੱਕ ਬਹੁਤ ਵੱਡੀ ਭੁੱਲ

(ਸਰੀ)-ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਧਾਰੀ-ਖਾਲਸਾ ਅਤੇ ਸਿੱਖ ਪੰਥ ਨੂੰ ਅਲੱਗ ਅਲੱਗ ਕਰਕੇ ਸਮਝਣ ਦੀ ਲੋੜ ਹੈ। ਕਿਉਂਕਿ ਹਰ ਸਿੱਖ: ਅੰਮ੍ਰਿਤਧਾਰੀ-ਖਾਲਸਾ ਨਹੀਂ ਹੈ। ਆਪਣੇ ਇਕ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਧਾਰੀ-ਖਾਲਸਾ: ਸਿੱਖ ਧਰਮ ਦੀ ਇੱਕ ਸ੍ਰੇਸ਼ਟ ਸੰਪਰਦਾ ਹੈ, ਜੋ ਦਸਵੇਂ ਗੁਰੂ, ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ। ਖਾਲਸਾ ਬਣਨ ਲਈ, ਸਿੱਖ ਨੂੰ ਅੰਮ੍ਰਿਤ ਛਕਣਾ ਪੈਂਦਾ ਹੈ ਅਤੇ ਖਾਲਸਾਈ ਮਰਿਆਦਾ ਧਾਰਨ ਕਰਨੀ ਪੈਂਦੀ ਹੈ। ਜੋ ਮਨੁੱਖ, ਅੰਮ੍ਰਿਤ ਛਕ ਕੇ, ਵਿਸ਼ੇਸ਼ ਖਾਲਸਾਈ ਮਰਿਆਦਾ ਧਾਰਨ ਕਰਦਾ ਹੈ: ਉਹ ਹੀ “ਖਾਲਸਾ” ਹੈ। ਪਰੰਤੂ, ‘ਸਿੱਖ’ ਤਾਂ ਕੋਈ ਵੀ ਗੁਰੂ ਜੀ ਦਾ ਸ਼ਰਧਾਲੂ ਹੋ ਸਕਦਾ ਹੈ। ਸਤਿਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ‘ਸਿੱਖ’ ਹੈ। ਜਿਸ ਦੇ ਲਈ ਗੁਰੂ ਜੀ ਨੇ ਉਚਾਰਣ ਕੀਤਾ ਹੈ ‘ਸਤਿਗੁਰ ਕੀ ਨਿਤ ਸਰਧਾ ਲਾਗੀ ਮੋਕਉ’(ਮ.੪, ਪੰਨਾ 982) । ਇਸ ਤਰ੍ਹਾਂ, ਸਿੱਖੀ ਤਾਂ ਸ਼ਰਧਾ ਨਾਲ ਹੈ; ਕੇਵਲ ਅੰਮ੍ਰਿਤ ਛਕ ਕੇ, ਵਿਸ਼ੇਸ਼ ਖਾਲਸਾਈ ਮਰਿਆਦਾ ਨਾਲ ਨਹੀਂ।

ਅੰਮ੍ਰਿਤਪਾਨ, ਕੇਸ ਦਾੜ੍ਹੀ ਅਤੇ ਖਾਲਸਾਈ ਮਰਿਆਦਾ ਤੋਂ ਬਿਨਾਂ ਵੀ; ਜੋ ਕੋਈ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਹੈ: ਉਹ ਸਿੱਖ (ਚੇਲਾ/ਮੁਰੀਦ) ਹੈ। ਕੇਵਲ ਅੰਮ੍ਰਿਤਧਾਰੀ-ਖਾਲਸਾ ਹੀ ਸਮੁੱਚਾ ਸਿੱਖ ਪੰਥ ਨਹੀਂ ਹੈ। ਭਾਈ ਘਨਈਆ, ਭਾਈ ਨੰਦ ਲਾਲ, ਦੀਵਾਨ ਟੋਡਰ ਮੱਲ ਆਦਿ ਸਿੱਖ; ਦਸਵੇਂ ਪਾਤਿਸ਼ਾਹ ਜੀ ਦੇ ਸਮੇਂ ਵੀ “ਅੰਮ੍ਰਿਤਧਾਰੀ” ਨਹੀਂ ਸਨ: ਪਰ ਉਹ ਵੀ ਮਹਾਨ “ਸਿੱਖ” ਸਨ। ਰਾਏ ਬੁਲਾਰ, ਗਨੀ ਖਾਂ, ਨਬੀ ਖਾਨ, ਪੀਰ ਬੁੱਧੂ ਸ਼ਾਹ ਆਦਿ ਵੀ ਸਿੱਖ ਸਨ। ਅੱਜ ਵੀ ਜੋ ਹਿੰਦੂ, ਮੁਸਲਮਾਨ, ਜੈਨ, ਬੋਧੀ, ਈਸਾਈ ਆਦਿ ਗੁਰੂ ਜੀ ਉੱਤੇ ਸ਼ਰਧਾ ਰੱਖਦੇ ਹਨ, ਉਹ ਹੀ “ਨਾਨਕਪੰਥੀ-ਸਿੱਖ” (ਸ਼ਿਸ਼/ਮੁਰੀਦ) ਹਨ।

ਸਿੱਖ ਪੰਥ ਬਹੁਤ ਵਿਸ਼ਾਲ ਹੈ, ਜਿਸ ਵਿੱਚ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਪਰਦਾਵਾਂ ਆਉਂਦੀਆਂ ਹਨ। ਜਿਵੇਂ: ਨਿਰਮਲੇ, ਉਦਾਸੀ, ਸੇਵਾ ਪੰਥੀ, ਸਿੰਧੀ ਆਦਿ; ਜੋ ਅੰਮ੍ਰਿਤਧਾਰੀ ਨਹੀਂ ਹਨ। ਸਿੱਖ ਪੰਥ ਵਿੱਚ “ਭਗਤ ਪੰਥੀ” ਵਰਗੀਆਂ ਕਈ ਸੰਪਰਦਾਵਾਂ ਹਨ, ਜਿਨ੍ਹਾਂ ਦਾ ਨਾਮ ਲੋਕਾਂ ਨੇ ਕਦੇ ਵੀ ਨਹੀਂ ਸੁਣਿਆ ਹੋਵੇਗਾ। ਕੇਵਲ ਵਿਸ਼ੇਸ਼ ਬਾਹਰੀ ਸਰੂਪ ਵਾਲੇ ਅੰਮ੍ਰਿਤਧਾਰੀ ਖਾਲਸੇ ਨੂੰ ਹੀ ਪੂਰਨ “ਸਿੱਖ ਪੰਥ” ਸਮਝਣਾ ਅਤੇ ਕਹਿਣਾ; ਇੱਕ ਬਹੁਤ ਵੱਡੀ ਭੁੱਲ ਹੈ।

ਗੁਰਦੁਆਰਾ ਐਕਟ ਬਣ ਕੇ, ਅਕਾਲ ਤਖ਼ਤ ਸਾਹਿਬ, ਹਰਿਮੰਦਰ ਸਾਹਿਬ, ਨਨਕਾਣਾ ਸਾਹਿਬ ਆਦਿ ਗੁਰਦੁਆਰਿਆਂ ਉੱਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੋਣ ਕਾਰਨ: ਕੇਵਲ ਅੰਮ੍ਰਿਤਧਾਰੀ-ਖਾਲਸਾ ਨੂੰ ਸਮੁੱਚੇ ਸਿੱਖ ਪੰਥ ਵਜੋਂ ਪੇਸ਼ ਕਰਕੇ ਪ੍ਰਚਾਰਿਆ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਨੇ ਵੀ ਇਹ ਸਮਝ ਲਿਆ ਹੈ ਕਿ ਕੇਵਲ ਕੇਸ ਦਾੜ੍ਹੀ ਵਾਲਾ ਅੰਮ੍ਰਿਤਧਾਰੀ-ਖਾਲਸਾ ਹੀ “ਸਿੱਖ” ਹੈ, ਜੋ ਕਿ ਸੱਚ ਨਹੀਂ ਹੈ।

“ਗੁਰਦੁਆਰਾ ਐਕਟ” ਵਿੱਚ ਲਿਖੀ “ਸਿੱਖ” ਦੀ ਪਰਿਭਾਸ਼ਾ, ਗੁਰਬਾਣੀ ਆਸ਼ੇ ਦੇ ਵਿਰੁੱਧ ਹੈ, ਜੋ ਕਿ ਅੰਗਰੇਜ਼ਾਂ ਦੁਆਰਾ ਸਿੱਖ ਪੰਥ ਨੂੰ ਘਟਾਉਣ ਲਈ ਬਣਾਈ ਗਈ ਸੀ। ਅਤੇ, ਇਹ ਪਰਿਭਾਸ਼ਾ ਕੇਵਲ ਗੁਰਦੁਆਰਾ ਚੋਣਾਂ ਲਈ ਹੈ। ਜਦੋਂ ਕਿ, ਸਿੱਖ ਪੰਥ ਵਿੱਚ ਗੁਰਦੁਆਰਾ ਚੋਣਾਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ। ਜੋ ਸਿੱਖ ਦੀ ਪਰਿਭਾਸ਼ਾ ਇਥੇ ਲਿਖੀ ਗਈ ਹੈ, ਉਹ ਪਰਿਭਾਸ਼ਾ ਤਾਂ ਪੂਰੀ ਤਰ੍ਹਾਂ ਗੁਰਬਾਣੀ ਆਧਾਰਿਤ ਹੈ।

ਇਸ ਤਰ੍ਹਾਂ, ਖਾਲਸਾ ਅਤੇ ਸਿੱਖ ਵਿਚ ਬਹੁਤ ਵੱਡਾ ਅੰਤਰ ਹੈ: ਅਸਲ ਵਿਚ ਕੋਈ ਵੀ ਅੰਤਰ ਨਹੀਂ ਹੈ। ਖਾਲਸਾ ਪੰਥ ‘ਸਿੱਖ ਪੰਥ’ ਹੈ: ਪਰ, ਸਿੱਖ ਪੰਥ; ਕੇਵਲ ‘ਖਾਲਸਾ ਪੰਥ’ ਨਹੀਂ। ਸਿੱਖ ਪੰਥ ਤਾਂ ਸਾਰੇ ਗੁਰੂ ਨਾਨਕ ਨਾਮ ਲੇਵਾ ਨੂੰ ਮਿਲਾ ਕੇ ਬਣਦਾ ਹੈ।

(ਹਰਦਮ ਮਾਨ) +1 604 308 6663

maanbabushahi@gmail.com