ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਲਾਏ ਜਾਣ ‘ਵਿੱਦਿਆ ਦੇ ਲੰਗਰ’ – ਠਾਕੁਰ ਦਲੀਪ ਸਿੰਘ

(ਸਰੀ) -ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਪੰਥ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ‘ਵਿਦਿਆ ਦੇ ਲੰਗਰ’ ਲਾਏ ਜਾਣ। ਆਪਣੇ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਸਿੱਖਾਂ ਨੂੰ ਸਵਾਲ ਕੀਤਾ ਹੈ ਕਿ ਆਪਾਂ ਨੇ ਕਦੀ ਇਹ ਸੋਚਿਆ ਹੈ ਕਿ ਸਾਡਾ ਸਿੱਖ ਪੰਥ ਦਿਨੋ ਦਿਨ ਕਿਉਂ ਘਟ ਰਿਹਾ ਹੈ ਅਤੇ ਅਸੀਂ ਕਿੰਨੇ ਘਟ ਗਏ ਹਾਂ? ਸ਼ਾਇਦ ਹੀ ਕਦੇ ਕਿਸੇ ਨੇ ਸੋਚਿਆ ਹੋਵੇ। ਸਾਡੇ ਪੰਥ ਦੇ ਘਟਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਸਿੱਖ ਪੰਥ ਨੂੰ “ਵਿੱਦਿਆ ਦਾਨ” ਨਹੀਂ ਦੇ ਸਕੇ ਕਿਉਂਕਿ ਅਸੀਂ ਸਿੱਖਾਂ ਵਾਸਤੇ ਕਾਲਜ ਅਤੇ ਯੂਨੀਵਰਸਿਟੀਆਂ ਨਹੀਂ ਬਣਾਈਆਂ। ਸਾਨੂੰ ਹੁਣ ਚਿੰਤਨਸ਼ੀਲ ਹੋਣਾ ਚਾਹੀਦਾ ਹੈ ਕਿ ਸਾਡਾ ਸਿੱਖ ਪੰਥ ਦਿਨੋ-ਦਿਨ ਕਿਉਂ ਘਟ ਰਿਹਾ ਹੈ? ਇਸ ਦੀ ਗਿਣਤੀ ਵਧ ਕਿਉਂ ਨਹੀਂ ਰਹੀ? ਅੱਜ ਇਹ ਗੱਲ ਹਰ ਸਿੱਖ ਨੂੰ ਸੋਚਣੀ ਚਾਹੀਦੀ ਹੈ।

ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਇਹਦੇ ਵਿਚ ਕੋਈ ਸੰਦੇਹ ਨਹੀਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਸਦਕਾ ਪੂਰੇ ਸੰਸਾਰ ਵਿਚ ਸਿੱਖਾਂ ਦੀ ਪਛਾਣ ਬਣੀ ਹੈ। ਪਰ ਅਸੀਂ ਉਹ ਲੰਗਰ ਨਹੀਂ ਲਾਇਆ ਜਿਸ ਲੰਗਰ ਦੀ ਅੱਜ ਲੋੜ ਸੀ, ਉਹ ਲੰਗਰ ਹੈ “ਵਿੱਦਿਆ ਦਾ ਲੰਗਰ”। ਅਸੀਂ “ਵਿੱਦਿਆ ਦਾ ਲੰਗਰ” ਨਹੀਂ ਲਾਇਆ, ਪਰ ਸ਼ਾਹੀ ਪਨੀਰ ਅਤੇ ਜਲੇਬੀਆਂ ਦੇ ਮਹਿੰਗੇ ਲੰਗਰਾਂ ਉੱਤੇ ਲੱਖਾਂ ਰੁਪਈਏ ਖਰਚ ਦਿੱਤੇ। ਪਰ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਨਹੀਂ ਲਾਇਆ। ਸਾਨੂੰ ਹੁਣ ਸ਼ਾਹੀ ਪਨੀਰ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਲੰਗਰ ਲਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਵਿੱਦਿਆ ਦਾ ਚਾਨਣ ਸਭ ਤਰ੍ਹਾਂ ਦੇ ਹਨੇਰਿਆਂ ਨੂੰ ਦੂਰ ਕਰਦਾ ਹੈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਗਰੀਬ ਸਿੱਖ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦੇਣ ਦੀ ਬੇਨਤੀ ਕਰਦਿਆਂ ਕਿਹਾ ਹੈ ਤਾਂ ਕਿ ਸਿੱਖ ਪੰਥ ਘਟਣੋਂ ਬਚੇ ਅਤੇ ਸਾਡਾ ਪੰਥ ਵੱਧ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿੱਦਿਆ ਨੂੰ ਬਹੁਤ ਉੱਤਮ ਦਰਜਾ ਦਿੱਤਾ ਹੈ ਅਤੇ ਆਪਣੀ ਬਾਣੀ ਵਿਚ ਵੀ ਕਿਹਾ ਹੈ ‘ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥’ ਇਸ ਲਈ “ਵਿੱਦਿਆ ਦਾ ਲੰਗਰ” ਲਾਉ ਸਤਿਗੁਰੂ ਨਾਨਕ ਦੇਵ ਜੀ ਖੁਸ਼ੀਆਂ ਬਖਸ਼ਣਗੇ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×