ਵਿਦੇਸ਼ੀ ਮੁਸਲਮਾਨ-ਰਾਜੇ: ਭਾਰਤੀ ਨਹੀਂ ਬਣੇ ਉਨ੍ਹਾਂ ਦੇ ਸਾਰੇ ਹੀ ਵਿਰੋਧੀ ਸ੍ਵਤੰਤਰਤਾ ਸੇਨਾਨੀ ਸਨ -ਠਾਕੁਰ ਦਲੀਪ ਸਿੰਘ ਜੀ

ਇਹ ਭਾਰਤੀ ਮੁਸਲਮਾਨਾਂ ਦੀ ਗੱਲ ਨਹੀਂ, ਵਿਦੇਸ਼ੀ ਹਮਲਾਵਰ ”ਮੁਸਲਮਾਨ-ਰਾਜੇ” (ਭਾਰਤ ਉੱਤੇ ਅਰਬਾਂ ਅਤੇ ਤੁਰਕਾਂ ਦਾ ਹਮਲਾ, ਖਿਲਜ਼ੀ ਵੰਸ਼, ਤੁਗਲਕ ਵੰਸ਼, ਸਈਅਦ ਵੰਸ਼, ਲੋਦੀ ਵੰਸ਼, ਮੁਗ਼ਲ ਕਾਲ ਆਦਿ) ਅੰਗਰੇਜ਼ਾਂ ਦੀ ਤਰ੍ਹਾਂ, ਉਹ ਸਾਰੇ ਵੀ ਵਿਦੇਸ਼ੀ ਸਨ, ਉਹ ਆਪਣੇ ਰਾਜ ਕਾਲ ਦੇ ਅੰਤ ਤਕ ਵਿਦੇਸ਼ੀ ਹੀ ਰਹੇ। ਕਿਸੇ ਕਾਰਣ ਭਾਰਤ ਦੇ ਇਤਿਹਾਸਕਾਰਾਂ ਅਤੇ ਨੇਤਾਵਾਂ ਨੂੰ ਇਹ ਭ੍ਰਮ ਹੋ ਗਿਆ ਹੈ ਕਿ ਮੁਸਲਮਾਨ-ਵਿਦੇਸ਼ੀ-ਰਾਜੇ ਭਾਰਤੀ ਬਣ ਗਏ ਸੀ, ਜੋ ਕਿ ਸੱਚ ਨਹੀਂ ਹੈ। ਸੱਚ ਤਾਂ ਇਹ ਹੈ ਕਿ ਵਿਦੇਸ਼ੀ ਹਮਲਾਵਰ ਮੁਸਲਮਾਨ-ਰਾਜੇ 800 ਸਾਲ ਭਾਰਤ ਵਿੱਚ ਰਹਿ ਕੇ ਰਾਜ ਕਰਦੇ ਰਹੇ, ਫਿਰ ਵੀ ਉਹ ਭਾਰਤੀ ਨਹੀਂ ਬਣੇ। ਉਹਨਾਂ ਨੇ ਭਾਰਤੀ ਧਰਮ, ਸੱਭਿਆਚਾਰ ਅਤੇ ਭਾਸ਼ਾ ਨਹੀਂ ਅਪਣਾਈ: ਉਲਟਾ, ਉਹਨਾਂ ਨੇ ਆਪਣਾ ਧਰਮ, ਸੱਭਿਆਚਾਰ ਅਤੇ ਭਾਸ਼ਾ: ਭਾਰਤੀਆਂ ਉੱਤੇ ਜਬਰਦਸਤੀ ਥੋਪੀ। ਭਾਰਤੀਆਂ ਉੱਤੇ ਅਤਿਆਚਾਰ ਕਰਕੇ, ਆਪਣਾ ਮਜ਼ਹਬ ”ਇਸਲਾਮ”, ਭਾਸ਼ਾ ਅਤੇ ਸੰਸਕ੍ਰਿਤੀ, ਭਾਰਤ ਵਿੱਚ ਫੈਲਾਈ। ਕਿਸੇ ਵੀ ਭਾਰਤੀ ਭਾਸ਼ਾ ਨੂੰ ”ਰਾਜਭਾਸ਼ਾ” ਨਾ ਬਣਾਕੇ, ”ਫਾਰਸੀ” ਨੂੰ ਰਾਜਭਾਸ਼ਾ ਬਣਾ ਕੇ ਭਾਰਤੀਆਂ ਉੱਤੇ ਥੋਪ ਦਿੱਤੀ। ਇਨ੍ਹਾਂ ਮੁਸਲਮਾਨ ਰਾਜਿਆਂ ਨੇ, ਹਿੰਦੂ ਲੜਕੀਆਂ ਨਾਲ ਵਿਆਹ ਤਾਂ ਕਰ ਲਿਆ, ਪਰੰਤੂ ਆਪਣੀ ਲੜਕੀਆਂ ਦਾ ਹਿੰਦੂਆਂ ਵਿੱਚ ਵਿਆਹ ਨਹੀਂ ਕੀਤਾ।
ਇਸ ਤਰ੍ਹਾਂ ਦੇ ਅਤਿਆਚਾਰੀ, ਵਿਦੇਸ਼ੀ-ਮੁਸਲਮਾਨ-ਰਾਜਿਆਂ ਦਾ ਅਤੇ ਉਹਨਾਂ ਦੇ ਅਤਿਆਚਾਰਾਂ ਦਾ ਵਿਰੋਧ ਕਰਦੇ ਹੋਏ, ਸਤਿਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ”ਪਾਪ ਕੀ ਜੰਞ ਲੈ ਕਾਬਲਹੁ ਧਾਇਆ”, ”ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ”, ”ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋਂ”। ਬਾਬਰ ਬਾਦਸ਼ਾਹ ਨੂੰ ਜ਼ਾਲਿਮ-ਪਾਪੀ ਆਖਿਆ ਅਤੇ ਉਸਦੇ ਵਿਰੁੱਧ ਭਾਰਤੀਆਂ ਨੂੰ ਇਕਜੁੱਟ ਕਰਨ ਲਈ ਆਵਾਜ਼ ਚੁੱਕੀ। ਬਾਬਰ ਦਾ ਵਿਰੋਧ ਕਰਨ ਦੇ ਕਾਰਣ, ਗੁਰੂ ਜੀ ਨੇ ਜੇਲ੍ਹ ਜਾ ਕੇ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲੇ ਅਤੇ ਚੱਕੀ ਪੀਸਣੀ ਮਨਜ਼ੂਰ ਕੀਤੀ। ਪਰੰਤੂ, ਉਸ ਦੀ ਈਨ ਨਹੀਂ ਮੰਨੀ।
ਵਿਦੇਸ਼ੀ ਰਾਜਿਆਂ ਦੇ ਅਤਿਆਚਾਰਾਂ ਨੂੰ ਅੱਖੀ ਵੇਖਕੇ, ਉਹਨਾਂ ਵਿਰੁੱਧ ਗੁਰੂ ਜੀ ਨੇ ਇਹ ਵੀ ਲਿਖਿਆ: ”ਆਦਿ ਪੁਰਖ ਕਉ ਅਲਹੁ ਕਹੀਐ” (ਪ੍ਰਭੂ ਨੂੰ ਅਲਾਹ ਕਹਿਣ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ?)। ”ਕਲਿ ਪਰਵਾਣੁ ਕਤੇਬ ਕੁਰਾਣੁ। ਪੋਥੀ ਪੰਡਿਤ ਰਹੇ ਪੁਰਾਣ”। ਇਸਲਾਮੀ ਪੁਸਤਕਾਂ: ਕਤੇਬ, ਕੁਰਾਨ ਆਦਿ ਨੂੰ ਜਬਰਦਸਤੀ ਕਿਉਂ ਪਤ੍ਹਾਇਆ ਜਾ ਰਿਹਾ ਹੈ? ਪੰਡਿਤਾਂ ਨੂੰ ਤੰਗ ਕਰਕੇ, ਮਾਰਕੇ, ਹਿੰਦੂ ਪੁਸਤਕਾਂ: ਵੇਦ, ਪੁਰਾਣ ਆਦਿ ਨੂੰ ਪੜ੍ਹਨਾ-ਪੜ੍ਹਾਨਾ ਬੰਦ ਕਿਉਂ ਕੀਤਾ ਜਾ ਰਿਹਾ ਹੈ?)। ਇਤਨਾਂ ਹੀ ਨਹੀਂ; ਵਿਦੇਸ਼ੀ ਰਾਜਿਆਂ ਵਲੋਂ, ਮੰਦਰਾਂ ਉੱਤੇ ਲਗਾਏ ਜਾ ਰਹੇ ਟੈਕਸ ਦਾ ਵੀ ਖੁਲਕੇ ਵਿਰੋਧ ਕੀਤਾ ਅਤੇ ਆਖਿਆ: ”ਦੇਵਲ ਦੇਵਤਿਆ ਕਰੁ ਲਾਗਾ” (ਮੰਦਰਾਂ ਉੱਤੇ ਟੈਕਸ ਕਿਉਂ ਲਗਾਇਆ ਗਿਆ ਹੈ?)।
ਇਹਨਾਂ ਮੁਸਲਮਾਨ ਰਾਜਿਆਂ ਦੇ ਅਤਿਆਚਾਰਾਂ ਨੂੰ ਰੋਕਣ ਲਈ ਸਤਿਗੁਰੂ ਅਰਜਨ ਦੇਵ ਜੀ ਅਤੇ ਸਤਿਗੁਰੂ ਤੇਗ ਬਹਾਦੁਰ ਜੀ ਨੇ ਆਪਣੇ ਸਿੱਖਾਂ ਸਮੇਤ ਸ਼ਹੀਦੀ ਦਿੱਤੀ। ਸਤਿਗੁਰੂ ਹਰਗੋਬਿੰਦ ਜੀ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਮੁਗ਼ਲ ਰਾਜਿਆਂ ਦੇ ਜੁਲਮਾਂ ਨੂੰ ਰੋਕਣ ਲਈ ਯੁੱਧ ਵੀ ਕੀਤੇ। ਇਹਨਾਂ ਯੁੱਧਾਂ ਵਿੱਚ ਚਾਰੇ ਸਾਹਿਬਜਾਦੇ ਅਤੇ ਅਨੇਕਾਂ ਸਿੱਖ ਸ਼ਹੀਦ ਹੋਏ।
ਭਾਰਤ ਦੀ ਗੁਲਾਮੀ; ਕੇਵਲ ਅੰਗਰੇਜ਼-ਇਸਾਈਆਂ ਦੇ ਸਮੇਂ ਤੋਂ ਹੀ ਸ਼ੁਰੂ ਨਹੀਂ ਹੋਈ ਸੀ। ਅਸਲੀਅਤ ਵਿੱਚ, ਜਦੋਂ ਤੋਂ ਵਿਦੇਸ਼ੀ-ਹਮਲਾਵਰ-ਮੁਸਲਮਾਨ ਭਾਰਤ ਦੇ ਰਾਜੇ ਬਣੇ, ਉਸ ਸਮੇਂ ਤੋਂ ਹੀ ਭਾਰਤ ਦੀ ਗੁਲਾਮੀ ਸ਼ੁਰੂ ਹੋ ਗਈ ਸੀ। ਕਿਉਂਕਿ, ਵਿਦੇਸ਼ੀ-ਮੁਸਲਮਾਨ-ਰਾਜੇ ਭਾਰਤੀ ਨਹੀਂ ਸੀ, ਇਸ ਲਈ ਜਿੱਨਾਂ ਸਮਾਂ ਉਹ ਭਾਰਤ ਉੱਤੇ ਰਾਜ ਕਰਦੇ ਰਹੇ; ਉਹ ਗੁਲਾਮੀ ਦਾ ਸਮਾਂ ਸੀ। ਕਿਉਂਕਿ, ਉਹ ਆਪਣੇ 800 ਸਾਲਾਂ ਦੇ ਰਾਜਕਾਲ ਦੇ ਅੰਤ ਤਕ ਵਿਦੇਸ਼ੀ ਹੀ ਰਹੇ ਸੀ। ਅਜਕੱਲ, ਸ੍ਵਤੰਤਰਤਾ ਸੰਗ੍ਰਾਮ ਉਸ ਨੂੰ ਮੰਨਿਆ ਜਾ ਰਿਹਾ ਹੈ, ਜੋ ਅੰਗਰੇਜ਼ੀ ਰਾਜ ਦੇ ਵਿਰੋਧ ਵਿੱਚ ਹੋਇਆ ਸੀ। ਅਸਲੀਅਤ ਤਾਂ ਇਹ ਹੈ ਕਿ ਜਦੋਂ ਤੋਂ ਵਿਦੇਸ਼ੀ, ਭਾਰਤ ਵਿੱਚ ਆ ਕੇ ਰਾਜ ਕਰਨ ਲਗ ਗਏ ਅਤੇ ਭਾਰਤੀਆਂ ਨੇ ਉਹਨਾਂ ਦਾ ਵਿਰੋਧ ਸ਼ੁਰੂ ਕੀਤਾ। ਉਸ ਸਮੇਂ ਤੋਂ ਹੀ ਸ੍ਵਤੰਤਰਤਾ ਸੰਗ੍ਰਾਮ ਸ਼ੁਰੂ ਹੋ ਗਿਆ ਸੀ।
1000 ਸਾਲ ਦੀ ਗੁਲਾਮੀ ਦੇ ਦੌਰਾਨ ਜੋ ਵੀ ਵਿਦੇਸ਼ੀ ਹਮਲਾਵਰਾਂ (ਮੁਸਲਮਾਨ ਅਤੇ ਅੰਗਰੇਜ਼-ਇਸਾਈਆਂ) ਦੇ ਨਾਲ ਲੜਦੇ ਹੋਏ ਅਤੇ ਉਹਨਾਂ ਦੇ ਅਤਿਆਚਾਰਾਂ ਨੂੰ ਝੱਲਦੇ ਸ਼ਹੀਦ ਹੋਏ: ਉਹ ਸਾਰੇ ਸ੍ਵਤੰਤਰਤਾ ਸੇਨਾਨੀ ਸਨ। ਜਿਵੇਂ: ਭਾਈ ਮਤੀ ਦਾਸ, ਕੀਰਤ ਭੱਟ, ਬਾਬਾ ਬੰਦਾ ਸਿੰਘ ਬਹਾਦੁਰ, ਹਕੀਕਤ ਰਾਏ, ਚਾਰ ਸਾਹਿਬਜਾਦੇ, ਬਾਬਾ ਦੀਪ ਸਿੰਘ ਅਤੇ ਬਾਕੀ ਨਿਹੰਗ ਸਿੰਘ, ਭਾਈ ਹੀਰਾ ਸਿੰਘ ਅਤੇ ਬਾਕੀ ਨਾਮਧਾਰੀ ਸਿੰਘ, ਅਨੇਕਾਂ ਸਿੱਖ ਇਸਤਰੀਆਂ ਅਤੇ ਉਹਨਾਂ ਦੇ ਦੁੱਧ ਪੀਂਦੇ ਬੱਚੇ, ਭਗਤ ਸਿੰਘ, ਊਧਮ ਸਿੰਘ, ਸੈਕੜੇ ਬੰਗਾਲੀ ਔਰਤਾਂ, ਅਸ਼ਫਾਕੁੱਲਾ ਖਾਨ, ਪੀਰ ਬੁੱਧੂ ਸ਼ਾਹ ਅਤੇ ਉਹਦੇ ਪੁੱਤਰ, ਆਦਿ। ਭਾਰਤ ਦੇ ਸਾਰੇ ਹੀ, ਜਾਣੇ-ਅਣਜਾਣੇ ਸ਼ਹੀਦਾਂ ਦੀ ਯਾਦ ਵਿੱਚ ”ਭਾਰਤੀ ਸੁਤੰਤਰਤਾ ਸਮਾਰਕ” ਬਨਣਾ ਚਾਹੀਦਾ ਹੈ।
ਸਾਰਾਂਸ਼: ਵਿਦੇਸ਼ੀ ਹਮਲਾਵਰ: ”ਮੁਸਲਮਾਨ-ਰਾਜੇ” ਵਿਦੇਸ਼ੀ ਸੀ, ਉਹ ਆਪਣੇ ਰਾਜ ਕਾਲ ਦੇ ਅੰਤ ਤਕ ਵਿਦੇਸ਼ੀ ਹੀ ਰਹੇ। ਜਿਨ੍ਹਾਂ ਭਾਰਤੀਆਂ ਨੇ ਉਹਨਾਂ ਦਾ ਵਿਰੋਧ ਕੀਤਾ: ਉਹ ਸਾਰੇ ਸ੍ਵਤੰਤਰਤਾ ਸੇਨਾਨੀ ਸਨ। ਉਹਨਾਂ ਦੀ ਯਾਦ ਵਿੱਚ ”ਭਾਰਤੀਯ ਸ੍ਵਤੰਤਰਤਾ ਸਮਾਰਕ” ਬਨਣਾ ਚਾਹੀਦਾ ਹੈ।
ਇਸ ਲੇਖ ਵਿੱਚ ਭਾਰਤੀ ਮੁਸਲਮਾਨਾਂ ਦੀ ਗੱਲ ਨਹੀਂ, ਉਹਨਾਂ ਵਿਦੇਸ਼ੀ-ਮੁਸਲਮਾਨ-ਰਾਜਿਆਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ ਨੇ ਵਿਦੇਸ਼ ਤੋਂ ਆ ਕੇ ਭਾਰਤ ਉੱਤੇ ਰਾਜ ਕੀਤਾ ਸੀ।

ਠਾਕੁਰ ਦਲੀਪ ਸਿੰਘ ਜੀ -ਵਰਤਮਾਨ ਨਾਮਧਾਰੀ ਮੁਖੀ

 (ਹਰਦਮ ਮਾਨ) +1 604 308 6663

maanbabushahi@gmail.com