ਸਾਡੀ ਕਿਸਮਤ ਨੇਤਾ ਅਤੇ ਧਨਾਢ ਲੋਕ ਲਿਖਦੇ ਹਨ -ਠਾਕੁਰ ਦਲੀਪ ਸਿੰਘ

ਸਰੀ -ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ  ਦਲੀਪ ਸਿੰਘ ਨੇ ਇਕ ਵੀਡੀਓ ਸੰਦੇਸ਼ ਰਾਹੀਂ ਕਿਸਮਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਹੈ ਕਿ ਸਾਡੀ ਕਿਸਮਤ ਲਿਖਦਿਆਂ ਕਿਸੇ ਦੈਵੀ ਸ਼ਕਤੀ ਨੂੰ ਅਸੀਂ ਕਦੇ ਨਹੀਂ ਵੇਖਿਆ ਸਗੋਂ ਪ੍ਰਤੱਖ ਰੂਪ ਵਿਚ ਕਿਸਮਤ ਦੇ ਰਚਣਹਾਰੇ ਤਾਂ ਸਾਡੇ ਨੇਤਾ ਹਨ ਜਾਂ ਵੱਡੇ ਅਮੀਰ ਲੋਕ ਹਨ। ਉਨ੍ਹਾਂ ਕਿਹਾ ਹੈ ਕਿ ਕਿਸਮਤ ਨੂੰ ਭਾਗ, ਨਸੀਬ, ਤਕਦੀਰ, ਮੁਕੱਦਰ, ਲੱਕ,  ਡੈਸਟਨੀ ਆਦਿ ਵੱਖੋ ਵੱਖਰੇ ਨਾਵਾਂ ਨਾਲ ਹਰ ਇਕ ਦੇਸ਼, ਸਮਾਜ ਅਤੇ ਧਰਮ ਵਿਚ ਕਿਸੇ ਨਾ ਕਿਸੇ ਰੂਪ ਵਿਚ ਪ੍ਰਵਾਨ ਕੀਤਾ ਜਾਂਦਾ ਹੈ। ਬੇਸ਼ੱਕ ਅੱਜ ਦੇ ਵਿਗਿਆਨਕ ਯੁਗ ਵਿਚ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਵੱਡੇ ਵੱਡੇ ਚਮਤਕਾਰ ਕਰ ਕੇ ਦਿਖਾਏ ਹਨ ਅਤੇ ਹਰ ਪਾਸੇ ਵਿਗਿਆਨ ਦਾ ਬੋਲਬਾਲਾ ਹੈ। ਪਰ, ਸੱਚ ਇਹ ਵੀ ਹੈ ਕਿ ਅੱਜ ਦੇ  ਵਿਗਿਆਨਕ ਯੁੱਗ ਵਿੱਚ ਵੱਡੇ ਵੱਡੇ ਵਿਗਿਆਨੀ ਵੀ ਪੂਰਨ ਰੂਪ ਵਿੱਚ  ਕਿਸਮਤ ਤੋਂ ਮੁਨਕਰ ਨਹੀਂ ਹੁੰਦੇ। ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ, ਕਦੀ ਨਾ ਕਦੀ ਕਿਸਮਤ ਨੂੰ ਮੰਨਦੇ ਹਨ। ਕਈ ਵਾਰੀ ਕਿਸੇ ਘਟਨਾ ਜਾਂ ਕਾਰਜ ਦੇ ਪਿੱਛੇ ਸਾਨੂੰ ਕਿਸੇ ਕਾਰਨ ਦੀ ਸਮਝ ਨਹੀਂ ਆਉਂਦੀ ਤਾਂ ਉਥੇ ਵੀ ਅਕਸਰ ਕਿਸਮਤ ਨੂੰ ਪ੍ਰਵਾਨ ਕੀਤਾ ਜਾਂਦਾ ਹੈ।

ਦਿਲਚਸਪ ਸਵਾਲ ਇਹ ਹੈ ਕਿ ਕਿਸਮਤ ਲਿਖਦਾ ਕੌਣ ਹੈ? ਧਰਮ- ਗਰੰਥਾਂ ਵਿੱਚ  ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਈ ਦੈਵੀ ਸ਼ਕਤੀ ਸਾਡੀ ਕਿਸਮਤ ਲਿਖਦੀ ਹੈ। ਇਨ੍ਹਾਂ ਧਰਮ ਗਰੰਥਾਂ ਵਿੱਚਲੇ ਵਿਚਾਰਾਂ ਨੂੰ ਸਤਿਕਾਰ ਸਹਿਤ ਲਾਂਭੇ ਰੱਖਦਿਆਂ ਅਤੇ ਸਿਰ ਝੁਕਾਉਂਦਿਆਂ ਠਾਕੁਰ ਦਲੀਪ ਸਿੰਘ ਨੇ ਆਪਣੇ ਅਨੁਭਵ ਅਤੇ ਦ੍ਰਿੜ ਵਿਸ਼ਵਾਸ  ਨਾਲ ਕਿਹਾ ਹੈ ਕਿ 

ਪ੍ਰਤੱਖ ਵਿਚ ਕਿਸੇ ਦੇਸ਼ ਦੇ ਨਾਗਰਿਕਾਂ ਦੀ ਕਿਸਮਤ ਉਸ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਲਿਖਦਾ ਹੈ, ਕਿਸੇ ਰਾਜ ਦੇ ਲੋਕਾਂ ਦੀ ਕਿਸਮਤ ਉਸ ਰਾਜ ਦਾ ਮੁੱਖ  ਮੰਤਰੀ। ਇਸੇ ਤਰਾਂ ਮੰਤਰੀ, ਐਮ.ਪੀ., ਐਮ.ਐਲ.ਏ., ਜ਼ਿਲਾ ਅਧਿਕਾਰੀ, ਸ਼ਹਿਰ ਦਾ ਪ੍ਰਧਾਨ, ਪਿੰਡ ਦੀ ਪੰਚਾਇਤ ਅਤੇ  ਪਰਿਵਾਰ ਦਾ ਮੁਖੀ ਆਪੋ ਆਪਣੀ ਸ਼ਕਤੀ ਅਨੁਸਾਰ ਲੋਕਾਂ ਦੀ ਕਿਸਮਤ ਲਿਖਦੇ ਹਨ। 

ਜਿਹੜੇ ਲੋਕ ਮੰਨਦੇ ਹਨ ਕਿ ਕਿਸਮਤ  ਕੋਈ ਗ਼ੈਬੀ ਸ਼ਕਤੀ ਦੁਆਰਾ ਲਿਖੀ ਜਾਂਦੀ ਹੈ, ਉਨ੍ਹਾਂ ਦਾ ਵਿਸ਼ਵਾਸ ਠੀਕ ਹੋ ਸਕਦਾ ਹੈ, ਪਰ ਠਾਕੁਰ ਦਲੀਪ ਸਿੰਘ ਦੇ ਵਿਚਾਰ ਅਨੁਸਾਰ ਕਿਸੇ ਨੇ ਵੀ ਹਾਲੇ ਤੱਕ ਕਿਸੇ ਦੈਵੀ ਸ਼ਕਤੀ ਨੂੰ ਕਿਸਮਤ ਲਿਖਦਿਆਂ ਨਹੀਂ ਵੇਖਿਆ। ਪਰ ਵੱਡੇ ਨੇਤਾਵਾਂ, ਧਨਾਢਾਂ ਨੂੰ ਆਮ  ਲੋਕਾਂ ਦੀ ਤਕਦੀਰ ਲਿਖਦਿਆਂ ਤਾਂ ਅਸੀਂ ਹਰ ਰੋਜ਼ ਵੇਖਦੇ ਹਾਂ। ਇਸ ਕਰਕੇ ਪ੍ਰਤੱਖ ਨੂੰ ਪ੍ਰਮਾਣ ਦੀ ਬਹੁਤੀ ਲੋੜ ਨਹੀਂ ਰਹਿੰਦੀ ਕਿ ਸਾਡੀ ਕਿਸਮਤ ਕੌਣ ਲਿਖਦਾ ਹੈ? ਵੱਡੇ ਬੰਦੇ, ਧਨਾਢ ਲੋਕ ਅਤੇ ਸੱਤਾ‘ਤੇ ਕਾਬਜ਼ ਨੇਤਾ ਹੀ ਆਮ ਲੋਕਾਂ ਦੀ ਕਿਸਮਤ ਸਿਰਜਦੇ ਹਨ। ਉਨ੍ਹਾਂ ਇਕ ਇਤਿਹਾਸਕ ਮਿਸਾਲ ਦਿੰਦਿਆਂ ਕਿਹਾ ਹੈ ਕਿ ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਵੱਖੋ ਵੱਖਰੇ ਦੇਸ਼ ਬਣੇ ਤਾਂ ਉਦੋਂ ਜਿਨਾਹ, ਨਹਿਰੂ, ਗਾਂਧੀ ਅਤੇ ਅੰਗਰੇਜ਼ਾਂ ਨੇ ਮਿਲ ਕੇ ਦੋਹਾਂ ਮੁਲਕਾਂ ਦੇ ਨਾਗਰਿਕਾਂ ਦੀ ਕਿਸਮਤ ਲਿਖੀ ਅਤੇ ਜਿਸ ਸਦਕਾ ਲੱਖਾਂ ਲੋਕ ਅਣਆਈ ਮੌਤ ਮਾਰੇ ਗਏ, ਕਰੋੜਾਂ ਲੋਕ ਬੇਘਰ ਹੋ ਗਏ, ਲੱਖਾਂ ਧੀਆਂ, ਭੈਣਾਂ, ਮਾਵਾਂ ਬੇਪਤ ਹੋਈਆਂ। ਅਜਿਹੇ ਦ੍ਰਿਸ਼ ਅੱਖੀਂ ਵੇਖ ਕੇ ਪ੍ਰਮਾਣ ਦੀ ਬਹੁਤੀ ਲੋੜ ਨਹੀਂ ਰਹਿੰਦੀ ਕਿ ਪ੍ਰਤੱਖ ਰੂਪ ਵਿਚ ਕਿਸਮਤ ਦੇ ਰਚਣਹਾਰੇ ਤਾਂ ਸਾਡੇ ਨੇਤਾ ਹਨ ਜਾਂ ਵੱਡੇ  ਅਮੀਰ ਲੋਕ ਹੀ ਹਨ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×