ਸੁਰੱਖਿਆ ਅਤੇ ਜਨਹਿਤ ਦੇ ਮੱਦੇਨਜ਼ਰ, ਟੀ.ਜੀ.ਏ. (The Therapeutic Goods Administration) ਵੱਲੋਂ ਅਸਟ੍ਰੇਲੀਆਈ ਫਾਰਮੇਸੀਆਂ ਵਿੱਚੋਂ 55 ਵੱਖ ਵੱਖ ਤਰ੍ਹਾਂ ਦੀਆਂ ਸੁੱਕੀ ਖਾਂਸੀ ਦੀਆਂ ਦਵਾਈਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਟੀ.ਜੀ.ਏ. ਦਾ ਮੰਨਣਾ ਹੈ ਇਨ੍ਹਾਂ ਦਵਾਈਆਂ ਵਿੱਚ ਫੋਲਕੋਡਾਈਨ ਨਾਮ ਦਾ ਕੈਮੀਕਲ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਯੂਰੋਪ ਦੀ ਇੱਕ ਦਵਾਈਆਂ ਨੂੰ ਪਰਖਣ ਵਾਲੀ ਏਜੰਸੀ ਦੀ ਰਿਪੋਰਟ ਤੋਂ ਬਾਅਦ ਟੀ.ਜੀ.ਏ. ਵੱਲੋਂ ਵੀ ਅਜਿਹਾ ਹੀ ਫੈਸਲਾ ਲੈ ਲਿਆ ਗਿਆ ਹੈ।
ਟੀ.ਜੀ.ਏ. ਦੇ ਦਵਾਈਆਂ ਦੀ ਸੂਚੀ ਵਾਲੇ ਰਜਿਸਟਰ ਵਿੱਚੋਂ ਸੁੱਕੀ ਖਾਂਸੀ ਵਾਸਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਕਿ ਡਿਊਰੋ ਟਸ, ਡਿਫਲੇਮ ਪਲੱਸ, ਬੈਨਾਡਰਿਲ ਆਦਿ ਵਰਗੀਆਂ ਕੁੱਲ 55 ਦਵਾਈਆਂ ਦੇ ਨਾਮ ਕੱਟ ਦਿੱਤੇ ਗਏ ਹਨ।
ਫਾਰਮੇਸੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਦਵਾਈਆਂ ਨੂੰ ਤੁਰੰਤ ਸ਼ੈਲਫ਼ਾਂ ਤੋਂ ਹਟਾ ਲਿਆ ਜਾਵੇ ਅਤੇ ਹੋਲਸੇਲਰਾਂ ਆਦਿ ਕੋਲੋਂ ਆਪਣੇ ਪੈਸੇ ਵਾਪਿਸ ਲੈ ਲਏ ਜਾਣ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਸੁੱਕੀ ਖਾਂਸੀ ਆਦਿ ਹੁੰਦੇ ਹਨ ਤਾਂ ਉਹ ਆਪਣੇ ਡਾਕਟਰ ਕੋਲ ਜਾ ਕੇ ਉਪਰੋਕਤ ਦਵਾਈਆਂ ਤੋਂ ਅਲੱਗ ਕਿਸੇ ਹੋਰ ਦਵਾਈ ਦੀ ਮੰਗ ਕਰਨ ਜੋ ਕਿ ਹਟਾਈਆਂ ਗਈਆਂ ਦਵਾਈਆਂ ਦਾ ਚੰਗਾ ਬਦਲ ਹੋਣ। ਅਤੇ ਜੇਕਰ ਕਿਸੇ ਨੇ ਵੀ ਬੀਤੇ 12 ਮਹੀਨਿਆਂ ਦੌਰਾਨ ਵੀ ਉਪਰੋਕਤ 55 ਦਵਾਈਆਂ ਵਿੱਚੋਂ ਕਿਸੇ ਦਾ ਇਸਤੇਮਾਲ ਕੀਤਾ ਹੋਵੇ ਤਾਂ ਆਪਣੇ ਨਜ਼ਦੀਕੀ ਡਾਕਟਰ ਜਾਂ ਸਿਹਤ ਮਾਹਿਰ ਤੋਂ ਜ਼ਰੂਰ ਇਸ ਬਾਬਤ ਸਲਾਹ ਲਵੇ।