ਕੀ ਆਸਟ੍ਰੇਲੀਆਈ ਓਪਨ ਵਿੱਚ ਹਿੱਸਾ ਨਹੀਂ ਲੈ ਸਕਣਗੇ ਰੂਸ ਦੇ ਖਿਡਾਰੀ….?

ਆਸਟ੍ਰੇਲੀਆ ਵਿੱਚ ਯੂਕਰੇਨ ਦੇ ਰਾਜਦੂਤ -ਵਾਸਿਲ ਮਾਈਰੋਸ਼ਨਾਈਸ਼ੈਂਕੋ ਨੇ ਜ਼ਬਰਦਸਤ ਆਵਾਜ਼ ਵਿੱਚ ਆਸਟ੍ਰੇਲੀਆਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੂਸ ਅਤੇ ਬੈਲਾਰੂਸ ਦੇ ਖਿਡਾਰੀਆਂ ਨੂੰ ਆਸਟ੍ਰੇਲੀਆਈ ਓਪਨ ਵਿੱਚ ਖੇਡਣ ਨਾ ਦਿੱਤਾ ਜਾਵੇ ਕਿਉ਼ਕਿ ਰੂਸ ਨੇ ਯੂਕਰੇਨ ਵਿੱਚ ਬੁਰੀ ਤਰ੍ਹਾਂ ਨਾਲ ਤਬਾਹੀ ਮਚਾਈ ਹੈ ਅਤੇ ਰੂਸ ਦੀ ਜਨਤਾ ਵੀ ਇਸਨੂੰ ਸਪੋਰਟ ਕਰ ਰਹੀ ਹੈ। ਰੂਸ ਵੱਲੋਂ ਦਾਗ਼ੀ ਗਈ ਹਰ ਮਿਜ਼ਾਈਲ ਬਹੁਤ ਸਾਰੇ ਘਰਾਂ ਨੂੰ ਤਬਾਹ ਕਰ ਰਹੀ ਹੈ ਅਤੇ ਬਹੁਤ ਸਾਰੀਆਂ ਜ਼ਿੰਦਗੀਆਂ ਦਾ ਕਤਲ ਕਰ ਰਹੀ ਹੈ ਇਸ ਵਾਸਤੇ ਰੂਸ ਦੇ ਖਿਡਾਰੀਆਂ ਨੂੰ ਹਰ ਦੇਸ਼ ਵੱਲੋਂ ਹੀ ਬੈਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿੰਬਲਡਨ ਨੇ ਵੀ ਅਜਿਹਾ ਹੀ ਕੀਤਾ ਹੈ ਅਤੇ ਰੂਸੀ ਖਿਡਾਰੀਆਂ ਨੂੰ ਕੋਈ ਵੀ ਮੈਚ ਨਹੀਂ ਖੇਡਣ ਦਿੱਤਾ।
ਟੈਨਿਸ ਆਸਟ੍ਰੇਲੀਆ ਨੇ ਇਸ ਉਪਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਹਾਲ ਦੀ ਘੜੀ ਜਾਂ ਭਵਿੱਖ ਵਿੱਚ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਕਿ ਰੂਸ ਦੇ ਖਿਡਾਰੀਆਂ ਉਪਰ ਅਜਿਹੀ ਕੋਈ ਵੀ ਪਾਬੰਧੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਯੂਕਰੇਨ ਅਤੇ ਇੱਥੋਂ ਦੀ ਜਨਤਾ ਨਾਲ ਆਸਟ੍ਰੇਲੀਆ ਸਮੁੱਚੇ ਤੌਰ ਤੇ ਹਮਦਰਦੀ ਦੀ ਭਾਵਨਾ ਰੱਖਦਾ ਹੈ ਅਤੇ ਰੂਸ ਪ੍ਰਤੀ ਗੁੱਸਾ ਅਤੇ ਦੁੱਖ ਵੀ ਜ਼ਾਹਿਰ ਕਰਦਾ ਹੈ ਪਰੰਤੂ ਇਹ ਖੇਡਾਂ ਹਨ ਅਤੇ ਇਸ ਵਿੱਚ ਕਿਸੇ ਖਿਡਾਰੀ ਨੂੰ ਭਾਗ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਮੈਲਬੋਰਨ ਵਿਖੇ ਹੋਣ ਵਾਲੇ 2023 ਦੇ ਆਸਟ੍ਰੇਲੀਆਈ ਓਪਨ ਦੌਰਾਨ ਰੂਸ ਅਤੇ ਬੇਲਾਰੂਸ ਦੇ ਖਿਡਾਰੀ ਨਿਜੀ ਤੌਰ ਤੇ ਹਿੱਸਾ ਲੈਣਗੇ ਅਤੇ ਉਹ ਬਿਨ੍ਹਾਂ ਕਿਸੇ ਦੇਸ਼ ਦੀ ਟੀਮ ਵਜੋਂ ਇਹ ਪ੍ਰਤੀਯੋਗਿਤਾ ਨਹੀਂ ਖੇਡਣਗੇ ਅਤੇ ਨਾ ਹੀ ਕਿਸੇ ਦੇਸ਼ ਦਾ ਝੰਡਾ ਆਦਿ ਲਗਾਉਣਗੇ।