ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਵਿੱਚ ਦੇਸ਼ ਦੀਆਂ ਹੋਰ ਕੁੱਝ ਹਸਤੀਆਂ ਹੋਣਗੀਆਂ ਸ਼ਾਮਿਲ

ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਮੌਕੇ ਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਗਵਰਨਰ ਜਨਰਲ ਡੇਵਿਡ ਹਰਲੇ ਦੇ ਨਾਲ ਕੁੱਝ ਹੋਰ ਵੀ ਆਸਟ੍ਰੇਲੀਆਈ ਹਸਤੀਆਂ ਨੂੰ ਆਮੰਤਰਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਦੇਸ਼ ਵਿੱਚ ਆਪਣੀ ਵਧੀਆ ਕਾਰਗੁਜ਼ਾਰੀਆਂ ਦੇ ਬਦਲੇ ਵਿੱਚ ਆਪਣਾ ਸਹਿਯੋਗ ਪਾਇਆ ਹੈ। ਉਨ੍ਹਾਂ ਦੇ ਵੇਰਵੇ ਇਸ ਪ੍ਰਕਾਰ ਹਨ:
ਘੋੜਿਆਂ ਨੂੰ ਸਿਖਲਾਈ ਦੇਣ ਵਾਲੇ ਕ੍ਰਿਸ ਵਾਲਰ: ਇਨ੍ਹਾਂ ਨੂੰ ਘੋੜਿਆਂ ਦੇ ਵਧੀਆ ਟ੍ਰੇਨਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਨੇ ਦੇਸ਼ ਦੇ ਬਹੁਤ ਸਾਰੇ ਉਘੇ ਇਨਾਮ ਵੀ ਹਾਸਿਲ ਕੀਤੇ ਹਨ।
ਡੈਨੀ ਅਬਦਲਾਹ: ਸਿਡਨੀ ਦਾ ਇੱਕ ਪਿਤਾ ਜਿਸਨੇ ਕਿ ਆਪਣੇ ਤਿੰਨ ਬੱਚੇ (ਸਿਏਨਾ 8 ਸਾਲ, ਐਂਜਲੀਨਾ 12 ਸਾਲ ਅਤੇ ਐਂਟਨੀ 13 ਅਤੇ ਇਨ੍ਹਾਂ ਦਾ ਇੱਕ ਕਜ਼ਨ ਭਰਾ ਵੈਰੋਨਿਕ ਸਾਕਰ ਜੋ 11 ਸਾਲਾਂ ਦਾ ਸੀ) ਨੂੰ ਉਸ ਸਮੇਂ ਖੋਹ ਦਿੱਤਾ ਸੀ ਜਦੋਂ ਇਹ ਸਭ ਸਾਲ 2020 ਦੌਰਾਨ ਇੱਕ ਵਾਹਨ ਦੀ ਚਪੇਟ ਵਿੱਚ ਆ ਗਏ ਸਨ ਜਿਸ ਨੂੰ ਕਿ ਇੱਕ ਸ਼ਰਾਬੀ ਡ੍ਰਾਈਵਰ ਚਲਾ ਰਿਹਾ ਸੀ। ਇਸ ਪਿਤਾ ਅਤੇ ਪਤਨੀ ਲੇਲਾ ਨੇ ਉਸ ਸ਼ਰਾਬੀ ਡ੍ਰਾਈਵਰ ਨੂੰ ਮੁਆਫ਼ ਕਰ ਦਿੱਤਾ ਸੀ ਅਤੇ ”i4give Day” ਦੀ ਸਥਾਪਨਾ ਕੀਤ ਜਿਸ ਤਹਿਤ ਅਜਿਹੇ ਗੁਨਾਹਗਾਰਾਂ ਨੂੰ ਵੀ ਬਖ਼ਸ਼ਿਆ ਜਾ ਸਕਦਾ ਹੈ।
ਐਬੋਰਿਜਨਲ ਐਲਡਰ ਡਾ. ਮਿਰੀਅਮ ਰੋਜ਼: ਇਹ ਇੱਕ ਕਲਾਕਾਰ, ਲਿਖਾਰੀ, ਜਨਤਕ ਬੁਲਾਰੇ, ਸਮਾਜ ਸੇਵੀ ਹਨ ਅਤੇ ਇਨ੍ਹਾਂ ਨੂੰ ਨਾਰਦਰਨ ਟੈਰਿਟਰੀ ਦੀ ਪਲੇਠੀ ਕੁਆਲੀਫਾਈਡ ਇੰਡੀਜੀਨਸ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੈ।
ਸੇਵਾ ਮੁੱਕਤ ਪੁਲਿਸ ਅਧਿਕਾਰੀ ਕਿਮ ਸਮਿਥ (ਏ.ਪੀ.ਐਮ.): ਇਹ ਇੱਕ ਸਮਾਜ ਸੇਵੀ ਹਨ ਅਤੇ ਰੋਟਰੀ ਕਲੱਬ ਦੇ ਜ਼ਰੀਏ ਸਮਾਜ ਸੇਵਾਵਾਂ ਨੂੰ ਅੰਜਾਮ ਦਿੰਦੇ ਹਨ।
ਸਾਬਾ ਇਬਰਾਹਿਮ: ਇਹ ਪੇਸ਼ੇ ਵਜੋਂ ਵਕੀਲ ਹਨ ਅਤੇ ਰਫੂਜੀਆਂ ਅਤੇ ਬਹੁ-ਸਭਿਆਚਾਰਕ ਆਦਿ ਮੁੱਦਿਆਂ ਦੀ ਵਕਾਲਤ ਕਰਦੇ ਹਨ। ਇਨ੍ਹਾਂ ਨੇ ਕੋਵਿਡ ਕਾਲ਼ ਦੌਰਾਨ ਇਸ ਬਿਮਾਰੀ ਦੀ ਰੋਕਥਾਮ ਵਾਸਤੇ, ਕੁਈਨਜ਼ਲੈਂਡ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜਨਤਕ ਸੇਵਾਵਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।
ਆਸਟ੍ਰੇਲੀਆ ਵਿੱਚ ਸੋਬੇਰ ਦੀ ਸੰਸਥਾਪਕ -ਸ਼ਾਨਾ ਵ੍ਹਾਨ: ਇਹ ਵੀ ਸਮਾਜ ਸੇਵਕ ਹਨ ਅਤੇ ਪੇਂਡੂ ਖੇਤਰ ਵਿੱਚ ਨਵਯੁਵਕਾਂ ਦਰਮਿਆਨ ਨਸ਼ਿਆਂ ਆਦਿ ਦੀ ਰੋਕਥਾਮ ਲਈ ਕੰਮ ਕਰਦੇ ਹਨ।
ਦੱਖਣੀ ਆਸਟ੍ਰੇਲੀਆਈ ਡਾ. ਟਰਡੀ ਲਿਨ: ਇਨ੍ਹਾਂ ਨੇ ਹਾਲ ਵਿੱਚ ਹੀ ‘ਯੰਗ ਸਾਊਥ ਆਸਟ੍ਰੇਲੀਅਨ ਆਫ਼ ਦਾ ਯਿਅਰ’ ਖਿਤਾਬ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ ਅਤੇ ਸਮਾਜ ਸੇਵਾ ਦੇ ਨਾਲ ਨਾਲ ਡਿਸਅਬਿਲਟੀ ਤੋਂ ਲੈ ਕੇ ਕੈਂਸਰ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਪੀੜਿਤਾਂ ਦੀ ਸਹਾਇਆ ਆਦਿ ਦੇ ਖੇਤਰ ਵਿੱਚ ਵੀ ਉਚੇਚਾ ਯੋਗਦਾਨ ਪਾ ਰਹੇ ਹਨ।
‘ਸੀਨੀਅਰ ਆਸਟ੍ਰੇਲੀਅਨ ਆਫ਼ ਦਾ ਯਿਅਰ’ ਵਾਲਮਾਈ ਡੈਂਪਸੀ: ਏ.ਸੀ.ਟੀ. ਵਿੱਚ ਹਰਮਨ ਪਿਆਰੇ ਸਮਾਜ ਸੇਵਕ ਹਨ। ਇਨ੍ਹਾਂ ਨੇ ਸਾਲ 2020 ਦੌਰਾਨ ਜੋ ਬੁਸ਼ਫਾਇਰ ਦੀ ਘਟਨਾ ਵਾਪਰੀ ਸੀ, -ਸੇਂਟ ਜੋਹਨ ਐਂਬੂਲੈਂਸ ਵਿੱਚ ਉਘੀਆਂ ਸੇਵਾਵਾਂ ਨਿਭਾਈਆਂ ਅਤੇ ਬਹੁਤ ਸਾਰੇ ਮਰੀਜ਼ਾਂ ਦੀ ਮਦਦ ਕੀਤੀ। ਇਸਤੋਂ ਬਾਅਦ ਇਨ੍ਹਾਂ ਨੇ ਕੋਵਿਡ-19 ਕਾਲ਼ ਦੌਰਾਨ ਵੀ ਮਰੀਜ਼ਾਂ ਲਈ ਸੇਵਾਵਾਂ ਨਿਭਾਈਆਂ।
ਡਾਇਲਨ ਐਲਕੋਟ: ਮੰਨੇ ਪ੍ਰਮੰਨੇ ਸੰਸਾਰ ਪ੍ਰਸਿੱਧ ਅਥਲੀਟ ਅਤੇ ‘ਆਸਟ੍ਰੇਲੀਅਨ ਆਫ਼ ਦਾ ਯਿਅਰ’ ਦੇ ਵਿਜੇਤਾ ਜਿਸਨੂੰ ਕਿ ਇਸੇ ਸਾਲ ਜੂਨ ਦੇ ਮਹੀਨੇ ਵਿੱਚ ਇਨ੍ਹਾਂ ਨੂੰ ਮਹਾਰਾਣੀ ਨਾਲ ਮਿਲਣ ਦਾ ਮਾਣ ਵੀ ਹਾਸਿਲ ਹੋਇਆ ਸੀ। ਆਪਣੀ ਵੀਡੀਓ ਕਾਨਫਰੰਸ ਦੌਰਾਨ ਐਲਕੋਟ ਨੇ ਮਹਾਰਾਣੀ ਨੂੰ ਇੱਕ ਚੁਟਕਲਾ ਸੁਣਾਇਆ ਸੀ ਅਤੇ ਮਹਾਰਾਣੀ ਨੂੰ ਖੂਭ ਹਸਾਇਆ ਸੀ।
ਪ੍ਰੋਫੈਸਰ ਹੈਲਨ ਮਿਲਰੋਇ: ਇਹ ਪੱਛਮੀ ਆਸਟ੍ਰੇਲੀਆ ਤੋਂ ਹਨ ਅਤੇ ਸਾਲ 2021 ਦੌਰਾਨ ਇਨ੍ਹਾਂ ਨੂੰ ਵੀ ‘ਆਸਟ੍ਰੇਲੀਅਨ ਆਫ਼ ਦਾ ਯਿਅਰ’ ਦੇ ਸਨਮਾਨ ਨਾਲ ਨਵਾਜਿਆ ਗਿਆ ਸੀ। ਇਨ੍ਹਾਂ ਨੂੰ ਇੰਡੀਜੀਨਸ ਬਰਾਦਰੀ ਵਿੱਚ ਪਹਿਲਾ ਡਾਕਟਰ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਇਨ੍ਹਾਂ ਨੇ ਐਬੋਰਿਜਨਲ ਅਤੇ ਬੱਚਿਆਂ ਦੀ ਦਿਮਾਗੀ ਸਿਹਤ ਉਪਰ ਬਹੁਤ ਸਾਰੇ ਉਸਾਰੂ ਕੰਮ ਕੀਤੇ ਹਨ।

Install Punjabi Akhbar App

Install
×