ਘਰੇਲੂ ਹਿੰਸਾ ਪੀੜਿਤਾਂ ਨੂੰ 10 ਦਿਨਾਂ ਦੀ ਤਨਖਾਹ ਵਾਲੀ ਛੁੱਟੀ ਦਾ ਐਲਾਨ

ਰੋਜ਼ਗਾਰ ਅਤੇ ਕੰਮ ਵਾਲੀਆਂ ਥਾਂਵਾਂ ਉਪਰ ਬਿਹਤਰ ਸਬੰਧਾਂ ਵਾਲੇ ਵਿਭਾਗ ਦੇ ਮੰਤਰੀ ਟੌਨੀ ਬਰਕ ਨੇ ਪਾਰਲੀਮੈਂਟ ਅੰਦਰ ਕਿਹਾ ਹੈ ਕਿ ਐਲਬਨੀਜ਼ ਸਰਕਾਰ ਨੇ ਘਰੇਲੂ ਹਿੰਸਾ ਆਦਿ ਨਾਲ ਪੀੜਿਤ ਲੋਕਾਂ ਨੂੰ 10 ਦਿਨਾਂ ਦੀ ਤਨਖਾਹ ਦੇ ਨਾਲ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਹ ਨਿਯਮ ਕੱਲ੍ਹ, 01 ਫਰਵਰੀ 2023 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਇੱਕ ਸਾਲ ਵਿੱਚ ਇੱਕ ਵਾਰੀ, ਕੋਈ ਵੀ ਅਜਿਹਾ ਪੀੜਿਤ 10 ਦਿਨਾਂ ਦੀ ਛੁੱਟੀ ਲੈ ਸਕਦਾ ਹੈ। ਇਹ ਨਿਯਮ ਸਰਕਾਰੀ, ਅਰਧ ਸਰਕਾਰੀ, ਗ਼ੈਰ ਸਰਕਾਰੀ, ਜਾਂ ਨਿਜੀ ਅਦਾਰਿਆਂ, ਪੱਕੇ ਜਾਂ ਕੱਚੇ ਕਰਮਚਾਰੀ ਆਦਿ ਸਭ ਤੇ ਲਾਗੂ ਹੁੰਦਾ ਹੈ ਅਤੇ ਪੀੜਿਤ ਵਿਅਕਤੀ ਜਿੰਨੀ ਵੀ ਤਨਖਾਹ ਜਾਂ ਮਜ਼ਦੂਰੀ ਆਦਿ ਲੈਂਦਾ ਹੈ, ਅਦਾਰਾ ਉਕਤ ਪੀੜਿਤ ਨੂੰ 10 ਦਿਨਾਂ ਲਈ ਪੂਰੀ ਤਨਖਾਹ ਆਦਿ ਦੇ ਨਾਲ ਛੁੱਟੀ ਦੇਵੇਗਾ।
ਘਰੇਲੂ ਹਿੰਸਾ ਵਿੱਚ ਜੋ ਰਿਸ਼ਤਿਆਂ ਬਾਰੇ ਦੱਸਿਆ ਗਿਆ ਹੈ ਉਨ੍ਹਾਂ ਤਹਿਤ ਕੋਈ ਵੀ ਨਜ਼ਦੀਕੀ ਰਿਸ਼ਤੇਦਾਰ, ਬੱਚਾ, ਮਾਪੇ, ਦਾਦਾ-ਦਾਦੀ, ਨਾਨਾ-ਨਾਨੀ, ਪੋਤਾ-ਪੋਤੀ, ਦੋਹਤਾ-ਦੋਹਤੀ ਅਤੇ ਜਾਂ ਫੇਰ ਕੋਈ ਸਾਬਕਾ ਪਤੀ, ਪਤਨੀ ਆਦਿ ਆ ਜਾਂਦੇ ਹਨ।
ਅਦਾਰਿਆਂ ਨੂੰ ਇੰਨੀ ਕੁ ਛੂਟ ਹੈ ਕਿ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਵਿਅਕਤੀ ਆਦਿ ਕੋਲੋਂ ਇਸ ਦਾ ਪੱਕਾ ਸਬੂਤ ਮੰਗ ਸਕਦੇ ਹਨ।
ਇਸ ਛੁੱਟੀ ਦੇ ਦੌਰਾਨ, ਪੀੜਿਤ ਵਿਅਕਤੀ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਆਦਿ ਕਰ ਸਕਦਾ ਹੈ ਅਤੇ ਇਸ ਵਿੱਚ ਉਸ ਦੀ ਨੌਕਰੀ ਆਦਿ ਤੋਂ ਨੁਕਸਾਨ ਨਹੀਂ ਹੋਵੇਗਾ।
ਨਿਯਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਸਾਲ ਵਿੱਚ ਕੇਵਲ ਇੱਕ ਵਾਰੀ ਹੀ ਅਜਿਹੀ ਛੁੱਟੀ ਮਿਲ ਸਕਦੀ ਹੈ ਅਤੇ ਜੇਕਰ ਕਰਮਚਾਰੀ ਅਜਿਹੀ ਕੋਈ ਵੀ ਛੁੱਟੀ ਨਹੀਂ ਲੈਂਦਾ ਤਾਂ ਇਹ ਛੁੱਟੀ ਵਾਲੇ 10 ਦਿਨ, ਅਗਲੇ ਸਾਲ ਦੇ ਦਿਨਾਂ ਵਿੱਚ ਜਮ੍ਹਾਂ ਨਹੀਂ ਹੋਣਗੇ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਕਿਸੇ ਤਰ੍ਹਾਂ ਦੀ ਘਰੇਲੂ ਹਿੰਸਾ ਦੌਰਾਨ ਮਦਦ ਆਦਿ ਲਈ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਜਾਂ 1800RESPECT (1800 737 732) ਉਪਰ ਕਾਲ ਕਰਕੇ ਅਜਿਹੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।
ਮੈਨਜ਼ ਰੈਫਰਲ ਸਰਵਿਸ 1300 766 491 ਉਪਰ ਵੀ ਕਾਲ ਕੀਤੀ ਜਾ ਸਕਦੀ ਹੈ ਅਤੇ ਖ਼ਤਰੇ ਦੇ ਸਮੇਂ ਸਿੱਧਾ 000 ਉਪਰ ਵੀ ਸੰਪਰ ਸਾਧਿਆ ਜਾ ਸਕਦਾ ਹੈ।