ਆਸਟ੍ਰੇਲੀਆ ਵਿਚਲੇ ਮਿਆਨਮਾਰ ਦੇ ਲੋਕਾਂ ਦਾ ਵਧਾਇਆ ਜਾਵੇਗਾ ਆਰਜ਼ੀ ਵੀਜ਼ਾ -ਐਲਕਸ ਹੌਕੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮਿਆਨਮਾਰ ਵਿੱਚ ਵਿਗੜੇ ਹਾਲਾਤਾਂ ਨੂੰ ਅਤੇ 700 ਦੇ ਕਰੀਬ ਲੋਕਾਂ ਦੇ ਮਿਲਟਰੀ ਆਪ੍ਰੇਸ਼ਨਾਂ ਦੌਰਾਨ ਮਾਰੇ ਜਾਣ ਦੇ ਆਂਕੜਿਆਂ ਨੂੰ ਦੇਖਦਿਆਂ ਹੋਇਆਂ, ਆਸਟ੍ਰੇਲੀਆਈ ਇਮੀਗ੍ਰੇਸ਼ਨ ਮੰਤਰੀ ਐਲਕਸ ਹੌਕੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਜਿਹੇ ਮਿਆਨਮਾਰ ਦੇ ਨਾਗਰਿਕ ਜਿਹੜੇ ਕਿ ਆਸਟ੍ਰੇਲੀਆ ਵਿੱਚ ਆਰਜ਼ੀ ਵੀਜ਼ਿਆਂ ਉਪਰ ਰਹਿ ਰਹੇ ਹਨ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਤਿੰਨ ਮਹੀਨਿਆਂ ਤੋਂ ਫੌਜ ਮਿਆਨਮਾਰ ਉਪਰ ਕਬਜ਼ਾ ਕਰੀ ਬੈਠੀ ਹੈ ਅਤੇ ਆਂਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 3,400 ਤੋਂ ਵੀ ਵੱਧ ਅਜਿਹੇ ਮਿਆਨਮਾਰ ਨਾਗਰਿਕਾਂ ਨੇ ਆਪਣੇ ਆਰਜ਼ੀ ਵੀਜ਼ਿਆਂ ਦੀ ਮਿਆਦ ਵਿੱਚ ਵਾਧਾ ਕਰਨ ਦੀਆਂ ਅਰਜ਼ੀਆਂ ਦਿੱਤੀਆਂ ਹਨ ਅਤੇ ਹਵਾਲ ਦਿੱਤਾ ਸੀ ਕਿ ਮਿਆਨਮਾਰ ਵਿੱਚ ਗੜਬੜੀ ਦੇ ਦੌਰ ਵਿੱਚ ਉਹ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਚਾਹਵਾਨ ਲੋਕ ਆਪਣੀ ਪਹਿਲਾਂ ਵਾਲੀ ਸ਼੍ਰੇਣੀ ਵਿੱਚ ਵੀਜ਼ਾ ਵਧਾ ਸਕਦੇ ਹਨ ਅਤੇ ਜੇ ਚਾਹੁਣ ਤਾਂ ਆਪਣੀ ਸ਼੍ਰੇਣੀ ਵੀ ਬਦਲ ਸਕਦੇ ਹਨ ਅਤੇ ਨਵਾਂ ਵੀਜ਼ਾ ਵੀ ਹਾਸਿਲ ਕਰ ਸਕਦੇ ਹਨ। ਇਸ ਵਾਸਤੇ ਘਰੇਲੂ ਮਾਮਲਿਆਂ ਦਾ ਵਿਭਾਗ ਉਨ੍ਹਾਂ ਨੂੰ ਹਦਾਇਤਾਂ ਆਦਿ ਜਾਰੀ ਕਰੇਗਾ ਜਿਸ ਦੇ ਤਹਿਤ ਉਨ੍ਹਾਂ ਨੂੰ ਆਸਟ੍ਰੇਲੀਆ ਅੰਦਰ ਕਾਨੂੰਨ ਦੇ ਦਾਇਰੇ ਵਿੱਚ ਅਤੇ ਸ਼ਾਂਤਮਈ ਢੰਗ ਤਰੀਕਿਆਂ ਨਾਲ ਰਹਿਣ ਬਾਰੇ ਹੋਰ ਵਧੇਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੇਸ਼ ਦੀ ਸਰਕਾਰ, ਮਿਆਨਮਾਰ ਅੰਦਰ ਚੱਲ ਰਹੇ ਘੋਲ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਆਗਾਹ ਕਰਦੀ ਹੈ ਕਿ ਮਿਆਨਮਾਰ ਵਿੱਚ ਅਜਿਹੀਆਂ ਕਾਰਵਾਈਆਂ ਤੁਰੰਤ ਬੰਦ ਕਰਕੇ ਨਾਗਰਿਕਾਂ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਅਸਲ ਮਸਲੇ ਦਾ ਹੱਲ ਤਾਂ ਗੱਲਬਾਤ ਰਾਹੀਂ ਹੀ ਨਿਕਲੇਗਾ ਅਤੇ ਇਸ ਤਰ੍ਹਾਂ ਨਾਲ ਮਾਰਕਾਟ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਆਸਟ੍ਰੇਲੀਆਈ ਘਰੇਲੂ ਮਾਮਲਿਆਂ ਦਾ ਵਿਭਾਗ, ਦੇਸ਼ ਅੰਦਰ ਰਹਿ ਰਹੇ 22 ਅਜਿਹੇ ਪਰਿਵਾਰ ਜੋ ਕਿ ਮਿਆਨਮਾਰ ਵਿਚਲੀ ਮਿਲਟਰੀ ਦੇ ਸਕੇ ਸਬੰਧੀ ਹਨ, ਦੀਆਂ ਜਾਇਦਾਦਾਂ ਆਦਿ ਦਾ ਵੀ ਮੁਆਇਨਾ ਕਰ ਰਹੀ ਹੈ ਕਿਉਂਕਿ ਸ਼ੰਕੇ ਹਨ ਕਿ ਉਹ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਅਤੇ ਵਸੀਲਿਆਂ ਦਾ ਪ੍ਰਯੋਗ, ਉਥੋਂ ਦੀ ਮਿਲਟਰੀ ਲਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਿਆਨਮਾਰ ਵਿਚਲੀ ਮਿਲਟਰੀ ਵੱਲੋਂ, ਮਾਲੀ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ 3 ਮਹੀਨਿਆਂ ਤੋਂ ਵੀ ਵੱਧ ਦੇ ਸਮੇਂ ਅੰਦਰ, ਮਿਆਨਮਾਰ ਵਿੱਚ ਨਾਗਰਿਕਾਂ ਅਤੇ ਮਿਲਟਰੀ ਦੇ ਆਪਸੀ ਘੋਲ ਵਿੱਚ 760 ਨਾਗਰਿਕ ਮਾਰੇ ਜਾ ਚੁਕੇ ਹਨ ਅਤੇ 24 ਦੇ ਕਰੀਬ ਪੁਲਿਸ ਅਤੇ ਮਿਲਟਰੀ ਵਾਲ ਵੀ ਮਾਰੇ ਗਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks