ਟੈਲੀਵਿਜ਼ਨ ਦੀ ਖੋਜ, ਸ਼ੁਰੂਆਤ ਅਤੇ ਪ੍ਰਚਾਰ ਪ੍ਰਸਾਰ

ਪਹੀਆ, ਬੱਲਬ ਅਤੇ ਟੈਲੀਵਿਜ਼ਨ ਮਨੁੱਖ ਦੁਆਰਾ ਕੀਤੀਆਂ ਅਲੋਕਾਰੀ ਤੇ ਅਦਭੁਤ ਖੋਜਾਂ ਹਨ ਜਿਨ੍ਹਾਂ ਨੇ ਦੁਨੀਆਂ ਬਦਲ ਦਿੱਤੀ। ਮਨੁੱਖ ਦਾ ਜੀਵਨ ਬਦਲ ਦਿੱਤਾ। ਪਹੀਏ ਨੇ ਸਪੀਡ ਦਿੱਤੀ। ਦੁਨੀਆਂ ਛੋਟੀ ਹੋ ਗਈ। ਬੱਲਬ ਨੇ ਹਨੇਰੇ ਦੂਰ ਕੀਤੇ। ਜਗਮਗ ਹੋ ਗਈ, ਉਰਜਾ ਮਿਲੀ। ਟੈਲੀਵਿਜ਼ਨ ਨੇ ਦੁਨੀਆਂ ਸਾਡੇ ਸਾਹਮਣੇ ਲਿਆ ਧਰੀ। ਆਪਣੇ ਘਰ ਬੈਠੇ ਅਸੀਂ ਪੂਰੀ ਦੁਨੀਆਂ ਨਾਲ ਜੁੜ ਗਏ। ਸਿੱਖਿਆ, ਸੂਚਨਾ, ਗਿਆਨ ਤੇ ਮਨੋਰੰਜਨ ਦੇ ਨਵੇਂ ਨਿਵੇਕਲੇ ਸੰਸਾਰ ਦੇ ਰੂਬਰੂ ਹੋਏ।

ਪਹਿਲੀ ਵਾਰ ਸਫ਼ਲਤਾਪੂਰਵਕ ਟੈਲੀਵਿਜ਼ਨ ਦਾ ਪ੍ਰਦਰਸ਼ਨ 7 ਸਤੰਬਰ 1927 ਨੂੰ ਸਾਨ ਫਰਾਂਸਿਸੋਕ ਵਿਚ ਕੀਤਾ ਗਿਆ ਸੀ। ਫਿਲੋ ਟੇਲਰ ਫਰਨਜ਼ਵਰਥ ਨਾਂ ਦੇ 21 ਸਾਲਾ ਨੌਜਵਾਨ ਨੇ ਇਸਦਾ ਡਿਜ਼ਾਈਨ ਤਿਆਰ ਕੀਤਾ ਸੀ। ਕਈ ਹੋਰ ਨਾਂ ਟੈਲੀਵਿਜ਼ਨ ਦੀ ਖੋਜ ਨਾਲ ਜੁੜੇ ਹੋਏ ਹਨ ਪਰੰਤੂ ਫਰਨਜ਼ਵਰਥ ਨੇ ਇਸਨੂੰ ਆਪਣੇ ਨਾਂ ਪੇਟੈਂਟ ਕਰਵਾਇਆ ਸੀ।

1947 ਤੋਂ ਪਹਿਲਾਂ ਅਮਰੀਕਾ ਵਿਚ ਉਨ੍ਹਾਂ ਘਰਾਂ ਦੀ ਗਿਣਤੀ ਕੇਵਲ ਹਜ਼ਾਰਾਂ ਵਿਚ ਸੀ ਜਿਨ੍ਹਾਂ ਕੋਲ ਟੀ.ਵੀ. ਸੈਟ ਸਨ। ਅਮਰੀਕਾ ਦੀ ਕੰਪਨੀ ਆਰ.ਸੀ.ਏ. ਨੇ 50 ਮਿਲੀਅਨ ਡਾਲਰ ਲਗਾ ਕੇ ਦੁਨੀਆਂ ਵਿਚ ਪਹਿਲੀ ਵਾਰ ਟੈਲੀਵਿਜ਼ਨ ਦਾ ਨਿਰਮਾਣ ਆਰੰਭ ਕੀਤਾ। ਦੂਸਰੇ ਵਿਸ਼ਵ ਯੁੱਧ ਨੇ ਟੈਲੀਵਿਜ਼ਨ ਦੇ ਵਿਕਾਸ ਨੂੰ ਵੱਡੀ ਸੱਟ ਮਾਰੀ। ਆਰ.ਸੀ.ਏ. ਅਤੇ ਐਨ.ਬੀ.ਸੀ. ਕੰਪਨੀਆਂ ਦੀ ਆਪਸੀ ਖਿਚੋਤਾਣ ਨੇ ਵੀ ਇਸ ਰਫ਼ਤਾਰ ਨੂੰ ਧੀਮੀ ਕਰਨ ਵਿਚ ਭੂਮਿਕਾ ਨਿਭਾਈ।

ਸ਼ੁਰੂਆਤੀ ਵਰਿਆਂ ਦੌਰਾਨ ਅਮਰੀਕਾ ਵਿਚ ਟੈਲੀਵਿਜ਼ਨ ਦੀ ਕਾਰਜ ਵਿਧੀ ਰੇਡੀਓ ਵਾਂਗ ਹੀ ਚੱਲਦੀ ਰਹੀ ਪਰੰਤੂ 1953 ਤੋਂ 1955 ਦੌਰਾਨ ਰੇਡੀਓ ਤੋਂ ਵੱਖਰੀ ਰੂਪ-ਰੇਖਾ ਤਿਆਰ ਕੀਤੀ ਜਾਣ ਲੱਗੀ। ਉਦੋਂ ਬਹੁਤ ਸਾਰੇ ਪ੍ਰੋਗਰਾਮ ਆਰੰਭ ਕੀਤੇ ਗਏ ਜਿਹੜੇ ਕਈ ਸਾਲਾਂ ਤੱਕ ਜਾਰੀ ਰਹੇ। ਅਮਰੀਕਾ ਵਿਚ ਅਗਲੇ ਦਸ ਕੁ ਸਾਲ (1955-1965) ਟੈਲੀਵਿਜ਼ਨ ਡਰਾਮਾ ਨੇ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕੀਤਾ। ਇਸੇ ਲਈ ਟੀ.ਵੀ. ਨਾਟਕ ਪੱਖੋਂ ਇਸ ਦੌਰ ਨੂੰ ਅਮਰੀਕਾ ਵਿਚ ʻਗੋਲਡਲ ਏਜʼ ਵਜੋਂ ਜਾਣਿਆ ਜਾਂਦਾ ਹੈ।

ਨਿਊਜ਼ ਰੀਡਰ ਲਈ 1952 ਵਿਚ ਪਹਿਲੀ ਵਾਰ ʻਐਂਕਰਮੈਨʼ ਸ਼ਬਦ ਦੀ ਵਰਤੋਂ ਕੀਤੀ ਗਈ। ਦਰਅਸਲ ਟੈਲੀਵਿਜ਼ਨ ਦਾ ਪ੍ਰਭਾਵ ਨਿਊਜ਼ ਬੁਲਿਟਨ ਦੇ ਪ੍ਰਸਾਰਨ ਨਾਲ ਵਧਿਆ ਅਤੇ ਨਿਊਜ਼ ਚੈਨਲਾਂ ਦੀ ਆਮਦ ਨੇ ਇਸਦੀ ਧਾਂਕ ਜਮ੍ਹਾਂ ਦਿੱਤੀ। ਉਦੋਂ ਪਹਿਲੀ ਵਾਰ ਮਹਿਸੂਸ ਕੀਤਾ ਗਿਆ ਕਿ ਟੈਲੀਵਿਜ਼ਨ ਸਿਆਸਤ ਨੂੰ ਵੱਡੀ ਪੱਧਰ ʼਤੇ ਪ੍ਰਭਾਵਤ ਕਰ ਸਕਦਾ ਹੈ।

ਇਸ ਚੀਜ਼ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਅਤੇ ਭਾਰਤ ਵਰਗੇ ਮੁਲਕਾਂ ਨੇ ਵੀ ਇਸ ਦਿਸ਼ਾ ਵਿਚ ਸੋਚ-ਵਿਚਾਰ ਆਰੰਭ ਦਿੱਤੀ।

ਭਾਰਤ ਵਿਚ ਪਹਿਲਾ ਟੈਲੀਵਿਜ਼ਨ ਟ੍ਰਾਂਸਮੀਟਰ ਸਰਕਾਰੀ ਇੰਜੀਨਰਿੰਗ ਕਾਲਜ ਜੱਬਲਪੁਰ ਵਿਖੇ ਅਕਤੂਬਰ 1951 ਵਿਚ ਸਥਾਪਿਤ ਕੀਤਾ ਗਿਆ ਸੀ।

ਤਜ਼ਰਬੇ ਦੇ ਤੌਰ ʼਤੇ ਭਾਰਤ ਵਿਚ ਟੈਲੀਵਿਜ਼ਨ ਦੀ ਸ਼ੁਰੂਆਤ ਦਿੱਲੀ ਵਿਖੇ 15 ਸਤੰਬਰ 1959 ਨੂੰ ਕੀਤੀ ਗਈ ਸੀ। ਕੇਵਲ ਸ਼ਨੀ-ਐਤਵਾਰ ਨੂੰ ਸੀਮਤ ਜਿਹੇ ਸਮੇਂ ਲਈ ਪ੍ਰਸਾਰਨ ਕੀਤਾ ਜਾਂਦਾ ਸੀ। ਰੋਜ਼ਾਨਾ ਪ੍ਰਸਾਰਨ 1965 ਵਿਚ ਆਰੰਭ ਹੋਇਆ। ਉਦੋਂ ਟੈਲੀਵਿਜ਼ਨ ਨੂੰ ਰੇਡੀਓ ਦੀ ਇਕ ਸ਼ਾਖਾ ਦੇ ਤੌਰ ʼਤੇ ਚਲਾਇਆ ਜਾ ਰਿਹਾ ਸੀ।

ਦਿੱਲੀ ਤੋਂ ਬਾਅਦ ਬੰਬਈ, ਅੰਮ੍ਰਿਤਸਰ ਸਮੇਤ 7 ਸ਼ਹਿਰਾਂ ਵਿਚ ਇਸਦੀ ਸ਼ੁਰੂਆਤ ਕੀਤੀ ਗਈ। ਸਵੇਰੇ ਸ਼ਾਮ ਥੋੜ੍ਹੇ ਸਮੇਂ ਲਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਸਨ। ਦੇਸ਼ ਦਾ ਵਿਕਾਸ ਇਸਦ ਮਨੋਰਥ ਮਿਥਿਆ ਗਿਆ। ਇਸ ਲਈ ਵਧੇਰੇ ਪ੍ਰੋਗਰਾਮ ਸਿਹਤ, ਸਿੱਖਿਆ, ਖੇਤੀਬਾੜੀ ਤੇ ਮਨੋਰੰਜਨ ਨਾਲ ਸਬੰਧਤ ਹੁੰਦੇ ਸਨ। ਨਾਟਕ, ਨਾਚ, ਸੰਗੀਤ, ਲੋਕ ਕਲਾਵਾਂ ਨੂੰ ਉਭਾਰਿਆ ਜਾਂਦਾ ਸੀ।

1976 ਵਿਚ ਦੂਰਦਰਸ਼ਨ ਨੂੰ ਰੇਡੀਓ ਨਾਲੋਂ ਅਲੱਗ ਕੀਤਾ ਗਿਆ। ਕੌਮੀ ਪ੍ਰਸਾਰਨ ਦੀ ਸ਼ੁਰੂਆਤ 1982 ਵਿਚ ਕੀਤੀ ਗਈ। ਇਸੇ ਸਾਲ ਭਾਰਤ ਵਿਚ ਰੰਗਦਾਰ ਟੈਲੀਵਿਜ਼ਨ ਦੀ ਆਮਦ ਹੋਈ। ਰਮਾਇਣ ਅਤੇ ਮਹਾਂਭਾਰਤ ਭਾਰਤੀ ਟੈਲੀਵਿਜ਼ਨ ਇਤਿਹਾਸ ਦੇ ਅਜਿਹੇ ਸੀਰੀਅਲ ਹਨ ਜਿਨ੍ਹਾਂ ਨੇ ਦਰਸ਼ਕ-ਗਿਣਤੀ ਪੱਖੋਂ ਦੁਨੀਆਂਭਰ ਵਿਚ ਰਿਕਾਰਡ ਕਾਇਮ ਕੀਤਾ ਅਤੇ ਭਾਰਤੀ ਟੈਲੀਵਿਜ਼ਨ ਦਾ ਮੂੰਹ-ਮੁਹਾਂਦਰਾ ਬਦਲ ਦਿੱਤਾ। ਲੋਕ ਧੜਾਧੜ ਟੈਲੀਵਿਜ਼ਨ ਸੈਟ ਖਰੀਦਣ ਲੱਗੇ। ਇਹ ਉਹ ਮੌਕਾ ਸੀ ਜਦ ਭਾਰਤੀ ਟੈਲੀਵਿਜ਼ਨ ਬਜ਼ਾਰ ਵਿਚ ਵੱਡੀ ਤੇਜ਼ੀ ਨੋਟ ਕੀਤੀ ਗਈ।

ਦੂਰਦਰਸ਼ਨ ਦੇ ਦੂਸਰੇ ਚੈਨਲ ਡੀ ਡੀ 2 ਦੀ ਸ਼ੁਰੂਆਤ ਹੋਈ। ਬਾਅਦ ਵਿਚ ਇਸਨੂੰ ਡੀ ਡੀ ਮੈਟਰੋ ਦੇ ਨਾਮ ਨਾਲ ਜਾਣਿਆ ਜਾਣ ਲੱਗਾ।

1997 ਵਿਚ ਪ੍ਰਸਾਰ ਭਾਰਤੀ ਨਾਂ ਹੇਠ ਇਕ ਖੁਦ ਮੁਖਤਿਆਰ ਸੰਸਥਾ ਦੀ ਸਥਾਪਨਾ ਕੀਤੀ ਗਈ ਅਤੇ ਦੂਰਦਰਸ਼ਨ ਤੇ ਅਕਾਸ਼ਵਾਣੀ ਨੂੰ ਇਸਦੇ ਅਧੀਨ ਕਰ ਦਿੱਤਾ ਗਿਆ।

1995 ਵਿਚ ਸੈਟੇਲਾਈਟ ਚੈਨਲ ਡੀ ਡੀ ਇੰਟਰਨੈਸ਼ਨਲ ਨੇ ਅਮਰੀਕਾ, ਯੂਰਪ, ਏਸ਼ੀਆ, ਅਫ਼ਰੀਕਾ ਦੇ ਦੇਸ਼ਾਂ ਵਿਚ ਪ੍ਰਸਾਰਨ ਆਰੰਭ ਕੀਤਾ।

ਨਵੰਬਰ 1982 ਵਿਚ ਹੋਈਆਂ ਦਿੱਲੀ ਏਸ਼ੀਅਨ ਖੇਡਾਂ ਦੇ ਰੰਗਦਾਰ ਪ੍ਰਸਾਰਨ ਨਾਲ ਦੂਰਦਰਸ਼ਨ ਦੀ ਦੂਰ-ਦੂਰ ਧਾਂਕ ਜਮ ਗਈ ਸੀ ਅਤੇ ਹਮ ਲੋਗ, ਵਾਗਲੇ ਕੀ ਦੁਨੀਆਂ, ਬੁਨਿਆਦ, ਜਿਹ ਜੋ ਹੈ ਜ਼ਿੰਦਗੀ, ਚਿਤਰਹਾਰ, ਰੰਗੋਲੀ, ਸੁਪਰਹਿਟ ਮੁਕਾਬਲਾ, ਮਾਲਗੁੱਡੀ ਡੇਅਜ਼, ਮੋਗਲੀ ਨੇ ਦੂਰਦਰਸ਼ਨ ਨੂੰ ਘਰ-ਘਰ ਹਰਮਨਪਿਆਰਾ ਬਣਾ ਦਿੱਤਾ ਸੀ।

1991 ਵਿਚ ਜਦ ਭਾਰਤ ਸਰਕਾਰ ਨੇ ਨਿੱਜੀ ਤੇ ਵਿਦੇਸ਼ੀ ਚੈਨਲਾਂ ਨੂੰ ਪ੍ਰਸਾਰਨ ਦੀ ਆਗਿਆ ਦਿੱਤੀ ਤਾਂ ਸਟਾਰ, ਸੀ ਐਨ ਐਨ, ਜ਼ੀ ਟੀ ਵੀ, ਸਨ ਟੀ ਵੀ, ਸੋਨੀ ਟੀ ਵੀ ਅਤੇ ਏਸ਼ੀਆ ਨੈਟ ਨੇ ਧੜਾ ਧੜ ਚੈਨਲ ਲਾਂਚ ਕੀਤੇ।

2000 ਤੱਕ ਸਖ਼ਤ ਮੁਕਾਬਲਾ ਚੱਲਦਾ ਰਿਹਾ। ਅੱਜ ਤਰ੍ਹਾਂ-ਤਰ੍ਹਾਂ ਦੇ ਹਜ਼ਾਰਾਂ ਚੈਨਲ ਹਨ, ਤਰ੍ਹਾਂ-ਤਰ੍ਹਾਂ ਦੀ ਤਕਨੀਕ ਹੈ। ਹਰ ਕੋਈ ਆਪਣੀ ਸਹੂਲਤ ਆਪਣੀ ਸਮਰੱਥਾ ਅਨੁਸਾਰ ਇਨ੍ਹਾਂ ਦੀ ਵਰਤੋਂ ਕਰਦਾ ਹੈ। ਅੱਜ ਦਰਸ਼ਕ ਚੈਨਲ ਨਹੀਂ ਚੁਣਦਾ, ਪ੍ਰੋਗਰਾਮ ਚੁਣਦਾ ਹੈ। ਕਿਹੜੇ ਚੈਨਲ ਦਾ ਕਿਹੜਾ ਪ੍ਰੋਗਰਾਮ ਵੇਖਣਾ ਹੈ ਉਸ ਸਮੇਂ ਉਥੇ ਪਹੁੰਚ ਜਾਂਦਾ ਹੈ।

ਚੈਨਲ ਸਾਰੇ ਪਾਪੂਲਰ ਹਨ। ਪ੍ਰੋਗਰਾਮ ʼਤੇ, ਕਾਨਟੈਂਟ ʼਤੇ ਧਿਆਨ ਦੇਣ ਦੀ ਲੋੜ ਹੈ। ਟੈਲੀਵਿਜ਼ਨ ਤਕਨੀਕ ਨੇ ਅਜੇ ਬਹੁਤ ਅੱਗੇ ਜਾਣਾ ਹੈ।

(ਪ੍ਰੋ. ਕੁਲਬੀਰ ਸਿੰਘ) +91 9417153513

Install Punjabi Akhbar App

Install
×