ਡਾ. ਤੇਜਵੰਤ ਮਾਨ ਦੀ ਪੁਸਤਕ ”ਪਾਠ ਆਨੰਦ” ਲੋਕ ਅਰਪਣ

01lrਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਦਾ ਸਾਹਿਤਕ ਸਮਾਗਮ ਭਾਸ਼ਾ ਵਿਭਾਗ ਸੰਗਰੂਰ ਦੇ ਦਫਤਰ ਵਿਖੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਪ੍ਰਧਾਨਗੀ ਹੇਠ ਹੋਇਆ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਅਮਰ ਸੂਫੀ ਮੋਗਾ, ਅਸ਼ੋਕ ਪ੍ਰਵੀਨ ਭੱਲਾ, ਡਾ. ਭਗਵੰਤ ਸਿੰਘ ਖੋਜ ਅਫਸਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ, ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:), ਕੁਲਵਿੰਦਰ ਕੌਰ ਜੋਸ਼ਨ ਸੁਲਤਾਨਪੁਰ ਲੋਧੀ, ਜੰਗੀਰ ਸਿੰਘ ਰਤਨ ਸੁਨਾਮ ਸ਼ਾਮਿਲ ਹੋਏ।    ਸਮਾਗਮ ਦਾ ਆਰੰਭ ਅਮਰੀਕ ਗਾਗਾ ਦੀ ਨਜ਼ਮ ”ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ” ਨਾਲ ਹੋਇਆ। ਉਪਰੰਤ ਵਿਸ਼ੇਸ਼ ਕਵਿਤਰੀ ਵੱਜੋਂ ਕੁਲਵਿੰਦਰ ਕੌਰ ਜੋਸ਼ਨ ਨਾਲ ਰੂ-ਬੂ-ਰੂ ਕੀਤਾ ਗਿਆ। ਉਹਨਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਦੇ ਪਾਠ ਦੇ ਨਾਲ-ਨਾਲ ਆਪਣੀ ਰਚਨ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਵਿਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ਼੍ਰੌਮਣੀ ਪੰਜਾਬੀ ਸਾਹਿਤਕਾਰ ਐਵਾਰਡ ਪ੍ਰਾਪਤ ਸਾਹਿਤਕਾਰ ਡਾ. ਤੇਜਵੰਤ ਮਾਨ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ”ਅਭਿਨੰਦਨ ਗ੍ਰੰਥ” ਭੇਂਟ ਕਰਕੇ ਸਨਮਾਨਿਤ ਕਰਨ ਅਤੇ ਫਿਰ ਤੋਂ ਸਰਵ ਸੰਮਤੀ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਚੁਣੇ ਜਾਣ ਲਈ ਵਿਸ਼ੇਸ਼ ਸਨਮਾਨ ਸਮੁੱਚੇ ਹਾਜਰ ਸਾਹਿਤਕਾਰਾਂ ਨੇ ਕੀਤਾ। ਡਾ. ਮਾਨ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦੇਣ ਬਾਰੇ ਡਾ. ਭਗਵੰਤ ਸਿੰਘ ਅਮਰ ਸੂਫੀ, ਜੰਗੀਰ ਸਿੰਘ ਰਤਨ, ਬਲਰਾਜ਼ ਓਬਰਾਏ ਬਾਜ਼ੀ, ਅਮਰੀਕ ਗਾਗਾ, ਭੁਪਿੰਦਰ ਸਿੰਘ ਖਾਲਸਾ ਨੇ ਆਪਣੇ ਪ੍ਰਭਾਵ ਸਾਂਝੇ ਕੀਤੇ। ਇਸ ਮੌਕੇ ਉਤੇ ਸਮੁੱਚੇ ਪ੍ਰਧਾਨਗੀ ਮੰਡਲ ਹੱਥੀਂ ਡਾ. ਤੇਜਵੰਤ ਮਾਨ ਦੀ ਨਵੀਂ ਆਲੋਚਨਾ ਪੁਸਤਕ ”ਪਾਠ ਆਨੰਦ” ਲੋਕ ਅਰਪਣ ਕੀਤੀ ਗਈ। ਡਾ. ਮਾਨ ਨੇ ਲੇਖਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਸਾਹਿਤ ਸਭਾਵਾਂ ਦਾ ਪੰਜਾਬੀ ਸ਼ਬਦ ਚੇਤਨਾ, ਗ੍ਰੰਥ, ਵਿਰਾਸਤੀ ਲੋਕ ਸਭਿਆਚਾਰ ਅਤੇ ਇਤਿਹਾਸ ਦੀ ਗਤੀਸ਼ੀਲ ਪਹਿਚਾਣ ਬਣਾਈ ਰੱਖਣ ਵਿਚ ਬਹੁਤ ਹੀ ਮੱਹਤਵ ਪੂਰਨ ਯੋਗਦਾਨ ਹੈ। ਸਾਹਿਤ ਸਭਾਵਾਂ ਦੀਆਂ ਏਦਾਂ ਦੀਆਂ ਮਾਸਿਕ, ਦੋ ਮਾਸਿਕ ਇਕਤਰਤਾਵਾਂ ਸਾਹਿਤ ਅੰਦਰ ”ਗੰਦ” ਅਤੇ ”ਗੁਲੂਕੰਦ” ਦੇ ਸਹੀ ਸੰਦਰਭ ਦੀ ਪਹਿਚਾਣ ਕਰਾਉਂਦੀਆਂ ਅਤੇ ਕਰਦੀਆਂ ਹਨ। ਆਪਣੀ ਨਵੀਂ ਪੁਸਤਕ ”ਪਾਠ ਆਨੰਦ” ਬਾਰੇ ਉਹਨਾਂ ਕਿਹਾ ਕਿ ਸਾਨੂੰ ਭੋਗੀ ਪਾਠ ਅਤੇ ਪਾਠ-ਆਨੰਦ ਵਿਚਲੇ ਅੰਤਰ ਨੂੰ ਸਮਝਣਾ ਚਾਹੀਦਾ ਹੈ। ਲੋਕ ਹਿਤੈਸ਼ੀ ਪਾਠ ਕਦੇ ਸਵਾਦਲਾ ਭੋਗੀ ਨਹੀਂ ਹੁੰਦਾ। ਸਗੋਂ ਵਿਚਾਰਧਾਰਾ ਦਾ ਅਸਲ ਵਿਚ ਪਿਆ ਆਨੰਦ ਹੁੰਦਾ ਹੈ।
ਉਪਰੰਤ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਜਿਸ ਵਿਚ ਅਮਰ ਸੂਫੀ ਅਮਰੀਕ ਗਾਗਾ, ਰਾਜ ਨਿਮਾਣਾ, ਕੁਲਵੰਤ ਕਸਕ, ਦੇਸ਼ ਭੂਸ਼ਨ, ਜੰਗੀਰ ਸਿੰਘ ਰਤਨ, ਪੰਮੀ ਫੱਗੂਵਾਲੀਆ, ਬਚਨ ਝਨੇੜੀ, ਕਰਤਾਰ ਠੁਲੀਵਾਲ, ਰਮਨ ਕੁਮਾਰ, ਹਿਤੇਸ਼ ਕੁਮਾਰ ਗਰਗ, ਕੁਲਵਿੰਦਰ ਕੌਰ ਜੋਸ਼ਨ, ਬਲਰਾਜ ਬਾਜ਼ੀ, ਕਪਿਲ ਜੋਸ਼ੀ, ਹਰਬੰਸ ਲਾਲ ਪਾਠਕ, ਗੁਰਮੀਤ ਗੀਤੀ, ਬੂਟਾ ਸਿੰਘ ਧਾਲੀਵਾਲ, ਤੇਜਿੰਦਰ ਸੋਹੀ, ਬਲੌਰ ਸਿੰਘ ਸਿੱਧੂ, ਅਵਤਾਰ ਮਾਨ, ਜਗਦੇਵ ਕਲਸੀ, ਭੁਪਿੰਦਰ, ਰਿੰਕੂ ਗਰਗ, ਗੁਰਨਾਮ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਅਖੀਰ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਅਸ਼ੋਕ ਪ੍ਰਵੀਨ ਭੱਲਾ ਸੇਵਾ ਮੁਕਤ ਮੰਡਲ ਸਿੱਖਿਆ ਅਫਸਰ ਪਟਿਆਲਾ, ਨੇ ਕਿਹਾ ਕਿ ਸਾਡੇ ਲਈ ਮਾਨ ਦੀ ਗੱਲ ਹੈ ਕਿ ਪੰਜਾਬ ਦੇ ਲੇਖਕਾਂ ਨੇ ਡਾ. ਤੇਜਵੰਤ ਮਾਨ ਨੂੰ ਅਭਿਨੰਦਨ ਗ੍ਰੰਥ ਦੇ ਕੇ ਸਨਮਾਨਿਤ ਕੀਤਾ ਹੈ। ਸਾਹਿਤਕਾਰ ਦਾ ਕਰਤੱਵ ਹੈ ਕਿ ਉਹ ਆਪਣੇ ਸਮਕਾਲੀ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਪ੍ਰਬੰਧ ਬਾਰੇ ਬੇਵਾਕ ਨਿਡਰ ਹੋ ਕੇ ਆਪਣੀ ਰਚਨਾ ਲਿਖੇ। ਆਖਿਰ ਵਿਚ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਸੰਗਰੂਰ ਨੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×