ਹਰਜੀਤ ਸਿੰਘ ਦੀ ਕਲਮ ਤੋ ਅੱਜ ਦੇ ਦਿਨ ਤੇਜਾ ਸਿੰਘ ਸਮੁੰਦਰੀ ਦੇ ਝਰੋਖੇ ਵਿੱਚੋਂ ਕੁਝ ਸ਼ਬਦ ਪਾਠਕਾਂ ਦੇ ਰੂਬਰੂ

ਸਰਦਾਰ ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਸੁਧਾਰ ਲਹਿਰ ਨੂੰ ਕਾਮਯਾਬ ਬਣਾਉਣ ਵਾਲੇ ਮੋਹਰੀ ਆਗੂਆਂ ‘ਚੋਂ ਇਕ ਸਨ। ਉਹ ਸਿੰਘ ਸਭਾ ਲਹਿਰ (1873) ਦੀ ਉਪਜ ਸਨ। ਸ. ਤੇਜਾ ਸਿੰਘ ਜੀ ਗੁਰਸਿੱਖੀ ‘ਤੇ ਅਤੁੱਟ ਸ਼ਰਧਾ, ਦ੍ਰਿੜ੍ਹਤਾ ਅਤੇ ਵਿਸ਼ਵਾਸ ਰੱਖਣ, ਨਿੱਗਰ ਤੇ ਉਸਾਰੂ ਕੰਮ ਕਰਨ ਵਾਲੇ, ਕੁਰਬਾਨੀ ਦੇ ਪੁੰਜ ਤੇ ਮਹਾਨ ਦੇਸ਼ ਭਗਤ ਆਗੂ ਸਨ। ਉਨ੍ਹਾਂ ਦਾ ਜਨਮ 20 ਫ਼ਰਵਰੀ 1881 ਈਸਵੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਏ ਦਾ ਬੁਰਜ ਵਿਖੇ ਮਾਤਾ ਨੰਦ ਕੌਰ ਤੇ ਰਸਾਲਦਾਰ ਦੇਵਾ ਸਿੰਘ ਦੇ ਘਰ ਹੋਇਆ ਸੀ। ਆਪ ਦੇ ਪਿਤਾ ਦੇਵਾ ਸਿੰਘ 22 ਨੰਬਰ ਰਸਾਲੇ ਵਿਚ ਰਸਾਲਦਾਰ ਮੇਜਰ ਸਨ। ਉਨ੍ਹਾਂ ਨੂੰ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਦੇ ਚੱਕ 140 ਵਿਚ 6 ਮੁਰੱਬੇ ਜ਼ਮੀਨ ਮਿਲੀ ਹੋਈ ਸੀ। ਇਸ ਲਈ ਆਪ ਤੇਜਾ ਸਿੰਘ ‘ਸਮੁੰਦਰੀ’ ਕਰਕੇ ਪ੍ਰਸਿੱਧ ਹੋਏ। ਤੇਜਾ ਸਿੰਘ ‘ਤੇ ਪਿਤਾ ਦੇਵਾ ਸਿੰਘ ਦੇ ਧਾਰਮਿਕ ਸੰਸਕਾਰਾਂ ਦਾ ਡੂੰਘਾ ਪ੍ਰਭਾਵ ਪਿਆ ਜਿਸ ਦੇ ਨਤੀਜੇ ਵਜੋਂ ਬਚਪਨ ਵਿਚ ਗੁਰਮੁਖੀ ਪੜ੍ਹੀ ਅਤੇ ਬਾਣੀ ਦਾ ਪਾਠ ਗ੍ਰਹਿਣ ਕੀਤਾ। ਉਪਰੰਤ ਸਕੂਲ ਵਿਚ ਵੀ ਕੁਝ ਤਾਲੀਮ ਹਾਸਲ ਕੀਤੀ।

ਉਹ 18 ਸਾਲ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਏ ਅਤੇ 10 ਸਾਲ ਰਸਾਲੇ ਵਿਚ ਨੌਕਰੀ ਕੀਤੀ ਅਤੇ 1911 ਵਿਚ ਆਪਣੇ ਤੀਜੇ ਪੁੱਤਰ ਬਿਸ਼ਨ ਸਿੰਘ ਸਮੁੰਦਰੀ (1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪਹਿਲੇ ਉੱਪ-ਕੁਲਪਤੀ) ਦੇ ਜਨਮ ਮਗਰੋਂ ਫ਼ੌਜੀ ਰਸਾਲੇ ਦੀ ਨੌਕਰੀ ਛੱਡ ਦਿੱਤੀ। ਆਪ ਦੇ ਪਦ-ਚਿੰਨ੍ਹਾਂ ‘ਤੇ ਚੱਲਦਿਆਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਸੀ।ਸਮੁੰਦਰੀ ਜੀ ਦੂਰ-ਅੰਦੇਸ਼, ਦ੍ਰਿੜ੍ਹ ਤੇ ਦੇਸ਼ ਭਗਤ ਵਿਚਾਰਾਂ ਦੇ ਧਾਰਨੀ ਸਨ। ਆਪ ਦੇ ਸਬੰਧ ਵਿਚ ਪ੍ਰਸਿੱਧ ਦੇਸ਼ ਭਗਤ ਤੇਜਾ ਸਿੰਘ ਚੂੜਕਾਣਾ ਦੱਸਦੇ ਹਨ ਕਿ ਸ਼ੁਰੂ ਵਿਚ ਹੀ ਤੇਜਾ ਸਿੰਘ ਅਮਰੀਕਾ ਅਤੇ ਕੈਨੇਡਾ ਵਿਚ ਦੇਸ਼ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੇ ਗ਼ਦਰੀ ਬਾਬਿਆਂ ਦੇ ਕਾਰਨਾਮਿਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਾਉਂਦੇ ਸਨ। ਅਨੇਕਾਂ ਸਕੂਲਾਂ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਵੀ ਆਪ ਦਾ ਨਾਂ ਹੈ। ਉਹ ਮਿਡਲ ਸਕੂਲ ਸਮੁੰਦਰੀ, ਖ਼ਾਲਸਾ ਹਾਈ ਸਕੂਲ ਸਰਹਾਲੀ, ਖ਼ਾਲਸਾ ਹਾਈ ਸਕੂਲ ਲਾਇਲਪੁਰ ਦੇ ਮੋਢੀਆਂ ‘ਚੋਂ ਸਨ। ਜਦੋਂ 4 ਜਨਵਰੀ 1914 ਈਸਵੀ ਵਿਚ ਸਰਦੂਲ ਸਿੰਘ ਕਵੀਸ਼ਰ ਅਤੇ ਹਰਚੰਦ ਸਿੰਘ ਲਾਇਲਪੁਰੀ ਆਦਿ ਅਕਾਲੀ ਆਗੂਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਚ (ਵਾਇਸਰਾਏ ਚਾਰਲਸ-ਹਾਰਡਿੰਗ 1910-1916) ਦੀ ਕੋਠੀ ਲਈ ਸੜਕ ਨੂੰ ਸਿੱਧਿਆਂ ਕਰਨ ਲਈ ਕੰਧ ਗਿਰਾਏ ਜਾਣ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਤਾਂ ਤੇਜਾ ਸਿੰਘ ਸਮੁੰਦਰੀ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।

ਜਦੋਂ 1920 ਵਿਚ ਅਕਾਲੀ ਲਹਿਰ ਆਰੰਭ ਹੋਈ ਤਾਂ ਸਮੁੰਦਰੀ ਜੀ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬੀ ਦਾ ਰੋਜ਼ਾਨਾ ਪਰਚਾ ‘ਅਕਾਲੀ’ ਜਿਸ ਨੇ ਅਕਾਲੀ ਅੰਦੋਲਨ ਵਿਚ ਜਾਨ ਪਾਈ ਅਤੇ ਆਪਣੇ ਲੇਖਾਂ ਨਾਲ ਅੰਗਰੇਜ਼ ਸਰਕਾਰ ਵਿਰੁੱਧ ਲਿਖਿਆ, ਜਿਸ ਦੀ ਸਹਾਇਤਾ ਲਈ ਦੋ ਮੁਰੱਬੇ ਜ਼ਮੀਨ ਗਹਿਣੇ ਦਿੱਤੀ। ਤੇਜਾ ਸਿੰਘ ਅਕਾਲੀ ਅਖ਼ਬਾਰ ਦੀ ਪ੍ਰਬੰਧਕ ਕਮੇਟੀ ਦੇ ਮੁੱਢਲੇ 14 ਮੈਬਰਾਂ ‘ਚੋਂ ਇਕ ਸਨ।ਆਪ ਕਈ ਭਾਸ਼ਾਵਾਂ ਦੇ ਗਿਆਤਾ ਸਨ। ਸਰਦਾਰ ਤੇਜੀ ਸਿੰਘ ਨੇ ਦੇਸ਼ ਦੀ ਆਜ਼ਾਦੀ, ਰਜਵਾੜਾਸ਼ਾਹੀ ਅਤੇ ਬਿਸਵੇਦਾਰੀ ਵਿਰੁੱਧ ਤੀਹਰੀ ਜੰਗ ਲੜੀ। ਗੁਰਦੁਆਰਾ ਨਨਕਾਣਾ ਸਾਹਿਬ ਦੇ ਸਾਕੇ (ਫ਼ਰਵਰੀ 1921), ਗੂਰੁ-ਕੇ-ਬਾਗ਼ ਮੋਰਚੇ (ਅਗਸਤ 1922), ਗੁਰਦੁਆਰਾ ਖਡੂਰ ਸਾਹਿਬ ਅਤੇ ਗੁਰਦੁਆਰਾ ਮੁਕਤਸਰ ਸੁਧਾਰ ਲਈ ਆਪ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਅਗਵਾਈ ਕੀਤੀ। 9ਜੁਲਾਈ 1923 ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀਓਂ ਉਤਾਰਿਆ ਗਿਆ। ਅਕਤੂਬਰ ਵਿਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ-ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਕੇ ਸਮੁੰਦਰੀ ਸਮੇਤ 56 ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਤੇਜਾ ਸਿੰਘ ਵਿਰੁੱਧ ਪਹਿਲਾਂ ਲਾਹੌਰ ਕਿਲ੍ਹੇ ਵਿਚ ਅਤੇ ਮਗਰੋਂ ਕੇਂਦਰੀ ਜੇਲ੍ਹ ਵਿਚ ਤਿੰਨ ਸਾਲ ਮੁਕੱਦਮਾ ਚਲਾਇਆ ਗਿਆ। ਇਸ ਸਮੇਂ ਦੌਰਾਨ ਹੀ ਅੰਗਰੇਜ਼ ਸਰਕਾਰ ਮਹਿਤਾਬ ਸਿੰਘ ਵਰਗੇ ਆਗੂਆਂ ਦੀ ਸਲਾਹ ਨਾਲ ਗੁਰਦੁਆਰਾ ਐਕਟ ਬਣਾਉਣ ਲਈ ਮਜਬੂਰ ਹੋ ਗਈ। ਜਿਨ੍ਹਾਂ ਅਕਾਲੀ ਆਗੂਆਂ ਨੇ ਪੰਜਾਬ ਦੇ ਗਵਰਨਰ ਸਰ ਮੈਲਕਮ ਹੇਲੀ ਦੀ ਸ਼ਰਤ ਪ੍ਰਵਾਨ ਨਹੀਂ ਕੀਤੀ, ਉਨ੍ਹਾਂ ਵਿਚ ਤੇਜਾ ਸਿੰਘ ਸਮੁੰਦਰੀ ਸਮੇਤ ਸੋਹਨ ਸਿੰਘ ਜੋਸ਼, ਸੇਵਾ ਸਿੰਘ ਠੀਕਰੀਵਾਲਾ, ਜੱਥੇਦਾਰ ਤੇਜਾ ਸਿੰਘ ਅਕਰਪੁਰੀ, ਹਰੀ ਸਿੰਘ ਜਲੰਧਰੀ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਬਾਬੂ ਸੰਤਾ ਸਿੰਘ ਸੁਲਤਾਨਵਿੰਡ, ਰਾਇ ਸਿੰਘ ਕਾਉਣੀ (ਸਕੱਤਰ ਕਾਮਾਗਾਟਾ-ਮਾਰੂ ਜਹਾਜ਼), ਸੁਰਮੁਖ ਸਿੰਘ ਝਬਾਲ, ਬਾਬੂ ਤ੍ਰਿਪਲ ਸਿੰਘ ਲਾਇਲਪੁਰ, ਗੁਰਬਚਨ ਸਿੰਘ, ਭਾਗ ਸਿੰਘ ਐਡਵੋਕੇਟ, ਤੇਜਾ ਸਿੰਘ ਘਵਿੰਡ ਅਤੇ ਹਰੀ ਸਿੰਘ ਚੱਕਵਾਲੀਆ ਸ਼ਾਮਲ ਸਨ।ਸਮੁੰਦਰੀ ਜੀ ਨੂੰ 11 ਫ਼ਰਵਰੀ 1926 ਈਸਵੀ ਵਿਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਮੁਕੱਦਮੇ ਦੀ ਕਾਰਵਾਈ ਜਾਰੀ ਰੱਖੀ। ਇਸੇ ਸਮੇਂ ਮੁਕੱਦਮੇ ਦੌਰਾਨ ਤੇਜਾ ਸਿੰਘ ਸਮੁੰਦਰੀ 17 ਜੁਲਾਈ 1926 ਈਸਵੀ ਨੂੰ 45 ਸਾਲ ਦੀ ਉਮਰ ਵਿਚ ਦਿਲ ਦੀ ਬਿਮਾਰੀ ਕਾਰਨ ਜੇਲ੍ਹ ‘ਚ ਹੀ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ।

ਸੋਹਨ ਸਿੰਘ ਜੋਸ਼ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਦੇ ਸਫ਼ਾ 445 ‘ਤੇ ਤੇਜਾ ਸਿੰਘ ਸਮੁੰਦਰੀ ਦੇ ਅੰਤਲੇ ਸਮੇਂ ਬਾਰੇ ਲਿਖਦੇ ਹਨ ਕਿ ”ਪੰਥ ਦੀਆਂ ਖ਼ੁਸ਼ੀਆਂ ਵਿਚਾਲੇ ਹੀ ਰਹਿ ਗਈਆਂ-ਏਕਾ ਏਕੀ ਸੁੱਕੇ ਅਸਮਾਨੋਂ ਬਿੱਜ ਡਿੱਗ ਪਈ। ਉਹ ਅਦਾਲਤ ‘ਚੋਂ ਗੁਆਹ ਭੁਗਤਾਉਂਦੇ, ਹੱਸਦੇ-ਖੇਡਦੇ, ਆਪਣੇ ਸਾਥੀਆਂ ਨਾਲ ਮੁਲਾਕਾਤ ਕਰ ਕੇ ਕੇਂਦਰੀ ਜੇਲ੍ਹ ਅੰਦਰ ਗਏ, ਕੱਪੜੇ ਉਤਾਰ ਕੇ ਰੱਖੇ, ਨਵੇਂ ਪਾਏ ਅਤੇ ਦੋਸਤਾਂ ਨੂੰ ਕਹਿਣ ਲੱਗੇ ਕਿ ਖੱਬੀ ਬਾਂਹ ‘ਚੋਂ ਦਰਦ ਚੱਲ ਕੇ ਕਲੇਜੇ ਨੂੰ ਜਾ ਰਿਹਾ ਹੈ ਅਤੇ 5 ਮਿੰਟਾਂ ਵਿਚ ਹੀ ਸਭ ਨੂੰ ਅਲਵਿਦਾ ਕਹਿ ਗਏ।” ਮਗਰੋਂ ਉਨ੍ਹਾਂ ਦੀ ਦੇਹ ਲਾਹੌਰ ਜੇਲ੍ਹ ਤੋਂ ਲਿਆ ਕੇ 18 ਜੁਲਾਈ ਨੂੰ ਅੰਮ੍ਰਿਤਸਰ ਵਿਚ ਬੜੇ ਸਤਿਕਾਰ ਨਾਲ ਸਸਕਾਰ ਕੀਤਾ ਗਿਆ।ਅੰਮ੍ਰਿਤਸਰ ਵਿੱਚ 1937 ਈਸਵੀ ਨੂੰ ਇਕ ਲੱਖ ਰੁਪਏ ਦੀ ਲਾਗਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ-ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਯਾਦਗਾਰ ਦੇ ਤੌਰ ‘ਤੇ ਉਨ੍ਹਾਂ ਦੇ ਨਾਂ ਨਾਲ ਜੋੜਿਆ। ਆਉਣ ਵਾਲੀਆਂ ਕਈ ਪੀੜ੍ਹੀਆਂ ਤੇਜਾ ਸਿੰਘ ਸਮੁੰਦਰੀ ਦੀਆਂ ਸਦਾ ਰਿਣੀ ਰਹਿਣਗੀਆਂ।

ਸ਼ਹੀਦ ਤੇਜਾ ਸਿੰਘ ਸਮੁੰਦਰੀ ਨੇ ਸਿਰਫ 44 ਸਾਲ 5 ਮਹੀਨੇ ਦੀ ਆਰਜਾ ਪਾਈ ਹੈ ਪਰ ਇਸ ਉਮਰ ਵਿਚ ਆਪਣੀ ਪੰਥ ਤੇ ਦੇਸ਼ ਪਿਆਰ ਦੀ ਲਗਨ ਕਰ ਕੇ, ਸਿਆਣੇ ਤੇ ਸੰਜੀਦਾ ਸੁਭਾਅ ਕਰ ਕੇ ਆਪਣੇ ਸਿਰੜ ਤੇ ਦ੍ਰਿੜ ਵਿਸ਼ਵਾਸ ਸਦਕਾ ਬਹੁਤ ਉਚੀ ਸੇਵਾ ਦਾ ਨਾਮਣਾ ਖਟਿਆ ਹੈ। ਅੱਜ ਦਰਬਾਰ ਸਾਹਿਬ ਕੰਪਲੈਕਸ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਇਮਾਰਤ ‘ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ’ ਸੁਭਾਇਮਾਨ ਹੈ। ਮਰਹੂਮ ਕਵੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਨਾਲ ਸ਼ਰਧਾਂਜਲੀ ਅਰਪਣ ਹੈ,

ਮਹਿਕ ਦੇਂਵਦਾ ਪੰਥ ਦੇ ਬਾਗ ਤਾਈਂ
ਕਿਸੇ ਆਖਿਆ ਫੁਲ ਗੁਲਾਬ ਦਾ ਸੀ,
ਜਲਦਾ ਵੇਖ ਕੇ ਧਰਮ ਦੀ ਸ਼ਮ੍ਹਾਂ ਉਤੇ,
ਕੋਈ ਕਹੇ ਪੰਤਗ ਇਹ ਜਾਪਦਾ ਸੀ,
ਸਿਦਕ ਧਾਰ ਬੈਠਾ ਕਤਲ-ਗਾਹ ਅੰਦਰ,
ਮਾਨੋ, ਵਾਂਗ ਮਨਸੂਰ ਸੰਝਾਪਦਾ ਸੀ,
ਕੋਈ ਮੁਖੜਾ ਵੇਖ ਕੇ ਤੇਜ ਵਾਲਾ,
ਸੁਰਖ-ਰੂ ਆਸ਼ਕਿ ਕਹਿ ਅਲਾਪਦਾ ਸੀ,
ਅਸਲ ਵਿਚ ਇਹ ਮੋਤੀ ਸਮੁੰਦਰੀ ਸੀ,
ਆਇਆ ਕੰਮ ਗਰੀਬਾਂ ਦੇ ਆਉਣ ਲਈ,
ਉਹ ਨੂੰ ਮੌਤ-ਸਲਾਈ ਦੇ ਨਾਲ ਵਿਨ੍ਹਿਆ,
ਦਾਤੇ ਆਪਣੇ ਗਲ ਵਿਚ ਪਾਉਣ ਦੇ ਲਈ।

ਪੇਸ਼ਕਸ਼ :- ਰਾਜ ਗੋਗਨਾ ਸੀਨੀਅਰ ਜਰਨਲਿਸਟ ਪੰਜਾਬੀ ਮੀਡੀਆ , ਯੂ.ਐਸ.ਏ