ਯਾਦਗਾਰੀ ਹੋ ਨਿੱਬੜੀਆਂ ਮਸ਼ਹੂਰ “ਤੀਆਂ ਐਪਿੰਗ ਦੀਆਂ”… 

 

news avtar singh bhullar 190828 teej festival in aping

ਛੇ ਵਰਿਆਂ ਤੋਂ ਸਫਲਤਾ ਦੇ ਸਫਰ ਤੇ ਨਿਰੰਤਰ ਚੱਲ ਰਹੀਆਂ “ਤੀਆਂ ਐਪਿੰਗ ਦੀਆਂ” ਬੀਤੇ ਐਤਵਾਰ ਇੱਕ ਹੋਰ ਸਫਲ ਪੈਂਡਾ ਤੈਅ ਕਰ ਗਈਆਂ। ਮੈਲਬੌਰਨ ਸ਼ਹਿਰ ਦੇ ਐਪਿੰਗ ਇਲਾਕੇ ਵਿੱਚ ਪੈਂਦੇ ਬੇਲੈਗਿਉ ਰਿਸੈਪਸ਼ਨ ਵਿਖੇ ਬੀਬੀਆਂ ਦੀ ਭਰਵੀਂ ਹਾਜਿਰੀ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਤੀਆਂ ਐਪਿੰਗ ਦੀਆਂ ਸਮਾਗਮ ਨੂੰ ਸਫਲ ਬਣਾਉਣ ਵਿੱਚ ਕੁਲਦੀਪ ਕੌਰ, ਅਮਰਦੀਪ ਕੌਰ, ਕੁਲਵਿੰਦਰ ਬਰਾੜ, ਗੋਲਡੀ ਬਰਾੜ ਅਤੇ ਫੁਲਵਿੰਦਰਜੀਤ ਗਰੇਵਾਲ ਹੁਰੀਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਸਨ। ਇਸ ਮੌਕੇ ਪੰਜਾਬੀ ਸਾਹਿਤ ਦੀ ਪ੍ਰਮੁੱਖ ਹਸਤੀ ਸੁਖਵਿੰਦਰ ਅੰਮ੍ਰਿਤ ਜੀ ਤੀਆਂ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ, ਉਹਨਾਂ ਨੇ ਵਿਦੇਸ਼ਾਂ ਵਿੱਚ ਪੰਜਾਬਣਾਂ ਵਲੋਂ ਜੋਸ਼ ਨਾਲ ਮਨਾਏ ਜਾਂਦੇ ਇਹਨਾਂ ਤਿਉਹਾਰਾਂ ਪ੍ਰਤੀ ਖੁਸ਼ੀ ਪ੍ਰਗਟ ਕਰਦਿਆਂ ਪ੍ਰਬੰਧਕਾਂ ਅਤੇ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ। ਉਹਨਾਂ ਨੇ ਆਪਣੀ ਸ਼ਾਇਰੀ ਦੀ ਸੰਖੇਪ ਪਰ ਜਿਕਰਯੋਗ ਹਾਜਿਰੀ ਨਾਲ ਹਾਜਿਰ ਬੀਬੀਆਂ ਤੋਂ ਵਾਹ ਵਾਹ ਖੱਟੀ। ਦਰਸ਼ਕਾਂ ਨੇ ਸਮਾਗਮ ਵਿੱਚ ਪੰਜਾਬੀ ਲੋਕ ਨਾਚ ਗਿੱਧਾ, ਭੰਗੜਾ, ਬਾਲੀਵੁੱਡ ਨਾਚਾਂ ਦੀ ਪੇਸ਼ਕਾਰੀ ਦੇ ਨਾਲ ਹਾਸਰਸੀ ਵੰਨਗੀਆਂ ਵਜੋਂ ਸਕਿੱਟ ਅਤੇ ਭੰਡਾਂ ਦੀ ਪੇਸ਼ਕਾਰੀ ਦਾ ਅਨੰਦ ਵੀ ਮਾਣਿਆ।

ਇਸ ਤੋਂ ਇਲਾਵਾ ਤੀਆਂ ਵੇਖਣ ਪਹੁੰਚੀਆਂ ਛੋਟੀਆਂ ਬੱਚੀਆਂ ਲਈ ਜਿੱਥੇ ਪੰਜਾਬੀ ਭਾਸ਼ਾ ਨਾਲ ਸੰਬੰਧਤ ਸਵਾਲਾਂ ਦੇ ਅਧਾਰ ਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਵਿਸ਼ੇਸ਼ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ, ਉੱਥੇ ਬਜ਼ੁਰਗ ਬੀਬੀਆਂ ਨੂੰ ਕਈ ਆਕਰਸ਼ਕ ਤੋਹਫੇ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਦਰਸ਼ਕ ਰੂਪ ਵਿੱਚ ਪਹੁੰਚੀਆਂ ਮੁਟਿਆਰਾਂ ਲਈ ਵੀ ਇਕ ਖਾਸ ਸਵਾਲ ਜਵਾਬ ਦਾ ਸਿਲਸਿਲਾ ਰੱਖਿਆ ਗਿਆ। ਸਹੀ ਜਵਾਬ ਦੇਣ ਵਾਲੀਆਂ ਮੁਟਿਆਰਾਂ ਨੂੰ ਵੀ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਤੀਆਂ ਐਪਿੰਗ ਦੀਆਂ ਮੈਲਬੌਰਨ ਦਾ ਇੱਕੋ ਇਕ ਸਮਾਗਮ ਹੈ ਜਿਸ ਵਿੱਚ ਸ਼ਮੂਲੀਅਤ ਕਰਨ ਵਾਲੇ ਦਰਸ਼ਕਾਂ ਲਈ ਕਦੀ ਕੋਈ ਟਿਕਟ ਨਹੀਂ ਰੱਖੀ ਗਈ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਹਨਾਂ ਤੀਆਂ ਵਿੱਚ ਦਰਸ਼ਕਾਂ ਦਾ ਭਰਪੂਰ ਇਕੱਠ ਹੁੰਦਾ ਹੈ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਅਮਨਪ੍ਰੀਤ ਕੌਰ, ਹੈਰੀ ਛੀਨਾ ਅਤੇ ਗਗਨ ਵਲੋਂ ਸਾਂਝੇ ਤੌਰ ‘ਤੇ ਨਿਭਾਈ ਗਈ। ਛੇ ਘੰਟੇ ਤੱਕ ਚੱਲੇ ਇਸ ਪਰੋਗਰਾਮ ਵਿੱਚ ਮਨੋਰੰਜਨ ਤੋਂ ਇਲਾਵਾ ਬੀਬੀਆਂ ਨੇ ਸੂਟਾਂ, ਗਹਿਣਿਆਂ ਦੇ ਸਟਾਲਾਂ ਤੇ ਆਪਣੀ ਰਵਾਇਤੀ ਚਹਿਲ ਪਹਿਲ ਨੂੰ ਵੀ ਬਰਕਰਾਰ ਰੱਖਿਆ। ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਸਮਾਗਮ ਦੌਰਾਨ ਦਰਸ਼ਕਾਂ ਨੂੰ ਮੁਫਤ ਜਲੇਬੀਆਂ ਅਤੇ ਚਾਹ ਪਕੌੜੇ ਖੁੱਲ੍ਹੇ ਵਰਤਾਏ ਗਏ।

Install Punjabi Akhbar App

Install
×