ਸਕਾਟਲੈਂਡ ਦੀ ਧਰਤੀ ‘ਤੇ “ਤੀਆਂ ਪੰਜ ਦਰਿਆ ਦੀਆਂ” ਬੇਹੱਦ ਸਫਲ ਹੋ ਨਿੱਬੜੀਆਂ

ਸੈਂਕੜਿਆਂ ਦੀ ਤਦਾਦ ਵਿੱਚ ਪੰਜਾਬਣਾਂ ਨੇ ਨੱਚ ਨੱਚ ਕੇ ਪਾਈਆਂ ਧਮਾਲਾਂ ‘ਮਹਿਕ ਪੰਜਾਬ ਦੀ’ ਗਿੱਧਾ ਗਰੁੱਪ ਅਤੇ ਡਾਕਟਰ ਮਰਿਦੁਲਾ ਚੱਕਰਬਰਤੀ ਦਾ ਵਿਸ਼ੇਸ਼ ਸਨਮਾਨ 

ਗਲਾਸਗੋ ਪੰਜਾਬੀ ਦੁਨੀਆਂ ਦੇ ਜਿਸ ਵੀ ਖਿੱਤੇ ਵਿੱਚ ਗਏ ਹਨ ਉੱਥੇ ਬੋਲੀ ਤੇ ਵਿਰਸਾ ਲਿਜਾਣਾ ਨਹੀਂ ਭੁੱਲੇ। ਜਦੋਂ ਸਾਉਣ ਮਹੀਨਾ ਚੜ੍ਹਦਾ ਹੈ ਤਾਂ ਵਿਦੇਸ਼ਾਂ ਦੀ ਧਰਤੀ ‘ਤੇ ਗਿੱਧੇ ਦੇ ਪਿੜ ਸਜਣ ਲੱਗਦੇ ਹਨ। ਸਕਾਟਲੈਂਡ ਦੀ ਧਰਤੀ ‘ਤੇ ਪੰਜਾਬਣਾਂ ਦੇ ਮਨੋਰੰਜਨ ਹਿੱਤ “ਤੀਆਂ ਪੰਜ ਦਰਿਆ ਦੀਆਂ” ਸਮਾਗਮ ਦਾ ਆਯੋਜਨ ਕੀਤਾ ਗਿਆ। ਗਲਾਸਗੋ ਦੇ ਮੈਰੀਹਿੱਲ ਕਮਿਊਨਿਟੀ ਸੈਂਟਰਲ ਹਾਲ ਵਿਖੇ ਹੋਏ ਇਸ ਬੀਬੀਆਂ ਦੇ ਮੇਲੇ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਬੀਬੀਆਂ ਨੇ ਲਗਾਤਾਰ ਪੰਜ ਘੰਟੇ ਆਪਣਾ ਮਨੋਰੰਜਨ ਕੀਤਾ। ਇਸ ਮੇਲੇ ਦੀ ਸ਼ੁਰੂਆਤ ਸਕਾਟਲੈਂਡ ਦੇ ਰੇਡੀਓ ਪੇਸ਼ਕਾਰ ਤੇ  ਗਾਇਕ ਕਰਮਜੀਤ ਮੀਨੀਆਂ ਦੇ ਬੋਲਾਂ ਨਾਲ ਹੋਈ।

ਇਸ ਉਪਰੰਤ ‘ਪੰਜ ਦਰਿਆ’ ਦੇ ਡਾਇਰੈਕਟਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਸਕਾਟਲੈਂਡ ਦੀ ਪ੍ਰਸਿੱਧ ਸ਼ਾਇਰਾ ਮਰਹੂਮ ਸਰਬਜੀਤ ਕੌਰ ‘ਸਾਵੀ ਤੂਰ’ ਦੀ ਯਾਦ ਨੂੰ ਸਮਰਪਿਤ ਇਸ ਮੇਲੇ ਦੇ ਉਦਘਾਟਨ ਦੀ ਰਸਮ ਉੱਘੇ ਕਾਰੋਬਾਰੀ ਰਾਜ ਨਿੱਝਰ ਅਤੇ ਸ੍ਰੀਮਤੀ ਕਿਰਨਜੀਤ ਨਿੱਜਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਜ਼ੋਰੋ ਜ਼ੋਰ ਵਰ੍ਹਦੇ ਮੀਂਹ ਵਿੱਚ ਹਾਲ ਅੰਦਰ ਬੋਲੀਆਂ ਅਤੇ ਗਿੱਧੇ ਨਾਲ ਮਾਹੌਲ ਭਖਿਆ ਰਿਹਾ। ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਿਸ਼ਵ ਪ੍ਰਸਿੱਧ ਕਮੇਡੀ ਫਿਲਮ ਕਲਾਕਾਰ ਭਾਨਾ ਭਗੌੜਾ ਅਤੇ ਫਿਲਮ ਅਦਾਕਾਰਾ ਤੇ ਗਾਇਕਾ ਹਰਮੀਤ ਜੱਸੀ ਨੇ ਹਾਜ਼ਰੀ ਭਰੀ। ਭਾਨਾ ਭਗੌੜਾ ਤੇ ਹਰਮੀਤ ਜੱਸੀ ਦੀ ਜੋਡ਼ੀ ਵੱਲੋਂ ਸੁਣਾਏ ਹਾਸਰਸ ਟੋਟਕਿਆਂ ਨੇ ਸਕਾਟਲੈਂਡ ਦੀਆਂ ਪੰਜਾਬਣਾਂ ਨੂੰ ਲੋਟ ਪੋਟ ਹੋ ਕੇ ਹੱਸਣ ਲਈ ਮਜਬੂਰ ਕਰ ਦਿੱਤਾ। ਗਾਇਕਾ ਹਰਮੀਤ ਜੱਸੀ ਵੱਲੋਂ ਬਿਨਾਂ ਰੁਕੇ ਲਗਾਤਾਰ ਪਾਈਆਂ ਬੋਲੀਆਂ ਕਾਰਨ ਹਰ ਕੋਈ ਗਾਇਕਾ ਦੀ ਤਾਰੀਫ ਕਰਦਾ ਨਹੀਂ ਥੱਕ ਰਿਹਾ ਸੀ।

ਸਮਾਗਮ ਦੀ ਖਾਸੀਅਤ ਇਹ ਰਹੀ ਕਿ ਹਾਜ਼ਰੀਨ ਲਈ ਖਾਣ ਪੀਣ ਦਾ ਸਾਮਾਨ ਆਪ ਮੁਹਾਰੇ ਸੇਵਾ ਝੋਲੀ ਪੁਆ ਕੇ ਜਸਨੀਤ ਭੁੱਲਰ ਦੀ ਅਗਵਾਈ ਹੇਠ ਬੇਲੀ ਲੀਫ ਟੀਮ ਵੱਲੋਂ ਅਤੇ ਬਲਜਿੰਦਰ ਕੌਰ ਸਰਾਏ ਵੱਲੋਂ ਸਮੋਸਿਆਂ, ਪਕੌੜਿਆਂ ਤੇ ਬਰਫੀ ਦਾ ਭੰਡਾਰ ਲਗਾ ਦਿੱਤਾ ਗਿਆ। ਇਸ ਸਮੇਂ ਗਿੱਧੇ ਬੋਲੀਆਂ ਦੇ ਦੌਰ ਤੋਂ ਬਾਅਦ ਸਕਾਟਲੈਂਡ ਦੀ ਧਰਤੀ ‘ਤੇ ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਰੁੱਝੀ ‘ਮਹਿਕ ਪੰਜਾਬ ਦੀ’ ਗਿੱਧਾ ਗਰੁੱਪ ਟੀਮ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਵੱਖ ਵੱਖ ਸੰਸਥਾਵਾਂ ਰਾਹੀਂ ਭਾਈਚਾਰੇ ਦੀ ਸੇਵਾ ਵਿੱਚ ਰੁੱਝੀ ਰਹਿਣ ਵਾਲੀ ਡਾ ਮਰਿਦੁਲਾ ਚੱਕਰਬਰਤੀ ਨੂੰ ਸਨਮਾਨਤ ਕਰਨ ਦੇ ਨਾਲ ਨਾਲ ਗਿੱਧਾ ਗਰੁੱਪ ਦੀਆਂ ਮੈਂਬਰਾਨ ਅੰਮ੍ਰਿਤ ਕੌਰ ਸਰਾਓ, ਕਿਰਨ ਨਿੱਝਰ, ਨਿਰਮਲ ਗਿੱਲ, ਅਮਰਦੀਪ ਜੱਸਲ, ਬਲਜਿੰਦਰ ਕੌਰ, ਮਧੂ ਕਾਲੀਆ, ਰਜਨੀਸ਼ ਰੱਖੜਾ (ਰਾਜ),  ਗੁਰਪ੍ਰੀਤ ਕੌਰ ਮੁਕਰ (ਰਾਣੀ), ਕੁਲਜੀਤ ਸਹੋਤਾ, ਰੇਨੂੰ ਜੌਹਲ, ਜਸਵਿੰਦਰ ਕੌਰ ਸੋਨੀਆ, ਗਿਆਨ ਕੌਰ, ਜਸਵੀਰ ਕੌਰ, ਹਰਿੰਦਰ ਧਾਲੀਵਾਲ ਹੈਰੀ, ਜਸਪ੍ਰੀਤ ਕੌਰ ਤੇ ਮਨਰੂਪ ਕੌਰ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ।

ਇਸ ਤੋਂ ਇਲਾਵਾ ਸਮਾਗਮ ਦੇ ਮੁੱਖ ਸਹਿਯੋਗੀਆਂ ਸ੍ਰੀ ਰਾਜ ਨਿੱਝਰ, ਬੇਅ ਲੀਫ ਟੀਮ ਗਲਾਸਗੋ, ਉੱਘੇ ਕਾਰੋਬਾਰੀ ਇਕਬਾਲ ਸਿੰਘ ਕਲੇਰ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਕਾਰੋਬਾਰੀ ਨੌਜਵਾਨ ਗੁਰਪ੍ਰੀਤ ਪ੍ਰਿੰਸ ਸਹਿਗਲ ਅਤੇ ਕਸ਼ਮੀਰ ਸਿੰਘ ਉੱਪਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਹੋਂਦ ਵਿੱਚ ਆਇਆ। ਲਗਪਗ ਡੇਢ ਦਹਾਕੇ ਤੋਂ ਗਾਇਕ ਤੇ ਪੇਸ਼ਕਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਕਰਮਜੀਤ ਮੀਨੀਆਂ ਦਾ ਵੀ ਸਨਮਾਨ ਕੀਤਾ ਗਿਆ। ਕੋਵਿਡ ਦੇ ਪ੍ਰਕੋਪ ਤੋਂ ਬਾਅਦ ‘ਪੰਜ ਦਰਿਆ’ ਟੀਮ ਵਲੋਂ ਆਯੋਜਿਤ ਇਹ ਸਮਾਗਮ ਸਕਾਟਲੈਂਡ ਦਾ ਸਭ ਤੋਂ ਵੱਡਾ ਸਮਾਗਮ ਸੀ ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਅਖੀਰ ਵਿੱਚ ਈਵੈਂਟ ਮੈਨੇਜਰ ਨੀਲਮ ਖੁਰਮੀ ਵਲੋਂ ਦੂਰ ਦੁਰਾਡੇ ਤੋਂ ਆਈਆਂ ਬੀਬੀਆਂ, ਭੈਣਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਅਹਿਦ  ਦੁਹਰਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ‘ਪੰਜ ਦਰਿਆ’ ਟੀਮ ਵੱਲੋਂ ਸਮਾਗਮਾਂ ਦੀ ਲੜੀ ਆਰੰਭੀ ਜਾਵੇਗੀ।

Install Punjabi Akhbar App

Install
×