ਸੈਕਰਾਮੈਂਟੋ , 1 ਅਗਸਤ — ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਐਲਕ ਗਰੋਵ ਪਾਰਕ ਵਿਖੇ ‘ਤੀਆਂ ਤੀਜ਼ ਦੀਆਂ’ ਨਾਂ ਹੇਠ ਕਰਵਾਈ ਜਾਂਦੀਆਂ ਤੀਆਂ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਗਸਤ, ਦਿਨ ਐਤਵਾਰ ਨੂੰ ਦੁਪਹਿਰ 1.30 ਵਜੇ ਤੋਂ 6.30 ਵਜੇ ਤਕ ਇਹ ਤੀਆਂ ਕਰਵਾਈਆਂ ਜਾਣਗੀਆਂ। ਇਹ ਤੀਆਂ ਪਿਛਲੇ 10 ਸਾਲਾਂ ਤੋਂ ਸਫਲਤਾਪੂਰਵਕ ਕਰਵਾਈਆਂ ਜਾ ਰਹੀਆਂ ਹਨ।
ਇਸ ਵਾਰ ਇਨ੍ਹਾਂ ਤੀਆਂ ‘ਚ ਅਸਲੀ ਸੋਨੇ ਦਾ ਸੈੱਟ ਅਤੇ ਡਾਇਮੰਡ ਰਿੰਗ ਰੈਫਰਲ ਇਨਾਮ ਵਜੋਂ ਕੱਢੇ ਜਾਣਗੇ, ਜੋ ਕਿ ਕ੍ਰਮਵਾਰ ਬੱਗਾ ਜਿਊਲਰਜ਼ ਅਤੇ ਸ਼ੈਰਿਫ ਜਿਊੂਲਰਜ਼ ਵੱਲੋਂ ਦਿੱਤੇ ਜਾਣਗੇ।
ਐਲਕ ਗਰੋਵ, ਸੈਕਰਾਮੈਂਟੋ ‘ਚ ਖੁੱਲ੍ਹੇ ਮੈਦਾਨ ਵਿਚ ਛਾਂਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ, ਪੰਜਾਬ ‘ਚ ਲੱਗਣ ਵਾਲੀਆਂ ਅਸਲੀ ਤੀਆਂ ਦੀ ਝਲਕ ਪੇਸ਼ ਕਰਨਗੀਆਂ। ਇਸ ਦੌਰਾਨ ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ 30 ਦੇ ਕਰੀਬ ਖਰੀਦੋ-ਫਰੋਖਤ ਦੇ ਸਟਾਲ ਵੀ ਲੱਗਣਗੇ, ਜੋ ਕਿ ਇਕ ਪੰਜਾਬ ਦਾ ਮਾਹੌਲ ਪੇਸ਼ ਕਰਨਗੇ। 25 ਦੇ ਕਰੀਬ ਰੰਗ-ਬਿਰੰਗੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ, ਜਿਸ ਵਿਚ ਗਿੱਧਾ, ਬੋਲੀਆਂ, ਸਕਿੱਟਾਂ, ਡਾਂਸ, ਗੀਤ-ਸੰਗੀਤ, ਡੀ.ਜੇ. ਆਦਿ ਹੋਣਗੇ। ਇਸ ਮੇਲੇ ‘ਚ ਵੀਡੀਓ ਅਤੇ ਫੋਟੋਗ੍ਰਾਫੀ ‘ਮੋਗਾ ਵੀਡੀਓਜ਼’ ਵੱਲੋਂ ਕੀਤੀ ਜਾਵੇਗੀ। ਠੰਡੇ-ਮਿੱਠੇ ਜਲ ਦੀ ਛਬੀਲ ਸਤਬੀਰ ਬਾਜਵਾ ਅਤੇ ਪਰਿਵਾਰ ਵੱਲੋਂ ਲਗਾਈ ਜਾਵੇਗੀ।