ਖੁਸ਼ੀ ਦੇ ਹੰਝੂਆਂ ਨਾਲ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਲਈ ਉਡੀ ਪਹਿਲੀ ‘ਕੁਆਰਨਟੀਨ ਮੁਕਤ’ ਫਲਾਈਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਅੱਜ ਦੋਹਾਂ ਦੇਸ਼ਾਂ ਵਿਚਾਲੇ ਹੋਏ ਟੈਸਮੈਨ ਸਮਝੌਤੇ ਅਨੁਸਾਰ, ਅੱਜ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਲਈ ਉਡਾਣ ਭਰਨ ਵਾਲੀ ਪਹਿਲੀ ਫਲਾਈਟ ਲਈ ਦੋਹਾਂ ਦੇਸ਼ਾਂ ਲਈ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਬਹੁਤ ਹੀ ਵਧੀਆ ਗੱਲ ਹੈ ਕਿ ਦੋਹਾਂ ਦੇਸ਼ਾਂ ਵਿੱਚਲੀ ਜਨਤਾ ਨੇ ਕਰੋਨਾ ਕਾਰਨ ਬੰਦਸ਼ੁਦਾ ਫਲਾਈਟਾਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਬੇਸ਼ੱਕ ਉਹ ਆਪਣੇ ਪਰਿਵਾਰ ਤੋਂ ਵਿਛੜੇ ਰਹੇ ਹਨ ਪ੍ਰੰਤੂ ਮੌਕੇ ਮੁਤਾਬਿਕ ਉਨ੍ਹਾਂ ਨੇ ਆਪਣੀ ਸਹਿਣਸ਼ੀਲਤਾ ਦਾ ਮੁਜ਼ਾਹਰਾ ਕੀਤਾ ਜੋ ਕਿ ਦੋਹਾਂ ਦੇਸ਼ਾਂ ਲਈ ਵੀ ਬਹੁਤ ਵਧੀਆ ਗੱਲ ਹੈ।
ਟੈਸਮੈਨ ਸਮਝੌਤੇ ਮੁਤਾਬਿਕ ਹੁਣ ਦੋਹਾਂ ਦੇਸ਼ਾਂ ਵਿਚਾਲੇ ‘ਕੁਆਰਨਟੀਨ ਮੁਕਤ’ ਫਲਾਈਟਾਂ ਦੀ ਸ਼ੁਰੂਆਤ ਮੁੜ ਤੋਂ ਹੋ ਗਈ ਹੈ ਅਤੇ ਇਸ ਫਲਾਈਟ ਨੇ ਸਵੇਰੇ 7:30 ਵਜੇ ਸਿਡਨੀ ਤੋਂ ਨਿਊਜ਼ੀਲੈਂਡ ਵਾਸਤੇ ਉਡਾਣ ਭਰੀ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੀ ਇਸ ਵਾਸਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ਲੈਂਡ ਵਿਚਲੇ ਫਸੇ ਅਜਿਹੇ ਪਰਿਵਾਰ ਜੋ ਕਿ ਬੀਤੇ ਇੱਕ ਸਾਲ ਤੋਂ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਵਿੱਚ ਅਸਮਰਥ ਸਨ, ਹੁਣ ਆਪਸ ਵਿੱਚ ਮਿਲ ਰਹੇ ਹਨ ਅਤੇ ਇਸ ਸਭ ਲਈ ਨਿਊਜ਼ੀਲੈਂਡ ਸਭ ਨੂੰ ਮੁੜ ਤੋਂ ‘ਜੀ ਆਇਆਂ ਨੂੰ’ ਆਖਦਾ ਹੈ ਅਤੇ ਤਹਿ ਦਿਲੋਂ ਸਵਾਗਤ ਕਰਦਾ ਹੈ।
ਦੁਨੀਆਂ ਦੇ ਹੋਰ ਦੇਸ਼ਾਂ ਦੀਆਂ ਫਲਾਈਟਾਂ ਬਾਬਤ ਗੱਲਬਾਤ ਕਰਦਿਆਂ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਸਮੁੱਚੀ ਦੁਨੀਆਂ ਵਿੱਚੋਂ ਹੀ ਜਿਹੜੇ ਕੋਵਿਡ-19 ਦੇ ਮਰੀਜ਼ਾਂ ਦੇ ਆਂਕੜੇ ਲਗਾਤਾਰ ਵੱਧਦੀ ਦਿਸ਼ਾ ਵੱਲੋਂ ਆ ਰਹੇ ਹਨ, ਤਾਂ ਇਸ ਸਥਿਤੀ ਨੂੰ ਵਾਚਦਿਆਂ ਹਾਲ ਦੀ ਘੜੀ ਤਾਂ ਅੰਤਰ ਰਾਸ਼ਟਰੀ ਫਲਾਈਟਾਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਸੰਸਾਰ ਅੰਦਰ ਮੌਜੂਦਾ ਸਮੇਂ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3 ਮਿਲੀਅਨ ਤੋਂ ਵੀ ਟੱਪ ਗਈ ਹੈ ਅਤੇ ਅਜਿਹੀ ਸਥਿਤੀ ਵਿੱਚ ਅਹਿਤਿਆਦ ਜ਼ਰੂਰੀ ਹੈ।

Install Punjabi Akhbar App

Install
×