‘ਮਾਓਰੀ ਸਪੋਰਟਸ ਟੀਮ ਆਫ਼ ਦਾ ਯੀਅਰ’

NZ PIC 19 Nov-1

ਪੰਜਾਬ ਸਰਕਾਰ ਨੇ ਕਬੱਡੀ ਵਿਸ਼ਵ ਕੱਪਾਂ ਦੇ ਰਾਹੀਂ ਪੂਰੀ ਦੁਨੀਆ ਦੇ ਵਿਚ ਪੰਜਾਬ ਦੀ ਮਾਂ ਖੇਡ ‘ਕਬੱਡੀ’ ਨੂੰ ਪੂਰੀ ਦੁਨੀਆ ਦੇ ਵਿਚ ਜਿੱਥੇ ਹੋਰ ਮਸ਼ਹੂਰ ਕੀਤਾ ਹੈ ਉਥੇ ਹੁਣ ਸਾਰੇ ਕਬੱਡੀ ਖਿਡਾਰੀ ਇਸ ਨੂੰ ਓਲੰਪਿਕ ਦੇ ਸਟੇਡੀਅਮ ਦੇ ਵਿਚ ਵੀ ਵੇਖਣ ਦੀ ਤਮੰਨਾ ਰੱਖਣ ਲੱਗੇ ਹਨ।
ਪਿਛਲੇ ਤਿੰਨ ਸਾਲਾਂ ਤੋਂ ਇਸ ਕਬੱਡੀ ਵਿਸ਼ਵ ਕੱਪ ਦੇ ਵਿਚ ਕੁੜੀਆਂ ਦੀਆਂ ਟੀਮਾਂ ਵੀ ਸ਼ਾਮਿਲ ਹਨ, ਪਰ ਜਦੋਂ ਪਿਛਲੇ ਸਾਲ ਨਿਊਜ਼ੀਲੈਂਡ ਤੋਂ ਪਹਿਲੀ ਵਾਰ ਗਈ ਇਥੇ ਦੀਆਂ ਮੂਲ ਮਾਓਰੀ ਕੁੜੀਆਂ ਦੀ ਕੱਬਡੀ ਟੀਮ ਦੇ ਨਾਲ ਦੂਜੀਆਂ ਤਜ਼ਰਬੇਕਾਰ ਕੁੜੀਆਂ ਦੀਆਂ ਕੈਂਚੀਆਂ ਪੈਂਦੀਆਂ ਵੇਖੀਆਂ ਗਈਆਂ ਤਾਂ ਸਾਰੇ ਕਬੱਡੀ ਕੱਪ ਦਾ ਹਜ਼ੂਮ ਇਨ੍ਹਾਂ ਮਾਓਰੀ ਕੁੜੀਆਂ ਦੇ ਨਾਵਾਂ ਤੱਕ ਤੋਂ ਵਾਕਿਫ ਹੋ ਗਿਆ ਸੀ। ਇਸ ਮਹਿਲਾ ਕਬੱਡੀ ਟੀਮ, ਇਸ  ਦੇ ਪ੍ਰਬੰਧਕ ਸ. ਤਾਰਾ ਸਿੰਘ ਬੈਂਸ ਅਤੇ ਉਨ੍ਹਾਂ ਦੇ ਨਾਲ ਗਏ ਸਾਥੀਆਂ ਨਵਤੇਜ ਸਿੰਘ ਰੰਧਾਵਾ, ਵਰਿੰਦਰ ਸਿੰਘ ਬਰੇਲੀ ਅਤੇ ਜਿੰਦਰ ਸਿੰਘ ਚਮਿਆਰਾ ਦਾ ਜਿੱਥੇ ਤੀਜੇ ਵਿਸ਼ਵ ਕੱਪ ਦੇ ਵਿਚ ਉਪ-ਜੇਤੂ ਰਹਿਣ ‘ਤੇ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਵਾਪਿਸੀ ਵੇਲੇ ਭਰਪੂਰ ਸਵਾਗਤ ਹੋਇਆ ਸੀ ਉਥੇ ਮਾਓਰੀ ਮੂਲ ਦੇ ਲੋਕਾਂ ਅਤੇ ਇਨ੍ਹਾਂ ਦੇ ਰਾਸ਼ਟਰੀ ਚੈਨਲ ਨੇ ਵੀ ਪੂਰੀ ਕਵਰੇਜ਼ ਦੇ ਕੇ ਇਸ ਨੂੰ ਪੂਰੇ ਰਾਸ਼ਟਰੀ ਮੀਡੀਆ ਦੇ ਵਿਚ ਇਕ ਵੱਡੀ ਪ੍ਰਾਪਤੀ ਬਣਾਇਆ ਸੀ। ਮਾਓਰੀ ਟੀਮ ਦਾ ਇਸ ਦੇ ਵਿਚ ਖਾਸ ਯੋਗਦਾਨ ਰਿਹਾ ਸੀ। ਇਨ੍ਹਾਂ ਕੁੜੀਆਂ ਦਾ ਸਫ਼ਰ ਜਿੱਥੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ ਉਥੇ ਇਨ੍ਹਾਂ ਦੇ ਸੁਪਨਿਆਂ ਵਿਚ ਇਸ ਵਾਰ ਮਹਿਲਾ ਕਬੱਡੀ ਵਿਸ਼ਵ ਕੱਪ ਨਿਊਜ਼ੀਲੈਂਡ ਲਿਆਉਣਾ ਵੀ ਸ਼ਾਮਿਲ ਹੈ।
ਇਨ੍ਹਾਂ ਕੁੜੀਆਂ ਦੇ ਹੌਂਸਲੇ ਉਦੋਂ ਹੋਰ ਬੁਲੰਦ ਹੋ ਗਏ ਜਦੋਂ ਹੁਣ ਇਹ ਟੀਮ ‘ਮਾਓਰੀ ਸਪੋਰਟਸ ਐਵਾਰਡ-2014’ ਦੇ ਵਿਚ ‘ਮਾਓਰੀ ਸਪੋਰਟਸ ਟੀਮ ਆਫ਼ ਦਾ ਯੀਅਰ’ ਦੇ ਲਈ ਨਾਮਜ਼ਦ ਹੋ ਗਈ ਹੈ। ਇਸ ਟੀਮ ਦੇ ਮੁਕਾਬਲੇ  ਰਗਬੀ ਦੀ ਟੀਮ ‘ਮਾਓਰੀ ਆਲ ਬਲੈਕਸ’ ਅਤੇ ‘ਮਾਓਰੀ ਵੋਮੈਨ’ਜ਼ ਹਾਕੀ’ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਰਾਸ਼ਟਰੀ ਖਿਤਾਬਾਂ ਦਾ ਐਲਾਨ 29 ਨਵੰਬਰ ਦਿਨ ਸਨਿਚਰਵਾਰ ਨੂੰ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਇਕ ਵੱਡੇ ਸਮਾਗਮ ਦੇ ਵਿਚ ਸ਼ਾਮ ਨੂੰ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਵਾਲੇ ਖਾਸ ਪ੍ਰੋਗਰਾਮ ਵਿਚ ਕੀਤਾ ਜਾਵੇਗਾ। ਰਾਸ਼ਟਰੀ ਪੱਧਰ ਦੇ ਇਨ੍ਹਾਂ ਖਿਤਾਬਾਂ ਦੇ ਵਿਚ 16 ਤਰ੍ਹਾਂ ਦੇ ਵੱਖ-ਵੱਖ ਐਵਾਰਡ ਦਿੱਤੇ ਜਾ ਰਹੇ ਹਨ ਜਿਸ ਦੇ ਵਿਚ ਕੁੱਲ 26 ਵਿਸ਼ਵ ਵੱਧਰ ਦੇ ਖਿਡਾਰੀ ਅਤੇ ਟੀਮਾਂ ਸ਼ਾਮਿਲ ਹਨ।
ਰਾਸ਼ਟਰੀ ਐਵਾਰਡਾਂ ਤੱਕ ਪੰਜਾਬੀ ਮਾਂ ਖੇਡ ਕਬੱਡੀ ਨੂੰ ਲਿਜਾਉਣ ਲਈ ‘ਵੋਮੈਨ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ’ ਦੀ ਸਮੁੱਚੀ ਟੀਮ ਅਤੇ ਸ. ਬੈਂਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜੇਕਰ ਇਹ ਟੀਮ ਪਹਿਲਾ ਰਾਸ਼ਟਰੀ ਐਵਾਰਡ ਜਿੱਤ ਜਾਂਦੀ ਹੈ ਤਾਂ ਇਹ ਪੰਜਾਬੀ ਮਾਂ ਖੇਡ ਕਬੱਡੀ ਦੇ ਲਈ ਇਕ ਇਤਿਹਾਸਕ ਪ੍ਰਾਪਤੀ ਹੋਵੇਗੀ ਜਿਸ ਉਤੇ ਹਰ ਪੰਜਾਬੀ ਮਾਣ ਕਰ ਸਕੇਗਾ।

Install Punjabi Akhbar App

Install
×