
(ਦ ਏਜ ਮੁਤਾਬਿਕ) ਬੀਤੀ ਰਾਤ ਵਿਕਟੋਰੀਆ ਰਾਜ ਅੰਦਰ ਮੁੜ ਤੋਂ ਲਾਕਡਾਊਨ ਲੱਗ ਜਾਣ ਕਾਰਨ, ਰਾਜ ਦੇ ਇੱਕ ਮਿਲੀਅਨ ਸਕੂਲੀ ਵਿਦਿਆਰਥੀ ਮੁੜ ਤੋਂ ਆਨਲਾਈਨ ਪੜ੍ਹਾਈ ਦੇ ਜ਼ਰੀਏ ਆਪਣੀ ਸਕੂਲੀ ਪੜ੍ਹਾਈ ਸ਼ੁਰੂ ਕਰ ਚੁਕੇ ਹਨ। ਹਾਲ ਦੀ ਘੜੀ ਬੇਸ਼ਕ ਇਹ ਪੜ੍ਹਾਈ ਮਹਿਜ਼ 3 ਕੁ ਦਿਨਾਂ ਲਈ ਹੀ ਬਣਦੀ ਹੈ ਪਰੰਤੂ ਇਸ ਵਾਰੀ ਬੱਚੇ, ਮਾਪੇ ਅਤੇ ਸਕੂਲੀ ਅਧਿਆਪਾ ਇਸ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ ਅਤੇ ਹੁਣ ਇਸ ਕਾਰਜ ਤੋਂ ਕੋਈ ਵੀ ਅਣਜਾਣ ਨਹੀਂ ਰਿਹਾ। ਹੁਣ ਜਦੋਂ ਕਿ ਸਕੂਲੀ ਵਿਦਿਆਰਥੀਆਂ ਦੀ ਮੌਜੂਦਾ ਟਰਮ ਖਤਮ ਹੋਣ ਵਿੱਚ ਮਹਿਜ਼ ਕੁੱਝ ਕੁ ਹਫ਼ਤੇ ਹੀ ਬਚੇ ਹਨ ਅਤੇ ਰਾਜ ਦੇ 2270 ਸਕੂਲਾਂ ਨੂੰ ਮੁੜ ਤੋਂ ਬੰਦ ਕਰਨਾ ਪੈ ਗਿਆ ਹੈ ਕਿਉਂਕਿ ਰਾਜ ਅੰਦਰ 5 ਦਿਨਾਂ ਲਈ ਮੁੜ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਹੈ। ਬੇਸ਼ੱਕ ਰਾਜ ਦੇ ਸਿੱਖਿਆ ਮੰਤਰੀ ਜੇਮਜ਼ ਮਰਲੀਨੋ ਨੇ ਇਸ ਕਦਮ ਨੂੰ ਜਨਤਕ ਸਿਹਤ ਲਈ ਜ਼ਰੂਰੀ ਦੱਸਿਆ ਹੈ ਅਤੇ ਰਾਜ ਸਰਕਾਰ ਦਾ ਉਤਮ ਯਤਨ ਦੱਸਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਹੋਰ ਕੋਈ ਚਾਰਾ ਹੀ ਨਹੀਂ ਹੈ ਪਰੰਤੂ ਗੈਰ-ਸਰਕਾਰੀ ਸਕੂਲਾਂ ਵੱਲੋਂ ਉਨ੍ਹਾਂ ਨੂੰ ਅਤੇ ਸਰਕਾਰ ਨੂੰ ਕੁੱਝ ਅਲਗ ਕਿਸਮ ਦੀਆਂ ਭਾਵਨਾਵਾਂ ਅਤੇ ਬਿਆਨਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿਉਂਕਿ ਗੈਰ-ਸਰਕਾਰੀ ਸਕੂਲਾਂ ਅਤੇ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਅਜਿਹੀਆਂ ਕਾਰਵਾਈਆਂ ਦਾ ਸਿੱਧਾ ਅਸਰ ਸਕੂਲੀ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਉਪਰ ਪੈ ਰਿਹਾ ਹੈ ਇਸ ਬਾਬਤ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ। ਸਕੂਲਾਂ ਦੇ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਬੇਸ਼ੱਕ ਅਧਿਆਪਕ ਅਤੇ ਬੱਚੇ ਹੁਣ ਬੀਤੇ ਸਾਲ ਤੋਂ ਅਜਿਹਾ ਤਜੁਰਬਾ ਕਰ ਚੁਕੇ ਹਨ ਕਿ ਰਿਮੋਟ ਪੜ੍ਹਾਈ ਕਿਵੇਂ ਕਰਨੀ ਹੈ, ਪਰੰਤੂ ਹਾਲੇ ਵੀ ਕੁੱਝ ਮਾਪੇ ਇਸ ਨੂੰ ਜਾਇਜ਼ ਨਹੀਂ ਠਹਿਰਾ ਰਹੇ ਅਤੇ ਮੰਨਦੇ ਹਨ ਕਿ ਇਸ ਨਾਲ ਬੱਚਿਆਂ ਉਪਰ ਮਾਨਸਿਕ ਦਬਾਅ, ਗਲਤ ਧਾਰਨਾਵਾਂ, ਅਤੇ ਭਵਿੱਖ ਦਾ ਮਾੜਾ ਅਤੇ ਮਾਰੂ ਅਸਰ ਪੈ ਰਿਹਾ ਹੈ।