ਸੇਵਾ ਮੁਕਤ ਅਧਿਆਪਕ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਅੱਗੇ ਆਉਣ —ਅਵਤਾਰ ਲੰਗੇਰੀ
ਸਰਕਾਰੀ ਜੇ. ਬੀ. ਟੀ ਸੰਸਥਾ ਬੁਢਲਾਡਾ ਜ਼ਿਲ੍ਹਾ ਮਾਨਸਾ ਦੇ ਸਾਲ 1982 ਬੈਚ ਦੇ ਪਾਸ ਆਊਟ ਅਧਿਆਪਕਾਂ ਦੀ 40 ਸਾਲਾਂ ਬਾਅਦ ਇਕ ਵਿਸ਼ੇਸ਼ ਮਿਲਣੀ ਹੋਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਆਏ ਅਧਿਆਪਕਾਂ ਨੇ ਸ਼ਿਰਕਤ ਕੀਤੀ। ਭਾਵਕ ਪਲਾਂ ਵਿੱਚ ਇੱਕ ਦੂਸਰੇ ਨੂੰ ਗਲੇ ਮਿਲਦਿਆਂ ਉਹ ਸਥਾਨਕ ਆਈ. ਟੀ. ਆਈ ਦੀ ਇਮਾਰਤ ਵਿਚ ਪਹੁੰਚੇ ਜਿੱਥੇ ਕਿ ਉਸ ਸਮੇਂ ਇਸ ਇਮਾਰਤ ਦੇ ਇੱਕ ਹਿੱਸੇ ਵਿਚ ਜੇ. ਬੀ. ਟੀ ਦੀ ਸੰਸਥਾ ਚੱਲਦੀ ਰਹੀ ਸੀ ਇਸ ਮਿਲਣੀ ਵਿਚ ਪਹੁੰਚੇ ਸਮੂਹ ਅਧਿਆਪਕਾਂ ਵੱਲੋਂ ਖਸਤਾ ਹਾਲਤ ਵਿੱਚ ਬੰਦ ਪਈ ਇਮਾਰਤ ਵਿਚਲੇ ਦਫਤਰ, ਕਲਾਸਰੂਮ ਅਤੇ ਖੇਡ ਮੈਦਾਨਾਂ ਨੂੰ ਹੱਥ ਜੋੜ ਕੇ ਪ੍ਰਣਾਮ ਕਰਦਿਆਂ ਉਥੋਂ ਦੀ ਪਵਿੱਤਰ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਇਆ। ਇਸ ਮਿਲਣੀ ਦੇ ਅਗਲੇ ਦੌਰ ਦੇ ਸਮਾਗਮ ਦੀ ਸ਼ੁਰੂਆਤ ਚਾਵਲਾ ਰੈਸਟੋਰੈਂਟ ਬੁਢਲਾਡਾ ਵਿਖੇ ਮਾਨਸਾ ਜ਼ਿਲੇ ਨਾਲ ਸਬੰਧਤ ਸਵਾਗਤੀ ਕਮੇਟੀ ਮੈਂਬਰ ਸਰਦਾਰ ਬਲਜੀਤ ਸਿੰਘ ਖੀਵਾ, ਮਹਿੰਦਰ ਸਿੰਘ, ਘੋਲਾ ਸਿੰਘ, ਰਾਮ ਸਿੰਘ ਦਾਤੇਵਾਸ, ਸੁਖਦੇਵ ਸਿੰਘ ਜਟਾਣਾ , ਪਰਮਜੀਤ ਸਿੰਘ ਗੁਰਨੇ ਕਲਾਂ, ਕੇਸਰਚੰਦ ਗੋਇਲ ਮਾਨਸਾ, ਰਣਜੀਤ ਸਿੰਘ ਕੁਲਾਣਾ ਅਤੇ ਗੁਰਪਿਆਰ ਸਿੰਘ ਪਿਪਲੀਆ ਦੀ ਪ੍ਰਧਾਨਗੀ ਹੇਠਾਂ ਹੋਈ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਸ਼੍ਰੀ ਅਵਤਾਰ ਲੰਗੇਰੀ ਹੁਸ਼ਿਆਰਪੁਰ ਨੇ ਕਿਹਾ ਕਿ ਅੱਜ ਅਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਇਮਾਰਤ ਜੇ. ਬੀ. ਟੀ ਦੀ ਸੰਸਥਾ ਬੁਢਲਾਡਾ ਨੂੰ ਪ੍ਰਣਾਮ ਕਰ ਕੇ ਆਪਣਾ ਫਰਜ਼ ਨਿਭਾਇਆ ਹੈ ਕਿਉਂਕਿ ਇਸ ਇਮਾਰਤ ਨੇ ਸਾਨੂੰ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕਰਾਇਆ ਹੈ। ਅੱਜ ਸਾਨੂੰ ਮਿਲਦੀ ਸ਼ੁਹਰਤ ਅਤੇ ਇਸ ਸਮੇਂ ਅਸੀਂ ਅੱਜ ਜੋ ਵੀ ਹਾਂ ਉਹ ਇਸ ਇਮਾਰਤ ਅਤੇ ਉਸ ਸਮੇਂ ਪੜ੍ਹਾਉਣ ਵਾਲੇ ਸਟਾਫ ਦੀ ਬਦੌਲਤ ਹਾਂ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਅਧਿਆਪਕਾਂ ਨੇ ਕਿਹਾ ਕਿ ਸੀਨੀਅਰ ਅਧਿਆਪਕਾਂ ਦਾ ਇਸ ਤਰ੍ਹਾਂ ਜੁੜ ਬੈਠਣਾ ਸ਼ੁੱਭ ਸ਼ਗਨ ਹੈ ਕਿਉਂਕਿ ਜਦ ਵੀ ਇਹ ਵਰਗ ਸਿਰ ਜੋੜ ਕੇ ਬੈਠਦਾ ਹੈ ਤਾਂ ਇਸ ਵਿੱਚੋਂ ਸਮਾਜ ਭਲਾਈ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨਿਕਲਦੀਆਂ ਹਨ। ਇਸ ਮੌਕੇ ਸਮੂਹਕ ਤੌਰ ਤੇ ਅਧਿਆਪਕਾਂ ਵੱਲੋਂ ਇਸ ਤਰ੍ਹਾਂ ਦੀ ਮਿਲਣੀ ਹਰ ਸਾਲ ਕਰਾਉਣ ਦਾ ਫੈਸਲਾ ਲਿਆ ਗਿਆ। ਸਿੱਖਿਆ ਦੀ ਬਿਹਤਰੀ ਅਤੇ ਸਮਾਜ ਭਲਾਈ ਵਿਸ਼ੇ ਤੇ ਚਰਚਾ ਕਰਦਿਆਂ ਸਮੂਹ ਅਧਿਆਪਕਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਚੱਲ ਰਹੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਭਰਵਾਂ ਯੋਗਦਾਨ ਦੇਣ ਦਾ ਵਾਅਦਾ ਕੀਤਾ। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਇੱਕ ਸਹਾਇਤਾ ਫੰਡ ਕਾਇਮ ਕਰਨ ਦਾ ਵੀ ਫੈਸਲਾ ਲਿਆ ਗਿਆ। ਉਸ ਸਮੇਂ ਮਾਹੌਲ ਬਹੁਤ ਗਮਗੀਨ ਹੋ ਗਿਆ ਜਦੋਂ ਇਸੇ ਹੀ ਬੈਚ ਦੇ ਅੱਠ ਸਵਰਗਵਾਸੀ ਅਧਿਆਪਕਾਂ ਅਤੇ ਇੱਕ ਅਧਿਆਪਕ ਸਰਦਾਰ ਮਹਿੰਦਰ ਸਿੰਘ ਦਾਤੇਵਾਸ ਦੇ ਨੌਜਵਾਨ ਬੇਟੇ ਗਗਨਦੀਪ ਸਿੰਘ ਦੀ ਬੇਵਕਤੀ ਮੌਤ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਯਾਦ ਕੀਤਾ ਗਿਆ। ਇਸ ਉਪਰੰਤ ਅਵਤਾਰ ਲੰਗੇਰੀ ਨੇ ਆਪਣੀ ਲੰਬੀ ਨਜ਼ਮ ਰਾਹੀਂ ਉਸ ਸਮੇਂ ਦੇ ਦੋ ਸਾਲਾਂ ਦੀ ਕਾਰਗੁਜ਼ਾਰੀ ਨੂੰ ਖੂਬਸੂਰਤ ਸ਼ਬਦਾਂ ਵਿੱਚ ਪਰੋ ਕੇ ਪੇਸ਼ ਕੀਤਾ। ਸਮਾਗਮ ਦੇ ਅਖੀਰਲੇ ਦੌਰ ਵਿਚ ਲੈਕਚਰਾਰ ਸਮਰਜੀਤ ਸਿੰਘ ਖੋਖਰ ਕਲਾਂ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਪਰਮਜੀਤ ਸਿੰਘ ਗੁਰਨੇ ਕਲਾਂ ਵੱਲੋਂ ਜਾਦੂ ਦਾ ਸ਼ੋਅ ਪੇਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸਮਾਗਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਸ਼ੇਸ਼ ਤੌਰ ਤੇ ਮੱਖਣ ਸਿੰਘ ਚਹਿਲ, ਲਾਭ ਸਿੰਘ ਲਹਿਰਾ ਮੁਹੱਬਤ, ਅੰਗਰੇਜ਼ ਸਿੰਘ ਰਾਮਪੁਰਾਫੂਲ , ਹਰਬੰਤ ਸਿੰਘ ਬਠਿੰਡਾ, ਮੱਘਰ ਸਿੰਘ ਮੌੜ, ਅਮਨਦੀਪ ਸ਼ਰਮਾ ਪ੍ਰਧਾਨ ਮੁੱਖ ਅਧਿਆਪਕ ਯੂਨੀਅਨ ਪੰਜਾਬ, ਅਮਰ ਸਿੰਘ ਗਿੱਲ, ਰਜਿੰਦਰ ਸਿੰਘ ਲਹਿਰਾ ਧੂਰਕੋਟ, ਸਮਰਜੀਤ ਸਿੰਘ ਖੋਖਰ ਕਲਾਂ, ਗਮਦੂਰ ਸਿੰਘ ਬਠਿੰਡਾ,ਰਾਜਾ ਸਿੰਘ ਕਲਿਆਣ ਸੁੱਖਾ, ਅਜਮੇਰ ਸਿੰਘ ਬੱਸੀਆਂ ਲੁਧਿਆਣਾ ਅਤੇ ਹਰਬੰਸ ਲਾਲ ਮਾਹਮਦਪੁਰ ਸੰਗਰੂਰ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਕ ਦੇ ਫਰਜ਼ ਅਵਤਾਰ ਲੰਗੇਰੀ ਹੁਸ਼ਿਆਰਪੁਰ ਵੱਲੋਂ ਬਾਖੂਬੀ ਨਿਭਾਏ।
(ਅਵਤਾਰ ਲੰਗੇਰੀ)
+91 94632-60181