ਮੇਰੇ ਅਧਿਆਪਕ

 ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਬਣੀ ਹੋਈ ਹੈ, ਉਸਦਾ ਜਿਕਰ ਮੈ ਜਦੋਂ ਵੀ ਬਠਿੰਡਾ ਤੋਂ ਪਿੰਡ ਜਾਵਾਂ, ਮੇਰੇ ਨਾਲ ਕਿਸੇ ਵੀ ਵਹੀਕਲ ਤੇ ਬੈਠੇ ਹੋਏ ਵਿਅਕਤੀ/ਬੱਚਿਆਂ ਆਦਿ ਨਾਲ ਨਾ ਕਰਾਂ, ਸਾਇਦ ਇਹ ਕਦੇ ਵੀ ਨਹੀ ਹੋਇਆ । ਜਿੱਥੇ ਸਾਲ 1989-1993 ਤੱਕ ਅੰਗਰੇਜ਼ੀ ਦੇ ਅੱਖਰ ‘ਐਲ’ ਨੁਮਾ ਬਣੀ ਇਮਾਰਤ ਵਿੱਚ ਬਣੇ ਉਹਨਾਂ ਕਮਰਿਆਂ ਦੇ ਅੱਗੇ ਖਾਲ੍ਹੀ ਜਗ੍ਹਾ (ਪਾਰਕ ) ਵਿੱਚ ਪੀਰੀਅਡ ਖਤਮ ਹੋਣ ਤੋਂ ਬਾਅਦ ਬੈਠੇ ਉਹਨਾਂ ਸਤਿਕਾਰਯੋਗ ਅਧਿਆਪਕ ਸਾਹਿਬਾਨਾਂ ਨੂੰ ਜਦੋਂ ਅੱਜ 29 ਸਾਲ ਬਾਅਦ ਵੀ ਜਹਿਨ ਵਿੱਚ ਯਾਦ ਕਰਦੇ ਹਾਂ ਤਾਂ ਮਨ ਨੂੰ ਬਹੁਤ ਨਿੱਘਾ ਸਕੂਨ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਮੈ ਉਹਨਾਂ ਸਾਰੇ ਹੀ ਵਿਲੱਖਣ ਸੂਝ ਬੂਝ ਦੇ ਧਾਰਨੀ, ਚਾਨਣ ਦੇ ਮੁਨਾਰਿਆਂ ਪਾਸੋਂ ਜਿੰਦਗੀ ਵਿੱਚ  ਅਗਾਂਹਵਧੂ, ਹੌਸਲਾਮਈ ਸੋਚ ਦੀ ਪ੍ਰੇਰਨਾ ਹਾਸਲ ਕੀਤੀ ਹੈ । ਸਭ ਤੋਂ ਪਹਿਲਾਂ ਇਹਨਾਂ ਚਾਨਣ ਦੇ ਮੁਨਾਰੇ, ਗਿਆਨ ਗੁਰੂ ਜੋ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ, ਨੂੰ ਮੇਰੇ ਵੱਲੋਂ ਦਿਲੋਂ ਸਿਜਦਾ ਕੀਤਾ ਜਾਂਦਾ ਹੈ । ਸਾਡੇ ਮਨਾਂ ਵਿੱਚ ਸਦਾ ਅਮਿੱਟ ਛਾਪ ਛੱਡਣ ਵਾਲੀਆਂ ਇਹਨਾਂ ਸਤਿਕਾਰਤ ਸਖਸ਼ੀਅਤਾਂ ਨੂੰ ਅੱਜ ਦੇ ਦਿਨ ਅਧਿਆਪਕ ਦਿਵਸ ਉਪਰ ਯਾਦ ਕਰਨਾ ਹਰ ਸਿਖਿਆਰਥੀ ਲਈ ਬੜੇ ਫਖਰ ਵਾਲੀ ਗੱਲ ਹੈ ।

 ਕਿਸ ਗਿਆਨ ਗੁਰੂ ਦੀ ਵਿਆਖਿਆ ਪਹਿਲਾਂ ਸ਼ੁਰੂ ਕਰਾਂ ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਪੰਜਾਬ ਦੇ ਬਸ਼ਿੰਦੇ ਹਾਂ ਇਸ ਲਈ ਗੱਲ ਵੀ ਪਹਿਲਾਂ ਪੰਜਾਬੀ ਦੀ ਹੀ ਕਰਨੀ ਬਣਦੀ ਹੈ, ਇਸ ਲਈ ਪਹਿਲਾਂ ਯਾਦ ਹੀ ਗਿਆਨੀ ਇੰਦਰ ਸਿੰਘ ਵਾਸੀ ਘਣੀਆਂ ਜ਼ਿਲ੍ਹਾ ਫਰੀਦਕੋਟ ਅਤੇ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਦੇ ਅਧਿਆਪਕ ਸ੍ਰੀ ਜਸਵੰਤ ਸਿੰਘ ਵਾਸੀ ਪਿੰਡ ਘਣੀਆਂ ਜ਼ਿਲ੍ਹਾਂ ਫਰੀਦਕੋਟ ਜੀ ਨੂੰ ਕਰਨਾ ਬਣਦਾ ਹੈ । ਗਿਆਨੀ ਇੰਦਰ ਸਿੰਘ ਜੀ ਇੱਕ ਸਾਦਗੀ ਭਰਪੂਰ ਅਤੇ ਸ਼ਾਤ ਸੁਭਾਅ ਦੇ ਮਾਲਕ ਸਨ ਅਤੇ ਸ੍ਰੀ ਜਸਵੰਤ ਸਿੰਘ ਥੋੜਾ ਸਖਤ ਲਹਿਜੇ ਵਾਲੇ ਸਨ । ਦੋਨਾਂ ਨੇ ਪਿੰਡ ਘਣੀਆਂ ਤੋ  ਇਕੱਠੇ ਆਉਣਾ ਹੁੰਦਾ ਸੀ, ਇਸ ਲਈ ਕਦੇ ਚੇਤਕ ਸਕੂਟਰ ਤਾਂ ਕਦੇ ਰਾਜਦੂਤ ਦੀ ਅਵਾਜ ਸੁਣਨ ਨੂੰ ਮਿਲਦੀ ਸੀ । ਪਿੰਡ ਕੋਠਾ ਗੁਰੂ ਦੇ ਸਕੂਲ ਵਿੱਚੋਂ  ਘਣੀਆਂ ਤੋਂ ਵਾਇਆ ਮਲੂਕਾ, ਕੋਠਾ ਗੁਰੂ ਆਉਣ ਵਾਲੀ ਸੜ੍ਹਕ ਰਾਹੀ ਹੀ ਇਹ ਦੋਨੋਂ ਅਧਿਆਪਕ ਸਾਹਿਬਾਨ ਕਦੇ ਅਲੱਗ-ਅਲੱਗ ਵਹੀਕਲਾਂ ਤੇ ਅਤੇ ਕਦੇ-ਕਦੇ ਦੋਨੋਂ ਇੱਕ ਹੀ ਵਹੀਕਲ ਆਉਂਦੇ ਸਨ, ਮੇਰੇ ਵਰਗੇ ਸਿਖਿਆਰਥੀ ਅਕਸਰ ਵੇਖਦੇ ਹੁੰਦੇ ਸੀ ਕਿ ਕੀ ਅੱਜ ਦੋਨੋਂ ਅਧਿਆਪਕ ਸਾਹਿਬਾਨ ਆ ਰਹੇ ਹਨ ਜਾਂ ਇੱਕ ਹੀ ਨੇ, ਕਿਉਂਕਿ ਉਸ ਸਮੇਂ ਉਮਰ ਹੀ ਅਜਿਹੀ ਹੁੰਦੀ ਸੀ, ਜੇਕਰ ਕਿਸੇ ਦਿਨ ਇੱਕ ਹੀ ਅਧਿਆਪਕ ਸਾਹਿਬ ਆਉਂਦੇ ਵਿਖ ਜਾਂਦੇ ਤਾਂ ਇੰਝ ਲਗਦਾ ਸੀ ਪਤਾ ਨਹੀ ਕਿ ਮਿਲ ਗਿਆ ਹੋਵੇ ।  ਠੀਕ ਹੈ ਕਿ ਅੱਜ ਗਿਆਨੀ ਇੰਦਰ ਸਿੰਘ ਜੀ ਪੰਜਾਬੀ ਅਧਿਆਪਕ ਜੀ ਦੁਆਰਾ ਦਿੱਤੀ ਗਈ ਸਿੱਖਿਆ ਦੀ ਬਦੌਲਤ ਪੰਜਾਬੀ ਲਿੱਪੀ ਦੀਆਂ ਮਾਤਰਾਵਾਂ, ਬਿੰਦੀ, ਟਿੱਪੀ ਆਦਿ ਦੀ  ਜਾਣਕਾਰੀ ਹੈ ਪਰ ਇਸਦੇ ਉਲਟ  ਸ੍ਰੀ ਜਸਵੰਤ ਸਿੰਘ ਜੀ ਵਰਗੇ ਮਿਹਨਤੀ ਅਧਿਆਪਕ ਸਾਹਿਬ ਜੀ ਦੀ ਮਿਹਨਤ ਦੇ ਬਾਵਜੂਦ ਮੈਂ ਉਹਨਾਂ ਦੀ ਮਿਹਨਤ ਤੇ ਪੂਰਨ ਤੌਰ ਤੇ ਖਰਾ ਨਹੀ ਉਤਰ ਸਕਿਆ ਹਾਂ, ਫਿਰ ਵੀ ਅੱਜ ਦੇ ਸਮੇਂ ਦੇ ਕਾਰਨ ਅਜੋਕੇ ਸਮੇਂ ਦੀ ਬਹੁਤ ਚਰਚਿਤ ਭਾਸ਼ਾ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਪਰਪੱਕ ਹੋ ਪਾਇਆ ਹਾਂ ।

 ਗਣਿਤ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਆਤਮਤੇਜ ਸ਼ਰਮਾ ਜੀ ਦੇ ਸੁਭਾਅ ਦੀ ਕਿੱਥੋਂ ਸ਼ੁਰੂਆਤ ਕਰਾਂ, ਇਹ ਵੀ ਇੱਕ ਮੁਸ਼ਕਲ ਪ੍ਰਸ਼ਨ ਹੈ । ਮਿਠਾਸ ਅਤੇ ਸਾਦਗੀ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਦੀ ਸੀ ਅਤੇ ਅੱਜ ਵੀ ਲਾਉਦੀ ਹੈ । ਉਹਨਾਂ ਦੁਆਰਾ ਕਲਾਸ ਅੰਦਰ ਪੜ੍ਹਾਉਣ ਸਮੇ ਵਰਤੇ ਜਾਂਦੇ ਸ਼ਬਦ ਸੱਜਣ ਅਤੇ ਬੱਚੂ  ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਧੁਰ ਅੰਦਰ ਤੱਕ ਵਿਲੱਖਣ ਤਰੰਗ ਛਿੜਦੀ ਹੈ । ਜਦੋਂ ਉਹਨਾਂ ਦੁਆਰਾ ਕੋਈ ਪ੍ਰਸ਼ਨ ਸਮਝਾਏ ਜਾਣ ਤੇ ਬਹੁਤੇ ਵਿਦਿਆਰਥੀਆਂ ਵੱਲੋਂ ਅਣਗੌਲਿਆਂ ਕਰਨ ਦੀ ਗੱਲ ਉਹਨਾਂ ਵੱਲੋਂ ਵੇਖੀ ਜਾਂਦੀ ਤਾਂ ਉਹਨਾਂ ਵੱਲੋਂ ਆਪਣੇ ਕੋਲ ਬੁਲਾਉਣਾ ਅਤੇ ਗੱਲਾਂ ਕਰਦੇ ਹੀ ਦੋਨੋ ਹੱਥ ਇਕੱਠੇ ਕਦੋਂ ਗੱਲਾਂ ਤੇ ਆ ਵਜਦੇ ਸਨ ਦਾ ਕਦੇ ਭੋਰਾ ਵੀ ਅੰਦਾਜ਼ਾ ਨਹੀ ਸੀ ਲੱਗਦਾ । ਸ਼ਾਇਦ ਅਸੀ ਉਸ ਸਜ਼ਾ ਦੇ ਉਸ ਸਮੇਂ ਹੱਕਦਾਰ ਵੀ ਹੁੰਦੇ ਸੀ ਇਸ ਲਈ ਦਿੱਤੀ ਗਈ ਸਜ਼ਾ ਦਾ ਕਦੇ ਵੀ ਅਫਸੋਸ ਨਹੀ ਹੈ । ਅੱਜ ਪਤਾ ਲੱਗਦਾ ਕਿ ਬਦਾਮ ਜਾਂ ਦਿਮਾਗੀ ਸ਼ਕਤੀ ਤੇਜ ਕਰਨ ਲਈ ਵਰਤੀਆਂ ਜਾਂਦੀਆਂ ਦਵਾਈਆਂ ਆਦਿ ਉਕਤ ਸਜ਼ਾ ਦੀ ਗੂੰਜ ਤੋਂ ਕਿਤੇ ਥੱਲ੍ਹੇ ਹਨ । ਮਾਸਟਰ ਜੀ ਅਤੇ ਮੇਰਾ ਪਿੰਡ ਇੱਕ ਹੀ ਸੀ, ਇਸ ਲਈ ਅਕਸਰ ਗਾਹੇ-ਵਗਾਹੇ ਉਹਨਾਂ ਨਾਲ ਮੇਲ੍ਹ ਹੁੰਦਾ ਰਹਿੰਦਾ ਹੈ । ਅੱਜ ਤੱਕ ਕਦੇਂ ਅਜਿਹਾ ਸਮਾਂ ਨਹੀ ਆਇਆ ਕਿ ਮਾਸਟਰ ਜੀ ਸਾਹਮਣੇ ਹੋਣ, ਉਹਨਾਂ ਦਾ ਧਿਆਨ ਮੇਰੇ ਵਿੱਚ ਹੋਵੇ ਜਾਂ ਨਾ ਹੋਵੇ, ਮੇਰੇ ਕਦਮ ਉਹਨਾਂ ਵੱਲ ਜਾਣ ਨੂੰ ਝਿਜਕੇ ਹੋਣ ।  ਮੈਂ ਮਾਸਟਰ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ।

  ਵਿਗਿਆਨ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਜਗਦੀਸ਼ ਰਾਏ ਜੀ ਦਾ ਵਿਗਿਆਨ ਵਿਸ਼ੇ ਨੂੰ ਪੜ੍ਹਾਉਣ ਦਾ ਇੱਕ ਵੱਖਰਾ ਹੀ ਤਰੀਕਾ ਸੀ । ਉਹ ਵਿਦਿਆਰਥੀਆਂ ਨੂੰ ਅਕਸਰ ਹੀ ਲੈਬ ਅੰਦਰ ਲਿਆ ਕੇ ਵਿਗਿਆਨ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ । ਅੱਜ ਕੱਲ ਉਹ ਆਪਣੇ ਬੇਟਿਆਂ ਕੋਲ ਬਠਿੰਡਾ ਵਿਖੇ ਰਹਿੰਦੇ ਹਨ ਪਰੰਤੂ ਬਾਵਜੂਦ ਮੈਂ ਖੁਦ ਬਠਿੰਡਾ ਦਾ ਵਸਨੀਕ ਹੋਣ ਦੇ ਉਹਨਾਂ ਨੂੰ ਕਦੇ ਜਿੰਦਗੀ ਦੇ ਰੁਝੇਵਿਆਂ ਕਾਰਨ ਮਿਲ ਨਹੀ ਸਕਿਆ, ਕੋਸਿਸ਼ ਕਰਾਂਗਾ ਕਿ ਰੁਝੇਵਿਆਂ ਨੂੰ ਥੋੜ੍ਹਾ ਵਿਰਾਮ ਦੇ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਆਦਿ ਬਾਰੇ ਜਾਣ ਸਕਾਂ ।

ਹਿੰਦੀ ਵਿਸ਼ੇ ਨਾਲ ਸਬੰਧਤ ਮਾਸਟਰ ਮਨੋਹਰ ਲਾਲ ਜੀ ਹਿੰਦੀ ਅਧਿਆਪਕ ਜੋ ਅੱਜ ਇਸ ਦੁਨੀਆਂ ਵਿੱਚ ਨਹੀ ਰਹੇ, ਹੱਸਮੁੱਖ ਸੁਭਾਅ ਦੇ ਮਾਲਕ ਸਨ । ਮੇਰਾ ਨਿੱਜੀ ਤੌਰ ਤੇ ਹਿੰਦੀ ਵਿਸ਼ੇ ਨਾਲ ਉਸ ਸਮੇਂ ਕਾਫੀ ਲਗਾਵ ਸੀ, ਜਿਸ ਕਾਰਨ ਬਹੁਤ ਘੱਟ ਮੌਕੇ ਅਜਿਹੇ ਹੋਣਗੇ ਕਿ ਮੇਰੇ ਹਿੰਦੀ ਵਿਸ਼ੇ ਵਿੱਚੋਂ ਨੰਬਰ 70-80 ਦੇ ਦਰਮਿਆਨ ਨਾ ਆਏ ਹੋਣ । ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਪਿਛਲੇ ਸਾਲ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਨਹੀ ਹੋ ਸਕਿਆ ।

ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਸ੍ਰੀਮਤੀ ਮਲਕੀਤ ਕੌਰ ਜੀ ਜੋ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਦਲੇਰਾਨਾ ਢੰਗ ਨਾਲ ਹਰਾਉਣ ਉਪਰੰਤ, ਇੱਕ ਵਾਰ ਫਿਰ ਤੋਂ ਇਸ ਨਾ-ਮੁਰਾਦ ਬਿਮਾਰੀ ਦੇ ਕਲੇਵੇ ਵਿੱਚ ਆ ਜਾਣ ਕਾਰਨ ਕੁਝ ਹੀ ਸਮੇਂ ਅੰਦਰ ਜਨਵਰੀ 2021 ਦੌਰਾਨ ਕੈਨੇਡਾ ਦੀ ਧਰਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਜਦੋਂ ਅਸੀ ਛੇਵੀਂ ਕਲਾਸ ਵਿੱਚ ਦਾਖਲ ਹੋਏ ਤਾਂ ਉਸੇ ਹੀ ਸਮੇਂ ਇਹਨਾਂ ਵੱਲੋਂ ਸਾਡੇ ਸਕੂਲ ਵਿਖੇ ਜੁਆਇਨ ਕੀਤਾ ਗਿਆ । ਸੁਭਾਅ ਕਾਫੀ ਸਖਤ ਸੀ, ਪੜ੍ਹਾਉਣ ਦਾ ਜਜਬਾ ਲਾ-ਜਵਾਬ ਸੀ ਪਰੰਤੂ ਸਮਾਜਿਕ ਸਿੱਖਿਆ ਦੇ ਵੱਡੇ ਵੱਡੇ ਪ੍ਰਸ਼ਨ ਅਕਸਰ ਦਿਮਾਗ ਦੇ ਬਾਹਰੋਂ ਹੀ ਗੁਜਰ ਜਾਂਦੇ ਸੀ ਅਤੇ ਮੈਡਮ ਦੀ ਸਜ਼ਾ ਦਾ ਡਰ ਅਕਸਰ ਬਣਿਆ ਰਹਿੰਦਾ ਸੀ । ਅੱਜ ਵੀ ਉਹ ਸਜ਼ਾ ਦਿਮਾਗ ਨੂੰ ਤਰੋ ਤਾਜਾ ਕਰ ਦਿੰਦੀ ਹੈ ।

 ਪੜ੍ਹਾਈ ਲਿਖਾਈ ਦੇ ਨਾਲ ਨਾਲ ਸਿਹਤ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਇਸ ਲਈ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਗੁਰਮੇਲ ਸਿੰਘ ਪੀ.ਟੀ.ਆਈ ਵਾਸੀ ਜਲਾਲ ਇੱਕ ਕੜਕ ਰੋਹਬ ਵਾਲੇ ਅਧਿਆਪਕ ਸਨ,  ਜਦੋਂ ਸਵੇਰ ਵੇਲੇ ਪ੍ਰਾਰਥਣਾ ਸਭਾ ਹੁੰਦੀ ਸੀ ਤਾਂ ਕਿਸੇ ਵਿਦਿਆਰਥੀ ਦੀ ਹਿੰਮਤ ਨਹੀ ਸੀ ਕਿ ਲਾਈਨ ਨੂੰ ਟੇਢੀ ਕਰ ਦੇਵੇ, ਪ੍ਰਾਰਥਣਾ ਸਮੇਂ ਅਕਸਰ ਲਾਈਨਾਂ ਵਿਚਕਾਰ ਚੱਕਰ ਲਗਾਉਂਦੇ ਰਹਿੰਦੇ ਸਨ । ਕਈ ਵਾਰ ਅਜਿਹਾ ਸਮਾਂ ਵੀ ਹੁੰਦਾ ਸੀ ਕਿ ਕੁੱਝ ਅਧਿਆਪਕ ਵੱਖ ਵੱਖ ਕਾਰਨਾਂ ਕਰਕੇ ਛੁੱਟੀ ਤੇ ਹੁੰਦੇ ਸਨ ਤਾਂ ਉਹ ਕਮਰਿਆਂ ਦੇ ਅੱਗੇ ਖਾਲੀ ਥਾਂ ਵਿੱਚ ਬਣੇ ਪਾਰਕ ਵਿੱਚ ਬੈਠ ਜਾਂਦੇ ਸਨ, ਛੇਵੀ  ਕਲਾਸ ਤੋਂ ਦਸਵੀਂ ਕਲਾਸ ਦੇ ਕਿਸੇ ਵੀ ਕਮਰੇ ਵਿੱਚੋਂ ਉੱਚੀ ਅਵਾਜ਼ ਤਾਂ ਕੀ ਆਉਣੀ ਹੁੰਦੀ ਸੀ, ਲਗਦਾ ਹੁੰਦਾ ਸੀ ਕਿ ਜਿਵੇਂ ਕਿਸੇ ਕਮਰੇ ਅੰਦਰ ਕੋਈ ਵਿਦਿਆਰਥੀ ਹੀ ਨਾ ਹੋਵੇ, ਕਿਉਂਕਿ ਉਹ ਸਰੀਰਕ ਸਿੱਖਿਆ ਦੇ ਅਧਿਆਪਕ ਸਨ ਇਸ ਲਈ ਕਦੇ-ਕਦੇ ਸਕੂਲ ਦੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਖੂਬਸੂਰਤੀ ਵਾਲਾ ਕੰਮ ਵੀ ਕਰਵਾ ਲੈਂਦੇ ਸਨ, ਚੌਗਿਰਦੇ ਦੀ ਸਾਂਭ-ਸੰਭਾਲ ਦੇ ਦਿੱਤੇ ਗੁਣ ਅੱਜ ਵੀ ਬਾਖੂਬੀ ਯਾਦ ਨੇ ਅਤੇ ਮੌਜੂਦਾ ਸਮੇਂ ਦੌਰਾਨ ਕੰਮ ਵੀ ਆ ਰਹੇ ਹਨ ।

ਅੱਜ ਅਧਿਆਪਕ ਦਿਵਸ ਤੇ ਮੌਜੂਦਾ ਸਮੇਂ ਦੌਰਾਨ ਨੌਕਰੀ ਕਰ ਰਹੇ ਅਧਿਆਪਕ ਸਾਹਿਬਾਨ, ਪੜ੍ਹਾਈ ਕਰ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਇਹੀ ਅਪੀਲ ਕਰਾਂਗਾ ਕਿ ਅਧਿਆਪਕ ਅਤੇ ਬੱਚਿਆਂ ਦਰਮਿਆਨ ਪੜ੍ਹਾਈ ਤੋਂ ਉਪਰ ਉੱਠ ਕੇ ਆਪਸੀ ਸਾਂਝ, ਹਯਾ ਅਤੇ ਇੱਕ ਦੂਜੇ ਦੀ ਇੱਜ਼ਤ ਕਰਨ ਦੀ ਭਾਵਨਾ ਦਾ ਹੋਣਾ ਬਹੁਤ ਲਾਜਮੀ ਹੈ ਕਿਉਂਕਿ ਬਹੁਤਾ ਸਮਾਜਿਕ ਗਿਆਨ ਅਜਿਹਾ ਵੀ ਹੁੰਦਾ ਹੈ ਜੋ ਸਾਨੂੰ ਕਿਤਾਬਾਂ ਵਿੱਚੋਂ ਨਹੀ ਮਿਲਦਾ । ਅੰਤ ਵਿੱਚ ਮੈਂ ਉਹਨਾਂ ਸਤਿਕਾਰਯੋਗ ਸਖਸ਼ੀਅਤਾਂ ਅਧਿਆਪਕਾਂ  ਜੋ ਅੱਜ ਇਸ ਦਨਿਆਵੀ ਦੁਨੀਆ ਵਿੱਚ ਸਾਡੇ ਵਿਚਕਾਰ ਨਹੀ ਹਨ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਦਾ ਹਾਂ ਤੇ ਜੋ ਇਸ ਦੁਨਿਆਵੀ ਦੁਨੀਆਂ ਵਿਚਕਾਰ ਹਨ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ।

(ਗੁਰਪ੍ਰੀਤ ਸਿੰਘ ਧਨੋਆ)

+91 9988001972